Posted on September 11th, 2015

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਨਸ਼ੇ ਖਤਮ ਕਰਨ ਅਤੇ ਜਾਗਰੂਕਤਾ ਵਧਾਉਣ ਲਈ ਹੋਂਦ ਵਿੱਚ ਲਿਆਂਦੀ ਗਈ ਸਥਾਨਕ ਜਥੇਬੰਦੀ 'ਕੈਨੇਡੀਅਨ ਪ੍ਰੈਸ਼ਰ ਆਰਗੇਨਾਈਜ਼ੇਸ਼ਨ' ਵਲੋਂ ਸਰੀ ਦੇ ਮਸ਼ਹੂਰ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਸੋਮਵਾਰ ਸ਼ਾਮ ਕਰਵਾਏ ਗਏ ਸਮਾਗਮ 'ਚ ਭਾਰੀ ਇਕੱਠ ਹੋਇਆ, ਜਿੱਥੇ ਗਾਇਕ ਰਾਜ ਬਰਾੜ ਨੇ ਆਪਣੀ ਸ਼ਰਾਬ ਦੀ ਲਤ ਬਾਰੇ ਤੇ ਫਿਰ ਉਸ 'ਚੋਂ ਨਿਕਲ ਜਾਣ ਬਾਰੇ ਦਰਸ਼ਕਾਂ ਸਾਹਮਣੇ ਸਟੇਜ ਤੋਂ ਖੁੱਲ੍ਹ ਕੇ ਦੱਸਿਆ ਤਾਂ ਕਿ ਨਸ਼ਿਆਂ 'ਚ ਫਸੇ ਹੋਰ ਨੌਜਵਾਨਾਂ ਨੂੰ ਪ੍ਰੇਰਨਾ ਮਿਲ ਸਕੇ। ਘਰਦਿਆਂ ਅਤੇ ਆਪਣੀ ਨਜ਼ਰ 'ਚੋਂ ਡਿਗਣ ਤੋਂ ਬਾਅਦ ਨਸ਼ਾ ਸੁਧਾਰ ਕੇਂਦਰ ਤੱਕ ਦਾ ਉਸਦਾ ਸਫਰ ਰੌਂਗਟੇ ਖੜ੍ਹੇ ਕਰਦਾ ਹੈ। ਨਾਲ ਹੀ ਆਸ ਦੀ ਕਿਰਨ ਵੀ ਵਿਖਾਉਂਦਾ ਹੈ ਕਿ ਮਨੋਂ ਤਕੜੇ ਹੋ ਕੇ ਨਸ਼ਾ ਤਿਆਗਿਆ ਜਾ ਸਕਦਾ ਹੈ।
ਕਈ ਸਾਲਾਂ ਤੱਕ ਨਸ਼ਿਆਂ ਦੀ ਆਦਤ ਨਾਲ ਜੀਅ ਰਹੇ ਰਾਜ ਬਰਾੜ ਨੇ ਬਿਨਾਂ ਝਿਜਕ ਦੱਸਿਆ ਕਿ ਕਿਵੇਂ ਇੱਕ ਸ਼ਰਾਬੀ ਇਨਸਾਨ ਨੂੰ ਬੇਇੱਜ਼ਤੀ, ਲਾਚਾਰੀ ਅਤੇ ਬੇਸ਼ਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਪਰਿਵਾਰਕ ਜੀਅ ਕਿਵੇਂ ਨਰਕ ਹੰਢਾਉਂਦੇ ਹਨ। ਉਸ ਨੇ ਦੱਸਿਆ ਕਿ ਨਸ਼ੇੜੀਆਂ ਨੂੰ ਸੁਧਾਰਨ ਲਈ ਸਖਤੀ ਨਹੀਂ ਸਗੋਂ ਹਮਦਰਦੀ ਦੀ ਲੋੜ ਹੁੰਦੀ ਹੈ। ਪੰਜਾਬ ਦੇ ਨਸ਼ਾ ਛੁਡਾਊ ਕੇਦਰਾਂ ਵਿੱਚੋਂ ਬਹੁਤਿਆਂ ਨੂੰ ਤਸ਼ੱਦਦ ਦੇ ਅੱਡੇ ਅਤੇ ਪਰਿਵਾਰਾਂ ਦੀ ਲੁੱਟ ਦੇ ਕੇਂਦਰ ਦੱਸਦਿਆਂ ਉਸਨੇ ਕਿਹਾ ਕਿ ਇੰਨਾ ਜ਼ੁਲਮ ਹੁੰਦਾ ਉਸਨੇ ਕਿਤੇ ਹੋਰ ਨਹੀਂ ਵੇਖਿਆ।
ਉਸ ਨੇ ਦੱਸਿਆ ਕਿ ਨਸ਼ਾ ਮੁਕਤ ਹੋਣ 'ਤੇ ਉਹ ਫ਼ਖ਼ਰ ਮਹਿਸੂਸ ਕਰਦਾ ਹੈ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੈ। ਇਸ ਨਰਕ ਵਿੱਚੋਂ ਕੱਢਣ ਦਾ ਸਭ ਤੋਂ ਵੱਡਾ ਕਾਰਨ ਉਹ ਆਪਣੇ ਦੋਸਤਾਂ ਨੂੰ ਦੱਸਦਾ ਹੈ, ਜਿਨ੍ਹਾਂ ਪੈਸਾ ਪਾਣੀ ਵਾਂਗ ਵਹਾਇਆ ਤੇ ਹਰ ਮੋੜ 'ਤੇ ਨਾਲ ਖੜ੍ਹੇ। ਸਹਾਇਤਾ ਲਈ ਟਰਾਂਟੋ ਦੇ ਪੰਜਾਬੀ ਗਾਇਕ ਲਾਲੀ ਅਟਵਾਲ ਦਾ ਉਸਨੇ ਵਿਸ਼ੇਸ਼ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਨਸ਼ਾਮੁਕਤੀ ਲਈ ਸਮਾਜ ਨੂੰ ਆਪਣੀ ਸੋਚ ਵੀ ਬਦਲਣੀ ਪਵੇਗੀ ਅਤੇ ਇਹ ਕੇਵਲ ਤੇ ਕੇਵਲ ਨਸ਼ੇ 'ਚ ਗਰਸੇ ਵਿਅਕਤੀ ਦੇ ਆਲੇ ਦੁਆਲੇ ਦੇ ਹਾਲਾਤਾਂ ਅਤੇ ਉਸ ਦੀ ਆਪਣੀ ਇੱਛਾ ਸ਼ਤੀ 'ਤੇ ਨਿਰਭਰ ਕਰਦਾ ਹੈ।
ਰਾਜ ਬਰਾੜ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਗਾਇਕ ਕੋਈ ਨਾ ਕੋਈ ਨਸ਼ਾ ਕਰਦੇ ਹਨ ਅਤੇ ਪੰਜਾਬ 'ਚ ਨਸ਼ੇ ਵਧਾਉਣ 'ਚ ਪੰਜਾਬੀ ਗਾਇਕਾਂ ਦਾ ਵੀ ਯੋਗਦਾਨ ਹੈ। ਸਟੇਜ ਤੋਂ ਮੀਰਾਂ ਗਿੱਲ ਨੇ ਰਾਜ ਬਰਾੜ ਨੂੰ ਲਗਭਗ ਉਹ ਸਾਰੇ ਸਵਾਲ ਪੁੱਛੇ, ਜੋ ਆਮ ਲੋਕਾਂ ਦ ਮਨਾਂ 'ਚ ਸਨ ਅਤੇ ਉਸਦੀ ਕਹਾਣੀ ਨੂੰ ਲੋਕਾਂ ਅੱਗੇ ਪੇਸ਼ ਕਰਨ 'ਚ ਬਾਖੂਬੀ ਭੂਮਿਕਾ ਨਿਭਾਈ।
ਜਥੇਬੰਦੀ ਵੱਲੋਂ ਸਰਬਜੀਤ ਸਿੰਘ ਸੰਧੂ, ਜਤਿੰਦਰ ਲਸਾੜਾ, ਲੱਕੀ ਧਾਲੀਵਾਲ, ਗੋਲਡੀ ਦਿਓਲ, ਕਰਨਬੀਰ ਦਿਓਲ, ਸੁਰਿੰਦਰ ਮੱਲੀ, ਰਘਬੀਰ ਸਿੰਘ ਭਰੋਵਾਲ ਅਤੇ ਸਾਥੀ ਵਾਲੰਟੀਅਰਾਂ ਨੇ ਰਾਜ ਬਰਾੜ ਦਾ ਸਨਮਾਨ ਕੀਤਾ ਅਤੇ ਆਪਣਾ ਪ੍ਰਣ ਦੁਹਾਰਇਆ ਕਿ ਜਥੇਬੰਦੀ ਨਸ਼ਿਆਂ ਖਿਲਾਫ ਲੜਾਈ ਨੂੰ ਜਾਰੀ ਰੱਖੇਗੀ ਅਤੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਭਰਪੂਰ ਸਮਾਗਮ ਕਰਵਾਉਂਦੀ ਰਹੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026