Posted on November 9th, 2020

ਚੰਡੀਗੜ੍ਹ ਤੋਂ ਪੱਤਰਕਾਰ ਦਵਿੰਦਰਪਾਲ ਅਤੇ ਚਰਨਜੀਤ ਭੁੱਲਰ ਦੀਆਂ ਖਬਰਾਂ ਮੁਤਾਬਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਸੰਘਰਸ਼ 48ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਸੂਬੇ ਵਿੱਚ 100 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਰੇਲ ਪਟੜੀਆਂ ਖਾਲੀ ਕੀਤੇ ਜਾਣ ਤੋਂ ਬਾਅਦ ਵੀ ਰੇਲਾਂ ਹਾਲ ਦੀ ਘੜੀ ਚੱਲਣੀਆਂ ਸ਼ੁਰੂ ਨਹੀਂ ਹੋਈਆਂ।
ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ, ਰੇਲਵੇ ਮੰਤਰੀ ਪਿਯੂਸ਼ ਗੋਇਲ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ 13 ਨਵੰਬਰ ਨੂੰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦਾ ਪ੍ਰੋਗਰਾਮ ਉਲੀਕਿਆ ਹੈ। ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਡਾ. ਦਰਸ਼ਨ ਪਾਲ ਨਾਲ ਗੱਲਬਾਤ ਮਗਰੋਂ ਹੀ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਮੀਟਿੰਗ ਤੈਅ ਕੀਤੀ ਗਈ ਹੈ। ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਿਵਾਸ ’ਤੇ ਹੋਵੇਗੀ, ਜਿਸ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਰਹਿਣਗੇ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ‘ਤਰਕਹੀਣ’ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫ਼ਰ ਗੱਡੀਆਂ ਨਾਲ ਜੋੜਨਾ ਮਹਿਜ਼ ਬਹਾਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਿਆਂ ਰੱਖਿਆ ਗਿਆ ਤਾਂ ਹਾਲਾਤ ਗੰਭੀਰ ਬਣ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਅੜੀਅਲ ਵਤੀਰਾ, ਜਿਸ ਨੂੰ ਭਾਜਪਾ ਵੀ ਧੜੱਲੇ ਨਾਲ ਥਾਪੜਾ ਦੇ ਰਹੀ ਹੈ, ਮਾਲ ਗੱਡੀਆਂ ਦੇ ਮੁੱਦੇ ਦੀ ਪੇਚੀਦਗੀ ਨੂੰ ਸੁਲਝਾਉਣ ਵਿੱਚ ਇਰਾਦੇ ਦੀ ਘਾਟ ਦਰਸਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ ਹੀ ਹੈ ਜਿਹੜੀ ਇਸ ਮਾਮਲੇ ਉਤੇ ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਸਵਾਲ ਕਰਨ ਅਤੇ ਕੇਂਦਰ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦੀ ਥਾਂ ਭਾਜਪਾ ਆਗੂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਭਲੇ ਦੀ ਕੀਮਤ ’ਤੇ ਨਿਰੰਤਰ ਸੌੜੀ ਸਿਆਸਤ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਕਰਨ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਮਾਲ ਗੱਡੀਆਂ ਦੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਗਾਰੰਟੀ ਦੇਣ ਅਤੇ ਇੱਥੋਂ ਤੱਕ ਕਿ ਜੀਆਰਪੀ ਰੇਲਵੇ ਦੀ ਸੁਰੱਖਿਆ ਲਈ ਹੋਣ ਦੇ ਬਾਵਜੂਦ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਸੇਵਾਵਾਂ ਮੁਅੱਤਲ ਕਰਨ ਲਈ ਇਕ ਤੋਂ ਇਕ ਬਹਾਨਾ ਕਿਉਂ ਘੜਿਆ ਜਾ ਰਿਹਾ ਹੈ?’’ ਉਨ੍ਹਾਂ ਕਿਹਾ ਕਿ ਭਾਜਪਾ ਰੇਲਵੇ ਦੇ ਇਸ ਫੈਸਲੇ ਦੀ ਪ੍ਰੋੜਤਾ ਕਰਕੇ ਕਿਸਾਨਾਂ ਦੇ ਰੋਹ ਨੂੰ ਹੋਰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਨਾਗਰਿਕਾਂ ਪ੍ਰਤੀ ਭਾਜਪਾ ਨਾਲੋਂ ਵੱਧ ਸੰਜੀਦਗੀ ਦਿਖਾਈ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026