Posted on December 25th, 2022
ਪਹਿਲੇ ਕੁਝ ਲੇਖਾਂ 'ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ ਦੀ ਗੜ੍ਹੀ 'ਚ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸਾਂਝ ਪਾਈ ਸੀ। ਗੁਰੂ ਪਰਿਵਾਰ ਨੂੰ ਦੁੱਧ ਛਕਾਉਣ ਬਦਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ 'ਚ ਪੀੜਨ ਦੀ ਗਾਥਾ ਸਾਂਝੀ ਕੀਤੀ ਸੀ। ਗੁਰੂ ਘਰ ਦੇ ਮਦਦਗਾਰ ਸ਼ਰਧਾਲੂਆਂ ਚੌਧਰੀ ਨਿਹੰਗ ਖਾਂ ਅਤੇ ਉਸਦੀ ਬੇਟੀ ਬੀਬੀ ਮੁਮਤਾਜ, ਗੁਰੂ ਸਾਹਿਬ ਨੁੰ ਉੱਚ ਦਾ ਪੀਰ ਬਣਾ ਕੇ ਲਿਜਾਣ ਵਾਲੇ ਭਾਈ ਨਬੀ ਖਾਨ-ਭਾਈ ਗ਼ਨੀ ਖਾਨ (ਚੌਧਰੀ ਨਿਹੰਗ ਖਾਂ ਦੇ ਭਾਣਜੇ) ਦੀ ਕੁਰਬਾਨੀ ਸਾਂਝੀ ਕੀਤੀ ਸੀ। …….. ਹੁਣ ਉਸ ਤੋਂ ਅੱਗੇਃ
ਸਰਸਾ ਨਦੀ ‘ਤੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ ‘ਤੇ ਅੱਜਕਲ੍ਹ ‘ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ’ ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ।
ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਉਹ ਬੇਵਫ਼ਾ, ਵਿਸ਼ਵਾਸਘਾਤੀ ਅਤੇ ਬੇਈਮਾਨ ਹੋ ਨਿਬੜਿਆ। ਇਕ ਵਿਸ਼ਵਾਸਪਾਤਰ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਦੁਖਾਂਤ ਨੂੰ ਹੋਰ ਗਹਿਰਾ ਅਤੇ ਦੁਖਦਾਇਕ ਬਣਾ ਦਿੰਦਾ ਹੈ।
ਉਸ ਰਾਤ ਉਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ। ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਨੂੰ ਪਾਸ ਕਰਨਾ ਪਿਆ ਹੋਵੇ। ਰਾਜ ਦੇ ਸਹਿਮ ਅਤੇ ਸਖ਼ਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਸੂਰਬੀਰਾਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ। ਜਿਸ ਦੇ ਨਤੀਜੇ ਵਜੋਂ ਬਾਅਦ ਵਿਚ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।
ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਬੱਚਿਆਂ ਨੂੰ ਦੀਨ-ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਜਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ।
ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ।
ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ‘ਅੱਲ੍ਹਾ ਯਾਰ ਖਾਂ ਜੋਗੀ’ ਦੇ ਸ਼ਬਦਾਂ ਵਿਚ: ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖ਼ਾਨ ਦੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਵੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਬਾਗ਼ੀ ਸਿੱਧ ਕੀਤਾ ਜਾਵੇ।
ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ: “ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨ ਜਾਈ।” ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕਿਉਂਕਿ ਇਹ ਬਾਗ਼ੀ ਪਿਤਾ ਦੇ ਬਾਗ਼ੀ ਪੁੱਤਰ ਹਨ ਅਤੇ ਵੱਡੇ ਹੋ ਕੇ ਮੁਗ਼ਲੀਆ ਸਲਤਨਤ ਲਈ ਖ਼ਤਰਾ ਬਣ ਜਾਣਗੇ। ਸੁੱਚਾ ਨੰਦ ਦੀਆਂ ਉਕਸਾਊ ਦਲੀਲਾਂ ਸੁਣ ਕੇ ਵਜ਼ੀਰ ਖ਼ਾਨ ਨੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ। ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੋਂ ਉਲਟ ਦੋਹਾਂ ਬੱਚਿਆਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ।
ਬੱਚਿਆਂ ਨੂੰ ਕੰਧਾਂ ਵਿਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤਕ ਆਈ ਤਾਂ ਡਿੱਗ ਗਈ ਸੀ। ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਸਮਾਣਾ ਦੇ ਦੋ ਜਲਾਦਾਂ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਦੋਵਾਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ।
ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ-ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿਚ ਪਾ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਦਾ ਸੀਸ ਉੱਚਾ ਕਰ ਦਿੱਤਾ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈਅ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ-ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ਦੱਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ, ਦੇਸ਼ ਅਤੇ ਕੌਮ ਦੀ ਸ਼ਾਨ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਉੱਚਾ ਚੁੱਕਿਆ ਅਤੇ ਖਾਲਸਾ ਪੰਥ ਨੂੰ ਲਾਸਾਨੀ ਅਤੇ ਇਤਿਹਾਸਕ ਫ਼ਤਿਹ ਦਿਵਾਈ।
ਇਸ ਸ਼ਹੀਦੀ ਸਬੰਧੀ ਅਲਾਮਾ ਇਕਬਾਲ, ਮੁਗ਼ਲ ਤਾਨਾਸ਼ਾਹਾਂ ਅਤੇ ਦੀਨ-ਏ-ਮੁਹੰਮਦੀ ਦੇ ਠੇਕੇਦਾਰਾਂ ਨੂੰ ਇਉਂ ਫਿਟਕਾਰ ਪਾਉਂਦੇ ਲਿਖਦੇ ਹਨ:
ਕਤਲ-ਏ-ਮਾਸੂਮ ਕਰਤੇ ਹੋ ਔਰ ਇਸੇ ਇਨਸਾਫ-ਏ ਖੁਦਾ ਕਹਤੇ ਹੋ। ਕਿਆ ਇਸੀ ਕੋ ਦੀਨ-ਏ-ਮੁਹੰਮਦ ਕਹਤੇ ਹੋ।
ਬਿਰਧ ਉਮਰੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਅੰਤਾਂ ਦੇ ਤਸੀਹੇ ਝਲਦੇ ਹੋਏ ਸ਼ਹੀਦੀ ਪਾ ਗਏ।
Posted on September 26th, 2025
Posted on September 25th, 2025
Posted on September 24th, 2025
Posted on September 23rd, 2025
Posted on September 22nd, 2025
Posted on September 19th, 2025
Posted on September 18th, 2025
Posted on September 16th, 2025
Posted on September 15th, 2025
Posted on September 12th, 2025
Posted on September 11th, 2025
Posted on September 10th, 2025