Posted on October 28th, 2013

20ਵੀਂ ਸਦੀ ਦੇ ਮਰਹੂਮ ਸਿਆਸਤਦਾਨ ਸ. ਬਸੰਤ ਸਿੰਘ ਖਾਲਸਾ ਨੂੰ ਸਾਡੇ ਕੋਲੋਂ ਵਿਛੜਿਆ ਅੱਜ ਭਾਵੇਂ 17 ਵਰ੍ਹੇ ਹੋ ਗਏ ਨੇ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਮੈਨੂੰ ਕੱਲ ਵਾਂਗ ਚੇਤੇ ਆਉਂਦੀਆ ਨੇ ਖਾਸਕਰ ਉਦੋਂ ਜਦੋਂ ਇੱਕੀਵੀਂ ਸਦੀ ਵਾਲੇ ਸਿਆਸਤਦਾਨਾਂ ਦਾ ਵਰਕਰਾਂ ਨਾਲ ਵਾਹ ਵਾਸਤਾ ਦੇਖੀਦਾ ਹੈ।
1994-95 ਵਿੱਚ ਟੈਲੀਫੋਨ ਮਹਿਕਮੇ ਦੇ ਇੱਕ ਅਫਸਰ ਨੇ ਕਿਸੇ ਖੁੰਦਕ ਖਾਤਰ ਮੁੱਲਾਂਪੁਰ ਦਾਖਾ ਟੈਲੀਫੋਨ ਐਕਸਚੇਂਜ ਦੇ ਪੰਜ ਪਿੰਡਾਂ ਰਕਬਾ, ਢੱਟ, ਪੰਡੋਰੀ, ਮੋਰਕਰੀਮਾ ਅਤੇ ਮੰਡਿਆਣੀ ਨੂੰ ਗੈਰ ਅਸੂਲਨ ਤਰੀਕੇ ਨਾਲ ਜਗਰਾਵਾਂ ਕੋਡ ਵਾਲੇ ਪਾਸੇ ਤਬਦੀਲ ਕਰ ਦਿੱਤਾ ਤਾਂ ਕਿ ਇਨ੍ਹਾਂ ਪਿੰਡਾਂ ਨੂੰ ਨਵੇਂ ਕੁਨੈਕਸ਼ਨ ਮਿਲਣ ਵਿੱਚ ਹੋਰ ਦੇਰ ਹੋਵੇ। ਲੁਧਿਆਣਾ ਦੇ ਜਿਲ੍ਹਾ ਦਫਤਰ ਅਤੇ ਅੰਬਾਲੇ ਦੇ ਸੂਬਾਈ ਹੈੱਡਕੁਆਟਰ ਦੇ ਕਈ ਗੇੜੇ ਮਾਰਨ ਤੋਂ ਬਾਅਦ ਜਦੋਂ ਕੋਈ ਗੱਲ ਨਾ ਬਣੀ ਤਾਂ ਇਸ ਕੰਮ ਦੀ ਪੈਰਵੀਂ ਕਰ ਰਹੇ ਪਿੰਡ ਰਕਬਾ ਦੇ ਸਰਪੰਚ ਅਮਰਜੀਤ ਸਿੰਘ ਨੇ ਉਨ੍ਹਾਂ ਦੇ ਪਿੰਡ ਤੋਂ ਲੋਕ ਸਭਾ ਦੀ ਚੋਣ ਲੜੇ ਸ. ਸਿਮਰਨਜੀਤ ਸਿੰਘ ਮਾਨ ਤੋਂ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ ਦੇ ਨਾਂ ਇੱਕ ਚਿੱਠੀ ਲਿਖਾ ਲਈ, ਜਿਸ ਵਿੱਚ ਤਾਕੀਦ ਕੀਤੀ ਗਈ ਸੀ ਕਿ ਇਹ 5 ਪਿੰਡਾਂ ਦਾ ਸਾਂਝਾ ਅਤੇ ਜਾਇਜ਼ ਕੇਸ ਹੋਣ ਕਰਕੇ ਹੋਣ ਕਰਕੇ ਟੈਲੀਫੋਨ ਮਹਿਕਮੇ ਤੋਂ ਇਹ ਕੰਮ ਕਰਾਉਣ ਲਈ ਖੇਚਲ ਕੀਤੀ ਜਾਵੇ। ਉਦੋਂ ਪਿੰਡ ਰਕਬਾ ਸੰਗਰੂਰ ਲੋਕ ਸਭਾ ਹਲਕੇ ਵਿੱਚ ਪੈਂਦਾ ਸੀ। ਉਦੋਂ ਐਚ ਡੀ ਦੇਵਗੌੜਾ ਦੀ ਕੇਂਦਰ ਵਿੱਚ ਨਵੀਂ-ਨਵੀਂ ਸਰਕਾਰ ਬਣੀ ਸੀ ਸ. ਬਸੰਤ ਸਿੰਘ ਖਾਲਸਾ ਸਣੇ ਅਕਾਲੀ ਦਲ ਦੇ 8 ਐਮ ਪੀ ਲੋਕ ਸਭਾ ਪੁੱਜੇ ਸੀ। ਗੱਲ ਅਗਸਤ 1996 ਦੀ ਹੈ ਰਕਬੇ ਦੇ ਸਰਪੰਚ ਅਮਰਜੀਤ ਸਿੰਘ, ਮਾਸਟਰ ਹਰਚੰਦ ਸਿੰਘ ਸਿੱਧੂ ਰਕਬਾ, ਮੈਂ ਅਤੇ ਇੱਕ ਹੋਰ ਸੱਜਣ ਸ. ਮਾਨ ਸਾਹਿਬ ਦੀ ਚਿੱਠੀ ਲੈ ਕੇ ਦਿੱਲੀ ਦੇ ਰਾਹ ਪੈ ਗਏ। ਸਾਨੂੰ ਇਹ ਵੀਂ ਨਹੀਂ ਸੀ ਪਤਾ ਕਿ ਰਾਮੂੰਵਾਲੀਆ ਦੀ ਕੋਠੀ ਕਿੱਥੇ ਹੈ। ਰਾਇ ਹੋਈ ਕਿ ਪੰਜਾਬ ਭਵਨ ਜਾ ਕੇ ਹੀ ਸਭ ਕੁੱਝ ਪਤਾ ਲੱਗੂਗਾ।
ਆਥਣ ਦੇ ਟੈਂਮ ਜਦੋਂ ਅਸੀ ਪੰਜਾਬ ਭਵਨ ਅੱਪੜੇ ਤਾਂ ਪੰਜਾਬ ਦੇ ਐਮ ਪੀ ਵੀ ਲੋਕ ਸਭਾ ਤੋਂ ਉੱਥੇ ਪੁੱਜਣੇ ਸ਼ੁਰੂ ਹੋ ਗਏ ਸਨ। ਉਦੋਂ ਤੱਕ ਐਮ ਪੀਆਂ ਨੂੰ ਅਜੇ ਸਰਕਾਰੀ ਕੋਠੀਆ ਅਲਾਟ ਨਹੀਂ ਸੀ ਹੋਈਆਂ, ਜਿਸ ਕਰਕੇ ਪੰਜਾਬ ਦੇ ਐਮ ਪੀਆਂ ਦਾ ਕਿਆਮ ਅਜੇ ਪੰਜਾਬ ਭਵਨ ਵਿੱਚ ਹੀ ਸੀ। ਇੱਕ ਅਕਾਲੀ ਐਮ ਪੀ ਗੱਡੀ ਚੋ ਉਤਰਿਆ ਜੋ ਕਿ ਮੇਰਾ ਚੰਗਾ ਜਾਣੂੰ ਸੀ। ਮੈਂ ਉਹਨੂੰ ਅਗਾਹ ਵੱਧ ਕੇ ਮਿਲਿਆ ਤੇ ਉਹਨੇ ਵੀ ਮੇਰਾ ਨਾਂ ਲੈ ਕੇ ਹਾਲ-ਚਾਲ ਪੁੱਛਣ ਦੀ ਚੰਗੀ ਫਾਰਮੈਲਿਟੀ ਕੀਤੀ ਅਤੇ ਭਵਨ ਵਿਚਲੇ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ। ਮੇਰੇ ਨਾਲ ਦੇ ਮੈਨੂੰ ਆਖਣ ਲੱਗੇ ਤਾਂ ਇਹ ਐਮ ਪੀ ਤੇਰਾ ਚੰਗਾ ਵਾਕਫ ਹੈ, ਆਪਣਾ ਕੰਮ ਤਾਂ ਇਹੀ ਕਰਾ ਸਕਦਾ ਹੈ। ਨਾਲੇ ਰਾਮੂੰਵਾਲੀਆ ਤਾਂ ਮੰਤਰੀ ਹੈ, ਉਹਦੇ ਕੋਲੇ ਸਾਡੀ ਗੱਲ ਸੁਣਨ ਦਾ ਐਮ ਪੀ ਨਾਲੋਂ ਟੈਮ ਥੋੜ੍ਹਾ ਹੋਊਗਾ। ਮੈਂ ਕਿਹਾ ਠੀਕ ਆ। ਅਸੀਂ ਜਦੇ ਐਮ ਪੀ ਦੇ ਕਮਰੇ ਵਿੱਚ ਵੜ੍ਹ ਗਏ ਅਤੇ ਆਪਣੇ ਕੰਮ ਦੀ ਇੰਟਰੋਡਕਸ਼ਨ ਦਿੱਤੀ। ਐਮ ਪੀ ਸਾਹਿਬ ਕਹਿਣ ਲੱਗੇ ਕਿ ਤੁਸੀ ਹਾਲੇ ਇੱਥੇ ਬੈਠੋ ਮੈਂ 15-20 ਮਿੰਟ ਤਾਈਂ ਆਉਨਾ। ਐਮ ਪੀ ਸਾਹਿਬ ਨਾਲ ਦੇ ਕਮਰੇ ਵਿੱਚ ਜਲੰਧਰ ਕਿਸੇ ਅਖਬਾਰ ਦੇ ਦਫਤਰ ਨੂੰ ਟੈਲੀਫੋਨ ਤੇ ਆਪਣਾ ਬਿਆਨ ਲਿਖਾ ਰਹੇ ਸਨ। ਸਿਆਸਤਦਾਨਾਂ ਨਾਲ ਵਾਹ ਵਾਸਤੇ ਵਿੱਚੋਂ ਨਿਕਲੇ ਤਜਰਬੇ ਕਰਕੇ ਮੇਰੇ ਮਨ ਵਿੱਚ ਦਇਬਾ ਹੋਇਆ ਕਿ ਇਸ ਐਮ ਪੀ ਨੇ ਕੰਮ ਦੀ ਸਾਡੀ ਤਸੱਲੀ ਮੁਤਾਬਿਕ ਪੈਰਵੀਂ ਨਹੀਂ ਕਰਨੀ। ਮੈਂ ਉੱਥੇ ਤੁਰੇ ਜਾਂਦੇ ਪੰਜਾਬ ਭਵਨ ਦੇ ਇੱਕ ਮੁਲਾਜਮ ਤੋਂ ਪੁਛਿਆ ਕਿ ਐਮ ਪੀ ਸ. ਬਸੰਤ ਸਿੰਘ ਖਾਲਸਾ ਜੀ ਇੱਥੇ ਹੀ ਠਹਿਰੇ ਹੋਏ ਨੇ? ਜਵਾਬ ਮਿਲਿਆ ਹਾਂ ਜੀ! ਉਹ ਹੁਣੇ-ਹੁਣੇ ਆਏ ਨੇ ਫਲਾਣੇ ਕਮਰੇ 'ਚ ਨੇ। ਮੈਂ ਫਟਾਫਟ ਸ. ਖਾਲਸਾ ਨੂੰ ਜਾ ਮਿਲਿਆ ਤੇ ਤਾਕੀਦ ਕੀਤੀ, “ਖਾਲਸਾ ਜੀ , ਮੇਰੇ ਨਾਲ ਹਲਕੇ ਦੇ ਬੰਦੇ ਨੇ, ਫਲਾਣੇ ਐਮ ਪੀ ਦੇ ਕਮਰੇ ਵਿੱਚ ਬੈਠੇ ਨੇ, ਮੈਂ ਉਨ੍ਹਾਂ ਨੂੰ ਹੁਣੇ ਥੋਡੇ ਕੋਲ ਲਿਅਉਨਾ ਕੰਮ ਬਾਅਦ 'ਚ ਦੱਸਦਾਂ।'' ਖਾਲਸਾ ਜੀ ਆਖਣ ਲੱਗੇ ਤੂੰ ਲਿਆ ਤਾਂ ਸਈ, ਤੂੰ ਕਿਤੇ ਨਿੱਤ-ਨਿੱਤ ਖਾਲਸੇ ਨੂੰ ਕੰਮ ਕਹਿਣੇ ਆ।
15-20 ਮਿੰਟ ਬਾਅਦ ਪਹਿਲੇ ਐਮ ਪੀ ਸਾਹਿਬ ਕਮਰੇ ਵਿੱਚ ਆ ਕੇ ਪੁੱਛਣ ਲੱਗੇ ਕਿ ਦੱਸੋ ਕੀ ਕੰਮ ਆਂ। ਅਸੀਂ ਕੰਮ ਦੀ ਜਾਣਕਾਰੀ ਦਿੱਤੀ ਤਾਂ ਉਹ ਕਹਿਣ ਲੱਗੇ ਤੁਸੀ ਮੈਨੂੰ ਆਪਦੀ ਦਰਖਾਸਤ ਦੇ ਦਿਉ, ਮੈਂ ਦੇਖ ਲੂੰਗਾ। ਅਸੀ ਕਿਹਾ ਕਿ ਅੱਛਾ, ਅਸੀ ਦਰਖਾਸਤ ਲਿਖਾ ਕੇ ਭਲਕੇ ਥੋਨੂੰ ਦੇ ਜਾਵਾਂਗੇ।
ਉਥੋਂ ਇਜਾਜ਼ਤ ਲੈ ਕੇ ਅਸੀ ਖਾਸਲਾ ਜੀ ਦੇ ਕਮਰੇ ਵਿੱਚ ਚਲੇ ਗਏ। ਮੈਂ ਆਪਣੇ ਸਾਥੀਆਂ ਨਾਲ ਜਾਣ-ਪਛਾਣ ਕਰਾ ਕੇ ਕੰਮ ਬਾਰੇ ਦੱਸਣ ਲੱਗਿਆ ਤਾਂ ਖਾਲਸਾ ਜੀ ਨੇ ਮੈਨੂੰ ਰੋਕ ਕੇ ਕਿਹਾ ਅਜੇ ਕੰਮ ਦੀ ਗੱਲ ਨਾ ਛੇੜੋਂ ਪਹਿਲਾ ਚਾਹ-ਪਾਣੀ ਛਕੋ। ਸਾਡੇ ਨਾ-ਨਾ ਕਰਦਿਆ ਦੀ ਉਨ੍ਹਾਂ ਨੇ ਚਾਹ-ਪਕੌੜਿਆ ਨਾਲ ਸਾਡੀ ਸੇਵਾ ਕੀਤੀ। ਜਦੋਂ ਫਿਰ ਕੰਮ ਦੀ ਗੱਲ ਛੇੜਨ ਲੱਗੇ ਤਾਂ ਫਿਰ ਟੋਕ ਕੇ ਪੁਛਿਆ, “ਪਹਿਲਾਂ ਇਹ ਦੱਸੋ ਰਿਹਾਇਸ਼ ਦਾ ਕੀ ਇੰਤਜਾਮ ਹੈ?'' ਅਸੀ ਕਿਹਾ ਕਿ ਕੋਈ ਨਾ ਜੀ, ਰਿਹਾਇਸ਼ ਦਾ ਇੰਤਜ਼ਾਮ ਹੋ ਹੀ ਜਾਊਗਾ, ਤਾਂ ਜਵਾਬ ਮਿਲਿਆ, “ਨਹੀਂ ਨਹੀਂ ਤੁਸੀਂ ਇਨ੍ਹੀ ਦੂਰ ਆਪਣੇ ਐਮ ਪੀ ਨੂੰ ਮਿਲਣ ਪੁੱਜੇ ਹੋ, ਹੁਣ ਤੁਸੀਂ ਹੋਟਲਾਂ 'ਚ ਕਿਉਂ ਪੈਸੇ ਖਰਚੋਂ''।
ਨਾਲ ਦੀ ਨਾਲ ਉਨ੍ਹਾਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੀ ਸਰਾਂ ਦੇ ਮੈਨੇਜਰ ਨੂੰ ਕਮਰੇ ਖਾਤਰ ਫੋਨ ਕੀਤਾ ਅਤੇ ਕੰਮ ਹੋਰ ਪੱਕਾ ਕਰਨ ਲਈ ਉਨ੍ਹਾਂ ਨੇ ਆਪਣੇ ਵਿਜ਼ਟਿੰਗ ਕਾਰਡ ਦੇ ਪਿਛਲੇ ਪਾਸੇ ਮੈਨੇਜਰ ਦੇ ਨਾਂ ਆਪਣੀ ਸਿਫਾਰਸ਼ ਵੀ ਲਿਖ ਦਿੱਤੀ। ਕਾਰਡ ਸਾਡੇ ਹੱਥ ਵਿੱਚ ਫੜ੍ਹਾ ਕੇ ਆਖਣ ਲੱਗੇ ਹਾਂ! ਹੁਣ ਦੱਸੋ ਕੀ ਕੰਮ ਹੈ। ਖਾਲਸਾ ਜੀ ਦਾ ਵਿਹਾਰ ਦੇਖ ਕੇ ਅਸੀਂ ਸਾਰੇ ਅੱਖਾਂ-ਅੱਖਾਂ ਵਿੱਚ ਮਨ ਬੈਠੇ ਸਾਂ ਕਿ ਸਾਡੇ ਕੰਮ ਦੀ ਪੈਰਵੀਂ ਖਾਲਸਾ ਜੀ ਨਾਲੋਂ ਵਧੀਆ ਕੋਈ ਵਜ਼ੀਰ ਵੀਂ ਨਹੀਂ ਕਰ ਸਕਦਾ। ਤਾਂ ਉਨ੍ਹਾਂ ਨੇ ਅਗਲੇ ਦਿਨ ਪਾਰਲੀਮੈਂਟ ਹਾਊਸ ਸੱਦ ਲਿਆ। ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਅਸੀ ਖਾਲਸਾ ਜੀ ਦੇ ਨਾਂ ਅੰਦਰ ਚਿੱਟ ਭੇਜੀ ਤਾਂ ਉਹ 15 ਕੁ ਮਿੰਟ ਬਾਅਦ ਅੰਦਰੋਂ ਸਾਡੇ ਕੋਲੇ ਪਹੁੰਚ ਗਏ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮੈਂ ਟੈਲੀਫੋਨ ਮਹਿਕਮੇ ਦੇ ਵਜ਼ੀਰ ਸ੍ਰੀ ਬੈਨੀ ਪ੍ਰਸ਼ਾਦ ਵਰਮਾ ਨੂੰ ਲੋਕ ਸਭਾ ਦੇ ਹਾਲ ਅੰਦਰ ਹੀ ਮਿਲ ਲਿਆ ਹਾਂ, ਉਨ੍ਹਾਂ ਨੇ ਆਪਣਾ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਵਜ਼ੀਰ ਨੂੰ ਮਿਲਣ ਤੋਂ ਪਹਿਲਾ ਮੈਂ ਮਹਿਕਮੇ ਦੇ ਸਾਬਕਾ ਵਜ਼ੀਰ ਸ੍ਰੀ ਸੁਖ ਰਾਮ ਤੋਂ ਇਹ ਕੰਮ ਕਰਾਉਣ ਦੇ ਤਰੀਕਾ-ਏ-ਕਾਰ ਬਾਰ ੇਜਾਣਕਾਰੀ ਲੈ ਲਈ ਸੀ।
ਸੁਖ ਰਾਮ ਨੂੰ ਮਿਲਣ ਖਾਤਰ ਉਨ੍ਹਾਂ ਮਗਰ ਪੌੜੀਆਂ ਵਿੱਚ ਭੱਜਦਿਆ ਠੋਕਰ ਖਾ ਕੇ ਖਾਲਸਾ ਜੀ ਦੇ ਪੈਰ ਦਾ ਅਗੂੰਠਾ ਵੀ ਠੁਕ ਗਿਆ ਸੀ। ਕੁੱਝ ਦਿਨਾਂ ਬਾਅਦ ਟੈਲੀਫੋਨ ਮਹਿਕਮੇ ਦੇ ਦਫਤਰ ਵਲੋਂ ਸਾਨੂੰ ਇੱਕ ਚਿੱਠੀ ਮਿਲੀ, ਜਿਸ ਵਿੱਚ ਸ. ਬਸੰਤ ਸਿੰਘ ਖਾਲਸਾ ਅਤੇ ਵਜ਼ੀਰ ਬੈਨੀ ਪ੍ਰਸ਼ਾਦ ਵਰਮਾ ਵਿਚਕਾਰ ਸਾਡੇ ਕੰਮ ਖਾਤਰ ਹੋਈ ਮੁਲਾਕਾਤ ਦਾ ਜ਼ਿਕਰ ਸੀ। ਉਨ੍ਹੀਂ ਦਿਨੀ ਕੋਈ ਮੋਬਾਇਲ ਫੋਨ ਨਹੀਂ ਸੀ ਹੁੰਦਾ ਅਤੇ ਨਾ ਹੀ ਵਰਕਰਾਂ ਕੋਲੇ ਗੱਡੀਆ ਹੁੰਦੀਆ ਸਨ। ਬਹੁਤੀ ਵਾਰੀ ਕੰਮ ਕਰਾਉਣ ਗਿਆ ਨੂੰ ਚੰਡੀਗੜ੍ਹ ਰਾਤ ਕੱਟਣੀ ਬਹੁਤ ਮਹਿੰਗੀ ਪੈਂਦੀ ਸੀ। ਮੈਂ ਪਹਿਲੀ ਵਾਰ ਕਿਸੇ ਸਿਆਸਤਦਾਨ ਨੂੰ ਵਰਕਰ ਦੀ ਰਿਹਾਇਸ਼ ਬਾਰੇ ਫਿਕਰਮੰਦ ਹੁੰਦਾ ਦੇਖਿਆ ਤਾਂ ਹੀ ਮੈਂ ਖਾਲਸਾ ਜੀ ਵਲੋਂ ਦਿੱਲੀ ਵਿੱਚ ਸਾਡੀ ਰਿਹਾਇਸ਼ ਬਾਰੇ ਲਿਖੀ ਸਿਫਾਰਸ਼ੀ ਚਿੱਠੀ ਅਜੇ ਤੱਕ ਬੜੇ ਸਤਿਕਾਰ ਨਾਲ ਸਾਂਭ ਕੇ ਰੱਖੀ ਹੈ।
- ਗੁਰਪ੍ਰੀਤ ਸਿੰਘ ਮੰਡਿਆਣੀ
88726-64000

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026