Posted on December 7th, 2015

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਚੜ੍ਹਤ ਅਤੇ ਲੋਕ ਮਨਾਂ ਵਿੱਚ ਇਸ ਪਾਰਟੀ ਦਾ ਲਗਾਤਾਰ ਵਧ ਰਿਹਾ, ਆਧਾਰ, ਉਭਾਰ ਤੇ ਪ੍ਰਭਾਵ ਹੁਣ ਵਿਰੋਧੀਆਂ ਨੂੰ ਵੀ ਸੱਚੀ-ਮੁੱਚੀ ਮਹਿਸੂਸ ਹੋ ਰਿਹਾ ਹੈ। ਪਰ ਇੱਕ ਸਵਾਲ ਦਾ ਢੁਕਵਾਂ ਜਵਾਬ ਅਜੇ ਵੀ ਨਹੀਂ ਮਿਲ ਰਿਹਾ ਕਿ ਆਖ਼ਿਰਕਾਰ ਨਵੀਂ ਉਠੀ ਇਸ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਉਮੀਦ ਤੋਂ ਕਿਤੇ ਵੱਧ ਇੰਨੀ ਭਾਰੀ ਹਮਾਇਤ ਕਿਉਂ ਮਿਲੀ, ਜਦੋਂਕਿ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਇਸ ਪਾਰਟੀ ਦੀ ਜਿੱਤ ਬਾਰੇ ਰਾਜਨੀਤਕ ਜੋਤਸ਼ੀਆਂ ਵੱਲੋਂ ਹਾਂ-ਪੱਖੀ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਉੱਥੇ ਇਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਇਹੋ ਜਿਹੀ ਜਿੱਤ ਤਾਂ ਸੁਫ਼ਨੇ ਵਿੱਚ ਵੀ ਨਹੀਂ ਸੀ ਚਿਤਵੀ ਕਿ ਪੰਜਾਬ ਵਿੱਚ ਵੋਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ 94 ਸਾਲ ਪੁਰਾਣੀ ਸਿੱਖਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੇਵਲ ਐਨ ਨੇੜੇ ਹੀ ਨਹੀਂ ਪਹੁੰਚ ਜਾਏਗੀ ਸਗੋਂ ਚਾਰ ਸੀਟਾਂ ਉੱਤੇ ਵੀ ਕਾਬਜ਼ ਹੋ ਜਾਏਗੀ। ਇਸ ਸੂਬੇ ਦੇ ਲੋਕਾਂ ਦੇ ਗੁੱਸੇ ਤੇ ਰੋਹ ਦਾ ਪਾਰਾ ਏਨਾ ਉਤਾਂਹ ਕਿਉਂ ਚਲਾ ਗਿਆ ਕਿ ਉਨ੍ਹਾਂ ਨੇ ਡੂੰਘੀਆਂ ਜੜ੍ਹਾਂ ਵਿੱਚ ਧਸੇ ਇੱਕ ਪੁਰਾਣੇ ਤਾਕਤਵਰ ਬਿਰਖ ਨੂੰ ਜੇ ਪੁੱਟਿਆ ਨਹੀਂ ਤਾਂ ਘੱਟੋ-ਘੱਟ ਕਮਜ਼ੋਰ ਤੇ ਨਿਤਾਣਾ ਤਾਂ ਕਰ ਹੀ ਦਿੱਤਾ ਸੀ। ਇਹੋ ਜਿਹੇ ਸਵਾਲਾਂ ਦਾ ਜਵਾਬ ਲੱਭਣ ਲਈ ਆਮ ਆਦਮੀ ਪਾਰਟੀ ਨੇ ਖ਼ੁਦ ਵੀ ਹਾਲਾਂ ਤਕ ਸੰਜੀਦਾ ਯਤਨ ਨਹੀਂ ਕੀਤੇ।
ਹੈਰਾਨੀ ਇਸ ਗੱਲ ਕਰਕੇ ਵੀ ਹੈ ਕਿ ਪਾਰਟੀ ਦੇ ਸਾਰੇ ਪਾਰਲੀਮਾਨੀ ਮੈਂਬਰ ਚਲੰਤ ਮਸਲਿਆਂ ਬਾਰੇ ਕੋਈ ਸਾਂਝੀ ਰਾਏ ਨਹੀਂ ਰੱਖਦੇ। ਪਾਰਟੀ ਜ਼ਾਬਤੇ ਵਿੱਚ ਰਹਿਣ ਦਾ ਉਨ੍ਹਾਂ ਦਾ ਕੋਈ ਸੁਭਾਅ ਜਾਂ ਅਭਿਆਸ ਵੀ ਨਹੀਂ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਨਾਂ ਹੇਠ ਉਹ ਅਕਸਰ ਹੀ ਉਲਾਰ ਕਿਸਮ ਦੀਆਂ ਅਤੇ ਕਈ ਵਾਰ ਵਲੱਲੀਆਂ ਗੱਲਾਂ ਵੀ ਕਰਦੇ ਹਨ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਆਮ ਲੋਕ ਧੜਾ ਧੜ ਇਸੇ ਪਾਰਟੀ ਦੇ ਮੈਂਬਰ ਬਣਦੇ ਜਾ ਰਹੇ ਹਨ। ਇਹ ਬੁਝਾਰਤ ਸਭ ਨੂੰ ਹੈਰਾਨ ਕਰ ਰਹੀ ਹੈ। ਕੀ ਪਾਰਟੀ ਨੂੰ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਪੰਜਾਬ ਵਿੱਚ ਰਾਜ ਕਰਨ ਦਾ ਮੌਕਾ ਹਾਸਲ ਹੋਏਗਾ? ਪੂਰੇ ਭਰੋਸੇ ਨਾਲ ‘ਹਾਂ’ ਵਿੱਚ ਜਵਾਬ ਦੇਣਾ ਤਾਂ ਜਲਦਬਾਜ਼ੀ ਵਾਲੀ ਗੱਲ ਹੋਵੇਗੀ ਪਰ ਜਿਵੇਂ ਅੱਜ ਦੀ ਤਾਰੀਖ਼ ਵਿੱਚ ਅਕਾਲੀ ਦਲ ਨੂੰ ਦਿਲਾਂ ਵਿੱਚ ਥਾਂ ਦੇਣ ਵਾਲੇ ਹੁਣ ਘੱਟ ਗਿਣਤੀ ਵਿੱਚ ਰਹਿ ਗਏ ਹਨ ਅਤੇ ਜਿਵੇਂ ਕਾਂਗਰਸ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਆਉਣ ਦੇ ਬਾਵਜੂਦ ਕੈਪਟਨ ਹਵਾਵਾਂ ਦਾ ਰੁਖ਼ ਆਪਣੇ ਵੱਲ ਬਹੁਤਾ ਮੋੜ ਨਹੀਂ ਸਕੇ ਤਾਂ ਅਜਿਹੀ ਹਾਲਤ ਵਿੱਚ ਆਮ ਆਦਮੀ ਪਾਰਟੀ ਦਾ ਦਾਅ ਲੱਗ ਵੀ ਸਕਦਾ ਹੈ। ਵੋਟ ਸਿਆਸਤ ਦੇ ਮਾਹਿਰ ਇਸ ਤਰ੍ਹਾਂ ਦੀ ਭਵਿੱਖਬਾਣੀ ਕਰ ਵੀ ਰਹੇ ਹਨ। ਉਂਜ, ਦਿੱਲੀ ਵਰਗੀ ਜਿੱਤ ਇੱਥੇ ਪੰਜਾਬ ਵਿੱਚ ਅਸੰਭਵ ਹੈ ਕਿਉਂਕਿ ਇੱਥੇ ਬਿਖੜੇ ਰਾਹ ਉੱਤੇ ਚੱਲਣਾ ਪੈਂਦਾ ਹੈ। ਇੱਥੇ ਕੰਡਿਆਂ ਵਿੱਚੋਂ ਆਪਣੇ ਰਾਹ ਬਣਾਉਣੇ ਪੈਂਦੇ ਹਨ ਅਤੇ ਫਿਰ ਸਿੱਖ ਸਿਆਸਤ ਤਾਂ ਹੋਰ ਵੀ ਗੁੰਝਲਦਾਰ ਹੈ। ਇੱਥੇ ਸਿੱਖ-ਮਨ ਤੇ ਸਿੱਖ-ਹੋਂਦ ਨਾਲ ਕੇਂਦਰ ਦੀ ਟੱਕਰ ਦੇ ਸੁਭਾਅ ਅਤੇ ਇਸ ਦੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਖ਼ਜ਼ਾਨੇ ਵਿੱਚ ਸਿੱਖ-ਮਨ ਦੀਆਂ ਅਦ੍ਰਿਸ਼ਟ ਤੇ ਮਹੀਨ ਪਰਤਾਂ ਨੂੰ ਸਮਝਣ ਦਾ ਨਾ ਹੀ ਡੂੰਘਾ ਅਨੁਭਵ ਹੈ ਅਤੇ ਨਾ ਹੀ ਸੋਚ ਜਾਪਦੀ ਹੈ। ਇਸ ਪਾਰਟੀ ਦੀ ਪੰਜਾਬ ਇਕਾਈ ਤਾਂ ਪੰਜਾਬ ਦੇ ਹਿਤਾਂ ਬਾਰੇ ਨਿਖਰਵਾਂ, ਸੁਤੰਤਰ ਅਤੇ ਦਲੇਰਾਨਾ ਸਟੈਂਡ ਲੈਣ ਬਾਰੇ ਵੀ ਅਜੇ ਸੰਗਦੀ ਹੀ ਰਹਿੰਦੀ ਹੈ।
ਜਿਸ ਕਿਸੇ ਨੇ ਵੀ ਪੰਜਾਬ ਦੀ ਸਿਆਸਤ ਨੂੰ ਸਮਝਣਾ ਹੈ ਅਤੇ ਇਸ ਰਾਜ ਵਿੱਚ ਆਪਣੇ ਪੈਰ ਜਮਾਉਣੇ ਹਨ, ਉਸ ਨੂੰ ‘ਸਿੱਖ-ਵਿਸ਼ੇਸ਼’ ਦੀ ਸਿਆਸਤ ਨੂੰ ਧਿਆਨ ਵਿਚ ਰੱਖ ਕੇ ਹੀ ਆਪਣੀ ਰਣਨੀਤੀ ਬਣਾਉਣੀ ਪਵੇਗੀ। ਸਿੱਖ ਵਿਸ਼ੇਸ਼ ਦਾ ਰੁਤਬਾ ਹੀ ਪੰਜਾਬ ਦੀ ਸ਼ਾਨ ਹੈ। ਇਹ ਰੁਤਬਾ ਪੰਜਾਬ ਦੀ ਰਾਜਨੀਤੀ ਨੂੰ ਨਾ ਕੇਵਲ ਪ੍ਰਭਾਵਿਤ ਕਰਦਾ ਹੈ ਸਗੋਂ ਦਿਸ਼ਾ ਵੀ ਦਿੰਦਾ ਹੈ ਅਤੇ ਇੱਥੋਂ ਦੀ ਤਰਜ਼-ਏ-ਜ਼ਿੰਦਗੀ ਵਿੱਚ ਮੌਲਿਕ ਰੰਗ ਵੀ ਭਰਦਾ ਹੈ। ਸਿੱਖ-ਵਿਸ਼ੇਸ਼ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਪੰਜਾਬ ਦੀ ਸਿਆਸਤ ਸਿੱਖ-ਪ੍ਰਸੰਗ ਵਿੱਚ ਹੀ ਸਮਝੀ ਤੇ ਪ੍ਰੀਭਾਸ਼ਿਤ ਕੀਤੀ ਜਾ ਸਕਦੀ ਹੈ। ਇਸ ਨੂੰ ਫ਼ਿਰਕੂ ਮਨ ਦੇ ਨਜ਼ਰੀਏ ਤੋਂ ਨਹੀਂ ਸਗੋਂ ਇਸ ਤੋਂ ਉੱਪਰ ਉੱਠ ਕੇ ਹਕੀਕੀ ਤੇ ਉਦਾਰਵਾਦ ਦ੍ਰਿਸ਼ਟੀਕੋਣ ਤੋਂ ਸਮਝਿਆ ਜਾ ਸਕਦਾ ਹੈ। ਮਿਸਾਲ ਵਜੋਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਿੱਖਾਂ ਨੇ ਇੱਕ ਅਹਿਮ ਮੋਰਚੇ ਉੱਤੇ ਜਿੱਤ ਹਾਸਲ ਕੀਤੀ ਤਾਂ ਮਹਾਤਮਾ ਗਾਂਧੀ ਨੇ ਜਿੱਤ ਦੀ ਵਧਾਈ ਦਿੰਦਿਆਂ ਇਸ ਨੂੰ ਆਜ਼ਾਦੀ ਦੀ ਜੰਗ ਦੀ ਪਹਿਲੀ ਜਿੱਤ ਕਰਾਰ ਦਿੱਤਾ। ਦੂਜੇ ਸ਼ਬਦਾਂ ਵਿੱਚ ਮਹਾਤਮਾ ਗਾਂਧੀ ਨੇ ਪੰਜਾਬ ਦੀ ਸਿਆਸਤ ਵਿੱਚ ਸਿੱਖ-ਵਿਸ਼ੇਸ਼ ਮੁਹਾਵਰੇ ਦੇ ਲੱਛਣਾਂ ਦੀ ਹੋਂਦ, ਪ੍ਰਭਾਵ ਤੇ ਤਾਕਤ ਨੂੰ ਸਿੱਧੇ ਸ਼ਬਦਾਂ ਵਿੱਚ ਕਬੂਲ ਕੀਤਾ। ਇਸ ਤੋਂ ਇਲਾਵਾ ਰਾਜਗੋਪਾਲ ਆਚਾਰੀ, ਬਾਬਾ ਸਾਹਿਬ ਅੰਬੇਦਕਰ ਅਤੇ ਹੋਰ ਕਈ ਭਾਰਤੀ ਨੀਤੀਵਾਨਾਂ ਨੂੰ ਸਿੱਖ ਮਨ ਦੀ ਸਮਝ ਤੇ ਗਿਆਨ ਸਿੱਖਾਂ ਨਾਲੋਂ ਵੀ ਵੱਧ ਸੀ। ਜਦੋਂ ਆਜ਼ਾਦੀ ਮਿਲਣ ਤੋਂ ਪਹਿਲਾਂ ਪੰਡਤ ਜਵਾਹਰ ਲਾਲ ਨਹਿਰੂ ਆਜ਼ਾਦੀ ਦਾ ਨਿੱਘ ਮਾਨਣ ਲਈ ਸਿੱਖਾਂ ਨਾਲ ਉੱਤਰੀ ਭਾਰਤ ਵਿੱਚ ਵੱਖਰੇ ਖਿੱਤੇ ਦਾ ਇਕਰਾਰ ਕਰ ਰਹੇ ਸਨ ਤਾਂ ਇਸ ਦਾ ਮਤਲਬ ਇਹ ਹੀ ਸੀ ਕਿ ਉਹ ਸਿੱਖ ਵਿਸ਼ੇਸ਼ ਦੀ ਭਾਸ਼ਾ ਅਤੇ ਇਸ ਦੇ ਡੂੰਘੇ ਅਰਥਾਂ ਤੋਂ ਵਾਕਿਫ਼ ਸਨ।
ਪਰ ਕੇਜਰੀਵਾਲ-ਵਰਤਾਰੇ ਨੂੰ ਅਜੇ ਸਿੱਖ-ਮਨ ਦੀ ਸਤਹੀ ਸਮਝ ਹੀ ਹੈ ਅਤੇ ਇਸ ਦਾ ਵੱਡਾ ਫ਼ਾਇਦਾ ਜੇ ਕਾਂਗਰਸ ਨੂੰ ਨਹੀਂ ਤਾਂ ਅਕਾਲੀ ਦਲ ਨੂੰ ਜ਼ਰੂਰ ਹੋ ਸਕਦਾ ਹੈ ਕਿਉਂਕਿ ਪੰਥਕ ਏਜੰਡੇ ਦਾ ਸੁਦਰਸ਼ਨ ਚੱਕਰ ਅਜੇ ਉਨ੍ਹਾਂ ਨੇ ਲੁਕੋ ਕੇ ਰੱਖਿਆ ਹੋਇਆ ਹੈ। ਅਕਾਲੀ ਦਲ ਜਿੱਤ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ, ਪਰ ਕੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਇਕਰਾਰ ਕਰ ਸਕਦੇ ਹਨ ਅਤੇ ਇਸ ਲਈ ਕੋਈ ਵੱਡਾ ਅੰਦੋਲਨ ਕਰ ਸਕਣਗੇ? ਕੀ ਉਹ ਪਾਣੀਆਂ ਦੇ ਮਸਲੇ ਉੱਤੇ ਹਿੱਕ ਤਾਣ ਕੇ ਪੰਜਾਬ ਦੇ ਹੱਕ ਵਿੱਚ ਖਲੋ ਸਕਦੇ ਹਨ? ਕੀ ਉਹ ਪੰਜਾਬ ਦੀ ਕਿਸਾਨੀ ਦੀ ਮਹੱਤਤਾ ਅਤੇ ਰੋਲ ਨੂੰ ਦੇਸ਼ ਦੀ ਕਿਸਾਨੀ ਨਾਲੋਂ ਵਖਰਾ ਕਰਕੇ ਵਿਸ਼ੇਸ਼ ਦਰਜਾ ਅਤੇ ਸਹੂਲਤਾਂ ਦਿਵਾ ਸਕਣਗੇ? ਕੀ ਉਹ ਸੰਵਿਧਾਨ ਵਿੱਚ ਦਰਜ ਧਾਰਾ 25 ਨੂੰ ਰੱਦ ਕਰਵਾ ਸਕਣਗੇ ਜਿਸ ਵਿੱਚ ਸਿੱਖਾਂ ਦੀ ਤਰਜ਼-ਏ-ਜ਼ਿੰਦਗੀ ਨੂੰ ਹਿੰਦੂ ਧਰਮ ਨਾਲ ਜੋੜ ਕੇ ਵੇਖਿਆ ਗਿਆ ਹੈ? ਕੀ ਉਹ ਸਿੱਖ ਮਨ ਦੀ ਬੇਚੈਨੀ ਦਾ ਬੇਬਾਕ ਤੇ ਨਿਰਪੱਖ ਵਿਸ਼ਲੇਸ਼ਣ ਕਰਕੇ ਉਨ੍ਹਾਂ ਦੇ ਹੱਕ ਵਿੱਚ ਖਲੋਣਗੇ? ਸ਼ਾਇਦ ਨਹੀਂ, ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦਾ ਨਜ਼ਰੀਆ, ਨੀਤੀ ਤੇ ਪੈਂਤੜੇ ‘ਰਾਸ਼ਟਰ-ਵਿਸ਼ੇਸ਼’ ਦੇ ਮੁਹਾਵਰੇ ਵਿੱਚ ਦੇਖੇ ਜਾਣਗੇ। ਦੂਜੇ ਸ਼ਬਦਾਂ ਵਿੱਚ ਉਹ ਰਾਸ਼ਟਰ ਦੇ ਪ੍ਰਸੰਗ ਵਿੱਚ ਹੀ ਪੰਜਾਬ ਨੂੰ ਵੇਖਣਗੇ ਨਾ ਕਿ ਪੰਜਾਬ ਦੇ ਪ੍ਰਸੰਗ ਵਿੱਚ ਰਾਸ਼ਟਰ ਨੂੰ ਦੇਖਣਗੇ। ਜਿਵੇਂ ਮਹਾਂਰਾਸ਼ਟਰ ਦੇ ਆਗੂ ਸ਼ਿਵਾ ਜੀ ਪਹਿਲਾਂ, ਤਾਮਿਲਨਾਡੂ ਦੇ ਤਾਮਿਲ ਪਹਿਲਾਂ ਅਤੇ ਹਾਲ ਹੀ ਵਿੱਚ ਬਿਹਾਰ ਚੋਣਾਂ ਵਿੱਚ ਰਾਸ਼ਟਰ ਦੇ ਸੰਕਲਪ ਨੂੰ ਬਿਹਾਰੀਆਂ ਦੇ ਪ੍ਰਸੰਗ ਵਿੱਚ ਸੋਚਣ ਵਾਲਿਆਂ ਦੀ ਜਿੱਤ ਹੋਈ, ਐਨ ਇਵੇਂ ਪੰਜਾਬ ਨੂੰ ਸਿੱਖ ਵਿਸ਼ੇਸ਼ ਦੇ ਮੁਹਾਵਾਰੇ ਵਿੱਚ ਸੋਚਣ ਦਾ ਸੱਭਿਆਚਾਰ ਅਜੇ ਤਕ ਤਾਂ ਕੇਜਰੀਵਾਲ ਵਰਤਾਰੇ ਵਿੱਚੋਂ ਪਰਤੱਖ ਤੇ ਸਪਸ਼ਟ ਹੁੰਦਾ ਨਜ਼ਰ ਨਹੀਂ ਆਇਆ। ‘ਆਪ’ ਕੇਂਦਰੀ ਲੀਡਰਸ਼ਿਪ ਕੋਲ ਬੁਧੀਜੀਵੀਆਂ ਤੇ ਇਤਿਹਾਸਕਾਰਾਂ ਦੇ ਕੋਈ ਉੱਚ ਕੋਟੀ ਦੀ ਅਜਿਹੀ ਕੋਈ ਟੀਮ ਵੀ ਨਹੀਂ ਹੈ ਜੋ ਇਸ ਨਵੀਂ ਉੱਠੀ ਪਾਰਟੀ ਨੂੰ ਪੰਜਾਬ, ਪੰਜਾਬੀ ਅਤੇ ਸਿੱਖ ਮਨ ਦੀਆਂ ਡੂੰਘੀਆਂ ਰਮਜ਼ਾਂ ਦੇ ਰਾਜਨੀਤਕ ਅਰਥਾਂ ਤੋਂ ਜਾਣੂ ਕਰਵਾਏ।
ਜੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਰਾਜ-ਭਾਗ ਦੀ ਮਾਲਕ ਬਣ ਵੀ ਜਾਂਦੀ ਹੈ ਤਾਂ ਉਸ ਨੂੰ ਉੱਤਰ-ਕੇਜਰੀਵਾਲ ਸਿਆਸਤ ਦੇ ਦੌਰ ਵਿੱਚ ਕੰਡਿਆਂ ਦੀ ਇੱਕ ਹੋਰ ਸੇਜ ਉੱਤੇ ਤੁਰਨ ਦੀ ਕਠਿਨ ਪ੍ਰੀਖਿਆ ਵਿੱਚੋਂ ਲੰਘਣਾ ਪਵੇਗਾ। ਇਹ ਇੱਕ ਹਕੀਕਤ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਆਪਣੇ ਇਤਿਹਾਸਕ ਰੋਲ ਕਾਰਨ ਇੱਕ ਤਰ੍ਹਾਂ ਨਾਲ ਰਾਜ ਦੇ ਅੰਦਰ ਇੱਕ ਛੋਟਾ ਜਿਹਾ ‘ਅਲਿਖਤ ਰਾਜ’’ਹੈ ਜੋ ਸ਼ਕਤੀਸ਼ਾਲੀ ਵੀ ਹੈ ਅਤੇ ਚਲੰਤ ਸਿਆਸਤ ਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਟਕਰਾਅ ਦੀ ਸਥਿਤੀ ਵੀ ਪੈਦਾ ਕਰ ਸਕਦਾ ਹੈ। ਅਕਾਲੀ ਦਲ ਦਾ ਇਨ੍ਹਾਂ ਸੰਸਥਾਵਾਂ ਉੱਤੇ ਮੁਕੰਮਲ ਕਬਜ਼ਾ ਹੈ, ਇਸ ਕਰਕੇ ਉਨ੍ਹਾਂ ਨੂੰ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਮ ਆਦਮੀ ਪਾਰਟੀ ਨੂੰ ਸਿੱਖ ਕਿਸੇ ਵਿਤਕਰੇ ਵਾਲੀ ਸਥਿਤੀ ਵਿੱਚ ‘ਉਹ ਅਤੇ ਅਸੀਂ’ ਦੇ ਫ਼ਰਕ ਨਾਲ ਵੀ ਵੇਖ ਸਕਦੇ ਹਨ। ਅਜਿਹੀ ਹਾਲਤ ਵਿੱਚ ਪਾਰਟੀ ਨੂੰ ਇਨ੍ਹਾਂ ਸੰਸਥਾਵਾਂ ਪ੍ਰਤੀ ਪਹੁੰਚ ਅਤੇ ਰਵੱਈਏ ਵਿੱਚ ਸੰਜਮ, ਸਿਆਣਪ ਤੇ ਰਾਜਨੀਤਕ ਦਾਨਾਈ ਦਾ ਇੱਕ ਵੱਡਾ ਸੰਤੁਲਨ ਕਾਇਮ ਕਰਨਾ ਪੈਣਾ ਹੈ ਜੋ ਫ਼ਿਲਹਾਲ ਕੇਜਰੀਵਾਲ-ਵਰਤਾਰੇ ਅਤੇ ਵਤੀਰੇ ਵਿੱਚ ਨਜ਼ਰ ਨਹੀਂ ਆ ਰਿਹਾ। ਜੇ ਪਾਰਟੀ ਦੀ ਪੰਜਾਬ ਇਕਾਈ ਦੀਆਂ ਤਾਰਾਂ ਦਿੱਲੀ ਤੋਂ ਹੀ ਹਿਲਣਗੀਆਂ ਤਾਂ ਫਿਰ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦਾ ਆਮ ਆਦਮੀ ਪਾਰਟੀ ਨਾਲੋਂ ਕੀ ਫ਼ਰਕ ਰਹਿ ਜਾਏਗਾ? ਸਪਸ਼ਟ ਹੈ ਕਿ ਪਾਰਟੀ ਨੇ ਆਉਣ ਵਾਲੀਆਂ ਸਮੱਸਿਆਵਾਂ ਦੇ ਯੋਗ ਹੱਲ ਨਹੀਂ ਲੱਭੇ ਅਤੇ ਨਾ ਹੀ ਇਸ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ਦੂਰਅੰਦੇਸ਼ ਸਿਆਸਤਦਾਨ ਅਤੇ ਨੀਤੀਵਾਨ ਤਾਂ ਆਉਣ ਵਾਲੀਆਂ ਮੁਸ਼ਕਲਾਂ ਦੀ ਅਗਾਊਂ ਹੀ ਨਿਸ਼ਾਨਦੇਹੀ ਕਰ ਲੈਂਦੇ ਹਨ। ਕਿਸੇ ਸ਼ਾਇਰ ਦੀਆਂ ਇਹ ਸਤਰਾਂ ਉਨ੍ਹਾਂ ਦੀ ਰਾਜਨੀਤਕ ਅਗਵਾਈ ਕਰ ਸਕਦੀਆਂ ਹਨ:
ਜੋ ਬਾਤ ਕਹੀ ਨਾ ਥੀ, ਵੋਹ ਅਣਕਹੀ ਭੀ ਨਾ ਥੀ।
ਡੁਬੋ ਗਈ ਮੁਝੇ ਵੋ ਨਦੀ, ਜੋ ਕਭੀ ਵਹੀ ਭੀ ਨਾ ਥੀ।
ਕਰਮਜੀਤ ਸਿੰਘ
ਸੰਪਰਕ: 99150-91063

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026