Posted on May 6th, 2016

<p>ਫਿਲਮ ਦੇ ਨਿਰਮਾਤਾ ਸ. ਸੁਖਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਸੁਨੀਲ ਕੁਮਾਰ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਪੰਜਾਬ ਦੇ ਪਾਣੀਆਂ ਦੀ ਲੁੱਟ ਬੀਤੇ ਕਈ ਦਹਾਕਿਆਂ ਤੋਂ ਜਾਰੀ ਹੈ, ਜਿਸ ਲਈ ਪੰਜਾਬੀਆਂ ਨੇ ਖੂਨ ਵੀ ਵਹਾਇਆ ਪਰ ਇਹ ਲੁੱਟ ਨਾ ਰੁਕੀ। ਇਸ ਬਾਰੇ ਬਹੁਤ ਸਾਰੇ ਵਿਦਵਾਨ ਅਤੇ ਸੰਸਥਾਵਾਂ ਚਿੰਤਾ ਜ਼ਾਹਰ ਕਰ ਚੁੱਕੇ ਹਨ ਕਿ ਜੇਕਰ ਇਸ ਲੁੱਟ ਨੂੰ ਹੁਣ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ ਅਤੇ ਇੱਥੇ ਵਸਦੇ ਲੋਕਾਂ ਨੂੰ ਕਿਤੇ ਹੋਰ ਜਾ ਕੇ ਰਹਿਣਾ ਪਵੇਗਾ। ਜਦੋਂ ਪੰਜਾਬੀ ਸਮਾਜ ਇਸ ਚਿੰਤਾ ਵਿੱਚ ਡੁੱਬਾ ਹੋਇਆ ਹੈ ਤਾਂ ਸਰੀ ਦੇ ਇੱਕ ਨੌਜਵਾਨ ਨੇ ਇੱਕ ਹੋਰ ਖੋਜ ਕੀਤੀ ਹੈ, ਜੋ ਦਰਸਾਉਂਦੀ ਹੈ ਕਿ ਭਾਰਤ ਸਰਕਾਰ, ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਘੇਰਾ ਹੋਰ ਵਧਾਉਣ ਲਈ ਬਹੁਤ ਹੀ ਖਤਰਨਾਕ ਖੇਡ ਖੇਡਣ ਜਾ ਰਹੀ ਹੈ ਅਤੇ ਇਸ ਸਾਜ਼ਿਸ਼ ਨੂੰ ਉਸ ਨੇ ਇੱਕ ਦਸਤਾਵੇਜ਼ੀ ਫਿਲਮ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਜਿਸ ਦਾ ਨਾਂ ਰੱਖਿਆ ਗਿਆ ਹੈ 'ਆਖਰੀ ਹਮਲਾ' (ਫਾਈਨਲ ਅਸਾਲਟ)।
ਬੀਤੇ ਦਿਨੀਂ 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨਾਲ ਉਲੀਕੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੇ ਨਿਰਮਾਤਾ ਸ. ਸੁਖਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਸੁਨੀਲ ਕੁਮਾਰ ਨੇ ਇਸ ਫਿਲਮ ਬਾਰੇ ਦੱਸਿਆ ਕਿ ਇਹ ਦਸਤਾਵੇਜ਼ੀ ਫਿਲਮ ਭਾਰਤ ਦੇ ਨਾਮਵਰ ਪੱਤਰਕਾਰ ਰਵੀਸ਼ ਕੁਮਾਰ ਵਲੋਂ ਆਰੰਭੀ ਗਈ ਇੱਕ ਖੋਜ ਦਾ ਅਗਲਾ ਹਿੱਸਾ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਪਹਾੜਾਂ ਵਿੱਚੋਂ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਵਿੱਚ ਆ ਰਹੇ ਪਾਣੀ ਨੂੰ ਅਗਾਊਂ ਹੀ ਰੋਕ ਕੇ, ਉਸ ਦਾ ਵਹਾਅ ਮੋੜ ਕੇ ਇੱਕ ਹੋਰ ਨਦੀ ਰਾਹੀਂ ਗੁਜਰਾਤ ਤੱਕ ਲਿਜਾਇਆ ਜਾਣਾ ਹੈ। ਇਸ ਨਾਲ ਪੰਜਾਬ ਵਿੱਚ ਆਉਣ ਵਾਲਾ ਪਾਣੀ ਹੀ ਘਟ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗੰਗਾ, ਜਮਨਾ ਨਦੀਆਂ ਤਾਂ ਵਗਦੀਆਂ ਹਨ ਪਰ ਸਰਸਵਤੀ ਦਾ ਜ਼ਿਕਰ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਤਾਂ ਜ਼ਰੂਰ ਮਿਲਦਾ ਹੈ ਪਰ ਅਸਲੀਅਤ ਵਿੱਚ ਇਹ ਨਦੀ ਕਿਤੇ ਵੀ ਵਗਦੀ ਨਹੀਂ। ਭਾਰਤ ਦੀ ਭਾਜਪਾ ਸਰਕਾਰ ਵਲੋਂ ਇੱਕ ਸਾਜ਼ਿਸ਼ ਤਹਿਤ ਸਰਸਵਤੀ ਨਦੀ ਖੋਦੀ ਜਾ ਰਹੀ ਹੈ, ਜੋ ਇਹ ਪਾਣੀ ਹਿਮਾਚਲ ਤੋਂ ਗੁਜਰਾਤ ਤੱਕ ਲੈ ਜਾਵੇਗੀ। ਇਹ ਕਿਹਾ ਜਾਵੇਗਾ ਕਿ ਸਰਸਵਤੀ ਨਦੀ ਇੱਥੇ ਪਹਿਲਾਂ ਵਗਦੀ ਹੁੰਦੀ ਸੀ ਤੇ ਹੁਣ ਇਸ ਨੂੰ ਦੁਬਾਰਾ ਚਾਲੂ ਕੀਤਾ ਜਾ ਰਿਹਾ ਹੈ। ਸਰਸਵਤੀ ਨਾਂ ਹਿੰਦੂ ਧਰਮ ਵਾਸਤੇ ਇੱਕ ਪਵਿੱਤਰ ਨਾਂ ਹੈ, ਜਿਸ ਕਰਕੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਡਰਾਵੇ ਹੇਠ ਦਬਾਇਆ ਜਾਵੇਗਾ।
ਇਹ ਦਸਤਾਵੇਜ਼ੀ ਫਿਲਮ, ਜੋ ਕਿ 1 ਘੰਟਾ 50 ਮਿੰਟ ਦੀ ਹੈ, 8 ਮਈ ਦਿਨ ਐਤਵਾਰ ਨੂੰ ਸਰੀ ਦੇ ਬੈੱਲ ਪਰਫਾਰਮਿੰਗ ਸੈਂਟਰ (144 ਸਟਰੀਟ ਅਤੇ 64 ਐਵੇਨਿਊ) ਵਿਖੇ ਬਾਅਦ ਦੁਪਹਿਰ 4 ਵਜੇ ਦਿਖਾਈ ਜਾਵੇਗੀ। ਇਸ ਫਿਲਮ ਨੂੰ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਅਤੇ ਹੋਰਨਾਂ ਮੁਲਕਾਂ ਵਿੱਚ ਵੀ ਦਿਖਾਇਆ ਜਾਵੇਗਾ ਅਤੇ ਫਿਰ ਜੂਨ ਤੋਂ ਬਾਅਦ ਯੂ-ਟਿਊਬ ਜਾਂ ਹੋਰ ਸੋਸ਼ਲ ਸਾਈਟਾਂ ਰਾਹੀਂ ਜਨਤਕ ਕੀਤਾ ਜਾਵੇਗਾ। ਫਿਲਮ ਦੇ ਨਿਰਮਾਤਾ ਸ. ਸੁਖਦੀਪ ਸਿੰਘ ਨੇ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਇਹ ਫਿਲਮ ਦੇਖਣ ਦਾ ਸੱਦਾ ਦਿੱਤਾ ਹੈ ਤਾਂ ਕਿ ਪੰਜਾਬ ਉੱਤੇ ਹੋਣ ਜਾ ਰਹੇ ਇਸ ਆਖਰੀ ਹਮਲੇ ਨੂੰ ਰੋਕਣ ਲਈ ਇੱਕਮੁੱਠ ਹੋਇਆ ਜਾ ਸਕੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026