Posted on July 15th, 2016

ਨੀਸ- ਫਰਾਂਸ ਦੇ ਸੈਰ ਸਪਾਟੇ ਲਈ ਮਸ਼ਹੂਰ ਨੀਸ ਸ਼ਹਿਰ 'ਚ ਦਹਿਸ਼ਤਗਰਦੀ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਜਦੋਂ ਕੌਮੀ ਦਿਵਸ ਦੇ ਜਸ਼ਨ ਮਨਾ ਰਹੇ ਲੋਕਾਂ 'ਤੇ ਟਿਊਨਿਸ਼ੀਆ ਮੂਲ ਦੇ ਫਰਾਂਸੀਸੀ ਵਿਅਕਤੀ ਨੇ ਤੇਜ਼ ਰਫ਼ਤਾਰ ਟਰੱਕ ਚੜ੍ਹਾ ਦਿੱਤਾ। ਇਸ ਹਮਲੇ 'ਚ 84 ਵਿਅਕਤੀਆਂ ਦੀ ਮੌਤ ਹੋ ਗਈ ਅਤੇ 202 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 18 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ 'ਚ 10 ਬੱਚੇ ਅਤੇ ਅੱਲ੍ਹੜ ਸ਼ਾਮਲ ਹਨ, ਜੋ ਆਪਣੇ ਮਾਪਿਆਂ ਨਾਲ ਫਰਾਂਸ ਦਾ ਕੌਮੀ ਦਿਵਸ ਮਨਾਉਣ ਲਈ ਆਏ ਹੋਏ ਸਨ।
ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਇਸ ਨੂੰ ਦਹਿਸ਼ਤੀ ਹਮਲਾ ਕਰਾਰ ਦਿੰਦਿਆਂ ਐਮਰਜੈਂਸੀ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ। ਦੇਸ਼ 'ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਉਂਜ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਰੀਬ ਦੋ ਕਿੱਲੋਮੀਟਰ ਤਕ ਟਰੱਕ ਡਰਾਈਵਰ ਕਹਿਰ ਢਾਹੁੰਦਾ ਗਿਆ ਅਤੇ ਫਿਰ ਸੁਰੱਖਿਆ ਬਲਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਟਰੱਕ 'ਚ ਵੱਡੀ ਗਿਣਤੀ 'ਚ ਗੋਲੀ ਸਿੱਕਾ ਸੀ ਅਤੇ ਹਮਲਾਵਰ ਨੇ ਪੁਲੀਸ 'ਤੇ ਗੋਲੀਆਂ ਵੀ ਵਰ੍ਹਾਈਆਂ।
ਹਮਲਾਵਰ ਦੀ ਪਛਾਣ 31 ਵਰ੍ਹਿਆਂ ਦੇ ਟਿਊਨਿਸ਼ੀਆ ਮੂਲ ਦੇ ਮੁਹੰਮਦ ਲਾਹੋਏਜ ਬੋਹਲੇਲ ਵਜੋਂ ਹੋਈ ਹੈ। ਉਸ ਦੇ ਗੁਆਂਢੀਆਂ ਮੁਤਾਬਿਕ ਉਹ ਇਕੱਲਾ ਹੀ ਰਹਿੰਦਾ ਸੀ ਅਤੇ ਉਹ ਕਦੇ ਕਿਸੇ ਨੂੰ ਦੁਆ ਸਲਾਮ ਦਾ ਕੋਈ ਜਵਾਬ ਨਹੀਂ ਦਿੰਦਾ ਸੀ।
ਫਰਾਂਸ 'ਤੇ ਪਿਛਲੇ 18 ਮਹੀਨਿਆਂ ਤੋਂ ਘੱਟ ਸਮੇਂ ਅੰਦਰ ਇਹ ਤੀਜਾ ਵੱਡਾ ਦਹਿਸ਼ਤੀ ਹਮਲਾ ਹੈ। ਇਸਲਾਮਿਕ ਸਟੇਟ ਦੇ ਦਹਿਸ਼ਤੀਆਂ ਵੱਲੋਂ ਪੈਰਿਸ 'ਚ ਕੀਤੇ ਗਏ ਹਮਲਿਆਂ ਤੋਂ ਅੱਠ ਮਹੀਨਿਆਂ ਬਾਅਦ ਇਹ ਹੌਲਨਾਕ ਹਮਲਾ ਹੋਇਆ ਹੈ, ਜਿਸ 'ਚ 130 ਵਿਅਕਤੀ ਮਾਰੇ ਗਏ ਸਨ।
ਅਧਿਕਾਰੀਆਂ ਮੁਤਾਬਿਕ ਨੀਸ 'ਚ 30 ਹਜ਼ਾਰ ਲੋਕ ਕੌਮੀ ਦਿਵਸ ਮੌਕੇ ਆਤਿਸ਼ਬਾਜ਼ੀ ਦਾ ਅਨੰਦ ਮਾਣ ਰਹੇ ਸਨ, ਜਦੋਂ ਟਰੱਕ ਉਨ੍ਹਾਂ ਨੂੰ ਦਰੜਦਾ ਹੋਇਆ ਚਲਾ ਗਿਆ। ਮ੍ਰਿਤਕਾਂ 'ਚ ਦੋ ਅਮਰੀਕੀ ਅਤੇ ਇੱਕ ਯੂਕਰੇਨੀ ਨਾਗਰਿਕ ਵੀ ਸ਼ਾਮਲ ਹੈ। ਕਰੀਬ 50 ਬੱਚਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰੋਮਨੇਡ ਦੇਸ ਐਂਗਲੇਸ ਇਲਾਕੇ 'ਚ ਹੋਏ ਹਮਲੇ ਤੋਂ ਬਾਅਦ ਉੱਥੇ ਲਾਸ਼ਾਂ ਖਿੰਡੀਆਂ ਪਈਆਂ ਸਨ ਅਤੇ ਟਰੱਕ ਦੇ ਕਹਿਰ ਤੋਂ ਬਾਅਦ ਉੱਥੇ ਅਫ਼ਰਾ-ਤਫ਼ਰੀ ਮੱਚ ਗਈ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026