Posted on September 1st, 2016

ਅੰਮਿ੍ਰਤਸਰ 31 ਅਗਸਤ (ਨਰਿੰਦਰ ਪਾਲ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵਲੋਂ ਅੜਿੱਕੇ ਡਾਹੁਣ ਦੇ ਬਾਵਜੂਦ ਵੀ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਪੰਜ ਸਾਲ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਸਿੱਖ ਨੋਜੁਆਨਾਂ ਦੀ ਨਸਲਕੁਸ਼ੀ ਦੇ ਦੋਸ਼ੀ ਮੰਨੇ ਜਾਂਦੇ ਤਤਕਾਲੀਨ ਮੁਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਉਡਾਉਣ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੌਮੀ ਸ਼ਹੀਦ ਐਲਾਨੇ ਹੋਏ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾਜਲੀ ਭੇਟ ਕਰਨ ਲਈ ਅੱਜ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ,ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਗਿਆਨੀ ਬਲਦੇਵ ਸਿੰਘ ,ਅਖੰਡ ਕੀਰਤਨੀ ਜਥਾ ਜਰਮਨੀ ਦੇ ਪ੍ਰਧਾਨ ਭਾਈ ਭੁੱਪਿੰਦਰ ਸਿੰਘ ਭਲਵਾਨ, ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ,ਜਨਰਲ ਸਕੱਤਰ ਪ੍ਰੋ:ਮਹਿੰਦਰ ਪਾਲ ਸਿੰਘ, ਸਿਕੰਦਰ ਸਿੰਘ ਵਰਾਣਾ,ਜਰਨੈਲ ਸਿੰਘ ਸਖੀਰਾ , ਹਰਬੀਰ ਸਿੰਘ ਸੰਧੂ ,ਅਮਰੀਕ ਸਿੰਘ ਨੰਗਲ, ਅਕਾਲੀ ਦਲ ਅੰਮਿ੍ਰਤਸਰ ਦੇ ਯੂਥ ਵਿੰਗ ਦੇ ਮੁੱਖ ਪ੍ਰਬੰਧਕੀ ਸਕੱਤਰ ਭਾਈ ਪਪਲਪ੍ਰੀਤ ਸਿੰਘ ,ਭਾਈ ਨਵਦੀਪ ਸਿੰਘ,ਭਾਈ ਗੁਰਸ਼ਰਨ ਸਿੰਘ ਸੋਹਲ,ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ ,ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰ, ਦਮਦਮੀ ਟਕਸਾਲ ਅਜਨਾਲਾ ਦੇ ਬੁਲਾਰੇ ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਗੁਰਜੰਟ ਸਿੰਘ ਕੱਟੂ, ਵੱਡੀ ਗਿਣਤੀ ਵਿੱਚ ਸੰਗਤਾਂ ਸਹਿਤ ਇਥੇ ਪੁਜੇ ਸਨ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁਜੇ ਇਨਾਂ ਪੰਥਕ ਆਗੂਆਂ ਤੇ ਸੰਗਤਾਂ ਦੇ ਹਿਰਦੇ ਉਸ ਵੇੇਲੇ ਵਲੂੰਦਰੇ ਗਏ ਜਦੋਂ ਕਮੇਟੀ ਪ੍ਰਬੰਧਕਾਂ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੁਆਰਾ ਸ਼ਹੀਦ ਦੀ ਯਾਦ ਵਿੱਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਨਿਰਧਾਰਤ ਸਮੇਂ ਤੋਂ ਕੋਈ ਪੌਣਾ ਘੰਟਾ ਪਹਿਲਾਂ ਹੀ ਪਾ ਦਿੱਤਾ ਗਿਆ ।ਜਿਸ ਵੇਲੇ ਇਹ ਪੰਥਕ ਆਗੂ ਤੇ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਪੁਜੀਆਂ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਹਰ ਬਹਾਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ।ਉਧਰ ਅਖੰਡ ਪਾਠ ਸਾਹਿਬ ਵਾਲੇ ਅਸਥਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਸਿੰਘ ਸਾਹਿਬਾਨ(ਗ੍ਰੰਥੀ),ਕਮੇਟੀ ਮੈਂਬਰ ਜਾਂ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਜਰੂਰੀ ਨਹੀ ਸਮਝਿਆ।ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜਿਲ ਤੇ ਰੱਖੇ ਗਏ ਇਸ ਸ਼ਹੀਦੀ ਸਮਾਗਮ ਦੀ ਕਵਰਿੰਗ ਕਰਨ ਪੁਜੇ ਮੀਡੀਆ ਕਰਮੀਆਂ ਦੇ ਦਾਖਲੇ ‘ਤੇ ਵੀ ਅਣਐਲਾਨੀ ਪਾਬੰਦੀ ਲਗਾ ਦਿੱਤੀ ਗਈ।ਅਖੰਡ ਪਾਠ ਸਾਹਿਬ ਵਾਲੇ ਅਸਥਾਨ ਦਾ ਪ੍ਰਬੰਧ ਵੇਖ ਰਹੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਚਹੇਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ:ਸੁਲੱਖਣ ਸਿੰਘ ਭੰਗਾਲੀ ਨੇ ਜਦੋਂ ਇਹ ਵੇਖਿਆ ਕਿ ਵੱਖ ਵੱਖ ਪੰਥਕ ਸ਼ਖਸ਼ੀਅਤਾਂ ਜੁੜਨ ਲੱਗ ਪਈਆਂ ਹਨ ਤਾਂ ਕਾਹਲੀ ਨਾਲ ਭਾਈ ਦਿਲਾਵਰ ਸਿੰਘ ਬੱਬਰ ਦੇ ਭਰਾਤਾ ਭਾਈ ਚਮਕੌਰ ਸਿੰਘ,ਭਰਜਾਈ ਅਤੇ ਚਾਚਾ ਅਮਰਜੀਤ ਸਿੰਘ ਦੇ ਗਲ ਸਿਰੋਪਾਉ ਪਾ ਦਿੱਤੇ ਤੇ ਕੋਈ ਜੈਕਾਰਾ ਬੁਲਾਉਣਾ ਵੀ ਯੋਗ ਨਾ ਸਮਝਿਆ।ਪ੍ਰਬੰਧਕਾਂ ਦਾ ਵਤੀਰਾ ਭਾਪਦਿਆਂ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਕਰਨ ਲਈ ਜਰਮਨੀ ਤੋਂ ਪੁਜੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਬੱਬਰ ਖਾਲਸਾ ਦੇ ਮੁੱਖੀ ਭਾਈ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਸੰਗਤਾਂ ਲਈ ਪੜਨਾ ਸ਼ੁਰੂ ਕਰ ਦਿੱਤਾ ।ਇਥੇ ਵੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਪੜੇ ਜਾ ਰਹੇ ਸੰਦੇਸ਼ ਦੌਰਾਨ ਹੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਲੇਕਿਨ ਭਾਈ ਭਲਵਾਨ ਦੋਨੋਂ ਸੰਦੇਸ਼ ਪੜਕੇ ਹੀ ਹਟੇ।
ਉਪਰੰਤ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ੍ਰ:ਸਿਮਰਨਜੀਤ ਸਿੰਘ ਮਾਨ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਮੱਥਾ ਟੇਕਣ ਲਈ ਗਏ ।ਉਹ ਆਪਣੇ ਸਾਥੀਆਂ ਸਹਿਤ ਇਸ ਅਸਥਾਨ ਤੇ ਕੁਝ ਸਮਾਂ ਬੈਠੇ ਵੀ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਸਮੁਚੀ ਕੌਮ ਲਈ ਫਖਰ ਵਾਲਾ ਦਿਨ ਹੈ ਕਿ ਅੱਜ ਦੇ ਦਿਨ ਕੌਮੀ ਪ੍ਰਵਾਨਿਆਂ ਨੇ ਕੌਮ ਦੀ ਅਣਖ ਤੇ ਗੈਰਤ ਵੰਗਾਰਨ ਵਾਲੇ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਖਾਲਸਈ ਰਹੁ ਰੀਤਾਂ ਅਨੁਸਾਰ ਸਜਾ ਦਿੱਤੀ ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉਹ ਮਹਾਨ ਅਸਥਾਨ ਹੈ ਜਿਥੇ ਗੁਰੂ ਸਾਹਿਬ ਖੁਦ ਅਤੇ ਉਨਾਂ ਦੇ ਹੁਕਮਾਂ ਅਨੁਸਾਰ ਸਿੱਖ ਦੂਸਰੀਆਂ ਕੌਮਾਂ ਤੇ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਕਰਦੇ ਰਹੇ ,ਜਾਨਾਂ ਨਿਛਾਵਰ ਕਰਦੇ ਰਹੇ ਹਨ ਤੇ ਅਜੇ ਵੀ ਕਰ ਰਹੇ ਹਨ ਲੇਕਿਨ ਅੱਜ ਹਾਲਾਤ ਐਨੇ ਬਦਤਰ ਹੋ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਤੋਂ ਘੱਟ ਨਹੀ ਕਰ ਰਹੇ ਹਨ।ਉਨਾਂ ਕਿਹਾ ਅੱਜ ਜਿਥੇ ਸੂਬੇ ਦੀ ਅਕਾਲੀ ਤੇ ਉਸਦੀ ਭਾਈਵਾਲੀ ਭਾਜਪਾ ਸਰਕਾਰ ਸਮੇਤ ਨਵੀ ਜੰਮੀ ਆਮ ਆਦਮੀ ਪਾਰਟੀ ਵੀ ਨਾਗਪੁਰ ਅਤੇ ਦਿੱਲੀ ਤੋਂ ਆਦੇਸ਼ ਲੈਕੇ ਘਟੱ ਗਿਣਤੀਆਂ ਵਿਰੁਧ ਫੈਸਲੇ ਲੈਣ ਦੇ ਮਨਸੂਬੇ ਬਣਾ ਰਹੀਆਂ ਹਨ ਉਥੇ ਕੌਮੀ ਹੋਂਦ ਹਸਤੀ ਨੂੰ ਬਚਾਉਣ ਲਈ ਮਰਜੀਵੜੇ ਅੱਜ ਵੀ ਮੌਜੂਦ ਹਨ ।ਉਨਾਂ ਕਿਹਾ ਕਿ ਇਹ ਫੈਸਲਾ ਕਰਨ ਦਾ ਮੌਕਾ ਆ ਗਿਆ ਹੈ ਕਿ ਸਿੱਖਾਂ ਨੇ ਹੁਣ ਨਾਗਪੁਰ ਜਾਂ ਦਿੱਲੀ ਦੀ ਅਧੀਨਗੀ ਕਰਨੀ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ।ਉਨਾਂ ਕਿਹਾ ਕਿ ਸਿੱਖੀ ਦੇ ਇਸ ਮਹਾਨ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਜਾਦ ਕਰਨ ਲਈ ਚੰਗੇ ਗੁਰਸਿੱਖਾਂ ਦੀ ਤਲਾਸ਼ ਕਰਨੀ ਜਰੂਰੀ ਹੈ ।ਸ੍ਰ:ਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ ਯਾਦਗਾਰ ਵਿਖੇ ਮੱਥਾ ਜਰੂਰ ਟੇਕਿਆ ਕਰਨ।ਇਸ ਮੌਕੇ ਏਕ ਨੂਰ ਚੈਰੀਟੇਬਲ ਟਰਸਟ ਦੀ ਬੀਬੀ ਮਨਜੀਤ ਕੌਰ,ਭਾਈ ਦਵਿੰਦਰ ਸਿੰਘ ਚੋਹਲਾ ਸਾਹਿਬ ,ਭਾਈ ਦਸੌਂਦਾ ਸਿੰਘ ਚੋਹਲਾ ਸਾਹਿਬ,ਬੀਬੀ ਗੁਰਦੀਪ ਕੌਰ ਚੱਠਾ ਹਾਜਰ ਸਨ ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕੌਮ ਦੇ ਨਾਮ ਭੇਜੇ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਉਸ ਜਰਵਾਣੇ ਮੁਖ ਮੰਤਰੀ ਨੂੰ ਖਤਮ ਕਰਕੇ ਭਾਈ ਦਿਲਾਵਰ ਸਿੰਘ ਨੇ ਉਸਦੇ ਦਿੱਲੀ ਬੈਠੇ ਮਾਲਕਾਂ ਨੂੰ ਖਾੜਕੂ ਸਿੰਘ ਖਤਮ ਕਰ ਦੇਣ ਦੇ ਦਿੱਤੇ ਦਾਅਵਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ।ਜਥੇਦਾਰ ਹਵਾਰਾ ਨੇ ਕਿਹਾ ਹੈ ਕਿ ‘ਅਸੀਂ ਸਭ ਉਸ ਸ਼ਹੀਦ ਦੇ ਵਾਰਿਸ ਹਾਂ ਜਿਸਨੇ ਆਪਣੀ ਕੌਮ ਲਈ ਤੂੰਬਾ ਤੂੰਬਾ ਹੋਕੇ ਉਡਣ ਲੱਗੇ ਸੀ ਨਹੀ ਸੀ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਲਈ ਕੀ ਉਦਮ ਕਰ ਰਹੇ ਹਾਂ’।ਉਨਾਂ ਸੰਦੇਸ਼ ਦਿੱਤਾ ਹੈ ਕਿ ਸਭਤੋਂ ਪਹਿਲਾਂ ਆਪਣੀ ਜਾਨ ਤੋਂ ਪਿਆਰੇ ਗੁਰਧਾਮ ਅਜਾਦ ਕਰਾਉਣੇ ਹਨ,ਸ਼੍ਰੋਮਣੀ ਕਮੇਟੀ ਚੋਣਾਂ ਸਮੂਹ ਪੰਥਕ ਧਿਰਾਂ ਨਾਲ ਮਿਲਕੇ ਲੜਨੀਆਂ ਹਨ ਅਤੇ ਗੁਰਦੁਆਰਾ ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਉਣਾ ਹੈ।ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦਿਆਂ ਜਥੇਦਾਰ ਹਵਾਰਾ ਨੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਮਤਿ ਵਿਚਾਰਧਾਰਾ ਤੋਂ ਸੇਧ ਲੈਕੇ ਕੌਮੀ ਅਜਾਦੀ ਦੇ ਸੰਘਰਸ਼ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026