Posted on November 15th, 2019

ਜਲੰਧਰ (ਪਾਲ ਸਿੰਘ ਨੌਲੀ)- ਕਰਤਾਰਪੁਰ ਲਾਂਘਾ ਖੁੱਲ੍ਹਦਿਆਂ ਹੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਦਰਿਆ ਬਣ ਕੇ ਵਹਿਣ ਲੱਗ ਪਿਆ ਹੈ। ਬਾਬੇ ਨਾਨਕ ਦੇ ਦਰ 'ਤੇ ਸਿਜਦਾ ਕਰਨ ਲਈ ਜਾਣ ਵਾਲੇ ਚੜ੍ਹਦੇ ਪੰਜਾਬ ਦੇ ਅਵਾਮ ਕੋਲੋਂ ਅਕਸਰ ਹੀ ਉਹ ਪੁੱਛਦੇ ਹਨ ਕਿ ਕਿਹੜੇ ਇਲਾਕੇ 'ਚੋਂ ਆਏ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਚਾਰ-ਪੰਜ ਪਾਕਿਸਤਾਨੀ ਪੰਜਾਬ 'ਚ ਰਹਿੰਦੇ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਆਪਣੇ ਪੁਰਖਿਆਂ ਦੇ ਪਿੰਡਾਂ ਦੇ ਨਾਂ ਹੀ ਯਾਦ ਵਜੋਂ ਰਹਿ ਗਏ ਹਨ।
45 ਸਾਲਾ ਵਸੀਮ ਜਦੋਂ ਚੜ੍ਹਦੇ ਪੰਜਾਬ 'ਚ ਆਪਣੇ ਪੁਰਖਿਆਂ ਦੇ ਪਿੰਡ ਨੂਰਪੁਰ, ਪਠਾਨਕੋਟ, ਕਾਂਗੜਾ ਤੇ ਇਲਾਕੇ ਦੇ ਹੋਰ ਪਿੰਡਾਂ ਦਾ ਨਾਂ ਲੈਂਦਾ ਹੈ ਤਾਂ ਉਸ ਦੀਆਂ ਅੱਖਾਂ ਵਿਚੋਂ ਵੰਡ ਦਾ ਦਰਦ ਦਰਿਆ ਬਣ ਕੇ ਆਪ ਮੁਹਾਰੇ ਵਹਿਣ ਲੱਗ ਪਿਆ। ਉਹ ਕਹਿੰਦਾ ਹੈ ਕਿ ਉਹ ਰਾਵੀ ਦੇ ਪਾਰ ਨਹੀਂ ਜਾ ਸਕਦੇ। ਕਰਤਾਰਪੁਰ ਸਾਹਿਬ ਤੋਂ ਸਾਨੂੰ ਭਾਰਤੀ ਪੰਜਾਬ ਦੇ ਰੁੱਖ ਤਾਂ ਨਜ਼ਰ ਆਉਂਦੇ ਹਨ ਪਰ ਮਨੁੱਖ ਨਹੀਂ ਸੀ ਦਿਸਦੇ। ਲਾਂਘਾ ਖੁੱਲ੍ਹਣ ਨਾਲ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਇਕ ਨਾ ਇਕ ਦਿਨ ਉਨ੍ਹਾਂ ਦਾ ਮੇਲ ਆਪਣੇ ਪੁਰਖਿਆਂ ਦੇ ਪਿੰਡਾਂ ਵਾਲਿਆਂ ਨਾਲ ਵੀ ਹੋ ਜਾਵੇਗਾ। ਗੁੱਜਰ ਭਾਈਚਾਰੇ ਨਾਲ ਸਬੰਧ ਰੱਖਦੇ ਇਹ ਚਾਰ-ਪੰਜ ਲੋਕ ਹਰ ਆਉਣ-ਜਾਣ ਵਾਲੇ ਨਾਲ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਰੱਖਦੇ ਹਨ।
ਵਸੀਮ ਦੱਸਦਾ ਹੈ ਕਿ ਜਿੱਦਣ ਦਾ ਲਾਂਘਾ ਖੁੱਲ੍ਹਾ ਹੈ, ਉੱਦਣ ਦੇ ਉਹ ਸੋਚਦੇ ਹਨ ਕਿ ਉਹ ਕਰਤਾਰਪੁਰ ਬਾਬੇ ਨਾਨਕ ਦੇ ਦਰ ਸਿਜਦਾ ਕਰਨ ਲਈ ਜਾਣਗੇ। ਸ਼ਾਇਦ ਉਨ੍ਹਾਂ ਨੂੰ ਆਪਣੇ ਪਿੰਡ ਦੇ ਲੋਕ ਮਿਲ ਜਾਣ ਪਰ ਅਜੇ ਤੱਕ ਉਨ੍ਹਾਂ ਦੀ ਇਹ ਮੁਰਾਦ ਪੂਰੀ ਨਹੀਂ ਹੋਈ। ਉਨ੍ਹਾਂ ਨਾਲ ਹੀ ਆਏ 62 ਸਾਲਾ ਨੂਰਦੀਨ ਭੱਟ ਦਾ ਕਹਿਣਾ ਸੀ ਕਿ ਉਸ ਦਾ ਜਨਮ ਵੰਡ ਤੋਂ ਇਕ ਦਹਾਕਾ ਬਾਅਦ ਹੋਇਆ ਸੀ। ਉਸ ਦੇ ਅੱਬਾ ਜਾਨ ਤੇ ਅੰਮੀ ਜਾਨ ਦੱਸਦੇ ਹਨ ਕਿ ਉਹ ਪਠਾਨਕੋਟ ਅਤੇ ਡਲਹੌਜ਼ੀ ਦੇ ਇਲਾਕਿਆਂ 'ਚ ਰਹਿੰਦੇ ਸਨ ਤੇ ਇਧਰ ਹੀ ਉਹ ਆਪਣੇ ਡੰਗਰਾਂ ਨੂੰ ਲੈ ਕੇ ਜਾਂਦੇ ਸਨ। ਉਦੋਂ ਪੰਜਾਬ ਦੀ ਵੰਡ ਨਹੀਂ ਸੀ ਹੋਈ ਤੇ ਸਾਰਾ ਪੰਜਾਬ ਇਕੱਠਾ ਸੀ।
ਲਾਂਘਾ ਖੁੱਲ੍ਹਣ ਦਾ ਚਾਅ ਤਾਂ ਹੈ ਪਰ ਨਾਲ ਹੀ ਵੰਡ ਦੀ ਟੀਸ ਵੀ ਉਨ੍ਹਾਂ ਦੀਆਂ ਨਸਾਂ ਵਿਚ ਟਸ-ਟਸ ਕਰਨ ਲੱਗ ਪਈ। ਨੂਰਦੀਨ ਭੱਟ ਦਾ ਕਹਿਣਾ ਸੀ ਕਿ ਉਧਰ ਉਨ੍ਹਾਂ ਦੇ ਟੱਬਰ ਦਾ ਦੁੱਧ ਦਾ ਚੰਗਾ ਕਾਰੋਬਾਰ ਸੀ ਤੇ ਪੰਜਾਬ ਦੇ ਪਹਾੜੀ ਇਲਾਕਿਆਂ ਵਿਚ ਰਹਿੰਦੇ ਸਨ। ਹੁਣ ਪਤਾ ਨਹੀਂ ਉਨ੍ਹਾਂ ਦੇ ਆਪਣੇ ਇਲਾਕੇ ਦਾ ਕੋਈ ਬੰਦਾ ਉਨ੍ਹਾਂ ਨੂੰ ਮਿਲਦਾ ਹੈ ਜਾਂ ਨਹੀਂ ਪਰ ਅਜੇ ਤੱਕ ਤਾਂ ਕਿਸੇ ਨਾਲ ਮੇਲ ਨਹੀਂ ਹੋਇਆ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026