Posted on November 12th, 2015

<p>ਅਵਤਾਰ ਸਿੰਘ ਖੰਡਾ <br></p>
ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਆਜ਼ਾਦ ਘਰ ਖ਼ਾਲਿਸਤਾਨ ਦੀ ਮੰਗ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਬਰਤਾਨੀਆ ਨੂੰ ਕਹਿਣ ਜਾ ਰਹੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨਾਲ ਮੁਲਾਕਾਤ 'ਚ ਮੋਦੀ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਤ ਦਸਤਾਵੇਜ਼ ਸਾਂਝਾ ਕਰਨਗੇ, ਜੋ ਯੂਰਪ 'ਚ ਅਤੇ ਖ਼ਾਸ ਤੌਰ 'ਤੇ ਬਰਤਾਨੀਆ 'ਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਹਨ।
ਦਸਤਾਵੇਜ਼ ਅਨੁਸਾਰ ਕੱਟੜਪੰਥੀ ਜਥੇਬੰਦੀਆਂ ਵਿਦੇਸ਼ 'ਚ ਸਿੱਖ ਨੌਜਵਾਨਾਂ ਨੂੰ ਅਤਿਵਾਦੀ ਬਣਾਉਣ ਲਈ ਜਮਾਤਾਂ ਤੱਕ ਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਯੂਥ ਸੈੱਲ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਮਾ (ਬੱਬਰ ਖ਼ਾਲਸਾ ਇੰਟਰਨੈਸ਼ਨਲ) ਸਿੱਖ ਨੌਜਵਾਨਾਂ ਲਈ ਇਸ ਤਰ੍ਹਾਂ ਦੀਆਂ ਸਿਖਲਾਈ ਜਮਾਤਾਂ ਲਾਉਣ ਦੀ ਯੋਜਨਾ ਬਣਾ ਰਹੇ ਹਨ।
ਦਸਤਾਵੇਜ਼ ਅਨੁਸਾਰ, ''ਵਿਚਾਰਕ ਰੂਪ 'ਚ ਸਿਖਲਾਈ ਤੋਂ ਇਲਾਵਾ ਨੌਜਵਾਨਾਂ ਨੂੰ ਆਮ ਰਸਾਇਣਾਂ ਦੇ ਪ੍ਰਯੋਗ ਨਾਲ ਧਮਾਕਾਖ਼ੇਜ਼ ਸਮੱਗਰੀ ਬਣਾਉਣ ਦੀ ਸਿਖਲਾਈ ਵੀ ਦਿਤੀ ਜਾਵੇਗੀ। ਪਿਛਲੇ ਕੁੱਝ ਮਹੀਨਿਆਂ 'ਚ ਸਟ੍ਰੇਟਫ਼ੋਰਡ ਬਰਮਿੰਘਮ 'ਚ ਸਪਾਰਕ ਹਿਲ ਸਥਿਤ ਗੁਰੂ ਨਾਨਕ ਗੁਰਦਵਾਰਾ (ਦਸੰਬਰ 2014 'ਚ) ਅਤੇ ਗਲਾਸਗੋ ਦੇ ਗੁਰਦਵਾਰਾ ਸਿੰਘ ਸਭਾ (ਜਨਵਰੀ 2015) 'ਚ ਇਸ ਤਰ੍ਹਾਂ ਦੀਆਂ ਜਮਾਤਾਂ ਲੱਗੀਆਂ ਸਨ।''
ਦਸਤਾਵੇਜ਼ ਅਨੁਸਾਰ ਬਰਤਾਨੀਆ ਦੇ ਸਮੇਥਵਿਕ 'ਚ 31 ਜੁਲਾਈ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਦੇ ਹੱਕ 'ਚ ਸਿੱਖ ਨੌਜਵਾਨਾਂ ਨੇ ਨਵੀਂ ਜਥੇਬੰਦੀ 'ਮੀਰੀ ਪੀਰੀ ਫ਼ਾਊਂਡੇਸ਼ਨ' ਦਾ ਐਲਾਨ ਕੀਤਾ ਸੀ। ਬੈਠਕ 'ਚ 125 ਲੋਕਾਂ ਨੇ ਹਿੱਸਾ ਲਿਆ ਜਿਸ 'ਚ ਖੇਮ ਸਿੰਘ ਨਾਮਕ ਨੌਜਵਾਨ ਸਮੇਤ ਜ਼ਿਆਦਾਤਰ ਸਿੱਖ ਨੌਜਵਾਨ ਸਨ। ਨਵੀਂ ਬਣੀ ਜਥੇਬੰਦੀ ਦੇ ਮਹੱਤਵਪੂਰਨ ਕਾਰਕੁਨ ਮੰਨੇ ਜਾ ਰਹੇ ਖੇਮ ਸਿੰਘ ਨੇ ਕਿਹਾ ਸੀ ਕਿ ਜਥੇਬੰਦੀ ਦਾ ਮਕਸਦ ਖ਼ਾਲਿਸਤਾਨ ਬਣਾਉਣਾ ਹੈ। ਦਸਤਾਵੇਜ਼ ਮੁਤਾਬਕ ਉਸ ਨੇ ਭੀੜ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ ਇਕ ਵਖਰੇ ਸਿੱਖ ਦੇਸ਼ ਬਣਾਉਣ 'ਚ ਯੋਗਦਾਨ ਦੇਣ ਦੀ ਅਪੀਲ ਕੀਤੀ। ਉਸ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਸਿੱਖਾਂ 'ਚ ਖ਼ਾਲਿਸਤਾਨ ਦੀ ਸੋਚ ਪੈਦਾ ਕਰਨ ਦੀ ਜ਼ਿੰਮੇਵਾਰੀ ਮੀਰੀ ਪੀਰੀ ਫ਼ਾਊਂਡੇਸ਼ਨ ਦੀ ਹੈ।
ਬਰਤਾਨੀਆ 'ਚ ਸਾਂਝਾ ਕੀਤੇ ਜਾਣ ਵਾਲੇ ਭਾਰਤੀ ਦਸਤਾਵੇਜ਼ ਅਨੁਸਾਰ ਸਿੱਖ ਜਥੇਬੰਦੀਆਂ ਨੇ ਕੁੱਝ ਦੇਸ਼ਾਂ 'ਚ ਪ੍ਰੋਗਰਾਮ ਕਰ ਕੇ ਖ਼ਾਲਿਸਤਾਨ ਐਲਾਨ ਦਿਵਸ ਮਨਾਇਆ। ਸ਼੍ਰੋਮਣੀ ਅਕਾਲੀ ਦਲ (ਅ) ਨੇ ਹੋਰ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨਾਲ ਲੈਸਟਰ ਦੇ ਗੁਰੂ ਤੇਗ਼ ਬਹਾਦਰ ਗੁਰਦਵਾਰੇ 'ਚ ਤਿੰਨ ਮਈ, 2015 ਨੂੰ ਇਕ ਪ੍ਰੋਗਰਾਮ 'ਚ ਖ਼ਾਲਿਸਤਾਨ ਐਲਾਨ ਦਿਵਸ ਮਨਾਇਆ ਸੀ। ਇਸ 'ਚ ਹਿੱਸਾ ਲੈਣ ਵਾਲੇ ਲੋਕਾਂ ਨੇ ਖ਼ਾਲਿਸਤਾਨ ਦੀ ਮੰਗ ਦੁਹਰਾਈ। ਸਿੱਖ ਆਗੂਆਂ ਨੇ ਸਿੱਖਾਂ ਨੂੰ ਭਾਰਤੀ ਪ੍ਰਸ਼ਾਸਨ ਵਿਰੁਧ ਬਾਪੂ ਸੂਰਤ ਸਿੰਘ ਦੀ ਲੜਾਈ 'ਚ ਉਨ੍ਹਾਂ ਦੀ ਮਦਦ ਕਰਨ ਦਾ ਸੱਦਾ ਦਿਤਾ। ਇਨ੍ਹਾਂ ਜਥੇਬੰਦੀਆਂ ਨੇ ਕਈ ਦੇਸ਼ਾਂ 'ਚ ਵਿਰੋਧ ਪ੍ਰਦਰਸ਼ਨ ਕਰ ਕੇ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮਨਾਈ।
ਦਸਤਾਵੇਜ਼ ਮੁਤਾਬਕ ਸਿੱਖ ਚੈਨਲ (ਯੂ. ਕੇ.), ਸੰਗਤ ਟੀ.ਵੀ. (ਯੂ.ਕੇ.), ਸਟਾਰ ਲਾਈਵ (ਫ਼ਰਾਂਸ) ਆਦਿ ਟੀ. ਵੀ. ਚੈਨਲਾਂ ਦੇ ਮਾਲਕ ਖ਼ਾਲਿਸਤਾਨ ਹਮਾਇਤੀ ਹਨ ਅਤੇ ਇਨ੍ਹਾਂ ਚੈਨਲਾਂ ਨੂੰ ਭਾਰਤ ਵਿਰੋਧੀ ਰੁਖ਼ ਲਈ ਜਾਣਿਆ ਜਾਂਦਾ ਹੈ। ਭਾਰਤ 'ਚ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਬੱਬਰ ਖ਼ਾਲਸਾ ਰੇਡੀਉ ਨਾਮ ਤੋਂ ਇੰਟਰਨੈੱਟ ਰੇਡੀਉ ਦੀ ਸ਼ੁਰੂਆਤ ਕੀਤੀ ਹੈ।
ਇਸ ਦਸਤਾਵੇਜ਼ ਵਿਚਲੀਆਂ ਗੱਲਾਂ 'ਤੇ ਸਿੱਖ ਸਮਾਜ ਹੱਸੇਗਾ ਕਿਉਂਕਿ ਆਜ਼ਾਦ ਮੁਲਕਾਂ 'ਚ ਰਹਿ ਕੇ ਇਹ ਸਭ ਕੁਝ ਕਰਨਾ ਕਾਨੂੰਨਨ ਅਤੇ ਜਾਇਜ਼ ਹੈ, ਜਿਨ੍ਹਾਂ ਨੂੰ ਮੋਦੀ ਸਰਕਾਰ ਹਊਆ ਬਣਾ ਕੇ ਹੋਰਨਾਂ ਸਿੱਖਾਂ ਨੂੰ ਡਰਾਉਣਾ ਚਾਹੁੰਦੀ ਹੈ। ਜਿਨ੍ਹਾਂ ਲੋਕਾਂ ਅਤੇ ਟੀ. ਵੀ. ਚੈਨਲ ਮਾਲਕਾਂ ਦੇ ਨਾਮ ਇਸ ਰਿਪੋਰਟ ਵਿੱਚ ਲਏ ਗਏ ਹਨ, ਉਹ ਆਮ ਕਿਰਤੀ ਸਿੱਖ ਹੀ ਨਹੀਂ ਬਲਕਿ ਬਰਤਾਨੀਆ ਦੇ ਚੰਗੇ ਸ਼ਹਿਰੀ ਵੀ ਹਨ, ਜਿਨ੍ਹਾਂ ਦਾ ਬਰਤਾਨੀਆ ਸਮੇਤ ਪੂਰੀ ਦੁਨੀਆ 'ਚ ਮਾਣ-ਸਨਮਾਨ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026