Posted on December 31st, 2019

ਨੂਰਪੁਰ ਬੇਦੀ- ਰੂਪਨਗਰ ਜ਼ਿਲ੍ਹੇ ਦੇ ਬਹੁ ਚਰਚਿਤ ਡੇਰਾ ਭਨਿਆਰਾਵਾਲਾ ਦੇ ਵਿਵਾਦੀਮੁਖੀ ਪਿਆਰਾ ਸਿੰਘ ਭਨਿਆਰਾ ਵਾਲਾ (61) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਭਨਿਆਰਾ ਵਾਲਾ ਨੇ 1980 'ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਧਮਾਣਾ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਾਪਤ ਇਕ ਧਾਰਮਿਕ ਸਥਾਨ ਦੀ ਸੇਵਾ ਆਪਣੇ ਪਿਤਾ ਤੁਲਸੀ ਰਾਮ ਦੀ ਮੌਤ ਤੋਂ ਬਾਅਦ ਸੰਭਾਲੀ ਸੀ।
ਪਿਆਰਾ ਸਿੰਘ ਪਹਿਲਾਂ ਬਾਗ਼ਬਾਨੀ ਵਿਭਾਗ ਦੇ ਸੈਰੀਕਲਚਰ (ਰੇਸ਼ਮ ਕੀਟ ਪਾਲਣ) ਵਿੰਗ 'ਚ ਬਤੌਰ ਮਾਲੀ ਕੰਮ ਕਰਦਾ ਸੀ। ਇਸ ਦੇ ਪਿਤਾ ਤੁਲਸੀ ਰਾਮ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਪਿੰਡ ਧਮਾਣਾ ਦੇ ਦੋ ਕੁ ਕਿ. ਮੀ ਦੂਰੀ 'ਤੇ ਇਕ ਧਾਰਮਿਕ ਸਥਾਨ ਦੀ ਸੇਵਾ ਕਰਦੇ ਸਨ, ਜਿਸ ਨੂੰ ਕੁਝ ਲੋਕ ਪੀਰਾਂ ਦੀ ਜਗ੍ਹਾ ਵੀ ਕਹਿੰਦੇ ਹਨ। ਪਿਤਾ ਦੀ ਮੌਤ ਤੋਂ ਬਾਅਦ ਪਿਆਰਾ ਸਿੰਘ ਭਨਿਆਰਾ ਵਾਲਾ ਨੇ ਇਸ ਸਥਾਨ 'ਤੇ ਗ਼ਰੀਬਾਂ ਤੇ ਵਿਸ਼ੇਸ਼ ਕਰ ਦਲਿਤ ਲੋਕਾਂ ਨੂੰ ਦਵਾਈਆਂ ਦੀ ਸੇਵਾ ਸ਼ੁਰੂ ਕਰ ਦਿੱਤੀ। ਉਸ ਨੇ ਜੰਗਲੀ ਜੀਵਾਂ ਲਈ ਕਈ ਤਲਾਬ ਵੀ ਖੁਦਵਾਏ।
90 ਦੇ ਦਹਾਕੇ 'ਚ ਕੇਂਦਰੀ ਮੰਤਰੀ ਬੂਟਾ ਸਿੰਘ ਵੀ ਆਪਣੀ ਪਤਨੀ ਦੇ ਇਲਾਜ ਲਈ ਉਸ ਕੋਲ ਆਇਆ ਕਰਦੇ ਸਨ, ਜਿਸ ਤੋਂ ਬਾਅਦ ਇਸ ਡੇਰੇ 'ਚ ਵੱਡੀ ਗਿਣਤੀ 'ਚ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਪੰਜਾਬ ਦੇ ਮਾਲਵੇ ਖ਼ਿੱਤੇ 'ਚੋਂ ਵੱਡੀ ਗਿਣਤੀ 'ਚ ਸ਼ਰਧਾਲੂ ਬਣਦੇ ਗਏ, ਜਿਸ ਨਾਲ ਡੇਰਾ ਭਨਿਆਰਾ ਵਾਲਾ ਵਿਖੇ ਸਿਆਸੀ ਲੋਕ ਵੋਟਾਂ ਦੀ ਤਾਂਘ 'ਚ ਆਉਣੇ ਸ਼ੁਰੂ ਹੋ ਗਏ। ਚਾਂਭਲੇ ਹੋਏ ਪਿਆਰਾ ਸਿੰਘ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਐਲਾਨ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸੰਨ 1998 'ਚ ਪਿਆਰਾ ਸਿੰਘ ਭਨਿਆਰਾ ਵਾਲਾ ਨੂੰ ਉਸ ਦੀਆਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕਾਰਨ ਸਿੱਖ ਪੰਥ 'ਚੋਂ ਛੇਕ ਦਿੱਤਾ ਗਿਆ ਸੀ। ਸਾਲ 2000 'ਚ ਭਨਿਆਰਾ ਵਾਲਾ ਵਲੋਂ ਆਪਣਾ ਨਵਾਂ ਗ੍ਰੰਥ ਭਵਸਾਗਰ ਸਮੁੰਦਰ ਅੰਮ੍ਰਿਤ ਬਾਣੀ ਛਾਪਣ ਤੋਂ ਬਾਅਦ ਸਿੱਖ ਪੰਥ ਨਾਲ ਉਸ ਦਾ ਟਕਰਾਅ ਪੈਦਾ ਹੋ ਗਿਆ ਸੀ। ਸਾਲ 2001 'ਚ ਸ੍ਰੀ ਅਕਾਲ ਤਖ਼ਤ ਵਲੋਂ ਪਿਆਰਾ ਸਿੰਘ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਲਈ ਹੁਕਮ ਵੀ ਜਾਰੀ ਕੀਤੇ ਗਏ ਸਨ ਪਰ ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਾ ਹੋਇਆ।
ਸਾਲ 2001 'ਚ ਉਸ ਦੇ ਨਵੇਂ ਗ੍ਰੰਥ ਨੂੰ ਲੈ ਕੇ ਪੰਜਾਬ ਭਰ 'ਚ ਸਿੱਖਾਂ ਤੇ ਉਸ ਦੇ ਸ਼ਰਧਾਲੂਆਂ 'ਚ ਟਕਰਾਅ ਵੀ ਪੈਦਾ ਹੋਏ, ਜਿਸ ਕਰਕੇ ਅਕਤੂਬਰ 2001 'ਚ ਤਤਕਾਲੀ ਬਾਦਲ ਸਰਕਾਰ ਨੂੰ ਲੋਕ ਵਿਰੋਧ ਵੇਖਦਿਆਂ ਪਿਆਰਾ ਸਿੰਘ ਭਨਿਆਰਾ ਵਾਲਾ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਕਈ ਕੇਸਾਂ 'ਚ ਨਾਮਜ਼ਦ ਕਰਕੇ ਜੇਲ੍ਹ ਵੀ ਭੇਜਣਾ ਪਿਆ ਪਰ ਉਸਦੀ ਸਿਆਸੀ ਪੁਸ਼ਤਪਨਾਹੀ ਹੁੰਦੀ ਰਹੀ। ਉਸ ਦੀ ਕਿਤਾਬ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪਾਬੰਦੀ ਵੀ ਲਗਾਈ ਗਈ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਸਾੜਨ ਅਤੇ 'ਭਵਸਾਗਰ' ਗ੍ਰੰਥ ਕਾਰਨ ਸਿੱਖਾਂ ਤੇ ਭਨਿਆਰਾ ਵਾਲੇ ਦੇ ਪੈਰੋਕਾਰਾਂ 'ਚ ਕਾਫ਼ੀ ਸਮਾਂ ਤਣਾਅ ਵੀ ਬਣਿਆ ਰਿਹਾ। ਪਟਿਆਲਾ ਜੇਲ੍ਹ 'ਚ ਪਿਆਰਾ ਸਿੰਘ 'ਤੇ ਤੇਜ਼ਾਬ ਵੀ ਸੁੱਟਿਆ ਗਿਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ 24 ਸਤੰਬਰ 2003 ਨੂੰ ਜਦੋਂ ਉਹ ਅੰਬਾਲਾ ਦੀ ਅਦਾਲਤ 'ਚ ਪੇਸ਼ੀ ਭੁਗਤਣ ਗਿਆ ਸੀ ਤਾਂ ਉਸ ਵੇਲੇ ਵੀ ਗੋਪਾਲ ਸਿੰਘ ਨਾਂਅ ਦੇ ਇਕ ਸਿੱਖ ਨੇ ਉਸ 'ਤੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਦੇ ਸਾਥੀਆਂ ਵਲੋਂ ਵੀ ਡੇਰਾ ਭਨਿਆਰਾ ਦੇ ਇਤਿਹਾਸਗੜ੍ਹ ਕੰਪਲੈਕਸ ਦੇ ਗੇਟ ਬਾਹਰ ਬੰਬ ਰੱਖਿਆ ਗਿਆ ਸੀ, ਜਿਸ ਦੇ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਭਨਿਆਰਾ ਵਾਲਾ ਦੇ ਤਿੰਨ ਲੜਕੇ ਹਨ, ਜਿਨ੍ਹਾਂ 'ਚ ਸਭ ਤੋਂ ਵੱਡਾ ਲੜਕਾ ਸਤਨਾਮ ਸਿੰਘ ਹੈ ਜੋ ਕਿ ਪਿੰਡ ਧਮਾਣਾ ਦਾ ਸਰਪੰਚ ਵੀ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਦੋ ਹੋਰ ਲੜਕੇ ਉਂਕਾਰ ਸਿੰਘ ਤੇ ਸੁਖਦੇਵ ਸਿੰਘ ਵੀ ਹਨ। ਡੇਰੇ ਦੀਆਂ ਜ਼ਿਆਦਾ ਸਰਗਰਮੀਆਂ 'ਚ ਉਸਦਾ ਵੱਡਾ ਲੜਕਾ ਸਤਨਾਮ ਸਿੰਘ ਹੀ ਅੱਗੇ ਹੋ ਕੇ ਕੰਮ ਕਰਦਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026