Posted on November 13th, 2019

<p>ਮਨੁੱਖੀ ਹੱਕਾਂ ਦੇ ਵਕੀਲ ਰੰਜਨ ਲਖਨਪਾਲ ਅਤੇ ਸਿੱਖ ਨਸਲਕੁਸ਼ੀ ਦੇ ਪੀੜਤ ਬੀਬੀ ਦਲਜੀਤ ਕੌਰ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ<br></p>
'ਗੁਰੂ ਨਾਨਕ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਸੰਕਲਪ ਅਤੇ ਮੌਜੂਦਾ ਨਸਲਕੁਸ਼ੀਆਂ ਦੇ ਭਿਆਨਕ ਦੌਰ' ਸਬੰਧੀ ਵਿਸ਼ੇਸ਼ ਸੈਮੀਨਾਰ
ਸਰੀ-ਡੈਲਟਾ (ਚੜ੍ਹਦੀ ਕਲਾ ਬਿਊਰੋ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਬੀਸੀ ਕੈਨੇਡਾ ਦੇ ਵਸਨੀਕਾਂ ਵੱਲੋਂ 'ਗੁਰੂ ਨਾਨਕ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਸੰਕਲਪ ਅਤੇ ਮੌਜੂਦਾ ਨਸਲਕੁਸ਼ੀਆਂ ਦੇ ਭਿਆਨਕ ਦੌਰ' ਸਬੰਧੀ ਸੀਨੀਅਰ ਸੈਂਟਰ, ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਵਿਖੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਕੀਲ ਰੰਜਨ ਲਖਨਪਾਲ ਨੂੰ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਦਿੰਦਿਆਂ, ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਲਈ ਪਾਏ ਬੇਮਿਸਾਲ ਯੋਗਦਾਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ 'ਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੌਰਾਨ ਆਪਣੇ ਜਵਾਨ ਪੁੱਤਰ ਅਤੇ ਜਵਾਈ ਸਮੇਤ, ਪੰਜ ਮੈਂਬਰਾਂ ਦੀਆਂ ਭਿਆਨਕ ਮੌਤਾਂ ਦਾ ਅਕਹਿ ਦਰਦ ਸਹਿ ਰਹੀ, 90 ਸਾਲਾ ਮਾਤਾ ਦਲਜੀਤ ਕੌਰ ਤੁਲੀ ਨੇ ਦਰਦ ਭਰੀ ਦਾਸਤਾਨ ਬਿਆਨ ਕੀਤੀ। ਐਡਵੋਕੇਟ ਰੰਜਨ ਲਖਨਪਾਲ ਨੇ ਕੇ ਪੀ ਐਸ ਗਿੱਲ ਤੋਂ ਲੈ ਕੇ ਸੁਮੇਧ ਸੈਣੀ ਤੱਕ ਦੇ ਸਾਰੇ ਪੁਲਸ ਅਧਿਕਾਰੀਆਂ ਦੇ ਕਾਲੇ ਕਾਰਨਾਮਿਆਂ ਤੋਂ ਪਰਦਾ ਚੁਕਦਿਆਂ ਹੋਇਆ,ਉਨ੍ਹਾਂ ਵੱਲੋਂ ਪੰਜਾਬ ਦੀ ਨੌਜਵਾਨੀ ਦੇ ਕੀਤੇ ਘਾਣ ਦੀ ਦਰਦ ਭਰੀ ਵਿਥਿਆ ਬਿਆਨ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਵੱਡੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਅਤੇ ਹੌਸਲਾ ਤੋੜਨ ਲਈ ਪਿਆਰੇ ਪੁੱਤਰ ਦਾ ਹਾਦਸਾ ਬਣਾ ਕੇ ਕਤਲ ਕੀਤਾ, ਪਰ ਲਖਨਪਾਲ ਸਾਹਿਬ ਅੱਜ ਵੀ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਹਨ।
ਪੰਜਾਬੀ 'ਵਰਸਿਟੀ ਦੇ ਸਾਬਕਾ ਡੀਨ ਅਤੇ ਸਾਇੰਸ ਦੀਆਂ ਪੁਸਤਕਾਂ ਦੇ ਪ੍ਰਸਿੱਧ ਲਿਖਾਰੀ ਡਾਕਟਰ ਕੁਲਵੰਤ ਸਿੰਘ ਥਿੰਦ ਨੇ ਇਸ ਸੈਮੀਨਾਰ ਦੇ ਪ੍ਰਮੁੱਖ ਵਿਦਵਾਨਾਂ ਨੂੰ ਜੀ ਆਇਆ ਆਖਦਿਆਂ, ਅਜਿਹੇ ਸੈਮੀਨਾਰਾਂ ਦੀ ਲੜੀ ਜਾਰੀ ਰੱਖਣ ਦਾ ਅਹਿਦ ਲਿਆ।ਸੈਮੀਨਾਰ ਦਾ ਸੰਚਾਲਨ ਕਰਦਿਆਂ 'ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਲਈ ਜੀਵਨ ਸਮਰਪਿਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਕੇ ਯੂਨੀਵਰਸਿਟੀ ਅਲੂਮਨੀ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਸਿੱਖ ਅਕੈਡਮੀ ਸਰੀ ਦੇ ਪ੍ਰਿੰਸੀਪਲ ਬਲਦੀਪ ਸਿੰਘ ਨੇ ਭਾਵਪੂਰਤ ਸ਼ਬਦਾਂ ਚ ਕਿਹਾ ਕਿ ਨਵੰਬਰ ਮਹੀਨੇ ਦੇ ਆਰੰਭ ਵਿੱਚ ਨਸਲਕੁਸ਼ੀ ਅਤੇ ਦੁਖਾਂਤਾਂ ਬਾਰੇ ਸੈਮੀਨਾਰ ਕਰਨ ਦੀ ਲੋੜ ਹੈ, ਨਾ ਕਿ ਜਸ਼ਨਾਂ ਦੀ। ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਸੰਕਲਪ ਤੋਂ ਸੇਧ ਲੈਣਾ ਅਤੇ ਜ਼ੁਲਮ ਖਿਲਾਫ ਲੜਨਾ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ। ਸਮਾਗਮ ਦੇ ਪ੍ਰਬੰਧਕਾਂ 'ਚ ਸ਼ਾਮਲ ਪੰਜਾਬੀ 'ਵਰਸਿਟੀ ਪਟਿਆਲਾ ਨਾਲ ਸਬੰਧਿਤ ਜਤਿੰਦਰ ਪਾਲ ਸਿੰਘ ਗਿੱਲ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਹੋਇਆ ਕਿ ਅਜਿਹੇ ਸੈਮੀਨਾਰ ਸਮੇਂ- ਸਮੇਂ 'ਤੇ ਲਗਾਤਾਰ ਜਾਰੀ ਰਹਿਣਗੇ।
'ਰੈਡੀਕਲ ਦੇਸੀ' ਦੇ ਸੰਪਾਦਕ ਅਤੇ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੀਆਂ ਸਰਕਾਰਾਂ ਦੀਆਂ ਨਸਲਕੁਸ਼ੀਆਂ ਖ਼ਿਲਾਫ਼ ਬੋਲਣਾ ਹੀ ਗੁਰੂ ਨਾਨਕ ਜੀ ਦੇ ਪੁਰਬ ਮਨਾਉਣ ਦਾ ਸਹੀ ਤਰੀਕਾ ਕਿਹਾ ਜਾ ਸਕਦਾ ਹੈ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਜਜ਼ਬਾਤੀ ਭਾਸ਼ਣ ਦਿੰਦਿਆਂ ਸਮੂਹ ਕਮੇਟੀਆਂ ਨੂੰ ਸੱਦਾ ਦਿੱਤਾ ਕਿ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਦੀ ਆਵਾਜ਼ ਬਣਨ ਅਤੇ ਜ਼ਾਲਮ ਹਕੂਮਤ ਨੂੰ ਖੁੱਲ੍ਹੇ ਤੌਰ 'ਤੇ ਰੱਦ ਕਰਨ।
ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਵਿਦਿਆਰਥੀ ਰਹੇ ਸਾਹਿਤਕਾਰ ਸੁਖਦੀਪ ਸਿੰਘ ਬਰਨਾਲਾ ਨੇ 'ਪੰਜਾਬ' ਕਵਿਤਾ ਰਾਹੀਂ ਪੰਜਾਬ ਦੇ ਸਮੁੱਚੇ ਦੁਖਾਂਤ ਅਤੇ ਨਸਲਕੁਸ਼ੀ ਦੇ ਦੌਰ ਬਾਰੇ ਵਿਚਾਰ ਦਿੱਤੇ।
ਪੰਜਾਬੀ ਯੂਨਵਰਸਿਟੀ ਨਾਲ ਸਬੰਧਤ ਹੋਰਨਾਂ ਸ਼ਖ਼ਸ਼ੀਅਤਾਂ 'ਚ ਲੇਖਕ ਚਰਨਜੀਤ ਸਿੰਘ ਸੁੱਜੋ, ਪੰਜਾਬ ਤੋਂ ਆਏ ਗੁਰਸੇਵਕ ਸਿੰਘ ਚਾਹਲ, ਸਿੱਖ ਐਕਟਵਿਸਟ ਧਰਮ ਸਿੰਘ, ਗਿ. ਹਰਪਾਲ ਸਿੰਘ ਲੱਖਾ, ਉਪਕਾਰ ਸਿੰਘ ਗੋਹਲਵੜ, ਤਜਿੰਦਰ ਸਿੰਘ ਔਜਲਾ, ਨਰਿੰਦਰ ਸਿੰਘ ਖਾਲਸਾ, ਗੁਰਮੁਖ ਸਿੰਘ ਦਿਓਲ, ਸਿੱਖ ਨੇਸ਼ਨ ਖੂਨਦਾਨ ਮੁਹਿੰਮ ਸਮੂਹ ਵਲੰਟੀਅਰ ਜਿਨ੍ਹਾਂ ਵਿੱਚ ਸੁਨੀਲ ਕੁਮਾਰ, ਇੰਦਰਜੀਤ ਸਿੰਘ ਬੈਂਸ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਤੂਰ, ਪੱਤਰਕਾਰ ਅਜੈਬ ਸਿੰਘ ਸਿੱਧੂ ਅਤੇ ਮਨੁੱਖੀ ਅਧਿਕਾਰਾਂ ਦੇ ਐਕਟਵਿਸਟ ਪੁਰਸ਼ੋਤਮ ਦੁਸਾਂਝ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸੀਨੀਅਰ ਸੈਂਟਰ, ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਵਿਖੇ ਹੋਏ ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਬੀਸੀ ਕੈਨੇਡਾ ਵੱਲੋਂ ਜਿੱਥੇ ਮੁੱਖ ਬੁਲਾਰੇ ਸਨਮਾਨਿਤ ਕੀਤੇ ਗਏ, ਉੱਥੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵੱਲੋਂ ਵੀ ਵਕੀਲ ਰੰਜਨ ਲਖਨਪਾਲ ਅਤੇ ਮਾਤਾ ਦਲਜੀਤ ਕੌਰ ਤੁਲੀ ਨੂੰ ਸ਼ਾਲ ਭੇਟ ਕਰਦਿਆਂ ਸਤਿਕਾਰ ਦਿੱਤਾ ਗਿਆ।
ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸਾਂਝ, ਕਸ਼ਮੀਰ 'ਚ ਹੋਏ ਕਤਲੇਆਮ ਦੇ ਵਿਰੋਧ, ਨਵੰਬਰ 1984 ਸਿੱਖ ਨਸਲਕੁਸ਼ੀ ਖ਼ਿਲਾਫ਼ ਜ਼ੋਰਦਾਰ ਰੋਸ ਅਤੇ ਮਨੁੱਖੀ ਹੱਕਾਂ ਲਈ ਲੜਦੇ ਹੋਏ ਸਰਬੱਤ ਦਾ ਭਲਾ ਮੰਗਣ ਦੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਬਿਆਨਦਾ ਅਤੇ ਪ੍ਰਚਾਰਦਾ ਇਹ ਸੈਮੀਨਾਰ ਪੰਜਾਬੀ 'ਵਰਸਿਟੀ ਪਟਿਆਲਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸਬੰਧਤ ਸ਼ਖ਼ਸੀਅਤਾਂ ਦੀ ਨਿੱਗਰ ਸੋਚ ਦਾ ਪ੍ਰਗਟਾਵਾ ਹੋ ਨਿੱਬੜਿਆ ਅਤੇ ਯੂਨੀਵਰਸਿਟੀਆਂ ਲਈ ਸੰਜੀਦਾ ਪ੍ਰੋਗਰਾਮ ਸਿਰਜਣ ਲਈ ਪਹਿਲ-ਕਦਮੀ ਬਣਿਆ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026