Posted on April 24th, 2017

<p>ਸਰੀ ਦੀ 'ਖਾਲਸਾ ਡੇਅ ਪਰੇਡ' 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਿੱਛੇ ਸੰਗਤ ਦਾ ਠਾਠਾਂ ਮਾਰਦਾ ਇਕੱਠ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਖ਼ਾਲਸਾ ਸਾਜਨਾ ਦਿਵਸ ਮਨਾਉਂਦਿਆਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਸਜਾਈ ਜਾਂਦੀ ਸਰੀ ਦੀ 'ਖ਼ਾਲਸਾ ਡੇਅ ਪਰੇਡ' ਵਿੱਚ ਅੱਜ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਵੇਖਣ ਨੂੰ ਮਿਲਿਆ, ਜਿਸ ਵਿੱਚ ਖਰਾਬ ਮੌਸਮ ਦੇ ਬਾਵਜੂਦ 4 ਲੱਖ ਤੋਂ ਉਪਰ ਸੰਗਤ ਸ਼ਾਮਲ ਹੋਈ। ਇਥੋਂ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਾਹਿਬ ਤੋਂ ਆਰੰਭ ਹੋਏ ਇਸ ਨਗਰ ਕੀਰਤਨ 'ਚ ਸਿੱਖਾਂ ਤੋਂ ਇਲਾਵਾ ਕੈਨੇਡਾ ਦੇ ਹੋਰ ਭਾਈਚਾਰਿਆਂ ਨੇ ਵੀ ਭਰਵੀਂ ਹਾਜ਼ਰੀ ਲੁਆਈ। ਨਗਰ ਕੀਰਤਨ ਦੀ ਆਰੰਭਤਾ ਕੈਨੇਡੀਅਨ ਫੌਜ ਵਲੋਂ ਦਿੱਤੀ ਗਈ ਸਲਾਮੀ ਨਾਲ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ ਅਤੇ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਅਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ।
ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਤੇ ਪੰਥਕ ਬੁਲਾਰਿਆਂ ਦੇ ਪ੍ਰਚਾਰ 'ਚ ਖ਼ਾਲਿਸਤਾਨ ਪੱਖੀ ਸੁਰ ਭਾਰੂ ਰਹੀ। ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਫਲੋਟ ਅਤੇ ਰਸਤੇ 'ਚ ਲੱਗੀਆਂ ਸਟੇਜਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਸ੍ਰੀ ਅਕਾਲ ਤਖਤ ਤੋਂ ਬਰਤਰਫ ਕੀਤੇ ਗਏ ਅੰਮ੍ਰਿਤ ਸੰਚਾਰ ਕਰਦੇ ਪੰਜ ਪਿਆਰਿਆਂ 'ਚੋਂ ਚਾਰ ਨੇ ਨਗਰ ਕੀਰਤਨ 'ਚ ਹਾਜ਼ਰੀ ਲਵਾਈ।
ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਮੁੱਖ ਸਟੇਜ ਤੋਂ ਸਿੱਖਾਂ ਨੂੰ ਖ਼ਾਲਸਾ ਸਾਜਨਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁੱਖ ਸਟੇਜ ਤੋਂ ਸਿੱਖ ਸੰਗਤਾਂ ਲਈ ਭੇਜੇ ਸੰਦੇਸ਼ ਨੂੰ ਸਰੀ ਸੈਂਟਰਲ ਤੋਂ ਐਮ. ਪੀ. ਰਣਦੀਪ ਸਿੰਘ ਸਰਾਏ, ਸਰੀ-ਨਿਊਟਨ ਤੋਂ ਲਿਬਰਲ ਐਮ. ਪੀ. ਸੁੱਖ ਧਾਲੀਵਾਲ ਅਤੇ ਸਾਥੀ ਸੰਸਦ ਮੈਂਬਰਾਂ ਨੇ ਜਿਉਂ ਹੀ ਪੇਸ਼ ਕੀਤਾ ਗਿਆ ਤਾਂ ਆਲਾ-ਦੁਆਲਾ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਬੀ. ਸੀ. ਦੀ ਪ੍ਰਮੁੱਖ ਵਿਰੋਧੀ ਧਿਰ ਐਨ. ਡੀ. ਪੀ. ਦੇ ਆਗੂ ਜੌਹਨ ਹੌਰੇਗਨ ਨੇ ਵੀ ਆਪਣੇ ਸਾਥੀਆਂ ਸਮੇਤ ਮੁੱਖ ਸਟੇਜ ਤੋਂ ਸੰਗਤ ਨੂੰ ਸੰਬੋਧਨ ਕੀਤਾ।
ਇਸ ਮੌਕੇ ਕੌਮੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਬਲਜੀਤ ਸਿੰਘ ਬੱਬਰ (ਜਲੰਧਰ) ਅਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵੱਲੋਂ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਅਤੇ ਸਿੱਖ ਵਿਦਿਅਕ ਸੰਸਥਾਵਾਂ ਵੱਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ। ਸਰੀ ਸ਼ਹਿਰ ਦੀ ਕੌਂਸਲ, ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਤੇ ਕੈਨੇਡੀਅਨ ਫ਼ੌਜ ਦੀਆਂ ਟੁਕੜੀਆਂ ਨੇ ਵੀ ਨਗਰ ਕੀਰਤਨ ਦੀ ਰੌਣਕ 'ਚ ਵਾਧਾ ਕੀਤਾ।
ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਗਰੇਵਾਲ, ਪਰਉਪਕਾਰ ਸਿੰਘ ਦੂਲੇ, ਜਥੇਦਾਰ ਸਤਿੰਦਰਪਾਲ ਸਿੰਘ ਨੇ ਸਿੱਖਾਂ ਦੇ ਪੰਥਕ ਮੁੱਦਿਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਪੂਰਨ ਸਹਿਯੋਗ ਲਈ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਭਾਈ ਗਿਆਨ ਸਿੰਘ ਗਿੱਲ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਸੈਂਕੜੇ ਹੀ ਲੰਗਰਾਂ ਦੇ ਸਟਾਲ ਸੰਗਤਾਂ ਲਈ ਲਗਾਏ ਗਏ, ਜਿਥੋਂ ਸਿੱਖਾਂ ਤੋਂ ਇਲਾਵਾ ਗੋਰਿਆਂ ਨੇ ਵੀ ਲੰਗਰ ਛਕਿਆ। ਕੱਲ ਨੂੰ 130 ਤੋਂ ਵੱਧ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਜਾ ਰਹੇ ਹਨ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026