Posted on February 28th, 2020

ਧਾਰੀਵਾਲ- ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਪਿੰਡ ਡੇਅਰੀਵਾਲ ਦੇ ਕੁਝ ਸਿੱਖ ਸ਼ਰਧਾਲੂਆਂ ਦੀ ਪੁਲੀਸ ਵੱਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਤੋਂ ਸਿੱਖ ਸੰਗਤ ’ਚ ਭਾਰੀ ਰੋਸ ਹੈ। ਇਹ ਸ਼ਰਧਾਲੂ ਪਿਛਲੇ ਦਿਨੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਗਏ ਸਨ।
ਪਿੰਡ ਵਾਸੀ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਜਦੋਂ ਉਹ ਦਰਸ਼ਨ ਕਰਕੇ ਪਰਤੇ ਤਾਂ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਕੁਝ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ। ਉਪਰੰਤ ਉਹ ਘਰ ਆ ਗਏ। ਪਰ ਕੁਝ ਦਿਨਾਂ ਬਾਅਦ ਥਾਣਾ ਧਾਰੀਵਾਲ ਦੀ ਪੁਲੀਸ ਉਨ੍ਹਾਂ ਦੇ ਘਰ ਆ ਪੁੱਜੀ ਤੇ ਉਨ੍ਹਾਂ ਨੂੰ ਪਾਕਿਸਤਾਨ ਫੇਰੀ ਬਾਰੇ ਪੁੱਛ-ਪੜਤਾਲ ਕਰਨ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਸਿੱਖ ਨੌਜਵਾਨਾਂ ਨੇ ਆਖਿਆ ਕਿ ਪੁਲੀਸ ਨੇ ਉਨ੍ਹਾਂ ਕੋਲੋਂ ਪੁੱਛਿਆ,‘ਪਾਕਿਸਤਾਨ ਦੀ ਪੁਲੀਸ ਅਤੇ ਫ਼ੌਜ ਨੇ ਤੁਹਾਡੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਹੈ? ਪਾਕਿਸਤਾਨ ਦੇ ਲੋਕਾਂ ਦਾ ਤੁਹਾਡੇ ਨਾਲ ਵਤੀਰਾ ਕਿਸ ਤਰ੍ਹਾਂ ਦਾ ਸੀ?’’ ਸਿੱਖ ਨੌਜਵਾਨਾਂ ਨੇ ਪੁਲੀਸ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਤੇ ਪੁਲੀਸ ਦਾ ਵਿਵਹਾਰ ਨਿਮਰਤਾ ਤੇ ਮਹਿਮਾਨ-ਨਿਵਾਜ਼ੀ ਵਾਲਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਵਿੱਚ ਬੁਲਾ ਕੇ ਵੀ ਵਾਰ-ਵਾਰ ਪੁੱਛ ਪੜਤਾਲ ਕੀਤੀ ਗਈ ਕਿ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਕੌਣ-ਕੌਣ ਲੋਕ ਮਿਲੇ ਅਤੇ ਪੁਲੀਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ।
ਪਿੰਡ ਦੇ ਮੋਹਤਬਰ ਨਾਜ਼ਰ ਸਿੰਘ ਅਤੇ ਸਿੱਖ ਆਗੂ ਭਾਈ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਦਾ ਇਹ ਵਤੀਰਾ ਨਿੰਦਣਯੋਗ ਹੈ ਅਤੇ ਪਾਕਿਸਤਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਪੰਜਾਬ ਪੁਲੀਸ ਦਾ ਮੁਖੀ ਹੀ ਸਿੱਖ ਸ਼ਰਧਾਲੂਆਂ ਪ੍ਰਤੀ ਮਾੜੀ ਸੋਚ ਰੱਖਦਾ ਹੋਵੇ ਤਾਂ ਵਿਭਾਗ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਉਨ੍ਹਾਂ ਆਖਿਆ ਕਿ ਉਹ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਉਠਾਉਣਗੇ।
ਪਿੰਡ ਵਾਸੀ ਮਨਿੰਦਰਪਾਲ ਸਿੰਘ ਘੁੰਮਣ ਨੇ ਕਿਹਾ ਕਿ ਇਸ ਘਟਨਾ ਕ੍ਰਮ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੇ ਕਰਤਾਰਪੁਰ ਸਾਹਿਬ ਜਾਣ ਦੇ ਇਛੁੱਕ ਸ਼ਰਧਾਲੂ ਬਹੁਤ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਸ਼ਾਇਦ ਅਤਿਵਾਦੀ ਗਰਦਾਨ ਦਿੱਤਾ ਜਾਵੇਗਾ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਸ਼ੱਕ ਤਹਿਤ ਕਾਨੂੰਨੀ ਘੇਰੇ ਵਿੱਚ ਫਸਾ ਕੇ ਹੋਰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ। ਕੁਝ ਨੌਜਵਾਨਾਂ ਨੇ ਆਖਿਆ ਕਿ ਉਹ ਡਰ ਦੇ ਮਾਰੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਨਹੀਂ ਜਾ ਰਹੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026