Posted on May 27th, 2013

<p>ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ<br></p>
ਚੰਡੀਗੜ੍ਹ- ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਲਗਾਤਰ ਦੂਜੇ ਕਾਰਜਕਾਲ ਦੌਰਾਨ ਸਵਾ ਸਾਲ ਦੇ ਸਮੇਂ ਵਿੱਚ ਹੀ ਚਾਰ ਮੰਤਰੀਆਂ ਦੇ ਗੰਭੀਰ ਵਿਵਾਦਾਂ ਵਿੱਚ ਘਿਰਨ ਕਾਰਨ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਗੱਠਜੋੜ ਸਰਕਾਰ ਨੇ ਸਿਆਸੀ ਫਰੰਟ ’ਤੇ ਚੋਣਾਂ ਜਿੱਤਣ ਕਾਰਨ ਲੋਕਾਂ ਵਿੱਚ ਮਜ਼ਬੂਤ ਅਧਾਰ ਹੋਣ ਦਾ ਦਾਅਵਾ ਤਾਂ ਕੀਤਾ ਹੈ ਪਰ ਪ੍ਰਸ਼ਾਸਕੀ ਫਰੰਟ ’ਤੇ ਸਵਾ ਸਾਲ ਸਰਕਾਰ ਲਈ ਖੁਸ਼ਗਵਾਰ ਨਹੀਂ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ ਦਿਨਾਂ ਦੌਰਾਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੌਰਾਨ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਦੀ ਭਾਰੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਵਿਭਾਗ ਵਿਚਲੇ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਅਜਿਹੇ ਘਿਰੇ ਕਿ ਹਾਕਮ ਪਾਰਟੀਆਂ ਦੀ ਜਿੱਤ ਦਾ ਸਵਾਦ ਕਿਰਕਿਰਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਸਿਕੰਦਰ ਸਿੰਘ ਮਲੂਕਾ ਵਿਰੁੱਧ ਲੱਗੇ ਦੋਸ਼ਾਂ ਦੀ ਪੜਤਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਵੱਲੋਂ ਕੀਤੇ ਜਾਣ ਕਾਰਨ ਸਿੱਖਿਆ ਮੰਤਰੀ ਨੂੰ ਸਰਕਾਰ ਵੱਲੋਂ ਕਲੀਨ ਚਿੱਟ ਦਿੱਤੀ ਨਹੀਂ ਮੰਨੀ ਜਾ ਰਹੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਲੂਕਾ ਦੇ ਮਾਮਲੇ ’ਤੇ ਕਾਫ਼ੀ ਪ੍ਰੇਸ਼ਾਨ ਦੱਸੇ ਜਾ ਰਹੇ ਹਨ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਮੁੜ ਸਰਕਾਰ ਬਣਨ ਉਪਰੰਤ 15 ਦਿਨਾਂ ਦੇ ਅੰਦਰ ਅੰਦਰ ਹੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਜਗੀਰ ਕੌਰ ਨੂੰ ਸਜ਼ਾ ਸੁਣਾ ਦਿੱਤੀ। ਇਹ ਮਾਮਲਾ ਅਜੇ ਠੰਢਾ ਵੀ ਨਹੀਂ ਸੀ ਹੋਇਆ ਕਿ ਤਤਕਾਲੀ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਇਹ ਦੋਵੇਂ ਅਕਾਲੀ ਲੀਡਰ ਵਜ਼ਾਰਤ ਤੋਂ ਬਾਹਰ ਕਰ ਦਿੱਤੇ ਗਏ। ਰੌਚਕ ਤੱਥ ਇਹ ਹੈ ਕਿ ਇਨ੍ਹਾਂ ਦੀ ਥਾਂ ’ਤੇ ਕਿਸੇ ਵੀ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਸਾਬਕਾ ਪੀ.ਏ. ਵੱਲੋਂ ਸਰਹੱਦੀ ਏਰੀਆ ਵਿਕਾਸ ਫੰਡ ਵਿੱਚ ਕਰੋੜਾਂ ਰੁਪਏ ਦਾ ਘਪਲਾ ਕਰਨ ਤੋਂ ਬਾਅਦ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਮਾਮਲੇ ਦੀ ਪੜਤਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ। ਜਿਸ ਦੌਰਾਨ ਸ੍ਰੀ ਰਣੀਕੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਵਿਜੀਲੈਂਸ ਦੀ ਰਿਪੋਰਟ ਤੋਂ ਬਾਅਦ ਗੁਲਜ਼ਾਰ ਸਿੰਘ ਰਣੀਕੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਸਨ।
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਮ ਸਿੱਖਿਆ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਨਾਲ ਜੁੜਨ ਕਾਰਨ ਸਰਕਾਰ ਦੇ ਚਾਰ ਮੰਤਰੀ ਸਵਾ ਸਾਲ ਦੇ ਸਮੇਂ ਦੌਰਾਨ ਹੀ ਕਿਸੇ ਨਾ ਕਿਸੇ ਮਾਮਲੇ ’ਤੇ ਵਿਵਾਦਾਂ ਵਿੱਚ ਘਿਰੇ ਦਿਖਾਈ ਦੇ ਰਹੇ ਹਨ। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਅਕਾਲੀਆਂ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਮੁੱਖ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਹੁਦੇ ਤੋਂ ਲਾਂਭੇ ਕਰ ਸਕਦੇ ਹਨ। ਸ੍ਰੀ ਬਾਦਲ ਵੱਲੋਂ ਸੋਮਵਾਰ ਦੇਰ ਸ਼ਾਮ ਸਿੱਖਿਆ ਵਿਭਾਗ ਦੀਆਂ ਬੇਨਿਯਮੀਆਂ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਾਉਣ ਦੇ ਫੈਸਲੇ ਨਾਲ ਇਹ ਗੱਲ ਸਾਹਮਣੇ ਆ ਗਈ ਹੈ ਕਿ ਸ੍ਰੀ ਮਲੂਕਾ ਦੀ ਕੁਰਸੀ ਨੂੰ ਫਿਲਹਾਲ ਕੋਈ ‘ਖ਼ਤਰਾ’ ਨਹੀਂ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਸਿੱਖਿਆ ਮੰਤਰੀ ਵਿਰੁਧ ਜਾਂਚ ਦਾ ਫੈਸਲਾ ਮੁੱਖ ਮੰਤਰੀ ਨੇ ਅੱਜ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲਿਆ। ਇਨ੍ਹਾਂ ਸੂਤਰਾਂ ਮੁਤਾਬਕ ਸ੍ਰੀ ਬਾਦਲ ਨੇ ਸਿੱਖਿਆ ਵਿਭਾਗ ਵਿੱਚ ਹੋਈਆਂ ਵਿੱਤੀ ਬੇਨਿਯਮੀਆਂ ’ਤੇ ਟਿੱਪਣੀ ਕਰਦਿਆਂ ਕਿਹਾ ‘‘ਬਿਨਾਂ ਅੱਗ ਤੋਂ ਧੂੰਆਂ ਨਹੀਂ ਨਿਕਲਦਾ’’।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026