Posted on August 19th, 2024

20-22 ਸਾਲ ਪਹਿਲਾਂ ਜਦੋਂ ਪੰਜਾਬ ‘ਚ ਮੈਰਿਜ ਪੈਲਸਾਂ ਦਾ ਰਿਵਾਜ ਚੱਲਿਆ ਤਾਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉੱਥੇ ਲਿਜਾਣ ਲੱਗੇ, ਜਿੱਥੇ ਸ਼ਰਾਬ ਵਰਤਦੀ ਸੀ। ਸਿੰਘ ਸਾਹਿਬਾਨ ਨੇ ਉਸ ‘ਤੇ ਪਾਬੰਦੀ ਲਾ ਦਿੱਤੀ। ਲੋਕ ਮੰਨ ਗਏ, ਹਟ ਗਏ।
ਪਿਛਲੇ ਕੁਝ ਸਾਲ ਤੋਂ ਬਾਹਰਲੇ ਮੁਲਕਾਂ 'ਚ ਡੈਸਟੀਨੇਸ਼ਨ ਵੈਡਿੰਗਜ਼ ਅਤੇ ਬਾਹਰ ਖੁੱਲ੍ਹੇ ‘ਚ ਅਨੰਦ ਕਾਰਜ ਹੋਣ ਲੱਗੇ। ਲੋਕ ਵਿਆਹ ਭੁਗਤਾ ਕੇ ਦੱਸਣ ਲੱਗੇ ਕਿ ਕਿਵੇਂ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਵਸਤੂ ਵਾਂਗ ਵਰਤਦਿਆਂ ਬੇਅਦਬੀਆਂ ਹੋਈਆਂ। ਲੜਕੀ ਦੇ ਕੱਪੜਿਆਂ ਬਾਰੇ ਵੀ ਸ਼ਿਕਾਇਤਾਂ ਗਈਆਂ। ਕੁਝ ਮਹੀਨੇ ਪਹਿਲਾਂ ਸਿੰਘ ਸਾਹਿਬਾਨ ਨੇ ਦੋ ਨਵੇਂ ਆਦੇਸ਼ ਜਾਰੀ ਕਰ ਦਿੱਤੇ।
1 ਵਿਆਹ ਵਾਲੀ ਲੜਕੀ ਲਹਿੰਗਾ ਨਾ ਪਹਿਨੇ। ਲਹਿੰਗੇ ਦੇ ਡਿਜ਼ਾਇਨ ਨੰਗੇਜ਼ ਭਰਪੂਰ ਬਣ ਗਏ ਸਨ।
2 ਡੈਸਟੀਨੇਸ਼ਨ ਵੈਡਿੰਗਜ਼ ਅਤੇ ਉਨ੍ਹਾਂ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਲਿਜਾਣ ‘ਤੇ ਰੋਕ, ਜਿੱਥੇ ਸ਼ਰਾਬ ਵਗੈਰਾ ਵਰਤਾਉਂਦੇ ਹਨ।
ਇਸ ਸਾਲ ਅਨੇਕਾਂ ਵਿਆਹ ਦੇਖੇ, ਬਹੁਤ ਘੱਟ ਲੜਕੀਆਂ ਨੇ ਸੂਟ ਪਹਿਨੇ ਪਰ ਲਹਿੰਗੇ ਦਾ ਡਿਜ਼ਾਇਨ ਜ਼ਰੂਰ ਬਦਲ ਗਿਆ। ਸਰੀਰ ਢਕਣ ਵਾਲੇ ਲਹਿੰਗੇ ਹੀ ਪਹਿਨੇ ਗਏ।
ਪਰ ਦੂਜੇ ਪਾਸੇ ਬਾਹਰ ਵਿਆਹਾਂ ਦਾ ਸਿਲਸਿਲਾ ਰੁਕਣ ਦੀ ਬਜਾਇ ਹੋਰ ਵਧ ਗਿਆ। ਉਸੇ ਜਗ੍ਹਾ ਸ਼ਾਮ ਨੂੰ ਪਾਰਟੀ ਤੇ ਦੂਜੇ ਦਿਨ ਉਸੇ ਜਗ੍ਹਾ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਨੰਦ ਕਾਰਜ ਕਰਵਾਏ। ਵੱਡੇ ਗੁਰੂ ਘਰਾਂ ਨੇ ਮਹਾਰਾਜ ਦਾ ਸਰੂਪ ਦੇਣ ਤੋਂ ਨਾਂਹ ਕੀਤੀ ਤਾਂ ਲੋਕਾਂ ਨੇ ਕਿਤੇ ਹੋਰੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਬੰਧ ਕਰ ਲਿਆ, ਬੇਸ਼ੱਕ ਪਾਠੀ ਸਿੰਘ ਨੂੰ ਨਾ ਪਾਠ ਕਰਨਾ ਆਵੇ ਤੇ ਨਾ ਅਰਦਾਸ। ਫਿਕਰਮੰਦਾਂ ਨੇ ਪਰਿਵਾਰ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਤਾਂ ਪਰਿਵਾਰ ਵਾਲਿਆਂ ਗੱਲ ਬੱਚਿਆਂ ਸਿਰ ਪਾ ਦਿੱਤੀ ਕਿ ਬੱਚੇ ਨਹੀਂ ਮੰਨਦੇ।
ਗੱਲ ਇੱਥੋਂ ਤੱਕ ਵਧ ਗਈ ਕਿ ਰਿਚਮੰਡ ਬੀਸੀ ਦੇ ਇੱਕ ਹੋਟਲ, ਜਿੱਥੇ ਆਮ ਲੋਕ ਰਹਿੰਦੇ ਹਨ, ਸ਼ਰਾਬ-ਸਿਗਰਟਾਂ ਪੀਂਦੇ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਨੰਦ ਕਾਰਜ ਕਰਵਾਏ ਜਾ ਰਹੇ ਹਨ। ਸੰਗਤ ‘ਚੋਂ ਕੁਝ ਫਿਕਰਮੰਦਾਂ ਨੇ ਸਬੰਧਤ ਪਰਿਵਾਰਾਂ ਅਤੇ ਹੋਟਲ ਦੇ ਪੰਜਾਬੀ ਮਾਲਕ ਨਾਲ ਗੱਲ ਕੀਤੀ ਪਰ ਉਹ ਨਾ ਮੰਨੇ। (ਤਾਜ਼ਾ ਜਾਣਕਾਰੀ ਮੁਤਾਬਕ ਪਰਿਵਾਰ ਹੋਟਲ 'ਚ ਅਨੰਦ ਕਾਰਜ ਨਾ ਕਰਵਾਉਣ ਲਈ ਮੰਨ ਗਿਆ ਹੈ।)
ਅਜਿਹਾ ਹੀ ਇੱਕ ਵਿਆਹ ਟਰਾਂਟੋ ਇਲਾਕੇ ਦੇ ਇੱਕ ਗੌਲਫ ਕੋਰਸ ਵਿੱਚ ਪਿਛਲੇ ਮਹੀਨੇ ਹੋਇਆ, ਜਿੱਥੇ ਬੇਅਦਬੀ ਦੀ ਚਰਚਾ ਕੈਨੇਡਾ ਭਰ 'ਚ ਬਹੁਤ ਹੋਈ। ਵੈਸੇ ਟਰਾਂਟੋ-ਐਡਮਿੰਟਨ-ਕੈਲਗਰੀ ਇਲਾਕੇ ਦੇ ਸਿੱਖ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ 'ਚੋਂ ਬਹੁਗਿਣਤੀ ਹਾਲੇ ਵੀ ਅਨੰਦ ਕਾਰਜ ਗੁਰਦੁਆਰੇ ਕਰਦੇ ਹਨ, ਸਾਧਾਰਨ ਲੰਗਰ ਨਾਲ ਕਰਦੇ ਹਨ, ਬਾਹਰੋਂ ਕੇਟਰਿੰਗ ਨਹੀਂ ਕਰਵਾਉਂਦੇ।
ਕਿਸੇ ਵਿੱਚ ਕਿੰਨੀ ਕੁ ਸਿੱਖੀ ਹੈ, ਕੋਈ ਕਿੰਨਾ ਕੁ ਧਾਰਮਿਕ ਹੈ, ਕੋਈ ਆਪਣੇ ਗੁਰੂ ਨਾਲ ਕਿੰਨਾ ਕੁ ਜੁੜਿਆ ਹੋਇਆ, ਇਸ ਦਾ ਅੰਦਾਜ਼ਾ ਕਿਸੇ ਦੂਜੇ ਵਲੋਂ ਨਹੀਂ ਲਾਉਣਾ ਚਾਹੀਦਾ ਪਰ ਕੁਝ ਵਰਤਾਰੇ ਸਾਫ ਦਿਸ ਪੈਂਦੇ ਹਨ ਕਿ ਇਹ ਸਹੀ ਨਹੀਂ, ਇਹ ਵਰਤਾਰਾ ਉਨ੍ਹਾਂ ‘ਚੋਂ ਹੈ।
ਗੁਰੂ ਗ੍ਰੰਥ ਸਾਹਿਬ ਕੋਲ ਪੁੱਜ ਕੇ ਅਨੰਦ ਕਰਵਾਉਣ ਦਾ ਮਤਲਬ ਗੁਰੂ ਤੋਂ ਅਸ਼ੀਰਵਾਦ ਮੰਗਣਾ ਹੈ ਕਿ ਅੱਗੇ ਵਿਆਹੁਤਾ ਜੀਵਨ ਚੰਗਾ ਬਤੀਤ ਹੋਵੇ ਪਰ ਦੁੱਖ ਦੀ ਗੱਲ ਇਹ ਹੈ ਕਿ ਹੋਰਾਂ ਦੇ ਵਿਆਹ ਨਾਲੋਂ ਕੁਝ ਵੱਖਰਾ ਕਰਨ ਦੀ ਚਾਹਤ ‘ਚ ਅਤੇ ਕੁਝ ਵੈਡਿੰਗ ਪਲੈਨਰਾਂ ਮਗਰ ਲੱਗ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵਿਆਹ ‘ਚ ਇੱਕ ਵਸਤੂ ਦੀ ਤਰਾਂ ਵਰਤਿਆ ਜਾਣ ਲੱਗਾ ਹੈ। ਜਿਵੇਂ ਵਿਆਹ ਦੀ ਮੂਵੀ ‘ਚ ਚੰਗਾ ਭੋਜਨ ਦਿਸੇ, ਚੰਗੇ ਕੱਪੜੇ ਦਿਸਣ, ਲੋਕ ਨੱਚਦੇ ਦਿਸਣ, ਬੱਸ ਇਸੇ ਤਰਾਂ ਕੁਝ ਮਿੰਟਾਂ ਲਈ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਬੈਠੀ ਦਿਸੇ ਤਾਂ ਕਿ ਮੂਵੀ ਪੂਰੀ ਬਣ ਜਾਵੇ।
ਫਿਰ ਜੇ ਕੋਈ ਇਸ ਗਲਤੀ ਵੱਲ ਇਸ਼ਾਰਾ ਕਰੇ ਤਾਂ ਅੱਗਿਓਂ ਜਵਾਬ ਇਹੀ ਹੁੰਦਾ ਕਿ ਬੱਚੇ ਨੀ ਮੰਨਦੇ। ਇਸ ਨਾ ਮੰਨਣ ਵਿੱਚ ਕਸੂਰ ਬੱਚਿਆਂ ਦਾ ਘੱਟ ਮਾਪਿਆਂ ਦਾ ਵੱਧ ਹੈ। ਜੇ ਮਾਪੇ 25 ਸਾਲਾਂ ‘ਚ ਆਪਣੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ-ਸਤਿਕਾਰ ਅਤੇ ਅਨੰਦ ਕਾਰਜ ਦਾ ਮਤਲਬ ਨਹੀਂ ਸਮਝਾ ਸਕੇ ਤਾਂ ਬੱਚੇ ਕੁਝ ਹਫਤਿਆਂ ‘ਚ ਕਿੱਥੋਂ ਸਮਝ ਜਾਣਗੇ।
ਇਨ੍ਹਾਂ ਵਿਆਹਾਂ ਵਿੱਚ ਸ਼ਾਮਲ ਹੋਣ ਵਾਲੇ ਅਸੀਂ ਵੀ ਕਿਤੇ ਨਾ ਕਿਤੇ ਬਰੋਬਰ ਦੇ ਦੋਸ਼ੀ ਹਾਂ, ਪਰਿਵਾਰਾਂ 'ਚ ਦੋਸਤਾਂ-ਮਿੱਤਰਾਂ 'ਚ ਜਾ ਕੇ ਮੂੰਹ-ਮੁਲਾਹਜ਼ੇ ਰੱਖ ਰਹੇ ਹਾਂ, ਆਪਣੇ ਹੀ ਬੱਚਿਆਂ ਅੱਗੇ ਦੋਗਲੇ ਬਣ ਕੇ ਦਿਖਾ ਰਹੇ ਹਾਂ।
ਅਸੀਂ ਮਾਪੇ ਇਸ ਮੁਹਾਜ਼ ‘ਤੇ ਬੁਰੀ ਤਰਾਂ ਅਸਫਲ ਸਿੱਧ ਹੋ ਰਹੇ ਹਾਂ। ਇਸ ਬਾਰੇ ਆਪੋ-ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026