Posted on February 11th, 2021

ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ।
ਸੈਕਰਾਮੈਂਟੋ, ਕੈਲੀਫੋਰਨੀਆ, ( ਹੁਸਨ ਲੜੋਆ ਬੰਗਾ) ਸਮੂਹ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਨੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਫਰਿਜ਼ਨੋ, ਕੈਲੇਫੋਰਨੀਆਂ ਵਿਖੇ 'ਅਮਰੀਕਨ ਸਿੱਖ ਸੰਗਤ' ਦੇ ਨਾਮ ਹੇਠ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਇਕ ਵਿਸ਼ੇਸ਼ ਸਭਾ ਬੁਲਾਈ। ਸਾਰੇ ਅਮਰੀਕਾ ਵਿੱਚੋਂ ਲੱਗਭਗ 80 ਜਥੇਬੰਦੀਆਂ ਨੇ ਇਸ ਸਭਾ ਵਿੱਚ ਹਿੱਸਾ ਲਿਆ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ।
ਇਸ ਦੌਰਾਨ ਫਰਿਜ਼ਨੋ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਉਚੇਚੇ ਤੌਰ ਤੇ ਸ਼ਾਮਲ ਹੋਏ। ਸੰਗਤ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਚਾਹੇ ਉਹ ਭਾਰਤ ਹੋਵੇ ਜਾਂ ਅਮਰੀਕਾ ਜੇਕਰ ਲੋਕਤੰਤਰ ਦਾ ਘਾਣ ਹੁੰਦਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਉੱਤੇ ਗੌਰ ਕਰਦਿਆਂ ਇਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ। ਸੰਗਤ ਵੱਲੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਵੀ ਪ੍ਰਣ ਕੀਤਾ ਗਿਆ।
ਸਭਾ ਦੇ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾ, ਕਿਸਾਨਾ ਅਤੇ ਪੱਤਰਕਾਰਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਕੋਲੋਂ ਇਨ੍ਹਾਂ ਕੇਸਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਐਕਟਿਵਿਸਟ ਨੌਦੀਪ ਕੌਰ ਅਤੇ ਉਨ੍ਹਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵੀ ਵਿਚਾਰ ਵਟਾਂਦਰੇ ਕੀਤੇ ਗਏ। 
ਖਾਲਸਾ ਏਡ, ਏਸੀ਼ਆ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਮੋਰਚੇ ਦੀ ਅਜੋਕੀ ਸਥਿਤੀ ਦੱਸੀ ਅਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਅਪੀਲ ਕੀਤੀ| ਸਭਾ ਦੇ ਅੰਤ ਵਿਚ ਸਮੂਹ ਸੰਗਤ ਵੱਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਮਤੇ ਪਾਏ ਗਏ, ਜਿਸ ਵਿੱਚ ਅਮਰੀਕਾ ਦੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਨੌਜਵਾਨ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝ ਬਣਾ ਕੇ ਉਨ੍ਹਾਂ ਦੀ ਅਗਵਾਈ ਵਿੱਚ ਇੱਕਠੇ ਹੋ ਕੇ ਕਿਸਾਨਾਂ ਦੀ ਆਵਾਜ਼ ਬਣਨ ਕਿਉਂ ਜੋ ਇਹ ਸਮੇ ਦੀ ਮੰਗ ਹੈ। ਜੇਕਰ ਸੰਘਰਸ਼ ਕਰ ਰਹੀਆਂ ਧਿਰਾਂ ਵਿੱਚ ਕੋਈ ਮਨ ਮੁਟਾਵ ਹੈ ਤਾਂ ਸਾਰਿਆਂ ਦੀ ਇਕਜੁਟਤਾ ਨੂੰ ਬਹਾਲ ਕਰਨ ਲਈ ਅਮਰੀਕਾ ਦੀ ਸੰਗਤ ਮੀਡੀਏਟਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਇਸ ਮੀਟਿੰਗ ਤੋਂ ਬਾਅਦ ਅਮਰੀਕਾ ਦੀ ਸੰਗਤ ਵੱਲੋਂ ਸਾਰੀਆਂ ਧਿਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਅਮਰੀਕਾ ਦੀ ਸਿੱਖ ਸੰਗਤ ਵੱਲੋਂ ਕਿਸਾਨ ਯੂਨੀਅਨ ਲੀਡਰਾਂ ਨੂੰ ਬੇਨਤੀ ਗਈ ਕਿ ਜਿਹੜੇ ਨੌਜਵਾਨ, ਬਜ਼ੁਰਗ, ਪੱਤਰਕਾਰ ਜਾਂ ਸਮਾਜ ਸੇਵੀ ਸੰਘਰਸ਼ ਦੌਰਾਨ ਰਾਜਨੀਤਿਕ ਦਬਾਅ ਹੇਠ ਲਗਾਤਾਰ ਪੁਲੀਸ ਦੁਆਰਾ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਹਨ, ਉਨ੍ਹਾਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ ਤਾਂ ਜੋ ਪਿੰਡਾਂ ਵਿੱਚੋਂ ਆਉਣ ਵਾਲੀ ਸੰਗਤ ਦਾ ਹੌਸਲਾ ਬੁਲੰਦ ਰਹੇ।
ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਕਿ ਜਿਹੜੇ ਬਾਲੀਵੁੱਡ ਦੇ ਕਲਾਕਾਰਾਂ ਅਤੇ ਖਿਡਾਰੀਆਂ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਹੈ ਅਤੇ ਜਿਹੜੇ ਅੱਗੋਂ ਅਜਿਹਾ ਕਰਨਗੇ, ਉਹਨਾਂ ਦਾ ਅਮਰੀਕਾ ਵਿਚ ਹਰ ਜਗ੍ਹਾ 'ਤੇ ਬਾਈਕਾਟ ਕੀਤਾ ਜਾਵੇਗਾ। ਜੇ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ ਉੱਤੇ ਉਹਨਾਂ ਦਾ ਸਾਥ ਦਿੱਤਾ ਤਾਂ ਉਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ।
ਅਮਰੀਕਾ ਦੀ ਸਿੱਖ ਸੰਗਤ ਨੇ ਐਲਾਨ ਕੀਤਾ ਕਿ ਸੰਗਤ ਜਥੇਬੰਦੀਆਂ ਦੀ ਹਰ ਪੱਖੋਂ ਉਦੋਂ ਤਕ ਮਦਦ ਕਰੇਗੀ ਜਦੋਂ ਤੱਕ ਤਿੰਨੇ ਬਿੱਲ ਵਾਪਸ ਅਤੇ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026