Posted on September 27th, 2022

27 ਸਤੰਬਰ 2022 ਨੂੰ ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਿਨਾਮ ਸਿੰਘ ਖੰਡੇਵਾਲਾ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਸੁਖਦੇਵ ਸਿੰਘ ਡੋਡ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਿੱਖਾਂ ਅਤੇ ਪੰਜਾਬ ਦੇ ਵਰਤਮਾਨ ਹਾਲਾਤ ’ਤੇ ਹੇਠ ਲਿਖੀਆਂ ਗੰਭੀਰ ਵਿਚਾਰਾਂ ਹੋਈਆਂ।
ਮੌਜੂਦਾ ਹਾਲਾਤ ਬਾਰੇ:
ਇਸ ਵੇਲੇ ਕੌਮਾਂਤਰੀ ਅਤੇ ਖੇਤਰੀ ਰਾਜਨੀਤੀ ਸਮੇਤ ਪੂਰੇ ਦੱਖਣੀ ਏਸ਼ੀਆ ਖਿੱਤੇ ਦੇ ਰਾਜਨੀਤਕ ਹਲਾਤ ਅਸਥਿਰਤਾ ਵਾਲੇ ਹਨ। ਹਿੰਦੁਸਤਾਨੀ ਬਿਪਰ ਸਲਤਨਤ ਵਿੱਚ ਸਰਕਾਰੀ ਪੱਧਰ ’ਤੇ ਅਸ਼ਹਿਣਸ਼ੀਲਤਾ ਵਧ ਰਹੀ ਹੈ ਅਤੇ ਵਿਚਾਰ ਪ੍ਰਗਟਾਵੇ, ਸਿਆਸੀ ਹੋਂਦ, ਅੱਡਰੀ ਕੌਮੀ ਪਛਾਣ ਅਤੇ ਧਾਰਮਿਕ ਵਿਸ਼ਵਾਸ ਦੇ ਵਖਰੇਵਿਆਂ ਨੂੰ ਸਤਾ ਦੀ ਤਾਕਤ ਨਾਲ ਮਿਥ ਕੇ ਦਰੜਿਆ ਜਾ ਰਿਹਾ ਹੈ।
ਸਿੱਖ ਜਗਤ ਦੀ ਸਥਿਤੀ:
ਦਿੱਲੀ ਦਰਬਾਰ ਦੀਆਂ ਬਿਪਰ ਨੀਤੀਆਂ ਕਾਰਨ ਸਿੱਖਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਹੋਰ ਵੀ ਜ਼ਿਆਦਾ ਕੱਸੀਆਂ ਜਾ ਰਹੀਆਂ ਹਨ।
ਖ਼ਾਲਸਾ ਪੰਥ ਦੇ ਤਖਤਾਂ ਦੀ ਸਰਵਉਚਤਾ, ਮਾਣ ਪ੍ਰਤਿਸ਼ਠਾ, ਸਿਧਾਂਤਾਂ ਅਤੇ ਰਵਾਇਤਾਂ ਨੂੰ ਠੇਸ ਲਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੂਜੀਆਂ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਅਤੇ ਵੋਟ ਸਿਆਸਤ ਵਿੱਚ ਸਰਗਰਮ ਸਿਖ ਸਿਆਸੀ ਪਾਰਟੀਆਂ ਦੀ ਭਰੋਸੇਯੋਗਤਾ ਅਤੇ ਜਥੇਬੰਦਕ ਸਮਰੱਥਾ ਢਹਿੰਦੀ ਕਲਾ ਵਿੱਚ ਹੈ।
ਮੌਜੂਦਾ ਸਮੇ ਵਿੱਚ ਵੱਖ-ਵੱਖ ਸਿਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾ ਅਤੇ ਸੰਪਰਦਾਵਾਂ ਵਿੱਚ ਏਕਤਾ ਦੀ ਥਾਂ ਬੇਵਿਸ਼ਵਾਸੀ ਪੈਦਾ ਹੋ ਗਈ ਹੈ ਅਤੇ ਆਪਸੀ ਖਿਚੋਤਾਣ ਵਧ ਰਹੀ ਹੈ। ਇਸ ਬੇਇਤਫਾਕੀ ਦਾ ਦਿੱਲੀ ਦਰਬਾਰ ਅਤੇ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਲਾਹਾ ਲੈ ਰਹੀਆਂ ਹਨ।
ਪਰ ਤੇਜੀ ਨਾਲ ਬਦਲ ਰਹੇ ਹਾਲਾਤ ਸੰਭਾਵਨਾਵਾਂ ਭਰਪੂਰ ਵੀ ਹਨ। ਅਜਿਹੇ ਹਾਲਾਤ ਵਿਚ ਗੁਰੂ ਖਾਲਸਾ ਪੰਥ ਦੀ ਸ਼ਕਤੀ ਨੂੰ ਗੁਰਮਤਿ ਅਤੇ ਖਾਲਸਾਈ ਜੁਗਤ ਅਨੁਸਾਰ ਇਕ ਲੜੀ ਵਿਚ ਪਰੋਣ ਦੇ ਸੁਹਿਰਦ ਅਤੇ ਨਿਸ਼ਕਾਮ ਯਤਨਾਂ ਦੀ ਲੋੜ ਹੈ। 
ਏਕਤਾ ਸੰਬੰਧੀ:
ਕਿਸੇ ਵੀ ਜਨਤਕ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਏਕਤਾ, ਇਤਫਾਕ ਤੇ ਵਿਸ਼ਵਾਸ ਅਹਿਮ ਸ਼ਰਤ ਹੁੰਦੀ ਹੈ। ਗੁਰੂ ਪੰਥ ਦੇ ਹਰ ਖੇਤਰ ਵਿੱਚ ਸਰਗਰਮ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਵਿੱਚ ਏਕਤਾ ਕਰਾਉਣ ਤੇ ਇਕਸੁਰਤਾ ਲਿਆਉਣ ਲਈ ਉਹਨਾਂ ਦੇ ਵਰਤਮਾਨ ਢਾਂਚੇ ਭੰਗ ਕਰਕੇ ਇੱਕ ਦਲ ਜਾਂ ਪਾਰਟੀ ਬਣਾਉਣ ਦੀ ਪ੍ਰਚਲਤ ਪਹੁੰਚ ਦੀ ਥਾਂ ਇੱਕ ਸਰਵਸਾਂਝਾ ਪੰਥਕ ਮੰਚ ਉਸਾਰਨ ਦੀ ਲੋੜ ਹੈ, ਜੋ ਸਾਰੀਆਂ ਪੰਥਕ ਧਿਰਾਂ ਵਿੱਚ ਇੱਕ ਪੁਲ ਵਾਲੀ ਭੂਮਿਕਾ ਨਿਭਾਅ ਸਕੇ।
ਉਪਰੋਕਤ ਸਿੰਘਾਂ ਦਾ ਜਥਾ ਖ਼ਾਲਸਾ ਪੰਥ ਦੇ ਵੱਖ-ਵੱਖ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਅਹਿਮ ਪੰਥ ਦਰਦੀ ਸਖਸ਼ੀਅਤਾਂ ਨਾਲ ਸੰਵਾਦ ਰਚਾਏਗਾ ਤਾਂ ਜੋ ਗੁਰੂ ਪੰਥ ਦੀ ਸਾਂਝੀ ਰਾਏ ਪ੍ਰਗਟ ਕਰਨ ਅਤੇ ਸਭਨਾਂ ਵਿੱਚ ਇੱਕ ਸੁਰਤਾ ਲਿਆਉਣ ਲਈ ਸਾਂਝਾ ਮੰਚ ਉਸਾਰਿਆ ਜਾ ਸਕੇ।
ਇਸ ਲੋਕ ਸੰਵਾਦ ਦੇ ਪਹਿਲੇ ਪੜਾਅ ਦੇ ਤੌਰ ’ਤੇ ਬੰਦੀ ਛੋੜ ਦਿਵਸ ਮੌਕੇ ਆਪਸੀ ਵਿਚਾਰ-ਵਟਾਂਦਰੇ ਦੀ ਪੰਥ ਰਵਾਇਤ ਨੂੰ ਪੁਨਰ ਸੁਰਜੀਤ ਕਰਦਿਆਂ ਹੋਇਆਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲੀ ਵਿਚਾਰ ਗੋਸ਼ਟੀ ਕੀਤੀ ਜਾਵੇਗੀ।

Posted on October 5th, 2026

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026