Posted on July 17th, 2015

<p>ਸੀਤਲ ਸਿੰਘ ਲੁੱਡੂ <br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਕੁਝ ਸਾਲ ਪਹਿਲਾਂ ਮਾਲਵੇ ਨਾਲ ਸਬੰਧਿਤ ਇੱਕ ਅਕਾਲੀ ਵਿਧਾਇਕ ਨੇ ਸਰੀ ਵਿੱਚ ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਨਾਲ ਉਲੀਕੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੱਤਰਕਾਰਾਂ ਨੂੰ ਮੂੰਹ 'ਤੇ ਹੀ ਉਲਾਂਭਾ ਦਿੱਤਾ ਸੀ ਕਿ ਤੁਸੀਂ ਸਿੱਧੇ ਤੇ ਸਖਤ ਸਵਾਲ ਪੁੱਛਦੇ ਹੋ। ਬਾਅਦ ਵਿੱਚ ਮਾਹੌਲ ਥੋੜ੍ਹਾ ਖੁੱਲ੍ਹ ਜਾਣ 'ਤੇ ਉਸਨੇ ਪੰਜਾਬ 'ਚ ਪੂੰਜੀ ਨਿਵੇਸ਼ ਦੇ ਸੱਦੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਦੱਸਿਆ, ''ਜੇ ਜ਼ਮੀਨ ਖਰੀਦਣ ਦਾ ਇੰਨਾ ਹੀ ਚਾਅ ਹੈ ਤਾਂ ਕਿਤੇ ਹੋਪ ਜਾਂ ਚਿਲਾਵੈਕ ਵੱਲ ਖਰੀਦ ਲਵੋ, ਤੁਹਾਨੂੰ ਪੰਜਾਬ 'ਚ ਕਿਸੇ ਨੇ ਵੜਨ ਨਹੀਂ ਦੇਣਾ। ਬੇਸ਼ੱਕ ਸਾਡੇ ਲੀਡਰ ਜਿੰਨਾ ਮਰਜ਼ੀ ਕਹੀ ਜਾਣ ਕਿ ਪੰਜਾਬ 'ਚ ਪੈਸਾ ਲਾਓ ਪਰ ਤੁਸੀਂ ਇਨ੍ਹਾਂ ਦੀਆਂ ਗੱਲਾਂ 'ਚ ਨਾ ਆਇਓ, ਮੈਂ ਥੋਨੂੰ ਸੱਚ ਦੱਸ ਚੱਲਿਐਂ, ਬਾਕੀ ਥੋਡੀ ਮਰਜ਼ੀ।''
ਇਸ ਅਕਾਲੀ ਆਗੂ ਦੀ ਕਹੀ ਕੌੜੀ ਪਰ ਸੱਚੀ ਗੱਲ ਉਦੋਂ ਵੀ ਦੁਰਸਤ ਜਾਪਦੀ ਸੀ ਤੇ ਅੱਜ ਵੀ ਦਰੁਸਤ ਜਾਪਦੀ ਹੈ। ਕੈਨੇਡਾ, ਅਮਰੀਕਾ ਅਤੇ ਯੂਰਪੀਅਨ ਮੁਲਕਾਂ 'ਚ ਅਜਿਹੇ ਅਨੇਕਾਂ ਪੰਜਾਬੀ ਹਨ, ਜਿਨ੍ਹਾਂ ਦੀ ਜ਼ਮੀਨ 'ਤੇ ਪੰਜਾਬ ਦੇ ਸਿਆਸਤਦਾਨ ਜਾਂ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੇ ਭੂ-ਮਾਫੀਏ ਨੇ ਕਬਜ਼ੇ ਕੀਤੇ ਹਨ ਪਰ ਉਹ ਡਰਦੇ ਮੂੰਹ ਨਹੀਂ ਖੋਲ੍ਹ ਰਹੇ।
ਸਰੀ ਦੇ ਪੰਜਾਬੀ ਸੀਤਲ ਸਿੰਘ ਲੁੱਡੂ ਅਜਿਹੇ ਹੀ ਇੱਕ ਪੰਜਾਬੀ ਹਨ, ਜਿਨ੍ਹਾਂ ਦਾ ਦੋਸ਼ ਹੈ ਕਿ ਅਕਾਲੀ ਵਜ਼ਾਰਤ 'ਚ ਜੇਲ੍ਹ ਅਤੇ ਸੈਰ-ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਉਨ੍ਹਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਪੰਜਾਬ ਜਾ ਕੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ, ਪਰ ਸਰਕਾਰ 'ਚ ਭਾਈਵਾਲ ਹੋਣ ਕਾਰਨ ਸਭ ਠੰਡਲ ਦੀ ਹੀ ਸੁਣਦੇ ਹਨ ਤੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਇਸ ਪੰਜਾਬੀ ਨੇ ਪੰਜਾਬ ਤੋਂ ਆਏ ਅਕਾਲੀ ਆਗੂਆਂ ਕੋਲ ਗੁਹਾਰ ਲਾਈ ਹੈ ਕਿ ਆਪਣੇ ਨਾਲ ਲਿਆਂਦੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਤੋਂ ਉਸ ਦੀ ਜ਼ਮੀਨ ਛੁਡਵਾ ਦੇਣ। ਉਹ ਮੁੜ ਕੇ ਕਦੇ ਪੰਜਾਬ 'ਚ ਜ਼ਮੀਨ ਖਰੀਦਣ ਦਾ ਨਾਂ ਨਹੀਂ ਲਵੇਗਾ, ਬੱਸ ਇੱਕ ਵਾਰ ਛੁਟਕਾਰਾ ਕਰਾ ਦਿਓ।
ਆਪਣੀ ਦਾਸਤਾਨ ਸੁਣਾਉਂਦਿਆਂ ਸੀਤਲ ਸਿੰਘ ਲੁੱਡੂ ਨੇ ਦੱਸਿਆ ਕਿ ਉਸ ਦਾ ਪਿੰਡ ਦੇਹਲਰੋਂ ਹੈ, ਜੋ ਕਿ ਦੁਆਬੇ ਦੇ ਪ੍ਰਸਿੱਧ ਕਸਬੇ ਮਾਹਿਲਪੁਰ ਦੇ ਲਗਭਗ ਵਿੱਚ ਹੀ ਆ ਗਿਆ ਹੈ। ਇਸ ਕਾਰਨ ਉੱਥੇ ਜ਼ਮੀਨ ਦਾ ਭਾਅ ਵੀ ਬਹੁਤ ਹੈ। ਵਿਧਾਇਕ ਸੋਹਣ ਸਿੰਘ ਠੰਡਲ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਸੀ। ਜਦ ਉਹ ਪੰਜਾਬ ਜਾਂਦੇ ਤਾਂ ਠੰਡਲ ਨੂੰ ਮਿਲਦੇ ਅਤੇ ਜਦ ਠੰਡਲ ਕੈਨੇਡਾ ਆਉਂਦਾ ਤਾਂ ਉਹ ਇੱਥੇ ਆਏ ਨੂੰ ਸਾਂਭਦੇ। 2007 ਵਿੱਚ ਉਨ੍ਹਾਂ ਦੀ ਦੋ ਏਕੜ ਦੇ ਕਰੀਬ ਜ਼ਮੀਨ ਦਾ ਸੌਦਾ ਲਿਖਤੀ ਰੂਪ ਵਿੱਚ ਸੋਹਣ ਸਿੰਘ ਠੰਡਲ ਨਾਲ ਹੋਇਆ। ਇਕਰਾਰਨਾਮੇ ਅਨੁਸਾਰ ਠੰਡਲ ਨੇ ਜ਼ਮੀਨ ਦੇ ਇਵਜ਼ 'ਚ ਲੁੱਡੂ ਨੂੰ ਕੁੱਲ 1 ਕਰੋੜ 7 ਲੱਖ ਰੁਪਏ ਕਿਸ਼ਤਾਂ 'ਚ ਦੇਣੇ ਸਨ। ਠੰਡਲ ਦੇ ਨਾਲ ਜਰਮਨੀ ਦਾ ਇੱਕ ਹੋਰ ਪ੍ਰਵਾਸੀ ਪੰਜਾਬੀ ਜਸਵਿੰਦਰ ਸਿੰਘ ਵੀ ਇਸ ਸੌਦੇ ਵਿੱਚ ਸ਼ਾਮਲ ਸੀ। ਠੰਡਲ ਤੇ ਜਸਵਿੰਦਰ ਨੇ ਬਿਆਨੇ ਵਜੋਂ 15-15 ਲੱਖ ਰੁਪਏ ਕਰਕੇ ਕੁੱਲ 30 ਲੱਖ ਰੁਪਿਆ ਮਈ 2007 ਵਿੱਚ ਲੁੱਡੂ ਨੂੰ ਦੇ ਦਿੱਤਾ ਅਤੇ ਅਗਸਤ 2007 ਵਿੱਚ 30 ਲੱਖ ਹੋਰ ਅਤੇ ਫਿਰ ਮਾਰਚ 2008 ਵਿੱਚ ਰਜਿਸਟਰੀ ਕਰਵਾ ਕੇ ਬਾਕੀ ਰਕਮ ਦੇਣ ਦਾ ਲਿਖਤੀ ਇਕਰਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ 2007 ਵਿੱਚ ਠੰਡਲ ਵੈਨਕੂਵਰ ਆਇਆ ਅਤੇ ਹਮੇਸ਼ਾਂ ਵਾਂਗ ਉਨ੍ਹਾਂ ਨੂੰ ਮਿਲਿਆ। ਜਦ ਪੈਸੇ ਦੀ ਗੱਲ ਚੱਲੀ ਤਾਂ ਠੰਡਲ ਨੇ ਪੰਜਾਬ ਆ ਕੇ ਪੈਸੇ ਲੈਣ ਦੀ ਗੱਲ ਕਹੀ। ਉਹ ਦੋ ਹਫਤਿਆਂ ਲਈ ਪੰਜਾਬ ਚਲੇ ਗਏ ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਠੰਡਲ ਨੇ ਆਨੇ-ਬਹਾਨੇ ਪੈਸੇ ਦੇਣ ਦਾ ਪਹਿਲਾਂ ਲਾਰਾ ਲਾਈ ਰੱਖਿਆ ਅਤੇ ਅੰਤ ਵਿੱਚ ਕੋਰਾ ਇਨਕਾਰ ਕਰ ਦਿੱਤਾ। ਲੁੱਡੂ ਨੇ ਦੋਸ਼ ਲਾਇਆ ਕਿ ਠੰਡਲ ਦੇ ਇੱਕ ਸਾਥੀ ਕਰਨੈਲ ਸਿੰਘ ਗੜ੍ਹਸ਼ੰਕਰ ਨੇ ਤਾਂ ਇੱਥੋਂ ਤੱਕ ਧਮਕੀ ਦਿੱਤੀ ਕਿ ਤੇਰੀ ਅਗਾਂਹ ਵੀ ਅਸੀਂ ਜ਼ਮੀਨ ਵਿਕਣ ਨਹੀਂ ਦੇਣੀ। ਜਦ ਠੰਡਲ ਨੇ ਕੋਈ ਹੱਥ ਪੱਲਾ ਨਾ ਫੜ੍ਹਾਇਆ ਤਾਂ ਲੁੱਡੂ ਦੇ ਦੱਸਣ ਮੁਤਾਬਿਕ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਗੜ੍ਹਸ਼ੰਕਰ ਅਦਾਲਤ ਵਿੱਚ ਉਨ੍ਹਾਂ ਆਪਣੇ ਵਕੀਲ ਅਜੀਤ ਸਿੰਘ ਸਿਆਣ ਰਾਹੀਂ ਕੇਸ ਕਰ ਕੇ ਪੈਸੇ ਲੈਣ ਲਈ ਅਰਜ਼ੋਈ ਕੀਤੀ ਪਰ ਹੈਰਾਨੀ ਦੀ ਹੱਦ ਨਾ ਰਹੀ ਜਦ ਉਨ੍ਹਾਂ ਵੇਖਿਆ ਕਿ ਠੰਡਲ ਨੇ ਅਦਾਲਤ ਵਿੱਚ ਝੂਠੇ ਦਸਤਾਵੇਜ਼ ਬਣਾ ਕੇ ਪੇਸ਼ ਕਰ ਦਿੱਤੇ, ਜਿਨ੍ਹਾਂ ਮੁਤਾਬਿਕ ਇਹ ਸਾਬਤ ਕੀਤਾ ਗਿਆ ਕਿ ਜ਼ਮੀਨ ਦੇ ਪੈਸੇ ਲੁੱਡੂ ਦੇ ਵਕੀਲ ਨੂੰ ਦੇ ਦਿੱਤੇ ਗਏ ਹਨ। ਕਾਗਜ਼ 'ਤੇ ਜਾਅਲੀ ਦਸਤਖਤ ਕੀਤੇ ਗਏ, ਨਾਲ ਹੀ ਉਨ੍ਹਾਂ ਲੁੱਡੂ 'ਤੇ ਕੇਸ ਕਰ ਦਿੱਤਾ ਕਿ ਇਹ ਜ਼ਮੀਨ ਦੇ ਪੈਸੇ ਲੈ ਚੁੱਕਾ ਹੈ ਪਰ ਕਬਜ਼ਾ ਨਹੀਂ ਦੇ ਰਿਹਾ। ਅਦਾਲਤ ਨੇ ਜ਼ਮੀਨ ਨੂੰ ਅਗਾਂਹ ਵੇਚਣ 'ਤੇ ਸਟੇਅ ਦੇ ਦਿੱਤਾ।
ਲੁੱਡੂ ਨੇ ਦੱਸਿਆ ਕਿ ਬੀਤੇ 8 ਸਾਲਾਂ 'ਚ ਉਹ ਪੰਜਾਬ ਦੇ ਅਨੇਕਾਂ ਚੱਕਰ ਮਾਰ ਚੁੱਕੇ ਹਨ ਪਰ ਠੰਡਲ ਅਦਾਲਤ ਵਿੱਚ ਪੇਸ਼ ਹੀ ਨਹੀਂ ਹੁੰਦਾ। ਉਸ ਦੇ ਵਕੀਲ ਸਰਕਾਰੀ ਕੰਮ ਦਾ ਬਹਾਨਾ ਲਾ ਕੇ ਹਰ ਪੇਸ਼ੀ 'ਤੇ ਅਗਾਂਹ ਦੀ ਤਰੀਕ ਲੈ ਲੈਂਦੇ ਹਨ। ਅਦਾਲਤ ਵਿੱਚ ਸਾਨੂੰ ਕੋਈ ਪੁੱਛਦਾ ਨਹੀਂ ਜਦਕਿ ਸਰਕਾਰ 'ਚ ਭਾਈਵਾਲ ਹੋਣ ਕਾਰਨ ਠੰਡਲ ਦਾ ਪੂਰਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਮੀਨ ਦੇ ਪੈਸੇ ਲਈ ਠੰਡਲ ਨੇ ਉਨ੍ਹਾਂ ਦੀ ਦੁਰਦਸ਼ਾ ਕੀਤੀ ਹੋਈ ਹੈ।
ਲੁੱਡੂ ਨੇ ਕਿਹਾ ਕਿ ਜਦ ਵੀ ਪੰਜਾਬ ਤੋਂ ਲੀਡਰ ਬਾਹਰ ਆਉਂਦੇ ਹਨ ਤਾਂ ਪੰਜਾਬ 'ਚ ਪੈਸਾ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹਨ। ਉਪਰੋਕਤ ਦਾਸਤਾਨ ਸੁਣ ਕੇ ਸੋਚੋ ਕਿ ਕਿਹੜਾ ਸਿਆਣਾ ਪੰਜਾਬ 'ਚ ਪੈਸਾ ਲਗਾਵੇਗਾ ਜਦਕਿ ਪੰਜਾਬ 'ਚ ਤਾਂ ਹੁਣ ਆਪਣੀ ਜ਼ਮੀਨ ਵੇਚ ਸਕਣਾ ਹੀ ਔਖਾ ਕੰਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਮੈਂ ਹੁਣ ਕਿਸ ਦੇ ਦਰ 'ਤੇ ਜਾ ਕੇ ਫਰਿਆਦ ਕਰਾਂ ਕਿ ਮੈਨੂੰ ਇਨਸਾਫ ਦੇ ਦਿਓ।
ਉਨ੍ਹਾਂ ਦੱਸਿਆ ਕਿ ਠੰਡਲ ਦੇ ਹਿੱਸੇਦਾਰ ਜਸਵਿੰਦਰ ਸਿੰਘ ਜਰਮਨੀ ਨੇ ਕੁਝ ਚਿਰ ਪਹਿਲਾਂ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਸਾਰੇ ਕਾਗਜ਼ ਝੂਠੇ ਤਿਆਰ ਕੀਤੇ ਸਨ। ਤੁਸੀਂ ਬਿਆਨੇ ਵਿਚਲਾ ਉਸ ਦਾ ਹਿੱਸਾ, 15 ਲੱਖ ਮੋੜ ਦਿਓ, ਉਸਨੇ ਇਸ ਝੰਜਟ 'ਚ ਨਹੀਂ ਪੈਣਾ। ਜਸਵਿੰਦਰ ਨੇ ਗੜ੍ਹਸ਼ੰਕਰ ਅਦਾਲਤ 'ਚ ਜੱਜ ਅੱਗੇ ਪੇਸ਼ ਹੋ ਕੇ ਵੀ ਇਹ ਬਿਆਨ ਦਿੱਤਾ ਪਰ ਫਿਰ ਵੀ ਕਿਸੇ ਦੇ ਕੰਨ 'ਤੇ ਕੋਈ ਜੂੰ ਨਾ ਸਰਕੀ। ਲੁੱਡੂ ਨੇ ਦੋਸ਼ ਲਾਇਆ ਕਿ ਤਹਿਸੀਲਦਾਰ, ਪਟਵਾਰੀ ਸਭ ਠੰਡਲ ਨਾਲ ਮਿਲੇ ਹੋਏ ਹਨ। ਅਜਿਹੇ ਵਿੱਚ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਵਿਖਾਈ ਨਹੀਂ ਦੇ ਰਹੀ।
ਸੀਤਲ ਸਿੰਘ ਲੁੱਡੂ ਦਾ ਇਹ ਕੇਸ ਤਾਂ ਰੇਤ 'ਚ ਕਿਣਕੇ ਸਮਾਨ ਹੈ, ਹੋਰ ਪਤਾ ਨਹੀਂ ਕਿੰਨੇ ਪੰਜਾਬੀ ਅਜਿਹੀ ਹੋਣੀ ਹੰਢਾ ਰਹੇ ਹਨ।
ਹੁਣ ਸਰੀ ਦੇ ਇਸ ਨਾਮਵਰ ਪੰਜਾਬੀ ਨੇ ਪੰਜਾਬ ਤੋਂ ਕੈਨੇਡਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਆਏ ਅਕਾਲੀ ਆਗੂਆਂ ਨੂੰ ਪੁੱਛਿਆ ਹੈ ਕਿ ਦੱਸੋ ਮੈਂ ਕਿੱਥੇ ਤੇ ਕਿਹੜੇ-ਕਿਹੜੇ ਸਬੂਤ ਲੈ ਕੇ ਆਵਾਂ? ਸੋਹਣ ਸਿੰਘ ਠੰਡਲ ਵੀ ਅੱਜਕੱਲ੍ਹ ਕੈਨੇਡਾ-ਅਮਰੀਕਾ ਦੌਰੇ 'ਤੇ ਹਨ ਅਤੇ ਖੁਦ ਇਸ ਵਫਦ ਦੇ ਮੈਂਬਰ ਹਨ, ਜੋ ਅਕਾਲੀ ਲੀਡਰਸ਼ਿਪ ਨੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਭੇਜੇ ਹਨ। ਕੀ ਅਜਿਹੇ ਲੀਡਰ ਲੋਕਾਂ ਨੂੰ ਇਨਸਾਫ ਦਿਵਾ ਸਕਣਗੇ, ਜਿਨ੍ਹਾਂ ਦੇ ਆਪਣੇ ਉੱਤੇ ਹੀ ਪ੍ਰਵਾਸੀਆਂ ਦੀਆਂ ਜ਼ਮੀਨਾਂ ਹੜੱਪਣ ਦੇ ਦੋਸ਼ ਲੱਗੇ ਹੋਣ?

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026