Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੀਨ ਨੇ ਕੰਟਰੋਲ ਰੇਖਾ ਨੇੜੇ ਬਣਾ ਦਿੱਤੀ ਪੰਜ ਕਿਲੋਮੀਟਰ ਸੜਕ

Posted on May 26th, 2013

ਲੇਹ : ਭਾਰਤ ਤੇ ਚੀਨ ਨੇ ਲੱਦਾਖ ਵਿਚ ਤਕਰੀਬਨ 20 ਦਿਨਾਂ ਤਕ ਬਣੀ ਰਹੀ ਟਕਰਾਅ ਦੀ ਸਥਿਤੀ ਖਤਮ ਹੋਣ ਦਾ ਐਲਾਨ ਭਾਵੇਂ ਕਰ ਦਿੱਤਾ ਹੋਵੇ ਪਰ ਹਾਲਾਤ ਪੂਰੀ ਤਰ੍ਹਾਂ ਪਟੜੀ 'ਤੇ ਨਹੀਂ ਆਏ ਹਨ। ਹਾਲ ਹੀ ਵਿਚ ਵਾਪਰੀ ਇਕ ਘਟਨਾ ਵਿਚ ਚੀਨੀ ਫ਼ੌਜ ਨੇ ਭਾਰਤੀ ਫ਼ੌਜ ਦੇ ਇਕ ਗਸ਼ਤੀ ਦਲ ਨੂੰ ਅਸਲੀ ਕੰਟਰੋਲ ਰੇਖਾ ਤਕ ਜਾਣ ਤੋਂ ਰੋਕ ਦਿੱਤਾ। 

ਇਹ ਘਟਨਾ 17 ਮਈ ਨੂੰ ਉਸ ਵੇਲੇ ਹੋਈ ਜਦੋਂ ਇਸ ਦੇ ਦੋ ਦਿਨਾਂ ਬਾਅਦ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਦਿੱਲੀ ਪਹੁੰਚਣ ਵਾਲੇ ਸਨ। ਭਾਰਤੀ ਗਸ਼ਤੀ ਦਲ ਨੂੰ ਰੋਕੇ ਜਾਣ ਦੀ ਇਹ ਘਟਨਾ ਸਿਰੀ ਜੈਪ ਦੇ ਨਾਂ ਨਾਲ ਮਸ਼ਹੂਰ ਫਿੰਗਰ-8 ਇਲਾਕੇ ਕੋਲ ਵਾਪਰੀ। ਚੀਨੀ ਪ੍ਰਧਾਨ ਮੰਤਰੀ ਨੇ ਦੌਰੇ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਭਾਰਤੀ ਸਰਹੱਦ ਵਿਚ 19 ਕਿਲੋਮੀਟਰ ਅੰਦਰ ਤਕ ਚੀਨੀ ਸੈਨਾ ਦੀ ਘੁਸਪੈਠ ਤੋਂ ਪੈਦਾ ਹੋਈ ਟਕਰਾਅ ਦੀ ਸਥਿਤੀ ਖਤਮ ਹੋ ਗਈ ਹੈ। ਦਾਅਵਾ ਕੀਤਾ ਗਿਆ ਸੀ ਕਿ ਘੁਸਪੈਠ ਕਰਨ ਵਾਲੇ ਚੀਨੀ ਫ਼ੌਜੀ ਆਪਣੀ ਪਹਿਲਾਂ ਵਾਲੀ ਥਾਂ 'ਤੇ ਚਲੇ ਗਏ ਹਨ। ਊਧਮਪੁਰ ਥਲ ਸੈਨਾ ਦੇ ਬੁਲਾਰੇ ਨੇ ਤਾਂ ਇਸ ਘਟਨਾ 'ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਸਰਕਾਰੀ ਸੂਤਰਾਂ ਨੇ ਕਿਹਾ ਕਿ ਫਿੰਗਰ-8 ਇਲਾਕੇ ਵਿਚ ਥੋੜ੍ਹੀ-ਬਹੁਤ ਟਕਰਾਅ ਦੀ ਸਥਿਤੀ ਬਣੀ ਸੀ ਜਿਸ ਤੋਂ ਬਾਅਦ ਥਲ ਸੈਨਾ ਦਾ ਗਸ਼ਤੀ ਦਲ ਐਲਏਸੀ ਵੱਲ ਵਧੇ ਬਿਨਾ ਵਾਪਸ ਪਰਤ ਗਿਆ। ਸੂਤਰਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਲੱਦਾਖ ਵਿਚ ਤਾਇਨਾਤ 14 ਕੋਰ ਨੇ ਸਾਰੀਆਂ ਗਸ਼ਤਾਂ ਰੋਕ ਦਿੱਤੀਆਂ। ਦਿਪਸਾਂਗ ਵਿਚ ਭੇਜੇ ਜਾਣ ਵਾਲੇ ਗਸ਼ਤੀ ਦਲ ਨੂੰ ਵੀ ਰੋਕ ਦਿੱਤਾ ਗਿਆ। ਦਿਪਸਾਂਗ ਵਿਚ ਹੀ ਚੀਨੀ ਫ਼ੌਜ ਨੇ ਕਰੀਬ ਤਿੰਨ ਹਫਤੇ ਤਕ ਆਪਣੇ ਤੰਬੂ ਲਗਾਏ ਹੋਏ ਸਨ। 

ਸੂਤਰਾਂ ਨੇ ਕਿਹਾ ਕਿ ਚੀਨ ਫਿੰਗਰ-4 ਇਲਾਕੇ ਤਕ ਸੜਕ ਬਣਾਉਣ ਵਿਚ ਕਾਮਯਾਬ ਰਿਹਾ ਹੈ। ਫਿੰਗਰ-4 ਇਲਾਕਾ ਵੀ ਸਿਰੀ ਜੈਪ ਇਲਾਕੇ ਦੇ ਦਾਇਰੇ ਵਿਚ ਆਉਂਦਾ ਹੈ ਤੇ ਇਹ ਭਾਰਤੀ ਸਰਹੱਦ ਵਿਚ ਐਲਏਸੀ ਤੋਂ ਪੰਜ ਕਿਲੋਮੀਟਰ ਅੰਦਰ ਹੈ। ਚੀਨੀ ਆਪਣੇ ਨਕਸ਼ੇ ਵਿਚ ਦਾਅਵਾ ਕਰਦੇ ਹਨ ਕਿ ਇਹ ਇਲਾਕਾ ਉਨ੍ਹਾਂ ਦੀ ਸਰਹੱਦ ਅੰਦਰ ਆਉਂਦਾ ਹੈ ਜਦਕਿ ਭਾਰਤੀ ਫ਼ੌਜ ਦਾ ਦਾਅਵਾ ਹੈ ਕਿ ਇਹ ਲੱਦਾਖ ਦਾ ਹਿੱਸਾ ਹੈ। ਇਸ ਇਲਾਕੇ ਬਾਰੇ ਅਕਸਰ 1962 ਦੀ ਜੰਗ ਦਾ ਹਵਾਲਾ ਦਿੱਤਾ ਜਾਂਦਾ ਹੈ ਜਦੋਂ ਭਾਰਤ ਤੇ ਚੀਨ ਦੇ ਫ਼ੌਜੀਆਂ ਨੇ ਇਸ ਇਲਾਕੇ ਵਿਚ ਜੰਗ ਲੜੀ ਸੀ। ਇਸ ਇਲਾਕੇ ਵਿਚ ਚੀਨੀ ਫ਼ੌਜ (ਪੀਐਲਏ) ਨਾਲ ਲੋਹਾ ਲੈਣ ਲਈ ਮੇਜਰ ਧਾਨ ਸਿੰਘ ਥਾਪਾ ਨੂੰ ਪਰਮਵੀਰ ਚੱਕਰ ਨਾਲ ਨਵਾਜਿਆ ਗਿਆ ਸੀ। ਫਿਰ ਵੀ ਸੂਤਰਾਂ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਗੱਲਬਾਤ ਦੀ ਮੇਜ਼ 'ਤੇ ਭਾਰਤ ਆਪਣੇ ਪੱਖ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਚੀਨੀ ਫ਼ੌਜ ਨੇ ਸੜਕ ਬਣਾ ਕੇ ਦਾਅਵਾ ਕੀਤਾ ਹੈ ਕਿ ਇਹ ਇਲਾਕਾ ਅਕਸਾਈ ਚਿਨ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਭਾਰਤੀ ਫ਼ੌਜ ਨੇ ਇਸੇ ਸੜਕ ਦੀ ਵਰਤੋਂ ਗਸ਼ਤ ਲਈ ਕੀਤੀ ਹੈ ਤੇ ਇਸ 'ਤੇ ਆਪਣਾ ਦਾਅਵਾ ਪ੍ਰਗਟਾਉਂਦੀ ਰਹੀ ਹੈ।



Archive

RECENT STORIES