Posted on March 15th, 2017

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਅਕਾਲੀ ਜਥੇ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਸੀ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਆਪਣੇ ਨਾਂਅ ਨਾਲ ਗੋਤ ਲਿਖਣ ਦੀ ਮਨਾਹੀ ਸੀ। ਇਸੇ ਕਰਕੇ ਤੁਸੀਂ ਪੁਰਾਣੇ ਸਿਆਸੀ ਲੀਡਰਾਂ ਦੇ ਨਾਵਾਂ ਪਿੱਛੇ ਗੋਤ ਦੀ ਬਜਾਏ ਉਨ੍ਹਾਂ ਦੇ ਪਿੰਡਾਂ ਦੇ ਨਾਮ ਮਿਲਦੇ ਹਨ, ਜਿਵੇਂ ਪ੍ਰਤਾਪ ਸਿੰਘ ਕੈਰੋਂ, ਮੋਹਣ ਸਿੰਘ ਤੁੜ, ਜੀਵਨ ਸਿੰਘ ਉਮਰਾਨੰਗਲ ਅਤੇ ਸੋਹਣ ਸਿੰਘ ਜਲਾਲਉਸਮਾ। ਇਸੇ ਤਰ੍ਹਾਂ ਪਿੰਡ ਧੁੱਗਾ ਹੱਦ ਬਸਤ ਨੰ. 187 ਰਕਬਾ 99 ਹੈਕਟੇਅਰ, ਤਹਿਸੀਲ ਹੁਸ਼ਿਆਰਪੁਰ ਦੇ ਬੱਬਰ ਅਕਾਲੀ ਵਰਿਆਮ ਸਿੰਘ ਨੇ ਆਪਣੇ ਨਾਮ ਪਿੱਛੇ ਆਪਣੇ ਪਿੰਡ ਧੁੱਗਾ ਦਾ ਨਾਂਅ ਲਿਖਿਆ ਸੀ।
ਇਹ ਪਿੰਡ ਹੁਸ਼ਿਆਰਪੁਰ ਤੋਂ ਟਾਂਡਾ ਉੜਮੁੜ ਨੂੰ ਜਾਣ ਵਾਲੀ ਸੜਕ ਤੋਂ ਦੱਖਣ ਦਿਸ਼ਾ ਨੂੰ ਤਿੰਨ ਕੁ ਕਿਲੋਮੀਟਰ ਅਤੇ ਇੰਨਾ ਕੁ ਹੀ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾਣ ਵਾਲੀ ਸੜਕ ਤੋਂ ਹੈ। ਬੱਬਰ ਵਰਿਆਮ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਆਪਣੇ ਮਾਮੇ ਸ. ਸੁਹੇਲ ਸਿੰਘ ਪਾਸ ਰਹਿ ਕੇ ਪ੍ਰਾਪਤ ਕੀਤੀ। ਦੁਆਬੇ ਦੇ ਲੋਕਾਂ ਨੂੰ ਜਦੋਂ ਬਾਰ ਵਿੱਚ ਮੁਰੱਬੇ ਮਿਲੇ ਤਾਂ ਉੱਧਰ ਚੱਕ ਨੰਬਰ ਦੇ ਨਾਲ ਆਪਣੇ ਜੱਦੀ ਪਿੰਡਾਂ ਦੇ ਨਾਂਅ ਲਿਖਦੇ ਸਨ। 16-17 ਸਾਲ ਦੀ ਉਮਰ ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ।
ਪਿੰਡ ਮੰਡੇਰਾਂ ਦੇ ਪੁਲਿਸ ਮੁਕਾਬਲੇ 'ਚੋਂ ਅੱਧ ਸੜਿਆ ਬੱਬਰ ਬਚ ਕੇ ਬੱਬਰ ਬਚਿੰਤ ਸਿੰਘ ਕੋਲ ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਪਹੁੰਚਿਆ। ਜਗਤ ਸਿੰਘ ਮੁਖਬਰ ਦੀ ਮਿੱਤਰਤਾ ਪਿੰਡ ਡਮੁੰਡੇ ਦੇ ਝੋਲੀਚੁੱਕ ਚੌਧਰੀਆਂ ਨਾਲ ਸੀ, ਜਿਨ੍ਹਾਂ ਦੀ ਆਦਮਪੁਰ ਥਾਣੇ ਵਿੱਚ ਪੂਰੀ ਚਲਦੀ ਸੀ। ਬੱਬਰ ਬਚਿੰਤ ਸਿੰਘ ਤਿੰਨ ਕੁ ਦਿਨ ਵਰਿਆਮ ਸਿੰਘ ਦਾ ਇਲਾਜ ਆਪਣੇ ਘਰੇ ਕਰਦਾ ਰਿਹਾ ਪਰ ਇੱਕ ਦਿਨ ਗੱਦਾਰ ਜਗਤ ਸਿੰਘ ਹੀ ਉਸ ਦੇ ਘਰ ਆ ਗਿਆ। ਬੱਬਰ ਨੇ ਉਸ ਨੂੰ ਵਿਹੜੇ ਵਿੱਚ ਹੀ ਬਿਠਾ ਕੇ ਗੱਲਾਂ ਬਾਤਾਂ ਕਰਕੇ ਮੋੜ ਦਿੱਤਾ। ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਸਿ ਦਾ ਇੱਕ ਸਿਪਾਹੀ ਸਫੈਦ ਕੱਪੜਿਆਂ ਵਿੱਚ ਚੌਧਰੀਆਂ ਦੇ ਘਰ ਅੱਗੇ ਥੜ੍ਹੇ 'ਤੇ ਲੋਕਾਂ ਨਾਲ ਤਾਸ਼ ਖੇਡਦਾ ਰਹਿੰਦਾ ਪਰ ਉਸ ਦੀ ਨਿਗਾਹ ਬੱਬਰ ਬਚਿੰਤ ਸਿੰਘ ਦੇ ਘਰ ਵੱਲ ਹੁੰਦੀ।
ਬੱਬਰ ਵਰਿਆਮ ਸਿੰਘ ਨੂੰ ਬਚਾਉਣ ਲਈ ਉਹ ਉਸ ਰਾਤ ਉਸ ਨੂੰ ਸਾਈਕਲ 'ਤੇ ਬਿਠਾ ਕੇ ਪਿੰਡ ਦੌਲਤਪੁਰ ਸੁਰੈਣ ਸਿੰਘ ਕੋਲ ਛੱਡ ਆਇਆ। ਸੁਰੈਣ ਸਿੰਘ ਦੌਲਤਪੁਰ ਨੇ 20 ਕੁ ਦਿਨ ਬੱਬਰ ਦਾ ਇਲਾਜ ਅਲਾਵਲਪੁਰ ਦੇ ਡਾਕਟਰ ਸੁਰੈਣ ਸਿੰਘ ਤੋਂ ਕਰਵਾਇਆ। ਉਹ ਠੀਕ ਹੋ ਆਪਣੇ ਮਾਮੇ ਪਾਸ ਲਾਇਲਪੁਰ ਚਲਾ ਗਿਆ। ਬੱਬਰ ਦੀ ਤਲਾਸ਼ ਵਿੱਚ ਪੁਲਿਸ ਨੇ ਦਿਨ ਰਾਤ ਇੱਕ ਕੀਤਾ ਪਿਆ ਸੀ। ਉਸ ਦੇ ਮਾਮੇ ਸੁਹੇਲ ਸਿੰਘ ਨੂੰ ਥਾਣੇ ਬੁਲਾ ਕੇ ਬਿਠਾ ਛੱਡਦੇ ਤੇ ਉਹ ਆਪਣੀ ਫਸਲ ਵੀ ਨਾ ਬੀਜ ਸਕਿਆ। ਉਸ ਨੇ ਆਪਣੇ ਭਾਣਜੇ ਨੂੰ ਕਿਹਾ, ''ਕਾਕਾ ਵਰਿਆਮ ਤੰਗੀ ਦੀ ਤਾਂ ਅੱਤ ਹੋ ਗਈ ਆ, ਕੀ ਕਰੀਏ। ਵਰਿਆਮ ਸਿੰਘ ਨੇ ਕਿਹਾ, ''ਮਾਮਾ ਐਂ ਕਰ, ਤੂੰ ਪੁਲਿਸ ਨੂੰ ਦੱਸ ਆ ਕਿ ਮੈਂ ਪਿੰਡ ਢੈਪਈ ਤੇ ਸਰ ਸ਼ਮੇਰ ਦੇ ਰੇਲਵੇ ਸਟੇਸ਼ਨ ਦੇ ਲਾਗੇ ਕਣਕ ਦੀ ਖਲ਼ੀ ਵਿੱਚ ਹੋਵਾਂਗਾ, ਮੈਨੂੰ ਫੜ ਲੈਣ। ਇਸ ਤਰ੍ਹਾਂ ਤੇਰਾ ਛੁਟਕਾਰਾ ਹੋ ਜਾਊ।'' ਸੁਹੇਲ ਸਿੰਘ ਨੇ ਠੀਕਰੀਵਾਲ ਥਾਣੇ ਘਨੱਈਆ ਸਿੰਘ ਨੂੰ ਖਬਰ ਕਰ ਦਿੱਤੀ। ਥਾਣੇਦਾਰ ਨੇ ਇਲਾਕੇ ਦੇ ਸਭ ਜ਼ੈਲਦਾਰ, ਨੰਬਰਦਾਰ ਤੇ ਪੁਲਿਸ ਫੋਰਸ ਲੈ ਕੇ ਛਾਪਾ ਮਾਰਿਆ।
ਸੁਹੇਲ ਸਿੰਘ ਨੇ ਅੱਧ ਕੁ ਮੀਲ ਤੋਂ ਹੀ ਥਾਣੇਦਾਰ ਨੂੰ ਕਿਹਾ ਕਿ ਔਹ ਖੜ੍ਹਾ ਏ ਵਰਿਆਮ ਸਿੰਘ। ਥਾਣੇਦਾਰ ਨੇ ਚਾਰੇ ਪਾਸਿਆਂ ਤੋਂ ਧਾੜ ਨੂੰ ਅੱਗੇ ਵਧਣ ਲਈ ਗਿਆ। ਦੇਖ ਕੇ ਬੱਬਰ ਨੇ ਸਾਰੇ ਪਾਸੀਂ ਪੱਕੀ ਰਫਲ ਦੀ ਇੱਕ-ਇੱਕ ਗੋਲੀ ਹੀ ਚਲਾਈ ਕਿ ਮੰਗਵੀਂ ਧਾੜ ਪੂਛਾਂ ਦਬਾ ਕੇ ਭੱਜ ਗਈ। ਇੱਕ ਸਿੱਖ ਸਿਪਾਹੀ ਅੱਗੇ ਵਧਣੋਂ ਨਾ ਹਟਿਆ ਤਾਂ ਬੱਬਰ ਨੇ ਉਸ ਨੂੰ ਕਿਹਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਤੈਨੂੰ ਆਖਦਾ ਹਾਂ ਕਿ ਮੁੜ ਜਾਹ। ਪਰ ਉਹ ਨਾ ਮੁੜਿਆ ਤਾਂ ਬੱਬਰ ਨੇ ਇੱਕ ਗੋਲੀ ਨਾਲ ਉਸ ਨੂੰ ਢੇਰੀ ਕਰ ਦਿੱਤਾ। ਥਾਣੇਦਾਰ ਘਨਈਆ ਸਿੰਘ ਨੂੰ ਇਸ ਅਸਫਲਤਾ ਲਈ ਸੁਪਰਡੈਂਟ ਪੁਲਿਸ ਡੀਗਾਲ ਨੇ ਸਸਪੈਂਡ ਕਰ ਦਿੱਤਾ।
ਬਾਰ 'ਚੋਂ ਦੁਆਬੇ ਵਿੱਚ ਆ ਕੇ ਵਰਿਆਮ ਸਿੰਘ ਨੇ ਦੋਬਾਰਾ ਬੱਬਰ ਜਥਾ ਕਾਇਮ ਕਰਨ ਲਈ ਨਵੇਂ ਸਾਥੀ ਆਪਣੇ ਨਾਲ ਜੋੜ ਕੇ ਬੱਬਰਾਂ ਨੂੰ ਸ਼ਹੀਦ ਕਰਵਾਉਣ ਜਾਂ ਗ੍ਰਿਫਤਾਰ ਕਰਵਾ ਕੇ ਸਰਕਾਰ ਵਲੋਂ ਇਨਾਮ ਲੈਣ ਵਾਲਿਆਂ ਤੋਂ ਬਦਲਾ ਲੈਣ ਦਾ ਸੋਚਿਆ। ਫਰਵਰੀ 1924 ਵਿੱਚ ਆਪਣੇ ਮਿੱਤਰ ਸੁਰੈਣ ਸਿੰਘ ਦੌਲਤਪੁਰ ਕੋਲ ਆਇਆ। ਭਾਨ ਸਿੰਘ ਰੰਧਾਵਾ ਮਸੰਦਾਂ, ਲਾਭ ਸਿੰਘ ਸੁਰਾਨੁਸੀ, ਧੰਨਾ ਸਿੰਘ (ਵਾਇਦਾ ਮੁਆਫ) ਅਤੇ ਊਧਮ ਸਿੰਘ ਨੇ ਬੋਗਪੁਰ ਰੇਲਵੇ ਸਟੇਸ਼ਨ ਲਾਗੇ ਇੱਕ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਕਿ ਪਿੰਡ ਸਗਰਾਂਵਾਲੀ ਦੇ ਨੰਬਰਦਾਰ ਜਵਾਹਰਾ ਦਾ ਸੁਧਾਰ ਕੀਤਾ ਜਾਵੇ ਕਿਉਂਕਿ ਉਹ ਪੁਲਿਸ ਨਾਲ ਮਿਲ ਕੇ ਕਾਲੀਆਂ ਪੱਗਾਂ ਬੰਨ੍ਹਣ ਵਾਲੇ ਸ਼ਰੀਫ ਅਕਾਲੀਆਂ ਨੂੰ ਭੋਗਪੁਰ ਪੁਲਿਸ ਚੌਕੀ ਸਦਵਾ ਕੇ ਉਨ੍ਹਾਂ ਦੀ ਖਾਹ-ਮਖਾਹ ਬੇਇੱਜ਼ਤੀ ਕਰਵਾ ਦਿੰਦਾ ਸੀ।
ਸੋ, ਉਨ੍ਹਾਂ ਨੇ ਰਾਤ ਨੂੰ ਜਵਾਹਰੇ ਦਾ ਘਰ ਜਾ ਘੇਰਿਆ ਪਰ ਉਹ ਘਰ ਨਹੀਂ ਸੀ। ਉਸ ਦੀ ਘਰਵਾਲੀ ਅਤੇ ਦੋ ਬੱਚੇ ਘਰ ਸਨ। ਘਰਵਾਲੀ ਲੱਗੀ ਮਿੰਨਤਾਂ-ਤਰਲੇ ਕਰਨ ਕਿ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਕੁਝ ਨਾ ਕਹੋ। ਉਹ ਨੰਬਰਦਾਰ ਨਾਲ ਜੋ ਕਰਨਾ ਹੈ ਸੋ ਕਰੋ। ਉਸ ਨੇ ਘਰ ਪਈ ਨਕਦੀ ਅਤੇ ਗਹਿਣੇ ਬੱਬਰਾਂ ਅੱਗੇ ਰੱਖ ਦਿੱਤੀਆਂ ਕਿ ਇਹ ਲੈ ਜਾਵੋ। ਬੱਬਰ ਵਰਿਆਮ ਸਿੰਘ ਨੇ ਕੋਠੇ 'ਤੇ ਚੜ੍ਹ ਕੇ ਉੱਚੀ ਅਵਾਜ਼ ਵਿੱਚ ਪਿੰਡ ਵਾਲਿਆਂ ਨੂੰ ਸੁਣਾਇਆ ਕਿ ਮੈਂ ਵਰਿਆਮ ਸਿੰਘ ਧੁੱਗਾ ਹਾਂ। ਅਸੀਂ ਜਵਾਹਰੇ ਨੂੰ ਮੁਰੱਬੇ ਇਨਾਮ ਦੇਣ ਲਈ ਆਏ ਸੀ ਪਰ ਰੱਬ ਨੇ ਉਸ ਨੂੰ ਕੁਝ ਚਿਰ ਹੋਰ ਦੇ ਦਿੱਤਾ ਹੈ, ਜੋ ਉਹ ਅਜੇ ਨਹੀਂ ਮਿਲਿਆ। ਅਸੀਂ ਫੇਰ ਕਦੇ ਆਵਾਂਗੇ। ਦੁਆਬੇ ਵਿੱਚ ਪੁਲਿਸ ਅਤੇ ਅਫਸਰ ਫੇਰ ਚੌਕੰਨੇ ਹੋ ਗਏ।
ਅਗਲੇ ਦਿਨ ਉਨ੍ਹਾਂ ਨੇ ਧੁੱਗਾ ਲਾਗੇ ਦੇ ਪਿੰਡ ਸ਼ੇਰਪੁਰ ਪੱਕਾ ਵਿਖੇ ਝੋਲੀਚੁੱਕ ਅਨੰਤਰਾਮ ਦੇ ਘਰ ਛਾਪਾ ਮਾਰਿਆ ਪਰ ਉਹ ਪਿੰਡ ਛੱਡ ਕੇ ਬਗੈਰ ਕਿਸੇ ਨੂੰ ਦੱਸੇ ਪਰਿਵਾਰ ਸਮੇਤ ਕਿਤੇ ਚਲਾ ਗਿਆ ਸੀ। ਦੁਆਬੇ ਵਿੱਚ ਤਰਥੱਲੀ ਮਚਾ ਕੇ ਬੱਬਰ ਫੇਰ ਬਾਰ ਨੂੰ ਚਲਿਆ ਗਿਆ ਅਤੇ ਉੱਧਰ ਵੀ ਬੱਬਰ ਜਥਾ ਕਾਇਮ ਕੀਤਾ। ਰਲ਼ਾ ਸਿੰਘ ਮਾਣਕੋ ਡ੍ਰਿਜਕੋਟ ਦੇ ਘਰ ਰਲ਼ਾ ਸਿੰਘ, ਈਸ਼ਰ ਸਿੰਘ ਮਾਣਕੋ, ਬੰਤਾ ਸਿੰਘ, ਨੌਰੰਗ ਸਿੰਘ ਗੁਰੂਸਰ, ਸੁੰਦਰ ਸਿੰਘ ਲੋਹਕੇ, ਗੁੱਜਰ ਸਿੰਘ ਢੈਪਈ, ਮੁਕੰਦ ਸਿੰਘ ਜਵੰਦੀ ਅਤੇ ਨਿੱਕਾ ਸਿੰਘ ਨੇ ਇਕੱਠੇ ਹੋ ਕੇ ਚੱਕ ਨੰ. 96 ਦੇ ਨੰਬਰਦਾਰ ਮੋਹਣ ਸਿੰਘ ਨੂੰ ਸੋਧਣ ਲਈ ਚੱਲ ਪਏ। ਉਸ ਦੇ ਹਾਤੇ ਦੁਆਲੇ ਉੱਚੀ ਕੰਧ ਸੀ। ਵਰਿਆਮ ਸਿੰਘ ਨੇ ਕੰਧ 'ਤੇ ਚੜ੍ਹ ਕੇ ਵਿਹੜੇ ਵਿੱਚ ਛਾਲ ਮਾਰੀ ਤਾਂ ਅਵਾਜ਼ ਸੁਣ ਕੇ ਮੋਹਣ ਸਿੰਘ ਨੇ ਵਰਿਆਮ ਸਿੰਘ ਜੱਫਾ ਪਾ ਕੇ ਹੇਠਾਂ ਸੁੱਟ ਲਿਆ। ਵਰਿਆਮ ਸਿੰਘ ਨੇ ਹੇਠੋਂ ਪਏ ਨੇ ਉਸ ਦੇ ਢਿੱਡ ਵਿੱਚ ਰਿਵਾਲਵਰ ਦੀ ਇੱਕ ਗੋਲੀ ਮਾਰ ਕੇ ਉਸ ਨੂੰ ਢੇਰੀ ਕਰ ਦਿੱਤਾ। ਗੋਲੀ ਦੀ ਅਵਾਜ਼ ਸੁਣ ਕੇ ਮੋਹਣ ਸਿੰਘ ਦਾ ਲੜਕਾ ਅਤੇ ਭਤੀਜਾ ਜਦੋਂ ਬੱਬਰ ਵੱਲ ਵਧੇ ਤਾਂ ਉਨ੍ਹਾਂ ਦੇ ਵੀ ਛਾਤੀ ਵਿੱਚ ਇੱਕ ਇੱਕ ਗੋਲੀ ਮਾਰੀ।
ਬਾਹਰ ਪਿੰਡ ਵਾਲੇ ਵੀ ਇਕੱਠੇ ਹੋ ਗਏ। ਬੱਬਰ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਕੋਈ ਡਾਕੂ ਨਹੀਂ। ਅਸੀਂ ਦੇਸ਼ ਭਗਤ ਬੱਬਰ ਅਕਾਲੀ ਹਾਂ। ਮੋਹਣ ਸਿੰਘ ਵਰਗੇ ਅੰਗਰੇਜ਼ ਸਰਕਾਰ ਦੇ ਝੋਲੀਚੁੱਕਾਂ ਦਾ ਸੁਧਾਰ ਕਰਦੇ ਹਾਂ। ਪਿੰਡ ਵਾਲਾ ਤਾਂ ਕੋਈ ਅੱਗੇ ਨਾ ਆਇਆ ਪਰ ਮੋਹਣ ਸਿੰਘ ਦਾ ਨੌਕਰ ਖੇਤਾਂ ਵਲੋਂ ਆ ਕੇ ਕਹੀ ਲੈ ਕੇ ਬੱਬਰ ਵੱਲ ਨੂੰ ਕਹੀ ਉਲਾਰ ਕੇ ਪਿਆ ਤਾਂ ਬੱਬਰ ਨੇ ਉਸ ਦੇ ਵੀ ਗੋਲੀ ਮਾਰ ਕੇ ਢੇਰੀ ਕਰ ਦਿੱਤਾ। ਸਵੇਰ ਨੂੰ ਚਾਰ ਲਾਸ਼ਾਂ ਗੱਡਿਆਂ 'ਤੇ ਪਾ ਕੇ ਜੜਾਂਵਾਲੇ ਤੋਂ ਲਾਇਲਪੁਰ ਨੂੰ ਜਾਂਦੀ ਸੜਕ 'ਤੇ ਲੋਕਾਂ ਦੀ ਭੀੜ ਨੇ ਦੇਖੇ। ਪੁਲਿਸ ਫਿਕਰਾਂ ਵਿੱਚ ਪੈ ਗਈ। ਦੁਆਬੇ ਵਿੱਚੋਂ ਸੀ. ਆਈ. ਡੀ. ਇੰਸਪੈਕਟਰ ਲਾਲਾ ਬੂਟਾ ਰਾਮ ਨੂੰ ਲਾਇਲਪੁਰ ਦੇ ਪੁਲਿਸ ਕਪਤਾਨ ਪਾਸ ਭੇਜਿਆ ਗਿਆ। ਉਸ ਨੇ ਜੜਾਂਵਾਲੇ ਥਾਣੇ ਡੇਰੇ ਲਾ ਲਏ ਅਤੇ ਬੱਬਰ ਵਰਿਆਮ ਸਿੰਘ ਬਾਰੇ ਸੂਹਾਂ ਕੱਢਣ ਲੱਗਾ। ਉਸ ਨੇ ਲਾਲਾ ਸਾਹਿਬ ਦਿੱਤਾ ਆੜ੍ਹਤੀਏ ਰਾਹੀਂ ਰਲ਼ਾ ਸਿੰਘ ਨਾਲ ਸੰਪਰਕ ਬਣਾਇਆ ਅਤੇ ਬੱਬਰ ਵਰਿਆਮ ਸਿੰਘ ਦੀ ਗ੍ਰਿਫਤਾਰੀ ਲਈ ਸਰਕਾਰ ਵਲੋਂ 2 ਮੁਰੱਬੇ ਜ਼ਮੀਨ ਅਤੇ ਤਿੰਨ ਹਜ਼ਾਰ ਰੁਪਏ ਨਕਦ ਦੇਣ ਦਾ ਐਲਾਨ ਵੀ ਦੱਸਿਆ। ਆੜ੍ਹਤੀਏ ਸਾਹਿਬ ਦਿੱਤਾ ਨੇ ਰਲ਼ਾ ਸਿੰਘ ਨੂੰ ਭਰਮਾ ਲਿਆ ਕਿ ਆਪਾਂ ਇਨਾਮ ਅੱਧੋ-ਅੱਧ ਕਰ ਲਵਾਂਗੇ, ਤੂੰ ਵਰਿਆਮ ਸਿੰਘ ਨੂੰ ਗ੍ਰਿਫਤਾਰ ਕਰਵਾ ਦੇ।
ਵਰਿਆਮ ਸਿੰਘ ਦੀ ਰਲ਼ਾ ਸਿੰਘ ਨਾਲ ਰਿਸ਼ਤੇਦਾਰੀ ਸੀ। ਰਲ਼ਾ ਸਿੰਘ ਦੀ ਲੜਕੀ ਪਿੰਡ ਢੇਸੀਆਂ ਦੇ ਮੰਗਲ ਸਿੰਘ ਦੇ ਲੜਕੇ ਨਾਲ ਵਿਆਹੀ ਹੋਈ ਸੀ। ਮੰਗਲ ਸਿੰਘ ਦੀ ਰਿਹਾਇਸ਼ ਮੁਰੱਬੇ ਵਿੱਚ ਹੀ ਸੀ, ਜਿਸ ਨੂੰ ਲੋਕੀਂ ਡੇਰਾ ਮੰਗਲ ਸਿੰਘ ਆਖਦੇ ਸਨ। ਇੱਕ ਦਿਨ ਰਲ਼ਾ ਸਿੰਘ ਨੇ ਸੀ. ਆਈ. ਡੀ. ਇੰਸਪੈਕਟਰ ਬੂਟਾ ਰਾਮ ਨੂੰ ਦੱਸਿਆ ਕਿ ਬੱਬਰ ਵਰਿਆਮ ਸਿੰਘ, ਮੰਗਲ ਸਿੰਘ ਦੇ ਡੇਰੇ ਠਹਿਰਿਆ ਹੋਇਆ ਹੈ। ਬੂਟਾ ਰਾਮ ਨੇ ਪੁਲਿਸ ਕਪਤਾਨ ਡ੍ਰੀਗੀਲ ਨੂੰ ਤਾਰ ਭੇਜੀ ਕਿ ਤੁਰੰਤ ਜੜ੍ਹਾਂਵਾਲੇ ਥਾਣੇ ਪਹੁੰਚ ਜਾਵੇ ਅਤੇ ਉਹ ਤਿੰਨ ਵਜੇ ਹੀ ਪਹੁੰਚ ਗਿਆ। ਮੰਗਲ ਸਿੰਘ ਦੇ ਡੇਰੇ ਰਲ਼ਾ ਸਿੰਘ ਨੇ ਬੱਬਰ ਨੂੰ ਗੱਲੀਂ-ਬਾਤੀਂ ਲਾ ਲਿਆ। ਖਾਣਾ ਖਾਧਾ ਅਤੇ ਬੱਬਰ ਨੂੰ ਕਿਹਾ ਕਿ ਤੂੰ ਅਰਾਮ ਕਰ ਆਪਣੀ ਬੰਦੂਕ ਮੰਗਲ ਸਿੰਘ ਨੂੰ ਫੜਾ ਦੇ ਤਾਂ ਕਿ ਉਹ ਬਾਹਰ ਪਹਿਰਾ ਦੇਵੇ ਅਤੇ ਆਪਣਾ ਰਿਵਾਲਵਰ ਮੈਨੂੰ ਫੜਾ ਦੇ। ਜੇ ਤੈਨੂੰ ਨੀਂਦ ਆ ਗਈ ਤਾਂ ਮੈਂ ਤੇਰੇ ਪਹਿਰੇ 'ਤੇ ਖੜ੍ਹਾ ਰਹਾਂਗਾ।
ਦੇਖੋ ਹੋਣੀ ਦੇ ਕਾਰੇ, ਜਿਹੜੇ ਹਥਿਆਰਾਂ ਸਮੇਤ ਬੱਬਰ ਅੱਧ ਸੜਿਆ ਨੰਗੇ ਧੜ ਮੰਡੇਰਾਂ ਪੁਲਿਸ ਮੁਕਾਬਲੇ 'ਚੋਂ ਬਚ ਨਿੱਕਲਿਆ ਸੀ, ਉਹੀ ਹਥਿਆਰ ਉਸ ਨੇ ਮੀਸਣੇ ਗਦਾਰਾਂ ਨੂੰ ਆਪ ਹੀ ਫੜਾ ਦਿੱਤੇ। ਉਹ ਇੱਕ ਤਿੰਨ ਫੁੱਟੀ ਕ੍ਰਿਪਾਨ ਹਿੱਕ ਨਾਲ ਲਾ ਕੇ ਸੌਂ ਗਿਆ। ਪੁਲਿਸ ਦੀ ਭਾਰੀ ਫੋਰਸ ਲੈ ਕੇ ਪੁਲਿਸ ਕਪਤਾਨ ਡ੍ਰੀਗਾਲ ਨੇ ਡੇਰਾ ਮੰਗਲ ਸਿੰਘ ਨੂੰ ਆ ਘੇਰਿਆ। ਬੱਬਰ ਵੀ ਘੋੜਿਆਂ ਦੀ ਅਵਾਜ਼ ਸੁਣ ਕੇ ਕ੍ਰਿਪਾਨ ਧੂਹ ਕੇ ਬਾਹਰ ਨੂੰ ਦੌੜਿਆ। ਉਸ ਨੇ ਪੁਲਿਸ ਕਪਤਾਨ ਨੂੰ ਘੋੜੇ ਚੜ੍ਹੇ ਦੀ ਬਾਂਹ 'ਤੇ ਕ੍ਰਿਪਾਨ ਨਾਲ ਵਾਰ ਕਰਕੇ ਬਾਂਹ ਵੱਢ ਦਿੱਤੀ ਅਤੇ ਕਪਤਾਨ ਨੂੰ ਘੋੜੇ ਤੋਂ ਹੇਠਾਂ ਧੂਹ ਲਿਆ। ਅਜੇ ਉਹ ਉਸ ਦੀ ਗਰਦਨ 'ਤੇ ਕ੍ਰਿਪਾਨ ਨਾਲ ਵਾਰ ਕਰਨ ਲੱਗਾ ਸੀ ਕਿ ਸਾਹਿਬ ਦਿੱਤਾ ਨੇ ਉਸ ਨੂੰ ਪਿੱਛੋਂ ਜੱਫਾ ਪਾ ਲਿਆ। ਜਦੋਂ ਨੂੰ ਇੰਸਪੈਕਟਰ ਬੂਟਾ ਰਾਮ ਨੇ ਬੱਬਰ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਸਵਰਗ ਪਹੁੰਚਾ ਦਿੱਤਾ।
ਰਲ਼ਾ ਸਿੰਘ ਗੱਦਾਰ ਭਾਵੇਂ 96 ਚੱਕ ਵਾਲੇ ਚਾਰ ਕਤਲਾਂ ਵਿੱਚ ਸ਼ਾਮਲ ਸੀ ਪਰ ਉਹ ਵਾਅਦਾ ਮੁਆਫ ਬਣ ਕੇ ਬਚ ਗਿਆ। ਪਰ ਹੋਰ ਪੰਜ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ ਕਿ ਉਹ ਇਨ੍ਹਾਂ ਕਤਲਾਂ ਵਿੱਚ ਸ਼ਾਮਲ ਸਨ। ਰਲ਼ਾ ਸਿੰਘ ਨੂੰ ਇੱਕ ਮੁਰੱਬਾ ਮਿਲਿਆ ਜੋ ਪਾਕਿਸਤਾਨ ਬਣਨ ਤੋਂ ਬਾਅਦ ਉਸ ਨੇ ਭੋਗਪੁਰ ਲਾਗਲੇ ਪਿੰਡ ਬਹਿਰਾਮ ਵਿੱਚ ਮਿਲਿਆ ਅਤੇ ਸਾਹਿਬ ਦਿੱਤਾ ਨੂੰ ਦੋ ਮੁਰੱਬਿਆਂ ਦੀ ਜ਼ਮੀਨ ਕਿੱਥੇ ਅਲਾਟ ਹੋਈ, ਬਾਰੇ ਪਤਾ ਨਹੀਂ ਲੱਗ ਸਕਿਆ। ਮਿਸਟਰ ਡ੍ਰੀਗਾਲ ਨੂੰ ਵੀ ਬਤੌਰ ਗਵਾਹ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪਹਿਲੇ ਬੱਬਰ ਕੰਸਪਾਇਰੇਸੀ ਕੇਸ ਵਾਲੇ ਸਾਰੇ ਬੱਬਰ ਵੀ ਹਾਜ਼ਰ ਸਨ।
ਡ੍ਰੀਗਾਲ ਦੀ ਬਾਂਹ ਦਾ ਟੁੰਡ ਦੇਖ ਕੇ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਮਖੌਲ ਕੀਤਾ ਤੇ ਕਿਹਾ ਕਿ ਸਾਬ੍ਹ ਇੰਗਲੈਂਡ ਜਾ ਕੇ ਲੋਕਾਂ ਨੂੰ ਦੱਸ ਦੇਣਾ ਕਿ ਘੇਰੇ ਵਿੱਚ ਆ ਕੇ ਵੀ ਬੱਬਰ ਕਿਸ ਤਰ੍ਹਾਂ ਝਪਟਦੇ ਹਨ ਅਤੇ ਉਨ੍ਹਾਂ ਦੀ ਦਿੱਤੀ ਨਿਸ਼ਾਨੀ ਟੁੰਡ ਲੋਕਾਂ ਨੂੰ ਦਿਖਾਇਆ ਕਰੀਂ। ਬੱਬਰ ਮਿਲਖਾ ਸਿੰਘ ਨਿੱਝਰ, ਜੋ ਉਸ ਸਮੇਂ ਨਬਾਲਗ ਹੀ ਸੀ ਪਰ ਅਦਾਲਤ ਵਿੱਚ ਹਾਜ਼ਰ ਸੀ, ਨੇ ਇਹ ਲਿਖਿਆ ਹੈ ਆਪਣੀ ਪੁਸਤਕ ''ਬੱਬਰ ਅਕਾਲੀ ਲਹਿਰ ਦਾ ਇਤਿਹਾਸ'' ਪੰਨਾ 353 'ਤੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026