Posted on October 2nd, 2015

ਅਮਰੀਕਾ-ਕੈਨੇਡਾ ਸਰਹੱਦ 'ਤੇ ਹੋਏ ਸੈਮੀਨਾਰ 'ਚ ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੱਲ ਬਾਰੇ ਹੋਈਆਂ ਵਿਚਾਰਾਂ
ਬੈਲਿੰਗਹੈਮ (ਗੁਰਪ੍ਰੀਤ ਸਿੰਘ ਸਹੋਤਾ)- ਬੀਤੇ ਐਤਵਾਰ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਸ਼ਹਿਰ ਬੈਲਿੰਗਹੈਮ ਦੇ ਵਾਟਕਮ ਕਮਿਊਨਟੀ ਕਾਲਜ ਵਿਖੇ ਇੱਕ ਸੈਮੀਨਾਰ ਉਲੀਕਿਆ ਗਿਆ, ਜਿਸ ਵਿੱਚ ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੱਲ ਬਾਰੇ ਹੋਈਆਂ ਵਿਚਾਰਾਂ ਹੋਈਆਂ। ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਦੇ ਸੰਚਾਲਕ ਡਾ. ਅਮਰਜੀਤ ਸਿੰਘ, ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋ. ਇੰਦਰਾ ਪ੍ਰਸਥ ਅਤੇ ਨੌਜਵਾਨ ਬੁਲਾਰੇ ਮੋਨਿੰਦਰ ਸਿੰਘ ਨੇ ਆਪਣੇ ਵਿਚਾਰ ਸਿਆਟਲ, ਬੈਲਿੰਗਹੈਮ, ਲਿੰਡਨ, ਸਰੀ ਅਤੇ ਐਬਟਸਫੋਰਡ ਤੋਂ ਚੱਲ ਕੇ ਆਏ ਤਕਰੀਬਨ 250 ਦੇ ਕਰੀਬ ਵਿਚਾਰਵਾਨਾਂ ਅੱਗੇ ਰੱਖੇ। ਮਨੁੱਖੀ ਅਧਿਕਾਰਾਂ ਦੀ ਅੱਗੇ ਹੋ ਕੇ ਗੱਲ ਕਰਨ ਵਾਲੇ ਕੈਨੇਡੀਅਨ ਕਾਰਕੁੰਨ ਸ੍ਰੀ ਸੁਨੀਲ ਕੁਮਾਰ ਨੇ ਤਕਰੀਬਨ 3 ਘੰਟੇ ਚੱਲੇ ਇਸ ਸੈਮੀਨਾਰ ਦਾ ਬਾਖੂਬੀ ਮੰਚ ਸੰਚਾਲਨ ਕੀਤਾ।
ਯੂਨੀਵਰਸਿਟੀ ਆਫ ਫਰੇਜ਼ਰ ਵੈਲੀ 'ਚ ਪੜ੍ਹਾਉਂਦੇ ਅਤੇ ਸਿੱਖ ਮਸਲਿਆਂ 'ਤੇ ਪੂਰੀ ਪਕੜ ਰੱਖਣ ਵਾਲੇ ਕੈਨੇਡੀਅਨ ਜੰਮਪਲ ਨੌਜਵਾਨ ਬੁਲਾਰੇ ਮੋਨਿੰਦਰ ਸਿੰਘ ਨੇ ਆਪਣੇ ਵਿਚਾਰ ਇੱਕ ਸਲਾਈਡ ਸ਼ੋਅ ਰਾਹੀਂ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਸਰੀਰਕ ਤੇ ਮਾਲੀ ਨੁਕਸਾਨ ਕਰਾਏ ਬਿਨਾਂ ਪ੍ਰਾਪਤੀ ਚਾਹੁੰਦੇ ਹਾਂ। ਜਦ ਕਿ ਇਤਿਹਾਸਕ ਸਚਾਈ ਇਹ ਹੈ ਕਿ ਜਦੋਂ ਵੀ ਸਿੱਖਾਂ ਨੇ ਕੋਈ ਜ਼ਾਲਮ ਸੋਧਿਆ ਤਾਂ ਮਗਰੋਂ ਨੁਕਸਾਨ ਹੋਇਆ। 1710 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਹਮਲੇ ਵੇਲੇ ਵੀ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੋਖੀਆਂ ਨੂੰ ਨਹੀਂ ਕੰਟਰੋਲ ਕਰ ਸਕਦੇ ਪਰ ਆਪਣੇ ਆਪ ਨੂੰ ਕਰ ਸਕਦੇ ਹਾਂ। ਗੁਰੂ ਸਾਹਿਬ ਵੇਲੇ ਤੋਂ ਗੁਰੂ ਘਰ ਦੀ ਵਿਰੋਧਤਾ ਚੱਲਦੀ ਆਈ ਹੈ ਤੇ ਇਹ ਚੱਲਦੀ ਹੀ ਰਹਿਣੀ ਹੈ।
ਕੌਮ ਨੂੰ ਹਲੂਣਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ ਹੋਏ ਆਪਣੇ ਮੌਜੂਦਾ ਜਰਨੈਲਾਂ ਦਾ ਨਾਂ ਲੈਣੋਂ ਵੀ ਡਰਦੇ ਹਾਂ, ਉਨ੍ਹਾਂ ਦਾ ਜੋ ਸਾਡੇ ਲਈ ਜਾਨਾਂ ਵਾਰ ਗਏ। ਅਸੀਂ ਸੋਚਦੇ ਹਾਂ ਕਿ ਪੱਛਮੀ ਮੁਲਕਾਂ ਨੇ ਸਾਨੂੰ ਖਾਲਿਸਤਾਨ ਲੈ ਦੇਣਾ। ਜਦਕਿ ਇਨ੍ਹਾਂ ਨੇ ਆਪਣੇ ਆਰਥਿਕ ਮੁਫਾਦ ਦੇਖਣੇ ਹਨ, ਫ਼ਾਇਦਾ ਕਿੱਥੋਂ ਹੈ ਤੇ ਸਚਾਈ ਇਹ ਹੈ ਕਿ ਇਨ੍ਹਾਂ ਨੂੰ ਪੰਜਾਬ ਤੋਂ ਆਰਥਿਕ ਫਾਇਦਾ ਕੋਈ ਨਹੀਂ। ਕੌਮਾਂ ਦੇ ਘਰ ਬਣਨ ਨੂੰ ਸਦੀਆਂ ਲੱਗਦੀਆਂ। ਯਹੂਦੀਆਂ ਨੂੰ ਸਤਾਈ ਸੌ ਸਾਲ ਲੱਗਾ, ਸਾਨੂੰ ਖਰੇ ਘੱਟ, ਖਰੇ ਵੱਧ ਲੱਗੂ। ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਘਰਾਂ 'ਚ ਤੇ ਬਾਹਰ ਆਪਣੇ ਆਜ਼ਾਦ ਘਰ ਦੀ ਗੱਲ ਕਰੀਏ। ਸਵਾਲ ਕਰੀਏ ਤੇ ਵਿਚਾਰੀਏ। ਪਿਛਲੇ 30 ਸਾਲ ਵਿੱਚ ਅਸੀਂ ਸੰਘਰਸ਼ ਦੇ ਸਾਰੇ ਤਰੀਕੇ ਵਰਤੇ ਹਨ। ਹਥਿਆਰਬੰਦ, ਲਾਬੀ, ਸਿਆਸੀ, ਵਿਖਾਵੇ, ਰਾਇਸ਼ੁਮਾਰੀ ਆਦਿ ਤੇ ਇਹ ਤਰੀਕੇ ਸੰਘਰਸ਼ਾਂ 'ਚ ਵਰਤੇ ਵਾਰ ਵਾਰ ਜਾਂਦੇ ਰਹਿੰਦੇ ਹਨ। ਸਮੇਂ ਨਾਲ ਸੰਘਰਸ਼ ਦੇ ਤਰੀਕੇ ਬਦਲ ਜਾਂਦੇ ਹਨ ਪਰ ਸੰਘਰਸ਼ ਆਪਣੀ ਚਾਲ ਚਲਦਾ ਰਹਿੰਦਾ ਹੈ। ਸੰਘਰਸ਼ ਨੂੰ ਤੋਰੀ ਰੱਖਣ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ, ਇਸਦੀ ਗੱਲ ਚਲਦੀ ਰਹਿਣੀ। ਇਹ 2020 ਰਾਇਸ਼ੁਮਾਰੀ, ਰੋਸ ਵਿਖਾਵੇ, ਲਾਬੀ, ਬਾਪੂ ਜੀ ਦੀ ਭੁੱਖ ਹੜਤਾਲ ਸਭ ਸੰਘਰਸ਼ ਦੀ ਗੱਲ ਤੋਰੀ ਰੱਖਣ ਦੀ ਤਰੀਕ ਹਨ ਅਤੇ ਇਨ੍ਹਾਂ ਉਤੇ ਕੌਮ ਨੂੰ ਆਪਸ ਵਿੱਚ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ। ਹਰ ਕੋਈ ਆਪਣੇ ਮੁਤਾਬਿਕ ਸੰਘਰਸ਼ ਦੀ ਗੱਲ ਕਰੇ ਪਰ ਹਰ ਘਰ 'ਚ ਇਸਦੀ ਚਰਚਾ ਜ਼ਰੂਰ ਹੋਵੇ, ਸੰਘਰਸ਼ ਇਸ ਤਰ੍ਹਾਂ ਹੀ ਅੱਗੇ ਵਧਦੇ ਹਨ।
ਵੈਨਕੂਵਰ ਤੋਂ ਪੁੱਜੀ ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋ. ਇੰਦਰਾ ਪ੍ਰਸਥ ਨੇ ਆਪਣੇ ਪ੍ਰਭਾਵਸਾਲੀ ਭਾਸ਼ਣ 'ਚ ਕਿਹਾ ਕਿ ਸਿੱਖ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਸਿੱਖਾਂ ਦੇ ਮਾਲਕ ਬਦਲੇ ਹਨ, ਹਨ ਉਹ ਗੁਲਾਮ ਹੀ। ਸੰਤ ਜਰਨੈਲ ਸਿੰਘ ਜੀ ਨੇ ਇਹ ਸਭ ਕੁਝ ਭਾਂਪ ਲਿਆ ਸੀ ਪਰ ਸਿੱਖ ਡਰਦੇ ਹੀ ਉਨ੍ਹਾਂ ਦੀਆਂ ਗੱਲਾਂ 'ਤੇ ਚੱਲ ਨਹੀਂ ਰਹੇ। ਅਚੇਤ ਮਨ ਵਿੱਚ ਵਿਚਰ ਰਹੇ ਸਿੱਖ, ਸਿੱਖੀ ਦਾ ਵਧੇਰੇ ਨੁਕਸਾਨ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਆਪਣੇ ਫਾਇਦੇ ਤੋਂ ਅੱਗੇ ਕੁਝ ਦਿਸਦਾ ਹੀ ਨਹੀਂ। ਇਤਿਹਾਸ ਵੱਲ ਨਹੀਂ ਦੇਖ ਰਹੇ ਕਿ ਸਿੱਖ ਦਾ ਚਰਿੱਤਰ ਕੀ ਹੈ। ਬਹੁਤੇ ਸਿੱਖ ਡਰਦੇ ਹਨ, ਖਾਲਿਸਤਾਨ ਦੀ ਗੱਲ ਕਰਨੋਂ ਜਦੋਂ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ। ਮੇਰੀ ਖੋਜ, ਮੇਰੀ ਪੜ੍ਹਾਈ ਕਹਿੰਦੀ ਹੈ ਕਿ ਜੇਕਰ ਸਿੱਖਾਂ ਨੇ ਦੁਨੀਆਂ ਦੇ ਨਕਸ਼ੇ 'ਤੇ ਸਿੱਖ ਬਣ ਕੇ ਵਿਚਰਨਾ ਹੈ, ਸਿੱਖੀ ਕਾਇਮ ਰੱਖਣੀ ਹੈ ਤਾਂ ਇਸ ਕੌਮ ਨੂੰ ਖਾਲਿਸਤਾਨ ਅਵੱਸ਼ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ 'ਚ ਰਾਜ ਲੈਣ ਦੀ ਚਾਹਤ ਬਰਕਰਾਰ ਹੈ ਪਰ ਖੁੱਲ੍ਹ ਕੇ ਮੰਗ ਨਹੀਂ ਰਹੇ। ਜੇ ਕੋਈ ਹੋਰ ਲੈ ਕੇ ਦੇ ਦੇਵੇ ਤਾਂ ਬਹੁਤਿਆਂ ਨੂੰ ਠੀਕ ਲੱਗੇਗਾ ਪਰ ਅਜਿਹਾ ਹੁੰਦਾ ਨਹੀਂ, ਕੋਈ ਕਿਸੇ ਲਈ ਨਹੀਂ ਲੜਦਾ, ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਧਰਮ ਨਿਰਪੱਖਤਾ ਇੱਕ ਐਸਾ ਹਥਿਆਰ ਹੈ, ਜਿਸਨੂੰ ਸਿੱਖੀ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ। ਸਿੱਖ ਕੌਮ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਸਿੱਖੀ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਸਿੱਖ ਦੁਸ਼ਮਣਾਂ ਦੀਆਂ ਚਾਲਾਂ ਹਨ, ਜਿਨ੍ਹਾਂ ਨੂੰ ਸਿੱਖਾਂ ਵਲੋਂ ਸੰਘਰਸ਼ ਕਰਕੇ ਹੀ ਖੁੰਢਾ ਕੀਤਾ ਜਾ ਸਕਦਾ ਹੈ, ਇਹੀ ਇੱਕ ਹੱਲ ਹੈ।
ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਆਪਣੀ ਦਿਲਚਸਪ ਅਤੇ ਤੱਥ ਭਰਪੂਰ ਤਕਰੀਰ ਵਿੱਚ ਆਖਿਆ ਕਿ ਸਿੱਖੀ ਨੂੰ ਗੰਧਲ਼ਾ ਕੀਤਾ ਜਾ ਰਿਹਾ ਹੈ। ਸਿੱਖ ਹੁਣ ਸਿੱਖ ਨਾਲ਼ੋਂ ਪੰਜਾਬੀ ਕਹਾਉਣ 'ਚ ਮਾਣ ਮਹਿਸੂਸ ਕਰਨ ਲੱਗਾ ਹੈ। ਸਾਡੇ ਤਖਤ, ਸ਼੍ਰੋਮਣੀ ਕਮੇਟੀ ਸਮੇਤ ਸਾਰਾ ਸਿਸਟਮ ਬ੍ਰਾਹਮਣਵਾਦ ਦੇ ਪੰਜੇ 'ਚ ਹੈ, ਕੇਵਲ ਪੰਜਾਬ ਦੀ ਧਰਤੀ ਹੀ ਨਹੀਂ। ਸੌਦਾ ਸਾਧ ਨੂੰ ਮਾਫੀ ਦੇ ਮਸਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 8 ਸਾਲ ਪਹਿਲਾਂ ਵੀ ਸਿੱਖਾਂ ਦੇ ਰੋਹ ਅੱਗੇ ਅਕਾਲ ਤਖਤ ਵਲੋਂ ਮਜ਼ਬੂਰੀਵੱਸ ਗੁਰਮਤਾ ਜਾਰੀ ਕਰਨਾ ਪਿਆ ਸੀ। ਇਸ ਆਦੇਸ਼ ਦੀ ਪੂਰਤੀ ਲਈ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਤੇ ਜੇਲ੍ਹਾਂ 'ਚ ਗਏ ਪਰ ਜਥੇਦਾਰਾਂ ਨੇ ਕੌਮ ਨਾਲ ਧੋਖਾ ਕੀਤਾ ਹੈ।
ਨਾਦਰ ਸ਼ਾਹ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਵਾਰ ਉਸਨੇ ਹਾਥੀ ਦੀ ਸਵਾਰੀਕਰਨ ਦੀ ਇੱਛਾ ਜ਼ਾਹਰ ਕੀਤੀ, ਹਾਥੀ 'ਤੇ ਚੜ੍ਹ ਕੇ ਪੁੱਛਿਆ ਕਿ ਇਸਦੀ ਲਗਾਮ ਕਿੱਥੇ ਹੈ ਤਾਂ ਵਜ਼ੀਰਾਂ ਨੇ ਕਿਹਾ ਕਿ ਹਾਥੀ ਦੀ ਲਗਾਮ ਨਹੀਂ ਹੁੰਦੀ, ਮਹਾਵਤ ਹੀ ਇਸਨੂੰ ਚਲਾਉਂਦਾ ਹੈ ਤਾਂ ਨਾਦਰ ਸ਼ਾਹ ਨੇ ਉਸੇ ਵੇਲੇ ਇਹ ਕਹਿੰਦਿਆਂ ਹਾਥੀ ਤੋਂ ਛਾਲ ਮਾਰ ਦਿੱਤੀ ਕਿ ਜਿਸਦੀ ਲਗਾਮ ਮੇਰੇ ਹੱਥ ਨਹੀਂ, ਮੈਂ ਉਹ ਸਵਾਰੀ ਨਹੀਂ ਕਰਦਾ। ਸਿੱਖਾਂ ਨੂੰ ਵੀ ਇਹੀ ਤਰੀਕਾ ਅਪਨਾਉਣਾ ਪੈਣਾ। ਆਪਣੀ ਲੜਾਈ ਆਪ ਲੜਨੀ ਪੈਣੀ, ਲਗਾਮਾਂ ਆਪਣੇ ਹੱਥ ਲੈਣੀਆਂ ਪੈਣੀਆਂ, ਸਿੱਖ ਦਿਸਦੇ ਵਿਕਾਊ ਲੀਡਰਾਂ ਨੇ ਕੌਮ ਨੂੰ ਕੁਝ ਨਹੀਂ ਲੈ ਕੇ ਦੇਣਾ।
ਡਾ. ਅਮਰਜੀਤ ਸਿੰਘ ਨੇ ਕੌਮ ਨੂੰ ਧਰਮ ਨਾਲ ਜੁੜਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋ. ਜੋਧ ਸਿੰਘ ਨੂੰ ਕਿਸੇ ਪ੍ਰੋਫੈਸਰ ਨੇ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ? ਤਾਂ ਉਨ੍ਹਾਂ ਦਾ ਜਵਾਬ ਸੀ, ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ। ਮਤਲਬ ਕਿ ਮਾਪੇ ਧਰਮੀ ਹੋਣ। ਸਿੱਖ ਨੂੰ ਧਰਮ 'ਚ ਪਰਪੱਕ ਹੋਣਾ ਚਾਹੀਦਾ ਹੈ, ਫਿਰ ਬਾਹਰੀ ਤਾਕਤਾਂ ਨਾਲ ਲੜਨ ਦਾ ਜਜ਼ਬਾ ਪੈਦਾ ਹੁੰਦਾ ਹੈ। ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਵਿਸ਼ਵਾਸ ਅਤੇ ਅਮਲ ਸਾਡੀਆਂ ਸਮੱਸਿਆਵਾਂ ਦਾ ਹੱਲ ਹੈ।
ਉਨ੍ਹਾਂ ਸਿੱਖ ਨੌਜਵਾਨਾਂ ਨੂੰ ਫੇਸਬੁੱਕ 'ਤੇ ਛਾਈਆਂ ਏਜੰਸੀਆਂ ਦੇ ਸ਼ਿਕਾਰ ਹੋਣ ਤੋਂ ਬਚਣ ਦੀ ਸਲਾਹ ਦਿੱਤੀ, ਜੋ ਸਿੱਖ ਜਰਨੈਲਾਂ ਦੀਆਂ ਆਈ. ਡੀਜ਼ ਬਣਾ ਕੇ ਭੜਕਾਊ ਗੱਲਾਂ ਕਰਦੀਆ ਹਨ। ਮੋਦੀ ਦੇ ਅਮਰੀਕਾ ਵਿੱਚ ਹੋਏ ਸਖਤ ਵਿਰੋਧ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਲੋਂ ਬਿਲੀਅਨਾਂ ਡਾਲਰਾਂ ਦੀਆਂ ਡੀਲ਼ਾ ਕਰਕੇ ਇਜ਼ਰਾਇਲ ਤੇ ਅਮਰੀਕਾ ਨੂੰ ਖੁਸ਼ ਕੀਤਾ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਹਮਾਇਤ, ਸਹਾਇਤਾ ਲੈਣ ਦੇ ਨਾਲ-ਨਾਲ ਉਨ੍ਹਾਂ ਦਾ ਮੀਡੀਆ ਵਰਤ ਕੇ ਮੋਦੀ ਨੂੰ ਮਹਾਨ ਸਿੱਧ ਕੀਤਾ ਜਾ ਸਕੇ। ਵਪਾਰੀ ਨੇ ਵਪਾਰ ਵੇਚਣਾ ਹੈ ਪਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਣਾ ਹੈ, ਜਿਸਦਾ ਸਬੂਤ ਮੋਦੀ ਦਾ ਵਿਰੋਧ ਹੈ।
ਅਖੀਰ 'ਚ ਉਨ੍ਹਾਂ ਕਿਹਾ ਕਿ ਇੰਨੇ ਮੁਲਕਾਂ 'ਚ ਸੁਪਰਪਾਵਰ ਅਮਰੀਕਾ ਦੀਆਂ ਅੰਬੈਸੀਆਂ ਨਹੀਂ, ਜਿੰਨੇ ਮੁਲਕਾਂ 'ਚ ਸਾਡੇ ਨਿਸ਼ਾਨ ਸਾਹਿਬ ਝੁੱਲ ਰਹੇ ਹਨ, ਘਾਟ ਹੈ ਤਾਂ ਆਤਮ ਵਿਸ਼ਵਾਸ ਦੀ ਹੈ। ਆਪਣਾ ਆਪ ਪਛਾਣੋ, ਅਸੀਂ ਕਿਨ੍ਹਾਂ ਦੇ ਵਾਰਸ ਹਾਂ। ਖਾਲਿਸਤਾਨ ਦੀ ਕਾਇਮੀ ਲਈ ਵਚਨਬੱਧ ਹੋਵੋ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026