Posted on June 12th, 2015

<p>ਪੰਜਾਬੀ ਪ੍ਰੈੱਸ ਕਲੱਬ ਨਾਲ ਗੱਲਬਾਤ ਦੌਰਾਨ ਮੀਰਾ ਗਿੱਲ ਅਤੇ ਹੋਰ ਵਾਲੰਟੀਅਰ ਔਰਤਾਂ<br></p>
ਹੌਂਸਲਾ ਢਾਹ ਕੇ ਨਹੀਂ, ਤੋੜ ਲੱਭ ਕੇ ਸਮੱਸਿਆ ਦਾ ਹੱਲ ਹੋਵੇਗਾ - ਮੀਰਾ ਗਿੱਲ
ਸਰੀ (ਗੁਰਪ੍ਰੀਤ ਸਿੰਘ ਸਹੋਤਾ) - ''ਆਪਣੇ ਬੱਚਿਆਂ ਦੀਆਂ ਪੜ੍ਹਾਈ, ਖੇਡਾਂ ਅਤੇ ਵਪਾਰ 'ਚ ਪ੍ਰਾਪਤੀਆਂ ਤਾਂ ਅਸੀਂ ਪੰਜਾਬੀ ਬਹੁਤ ਹੁੱਬ ਕੇ ਜਨਤਕ ਇਕੱਠਾਂ 'ਚ ਦੱਸਦੇ ਹਾਂ ਪਰ ਉਨ੍ਹਾਂ ਦੀਆਂ ਮਾੜੀਆਂ ਆਦਤਾਂ 'ਤੇ ਪਰਦੇ ਪਾਉਣ ਵਿੱਚ ਹੀ ਯਕੀਨ ਰੱਖਦੇ ਹਾਂ। ਜਦੋਂ ਮੁਸ਼ਕਿਲ ਸਾਰੇ ਘੇਰੇ ਟੱਪ ਜਾਂਦੀ ਹੈ ਤਾਂ ਬਿਲਕੁਲ ਹੀ ਹੌਂਸਲਾ ਢਾਹ ਲੈਂਦੇ ਹਾਂ ਜਦਕਿ ਉਦੋਂ ਲੋੜ ਸਿਰ ਜੋੜ ਕੇ ਤੋੜ ਲੱਭਣ ਦੀ ਹੁੰਦੀ ਹੈ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ''ਅਵਰ ਗਲੋਬਲ ਵਿਲੇਜ'' ਦੇ ਬੈਨਰ ਹੇਠ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਬਚਾਉਣ ਲਈ ਅਤੇ ਮਾੜੇ ਕੰਮਾਂ 'ਚ ਪਏ ਹੋਇਆਂ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਵਲੰਟੀਅਰ ਮੀਰਾ ਗਿੱਲ ਨੇ 'ਪੰਜਾਬੀ ਪ੍ਰੈਲ ਕਲੱਬ ਆਫ ਬੀ. ਸੀ.' ਨਾਲ ਇੱਕ ਮਿਲਣੀ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਵੱਡੇ ਇਕੱਠਾਂ 'ਚ ਲੋਕ ਆਪਣੇ ਘਰ ਦੀ ਗੱਲ ਕਰਨੋਂ ਜਕਦੇ ਹਨ, ਇਸ ਲਈ ਸਾਨੂੰ ਘਰ-ਘਰ ਜਾਣਾ ਪਵੇਗਾ ਜਾਂ ਬਹੁਤ ਹੀ ਛੋਟੇ-ਛੋਟੇ ਇਕੱਠ ਉਲੀਕਣੇ ਪੈਣਗੇ, ਜਿਨ੍ਹਾਂ ਵਿੱਚ ਮਾਪੇ ਆਪਣਾ ਦਰਦ ਬਿਆਨਦਿਆਂ ਬੇਇੱਜ਼ਤੀ ਜਾਂ ਸ਼ਰਮਿੰਦਗੀ ਨਾ ਮਹਿਸੂਸ ਕਰਨ। ਇਨ੍ਹਾਂ ਵਿਸ਼ਿਆਂ 'ਤੇ ਪਹਿਲਾਂ ਦੋ ਫੋਰਮ ਉਲੀਕ ਚੁੱਕੀ ਮੀਰਾ ਗਿੱਲ ਨੇ ਕਿਹਾ ਕਿ ਇਸ ਸੰਸਥਾ ਦੇ ਨਾਮ ਤੋਂ ਭਾਵ ਇਹ ਹੈ ਕਿ ਜਿਵੇਂ ਪਿੰਡਾਂ 'ਚ ਆਪਾਂ ਸਿਰ ਜੋੜ ਕੇ ਹਰ ਮੁਸ਼ਕਿਲ ਦਾ ਹੱਲ ਲੱਭ ਲੈਂਦੇ ਹੁੰਦੇ ਸੀ, ਉਹੀ ਪਿਰਤ ਦੁਬਾਰਾ ਇੱਥੇ ਸ਼ੁਰੂ ਕਰਨੀ ਪਵੇਗੀ। ਆਪਾਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹਾਂ ਪਰ ਉਹ ਸਿਆਣਪ ਕਾਹਦੀ, ਜੋ ਮੁਸ਼ਕਿਲ ਅੱਗੇ ਢੇਰੀ ਢਾਹ ਜਾਵੇ। ਸਾਡੇ ਪੁਰਖਿਆਂ ਨੇ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿਖਾਇਆ ਹੈ ਅਤੇ ਸਾਨੂੰ ਵੀ ਉਹੀ ਰਾਹ ਅਪਨਾਉਣੇ ਪੈਣਗੇ। ਅਸੀਂ ਆਪਣੇ ਬੱਚਿਆਂ ਦਾ ਭਵਿੱਖ ਕਿਸੇ ਹੋਰ ਆਸਰੇ ਨਹੀਂ ਛੱਡ ਸਕਦੇ।
ਉਨ੍ਹਾਂ ਕਿਹਾ ਕਿ ਪੁਲਿਸ ਇਹੀ ਆਖਦੀ ਹੈ ਕਿ ਪੰਜਾਬੀ ਭਾਈਚਾਰਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਿਹਾ ਪਰ ਪਿਛਲੇ 20 ਸਾਲਾਂ ਵਿੱਚ 250 ਦੇ ਕਰੀਬ ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹ ਚੁੱਕੇ ਹਨ ਪਰ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਕੇਸਾਂ ਨੂੰ ਛੱਡ ਕੇ ਬਹੁਗਿਣਤੀ ਕੇਸ ਹਾਲੇ ਵੀ ਅਣਸੁਲਝੇ ਹੀ ਪਏ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਪੁਲਿਸ ਦੀ ਹੀ ਬਣਦੀ ਹੈ। ਪੁਲਿਸ ਅਤੇ ਸਰਕਾਰਾਂ ਵਲੋਂ ਇਨ੍ਹਾਂ ਬੁਰਾਈਆਂ ਸਬੰਧੀ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ ਪਰ ਭਾਈਚਾਰੇ ਦੇ ਪੜ੍ਹੇ-ਲਿਖੇ ਵਰਗ ਤੱਕ ਨੂੰ ਵੀ ਇਨ੍ਹਾਂ ਬਾਰੇ ਗਿਆਨ ਨਹੀਂ, ਪਤਾ ਹੀ ਨਹੀਂ ਕਿ ਕਿੱਥੇ ਚੱਲਦੇ ਹਨ ਤੇ ਇਨ੍ਹਾਂ ਦਾ ਫਾਇਦਾ ਕਿਵੇਂ ਲੈਣਾ। ਜੇ ਲੋਕਾਂ ਨੂੰ ਇਨ੍ਹਾਂ ਬਾਰੇ ਦੱਸਿਆ ਹੀ ਨਹੀਂ ਜਾ ਰਿਹਾ ਤਾਂ ਲੋਕ ਇਨ੍ਹਾਂ ਨੂੰ ਪ੍ਰੋਗਰਾਮਾਂ ਨੂੰ ਵਰਤਣਗੇ ਕਿਵੇਂ, ਇਹ ਇੱਕ ਵੱਡੀ ਚੁਣੌਤੀ ਹੈ, ਜਿਸ ਬਾਰੇ ਪੁਲਿਸ ਤੇ ਸਰਕਾਰਾਂ ਨੂੰ ਇਸ਼ਤਿਹਾਰੀ ਮੁਹਿੰਮ ਚਲਾ ਕੇ ਇਨ੍ਹਾਂ ਬਾਰੇ ਦੱਸਣਾ ਚਾਹੀਦਾ ਹੈ।
ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਮੰਗਲਵਾਰ 16 ਜੂਨ ਨੂੰ ਸ਼ਾਮ 6.30 ਵਜੇ ਤੋਂ ਲੈ ਕੇ 9.30 ਵਜੇ ਤੱਕ ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਸਥਿਤ ਧਾਲੀਵਾਲ ਬੈਂਕੁਇਟ ਹਾਲ ਵਿਖੇ ਤੀਸਰਾ ਫੋਰਮ ਉਲੀਕਿਆ ਜਾ ਰਿਹਾ ਹੈ, ਜਿਸ ਵਿੱਚ 12 ਤੋਂ 24 ਸਾਲ ਦੀ ਉਮਰ ਤੱਕ ਦੇ ਬੱਚੇ-ਨੌਜਵਾਨ ਅਤੇ ਮਾਪੇ ਭਾਗ ਲੈ ਸਕਦੇ ਹਨ, ਆਪਣੀਆਂ ਮੁਸ਼ਕਿਲਾਂ ਦੱਸ ਸਕਦੇ ਹਨ ਤੇ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਸੁਝਾਅ ਪੇਸ਼ ਕਰ ਸਕਦੇ ਹਨ। ਉਨ੍ਹਾਂ ਭਾਈਚਾਰੇ ਨੂੰ ਇਸ ਫੋਰਮ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਹ ਕਾਰਜ ਵਲੰਟੀਅਰ ਤੌਰ 'ਤੇ ਆਪਣੇ ਤੇ ਭਾਈਚਾਰੇ ਦੇ ਬੱਚਿਆਂ ਨੂੰ ਭਵਿੱਖ ਨੂੰ ਸੰਵਾਰਨ ਲਈ ਕਰ ਰਹੇ ਹਨ, ਨਾ ਤਾਂ ਉਨ੍ਹਾਂ ਦਾ ਮਕਸਦ ਕੋਈ ਗਰਾਂਟ ਲੈਣਾ ਹੈ ਅਤੇ ਨਾ ਹੀ ਇਸ ਤੋਂ ਕੋਈ ਰਾਜਸੀ ਲਾਭ ਲੈਣਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026