Posted on October 25th, 2015

ਸਰਬ-ਸੰਮਤੀ ਨਾਲ 10 ਨਵੰਬਰ ਦੇ ਸਰਬੱਤ ਖਾਲਸਾ ਦੀ ਵੀ ਹਮਾਇਤ
ਬਰਗਾੜੀ- ਗੋਲੀ ਕਾਂਡ 'ਚ ਸ਼ਹੀਦ ਹੋਣ ਵਾਲੇ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕ੍ਰਿਸ਼ਨ ਸਿੰਘ ਨਿਆਮੀਵਾਲਾ ਨਮਿਤ ਸ਼ਰਧਾਂਜਲੀ ਸਮਾਗਮ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਹੋਇਆ। ਸਮਾਗਮ ਵਿਚ ਭਾਰੀ ਗਿਣਤੀ 'ਚ ਸਿਆਸੀ, ਗ਼ੈਰ-ਸਿਆਸੀ, ਧਾਰਮਕ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਆਮ ਸਿੱਖਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ-ਨਾਲ ਸਿੱਖਾਂ 'ਤੇ ਹੋ ਰਹੇ ਅਤਿਆਚਾਰ ਅਤੇ ਵਿਤਕਰੇਬਾਜ਼ੀ ਦੀ ਵਿਸਥਾਰ ਸਹਿਤ ਚਰਚਾ ਕੀਤੀ।
ਦੋ ਦਰਜਨ ਤੋਂ ਵੀ ਵੱਧ ਧਾਰਮਕ ਸ਼ਖ਼ਸੀਅਤਾਂ ਨੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਰਕਾਰ ਦੀ ਪੁਲਿਸ ਵਲੋਂ ਸਿੱਖ ਨੌਜਵਾਨਾਂ ਉਪਰ ਕੀਤੇ ਜਾ ਰਹੇ ਤਸ਼ੱਦਦ, ਧੱਕੇਸ਼ਾਹੀ ਤੋਂ ਇਲਾਵਾ ਤਖ਼ਤਾਂ ਦੇ ਜਥੇਦਾਰਾਂ ਦੀਆਂ ਕੋਝੀਆਂ ਹਰਕਤਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਨਿੰਦਣਯੋਗ ਕਾਰਵਾਈਆਂ ਦਾ ਵੀ ਜ਼ਿਕਰ ਕੀਤਾ। ਅੰਤ 'ਚ ਪੰਜਾਹ ਹਜ਼ਾਰ ਤੋਂ ਵੀ ਵੱਧ ਸੰਗਤ ਦੇ ਇਕੱਠ ਤੋਂ ਹੱਥ ਖੜੇ ਕਰਵਾ ਕੇ ਪ੍ਰਵਾਨਗੀ ਲੈ ਕੇ 9 ਮਤੇ ਪਾਸ ਕੀਤੇ ਗਏ। ਸਾਰੇ ਮਤਿਆਂ ਦੀ ਜੈਕਾਰਿਆਂ ਦੀ ਗੂੰਜ 'ਚ ਸੰਗਤ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਪ੍ਰੋ.ਸਰਬਜੀਤ ਸਿੰਘ ਧੂੰਦਾ, ਹਰਜਿੰਦਰ ਸਿੰਘ ਮਾਝੀ, ਰਣਜੀਤ ਸਿੰਘ ਢਡਰੀਆਂ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਸਾਡੀ ਕੌਮ ਦੇ ਕੁੱਝ ਲੋਕ ਖਾਂਦੇ ਤਾਂ ਸਿੱਖ ਕੌਮ ਦਾ ਹਨ ਪਰ ਚਾਪਲੂਸੀ ਸਰਕਾਰ ਦੀ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ 'ਤੇ ਜਿਥੇ ਬਾਹਰੀ ਹਮਲਿਆਂ ਨੇ ਸੰਗਤ ਨੂੰ ਜਾਗਰੂਕ ਕੀਤਾ, ਉਥੇ ਸਿੱਖ ਸਿਧਾਂਤਾਂ, ਪੰਥਕ ਫ਼ਲਸਫ਼ੇ ਅਤੇ ਰਹਿਤ ਮਰਿਆਦਾ 'ਤੇ ਹੋ ਰਹੇ ਅੰਦਰੂਨੀ ਹਮਲਿਆਂ ਵਲ ਵੀ ਧਿਆਨ ਦੇਣ ਦੀ ਲੋੜ ਹੈ।
ਭਾਈ ਦਲਜੀਤ ਸਿੰਘ ਬਿੱਟੂ, ਬੀਬੀ ਪ੍ਰੀਤਮ ਕੌਰ, ਦਲੇਰ ਸਿੰਘ ਖੇੜੀ, ਅਮਰਜੀਤ ਸਿੰਘ ਕੰਗਣਵਾਲ ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਅਖੌਤੀ ਅਕਾਲੀਆਂ ਨੇ ਆਰ. ਐਸ. ਐਸ. ਦੇ ਥੱਲੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਤੇ ਕੌਮ ਨਾਲ ਗ਼ਦਾਰੀਆਂ ਕਰ ਕੇ ਹਰ ਵਾਰ ਸਿੱਖ ਸੰਗਤ ਨੂੰ ਜ਼ਲੀਲ ਕਰਨ ਜਾਂ ਚਿੜਾਉਣ ਵਾਲੀਆਂ ਕਾਰਵਾਈਆਂ ਕੀਤੀਆਂ। ਇਸ ਲਈ ਉਨ੍ਹਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਆਜ਼ਾਦ ਕਰਾਉਣਾ ਪਵੇਗਾ।
ਸਿਮਰਨਜੀਤ ਸਿੰਘ ਮਾਨ, ਜਗਦੀਸ਼ ਸਿੰਘ ਝੀਂਡਾ, ਗਿਆਨੀ ਕੇਵਲ ਸਿੰਘ, ਪਰਮਜੀਤ ਸਿੰਘ ਸਰਨਾ, ਗਿਆਨੀ ਰਾਮ ਸਿੰਘ ਸੰਗਰਾਵਾਂ, ਕਰਨੈਲ ਸਿੰਘ ਪੀਰਮੁਹੰਮਦ, ਚਰਨਜੀਤ ਸਿੰਘ ਚੰਨੀ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਜਨਰਲ ਡਾਇਰ ਦਾ ਰੂਪ ਧਾਰਨ ਕਰ ਚੁੱਕਾ ਹੈ ਤੇ ਇਸ ਕਰ ਕੇ ਸਿੱਖ ਨੌਜਵਾਨਾਂ 'ਤੇ ਜ਼ੁਲਮ ਦਾ ਦੌਰ ਫਿਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੇਤਾਵਨੀ ਦਿਤੀ ਕਿ ਉਹ ਦੀਵਾਲੀ ਤੋਂ ਪਹਿਲਾਂ-ਪਹਿਲਾਂ ਰੋਸ ਵਜੋਂ ਅਪਣੇ ਅਸਤੀਫ਼ੇ ਦੇਣ, ਨਹੀਂ ਤਾਂ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਸ ਮੌਕੇ ਪੰਜ ਪਿਆਰਿਆਂ ਦਾ ਸੁਨੇਹਾ ਲੈ ਕੇ ਪੁੱਜੇ ਭਾਈ ਮਲਕੀਤ ਸਿੰਘ ਨੇ ਮੰਗ ਕੀਤੀ ਕਿ ਸਿੱਖ ਕੌਮ ਨੂੰ ਅਜਿਹੇ ਰਾਹ 'ਤੇ ਚਲਣਾ ਚਾਹੀਦਾ ਹੈ ਜਿਸ ਨਾਲ ਕਿਸੇ ਧਿਰ ਦਾ ਨੁਕਸਾਨ ਨਾ ਹੋਵੇ ਤੇ ਸ਼ਾਂਤੀ ਕਾਇਮ ਰਹੇ।
ਮੁਸਲਿਮ ਸਿੱਖ ਫ਼ਰੰਟ ਵੱਲੋਂ ਮੁਹੰਮਦ ਸੱਯਾਦ ਮਲੇਰਕੋਟਲਾ ਨੇ ਉਨ੍ਹਾਂ ਨੌਜਵਾਨਾਂ ਨੂੰ ਵੰਗਾਰਿਆ, ਜੋ ਮਹਿਜ਼ ਨਸ਼ੇ ਦੀ ਖਾਤਰ ਅਕਾਲੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਵਿਦਵਾਨ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ 26 ਕਰੋੜ ਮੁਸਲਮਾਨਾਂ ਦਾ ਸਹਿਯੋਗ ਅਪਣੇ ਨਾਲ ਸਮਝਣ। ਇਸ ਮੌਕੇ ਐਡਵੋਕੇਟ ਪ੍ਰਸ਼ਾਤ ਭੂਸ਼ਣ, ਸੁਖਪਾਲ ਸਿੰਘ ਖਹਿਰਾ, ਜਗਤਾਰ ਸਿੰਘ ਰੋਡੇ, ਅਮਰੀਕ ਸਿੰਘ ਅਜਨਾਲਾ, ਅਵਤਾਰ ਸਿੰਘ ਕਰੀਮਪੁਰੀ, ਅਜੀਤ ਸਿੰਘ ਲੱਠੀਆਂ, ਸੁਖਵਿੰਦਰ ਸਿੰਘ ਹਰਿਆਣਾ, ਭਾਈ ਮੋਹਕਮ ਸਿੰਘ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਲਗਭਗ 5 ਘੰਟਿਆਂ ਤੋਂ ਜ਼ਿਆਦਾ ਸਮਾਂ ਚੱਲੇ ਸ਼ਰਧਾਂਜ਼ਲੀ ਸਮਾਗਮ ਦੌਰਾਨ 'ਖਾਲਿਸਤਾਨ ਜ਼ਿੰਦਾਬਾਦ' ਤੋਂ ਇਲਾਵਾ ਵਾਰ-ਵਾਰ 'ਬੋਲੇ-ਸੋ-ਨਿਹਾਲ' ਦੇ ਜੈਕਾਰਿਆਂ ਨਾਲ ਪੰਡਾਲ 'ਚ ਗੂੰਜ ਪੈਂਦੀ ਰਹੀ। ਮੌਸਮ ਦੀ ਬੇਯਕੀਨੀ ਬਣੀ ਰਹੀ ਪਰ ਇਕ ਤੋਂ ਵੱਧ ਵਾਰ ਕਿਣ-ਮਿਣ ਹੋਣ ਦੇ ਬਾਵਜੂਦ ਵੀ ਸੰਗਤਾਂ ਆਪਣੀ ਥਾਂ 'ਤੇ ਬੈਠੀਆਂ ਰਹੀਆਂ ਤੇ ਕਿਸੇ ਨੇ ਵੀ ਉਥੋਂ ਜਾਣ ਜਾਂ ਹਿਲਜੁਲ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ।
ਸਮਾਗਮ ਦੌਰਾਨ ਲਗਭਗ ਸਾਰੇ ਹੀ ਬੁਲਾਰਿਆਂ ਨੇ ਲੋਕਾਂ ਨੂੰ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਵੱਖ-ਵੱਖ ਫ਼ਿਰਕਿਆਂ ਦਰਮਿਆਨ ਲਕੀਰ ਖਿੱਚ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਅਤੇ ਸੰਗਤ ਅਜਿਹੇ ਤੱਤਾਂ ਦੀਆਂ ਚਾਲਾਂ ਵਿੱਚ ਨਾ ਆਵੇ।
ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੈਲਸਨ ਮੰਡੇਲਾ ਨਾਲ ਤੁਲਨਾ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੈਲਸਨ ਮੰਡੇਲਾ ਨੇ ਆਪਣੀ ਕੌਮ ਖਾਤਰ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੌਮ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਬਰਬਾਦ ਕੀਤਾ।
ਭਾਈ ਬਲਵਿੰਦਰ ਸਿੰਘ ਰੰਗੀਲਾ ਵੱਲੋਂ ਭੇਜੀ ਗਈ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਉਨ੍ਹਾਂ ਦੇ ਭਰਾ ਭਾਈ ਭੁਪਿੰਦਰ ਸਿੰਘ ਰੰਗੀਲਾ ਨੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਨੂੰ ਸੌਂਪੀ। ਜ਼ਖ਼ਮੀ ਹੋਏ ਬੇਅੰਤ ਸਿੰਘ ਨੂੰ ਵੀ ਇਕ ਲੱਖ ਰੁਪਏ ਦੀ ਮੱਦਦ ਦੇਣ ਦਾ ਐਲਾਨ ਕੀਤਾ ਗਿਆ। ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪੁਲੀਸ ਗੋਲੀ ਨਾਲ ਹਲਾਕ ਹੋਏ ਨੌਜਵਾਨਾਂ ਨੂੰ ਕੌਮ ਦੇ ਸ਼ਹੀਦ ਐਲਾਨਿਆ ਗਿਆ।
ਸਮਾਗਮ ਦੇ ਦਰਵਾਜ਼ੇ ਉਪਰ ਪ੍ਰਬੰਧਕਾਂ ਵੱਲੋਂ ਸੀਆਈਡੀ ਅਤੇ ਪੀ ਟੀ ਸੀ ਚੈਨਲ ਦੇ ਨੁਮਾਇੰਦਿਆਂ ਨੂੰ ਅੰਦਰ ਆਉਣ ਤੋਂ ਵਰਜਿਆ ਗਿਆ ਤੇ ਚੇਤਾਵਨੀ ਦਿੱਤੀ ਗਈ ਕਿ ਅੰਦਰ ਆਉਣ 'ਤੇ ਉਹ ਆਪਣੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ। ਪੁਲੀਸ ਵੀ ਸਮਾਗਮ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਰਹੀ।
ਸਮਾਗਮ ਦੇ ਅੰਤ 'ਚ ਸ਼ਹੀਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਿਰੋਪਾਓ, ਸਨਮਾਨ ਚਿੰਨ੍ਹ ਅਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਸਰਬ-ਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਅੱਜ ਤੋਂ ਪੰਜਾਬ ਭਰ 'ਚ ਲੱਗੇ ਰੋਸ ਧਰਨੇ ਹਟਾ ਦਿੱਤੇ ਜਾਣਗੇ ਪਰ ਸੰਘਰਸ਼ ਜਾਰੀ ਰਹੇਗਾ। ਸਮਾਗਮ ਦੌਰਾਨ ਸਰਬ-ਸੰਮਤੀ ਨਾਲ 10 ਨਵੰਬਰ ਦੇ ਸਰਬੱਤ ਖਾਲਸਾ ਦੀ ਵੀ ਹਮਾਇਤ ਕੀਤੀ ਗਈ। ਸਟੇਜ ਸੰਚਾਲਨ ਅਤੇ ਮਤੇ ਪੜ੍ਹਨ ਦੀ ਸੇਵਾ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਨਿਭਾਈ। ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਵੀ ਅਨੇਕਾਂ ਆਗੂਆਂ ਦੇ ਸੋਗ ਮਤੇ ਵੀ ਸਟੇਜ 'ਤੇ ਪੁੱਜੇ।
ਸੰਗਤ ਵੱਲੋਂ ਪਾਸ ਮਤੇ
* 27 ਅਕਤੂਬਰ ਨੂੰ ਅਖੰਡ ਪਾਠ ਰੱਖੇ ਤੇ 29 ਅਕਤੂਬਰ ਨੂੰ ਭੋਗ ਪਾਏ ਜਾਣਗੇ
* 3 ਨਵੰਬਰ ਨੂੰ ਦੁਪਹਿਰ 12 ਤੋਂ 3 ਵਜੇ ਤਕ ਸੜਕਾਂ ਦੇ ਕੰਢਿਆਂ 'ਤੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਵਾ
* ਆਵਾਜਾਈ ਅਤੇ ਕਾਰੋਬਾਰ ਠੱਪ ਨਾ ਕਰਨ ਦੀ ਹਦਾਇਤ
* ਕਾਲੀ ਦੀਵਾਲੀ ਮਨਾਉਣ ਅਤੇ ਕਾਲੀਆਂ ਝੰਡੀਆਂ ਲਾਉਣ ਦੇ ਨਿਰਦੇਸ਼
* ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ
* ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ
* ਸ਼੍ਰੋਮਣੀ ਕਮੇਟੀ ਦੀ ਚੋਣ ਨਵੇਂ ਸਿਰੇ ਤੋਂ ਕਰਵਾਈ ਜਾਵੇ
* ਨਕਲੀ ਦਵਾਈਆਂ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਵੇ

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026