Posted on July 29th, 2020

ਪਿਛਲੇ ਸਾਲ ਜਾਣੀਕਿ 2019 ‘ਚ ਕਈ ਵਾਰ ਲਿਖਿਆ/ਬੋਲਿਆ ਕਿ ਘਰਾਂ ਦੀ ਕੀਮਤ ਸਰੀ/ਡੈਲਟਾ/ਲੈਂਗਲੀ/ਐਬਸਫੋਰਡ ‘ਚ ਨਹੀਂ ਡਿਗਣੀ, ਟਿਕੀ ਰਹਿ ਸਕਦੀ, ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਹਨ, ਖਰੀਦ ਲੈਣ।
ਕਈਆਂ ਨੇ ਖਰੀਦ ਲਏ ਤੇ ਕਈ ਕੀਮਤਾਂ ਡਿਗਣ ਦੀ ਉਡੀਕ ਕਰਦੇ ਰਹੇ, ਹਾਲੇ ਤੱਕ ਨਹੀਂ ਲੈ ਹੋਇਆ।
ਫਿਰ ਨਵਾਂ ਸਾਲ ਚੜ੍ਹਦਿਆਂ ਕਰੋਨਾ ਆ ਗਿਆ। ਸਭ ਕੁਝ ਖੜ੍ਹ ਗਿਆ, ਮੇਰੇ ਸਮੇਤ ਲਗਭਗ ਸਭ ਨੂੰ ਲੱਗਾ ਕਿ ਜੇ ਕੋਈ ਘਰ ਸਸਤਾ ਮਿਲਦਾ ਤਾਂ ਲੈ ਲਓ ਪਰ ਰੇਟ ਉਪਰ ਚੁੱਕ ਕੇ ਲੈਣ ਵਾਲਾ ਸਮਾਂ ਨੀ ਜਾਪਦਾ। ਪਰ ਹੋਇਆ ਉਲਟ, ਕਰੋਨਾ ਸਮੇਂ ਘਰ ਹੱਥੋਂ-ਹੱਥੀ ਵਿਕਦੇ ਰਹੇ। ਇਹ ਨਿੱਜੀ ਤਜ਼ਰਬਾ ਵੀ ਰਿਹਾ।
ਪਿਛਲੇ ਤਿੰਨ-ਚਾਰ ਮਹੀਨੇ ਤੋਂ ਤਾਂ ਘਰ ਵਿਕਣ ਵਾਲਾ ਤਾਂਤਾ ਟੁੱਟ ਗਿਆ। ਰਿਐਲਟਰ ਪਹਿਲਾਂ ਵਾਂਗ ਓਪਨ ਹਾਊਸ ਖੁੱਲ੍ਹ ਕੇ ਹਾਲੇ ਲਾ ਨਹੀਂ ਸਕਦੇ, ਫਿਰ ਵੀ ਮਲਟੀਪਲ ਆਫਰਾਂ ‘ਚ ਘਰ ਲੱਗੀ ਕੀਮਤ ਨਾਲ਼ੋਂ ਵੱਧ ਵਿਕਣ ਲੱਗੇ। ਜਿਹੜਾ ਘਰ ਪਿਛਲੇ ਸਾਲ 9 ਕੁ ਲੱਖ ਦਾ ਮਿਲਦਾ ਸੀ, ਓਹਨੂੰ ਹੁਣ 1 ਮਿਲੀਅਨ ‘ਚ ਵੀ ਹੱਥ ਨਹੀਂ ਪੈ ਰਿਹਾ। ਜਿਹੜੇ ਖਰੀਦਦਾਰ 2019 'ਚ ਸੁਸਤ ਹੋ ਗਏ ਸਨ, ਉਹ ਹੁਣ ਗਰਮ ਹੋਏ ਫਿਰਦੇ। ਜਨਵਰੀ 'ਚ ਲੋਕ ਲਾਟਾਂ ਵੰਡਦੇ ਫਿਰਦੇ ਸਨ, 4 ਮਹੀਨੇ ਹੋ ਗਏ, ਫਿਰ ਲੱਭਦੇ ਫਿਰਦੇ ਹਨ, ਸਭ ਕੁਝ ਸੀਰਨੀ ਹੋ ਗਿਆ।
ਸਿਆਣਿਆਂ ਦੀ ਆਖੀ ਗੱਲ ਸਹੀ ਸਾਬਤ ਹੋਈ ਕਿ ਖੜੇ ਟਾਂਗੇ 'ਤੇ ਕੋਈ ਨੀ ਚੜ੍ਹਦਾ ਤੇ ਤੁਰ ਪਏ 'ਤੇ ਮਗਰ ਭੱਜ ਭੱਜ ਚੜ੍ਹਦੇ। ਜਿਹੜੇ ਖੜ੍ਹੇ ਟਾਂਗੇ 'ਤੇ ਚੜ੍ਹ ਗਏ, ਉਹ ਚੰਗੇ ਰਹਿ ਗਏ।
ਇਹੀ ਹਾਲ ਟਰਾਂਟੋ, ਸਿਆਟਲ, ਕੈਲੇਫੋਰਨੀਆ ਦੱਸਦੇ। ਸੁਨਿਆਰੇ ਕਹਿੰਦੇ ਲੋਕ ਧੜਾਧੜ ਸੋਨਾ ਖਰੀਦੀ ਜਾ ਰਹੇ ਹਨ। ਕਰੋਨਾ ਦਾ ਅਸਰ ਕਿੱਥੇ ਹੋਇਆ? ਇਹ ਇੱਕ ਬੁਝਾਰਤ ਹੀ ਬਣ ਗਈ ਹੈ।
ਜਿਸ ਹਿਸਾਬ ਹਾਲਾਤ ਹਨ, ਜੇਕਰ ਅਗਲੇ ਮਹੀਨੇ ਕਰੋਨਾ ਦੀ ਦਵਾਈ ਆ ਗਈ ਤੇ ਸਤੰਬਰ ਤੱਕ ਆਉਣ-ਜਾਣ ਖੁੱਲ੍ਹ ਗਿਆ, ਗਰੇਟਰ ਵੈਨਕੂਵਰ ਤੇ ਗਰੇਟਰ ਟਰਾਂਟੋ ‘ਚ ਘਰਾਂ ਦੀ ਮਾਰਕੀਟ ਨੇ ਜਾਪਦਾ ਕਿ ਹੋਰ ਗਰਮ ਹੋ ਜਾਣਾ। ਜਿਹੜੇ ਲੈ ਗਏ, ਉਹ ਖੁਸ਼ ਹਨ ਤੇ ਜਿਹੜੇ ਹਾਲੇ ਭਾਅ ਕਰਦੇ ਫਿਰਦੇ ਹਨ, ਉਨ੍ਹਾਂ ਦਾ ਕਿਤੇ ਹੱਥ ਨਹੀਂ ਪੈ ਰਿਹਾ। ਜਦ ਨੂੰ ਉਹ 20-25 ਹਜ਼ਾਰ ਹੋਰ ਲਾ ਦੇਣ ਦਾ ਮਨ ਬਣਾਉਂਦੇ ਹਨ, ਉਦੋਂ ਨੂੰ 20-25 ਹਜ਼ਾਰ ਦਾ ਜੰਪ ਹੋਰ ਵੱਜ ਜਾਂਦਾ।
ਮਹਾਮਾਰੀ ਦੇ ਬਾਵਜੂਦ ਘਰਾਂ ਦੀ ਮਾਰਕੀਟ ਨੂੰ ਏਨੀ ਅੱਗ ਕਿਓਂ ਲੱਗ ਗਈ, ਇਹ ਸਮਝ ਤੋਂ ਬਾਹਰ ਹੈ। ਵਿਆਜ ਦਰਾਂ ਦਾ ਘਟਣਾ ਅਤੇ ਕੈਨੇਡਾ ਸਰਕਾਰ ਵਲੋਂ ਲੋਕਾਂ ਨੂੰ ਕਰੋਨਾ ਦੌਰਾਨ ਪੈਸੇ ਦੇਈ ਜਾਣਾ ਵੀ ਕਾਰਨ ਹਨ। ਹਾਂਗਕਾਂਗ ਬੈਠੇ 3 ਲੱਖ ਕੈਨੇਡੀਅਨ ਸਿਟੀਜ਼ਨ ਵੀ ਦੁਬਾਰਾ ਰਿਚਮੰਡ-ਵੈਨਕੂਵਰ ਭਾਅ ਪੁੱਛਣ ਲੱਗੇ ਹਨ।
ਕਈ ਲੋਕ ਸੋਚਦੇ ਹਨ ਕਿ ਰਿਐਲਟਰਾਂ ਨੂੰ ਗਰਮ ਮਾਰਕੀਟ ਦਾ ਫਾਇਦਾ ਪਰ ਹੈ ਉਲਟ। ਗਰਮ ਮਾਰਕੀਟ ਦਾ ਫਾਇਦਾ ਘਰ ਵੇਚਣ ਵਾਲੇ ਨੂੰ ਤੇ ਵੇਚਣ ਵਾਲੇ ਰਿਐਲਟਰ ਨੂੰ ਹੁੰਦਾ। ਅਸਲੀਅਤ ਇਹ ਹੈ ਕਿ ਖਰੀਦ ਕੇ ਦੇਣ ਵਾਲੇ ਰਿਐਲਟਰਾਂ ਦਾ ਕਿਤੇ ਹੱਥ ਹੀ ਨਹੀਂ ਪੈਂਦਾ। ਵੇਚਣ ਵਾਲਾ ਰਿਐਲਟਰ ਜਦ ਘਰ ਵਿਕਵਾ ਕੇ ਗਾਹਕ ਲਈ ਅੱਗੇ ਘਰ ਲੱਭਦਾ ਤਾਂ ਉਸਦਾ ਵੀ ਕਿਤੇ ਹੱਥ ਨੀ ਪੈਂਦਾ, ਉਦੋਂ ਫਿਰ ਘਰ ਵੇਚ ਚੁੱਕਾ ਬੰਦਾ 20-50 ਹਜ਼ਾਰ ਉਪਰ ਚੁੱਕ ਕੇ ਹੱਥ ਪਾ ਲੈਂਦਾ ਤੇ ਮਾਰਕੀਟ ‘ਚ ਨਵਾਂ ਰੇਟ ਸੈੱਟ ਹੋ ਜਾਂਦਾ। ਘਰਾਂ ਦੀ ਕੀਮਤ ਉਪਰ ਚਲੀ ਜਾਂਦੀ।
ਅਖੀਰ ‘ਚ ਇੱਕ ਮੁਫ਼ਤ ਦੀ ਸਲਾਹ; ਜਿਹੜੇ ਬੰਦੇ ਮਾਰਕੀਟ ‘ਚ ਗੁੱਡ ਡੀਲ ਲੱਭਦੇ ਰਹਿੰਦੇ, ਉਨ੍ਹਾਂ ਨੂੰ ਗੁੱਡ ਡੀਲ ਘੱਟ ਹੀ ਮਿਲਦੀ ਕਿਉਂਕਿ ਓਪਨ ਮਾਰਕੀਟ ‘ਚ ਅਜਿਹੀ ਕੋਈ ਸ਼ੈਅ ਨੀ ਹੁੰਦੀ, ਕੋਈ ਨੀ ਆਪਣੀ ਚੀਜ਼ ਸਸਤੀ ਵੇਚਦਾ। ਜਿਹੜੀ ਚੀਜ਼ ਮਾਰਕੀਟ ਰੇਟ ‘ਤੇ ਖਰੀਦ ਲਓਂਗੇ, ਉਹੀ ਸਾਲ ਬਾਅਦ ਗੁੱਡ ਡੀਲ ਬਣ ਜਾਣੀ।

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026