Posted on May 15th, 2015

<p>ਲੇਖਕ ਤੇ ਚਿੰਤਕ ਬੂਟਾ ਸਿੰਘ ਨਵਾਂਸ਼ਹਿਰ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ) - ''ਪੰਜਾਬ ਵਿੱਚ 1980ਵਿਆਂ ਦੌਰਾਨ ਖਾੜਕੂਆਂ ਅਤੇ ਕਾਮਰੇਡਾਂ ਦੇ ਆਪਸੀ ਵੈਰ ਦੀਆਂ ਕਈ ਪਰਤਾਂ ਹਨ। ਦਰਅਸਲ ਸੀ. ਪੀ. ਆਈ. ਵਾਲੇ ਬੁਰੀ ਤਰ੍ਹਾਂ ਸਰਕਾਰੀ ਜਾਲ਼ 'ਚ ਫਸੇ ਹੋਏ ਸਨ। ਬੇਸ਼ੱਕ ਉਹ ਆਪਣੀ ਲੜਾਈ ਨੂੰ ਸਟੇਟ ਖਿਲਾਫ ਸੰਘਰਸ਼ ਹੀ ਕਹਿੰਦੇ ਰਹੇ ਪਰ ਉਨ੍ਹਾਂ ਨੂੰ ਪੰਜਾਬ 'ਚ ਖਾੜਕੂਵਾਦ ਵੇਲੇ ਕਦੇ ਵੀ ਸਟੇਟ ਦੀ ਦਹਿਸ਼ਤ ਨਹੀਂ ਦਿਖਾਈ ਦਿੱਤੀ। ਉਹ ਦੇਸ਼ ਦੀ ਏਕਤਾ-ਅਖੰਡਤਾ ਦਾ ਰਾਗ ਹੀ ਅਲਾਪਦੇ ਰਹੇ ਅਤੇ ਸਰਕਾਰੀ ਜ਼ੁਲਮ ਅਣਗੌਲ਼ਦੇ ਰਹੇ, ਕਈ ਪੈਸੇ ਵੀ ਲੈਂਦੇ ਰਹੇ। ਦੂਜੇ ਪਾਸੇ ਖਾਲਿਸਤਾਨੀ ਆਗੂਆਂ ਨੇ ਵੀ ਪਹਿਲਾਂ ਤੋਂ ਹੀ ਕਾਮਰੇਡਾਂ ਨੂੰ ਆਪਣੇ ਸਿਧਾਂਤਕ ਦੁਸ਼ਮਣ ਮੰਨਿਆ ਹੋਇਆ ਸੀ, ਖਾੜਕੂ ਲਹਿਰ 'ਤੇ ਕੋਈ ਜਥੇਬੰਦਕ ਕੰਟਰੋਲ ਨਹੀਂ ਸੀ, ਜਿਸ ਕਾਰਨ ਕਾਮਰੇਡਾਂ ਨੂੰ ਮਾਰਨ ਲੱਗਿਆਂ ਵੀ ਚੰਗੇ-ਮਾੜੇ ਦੀ ਪਛਾਣ ਨਹੀਂ ਕੀਤੀ ਗਈ। ਹਾਲਾਂਕਿ ਸਟੇਟ ਦਾ ਲੱਕ ਤੋੜਨ ਲਈ ਸਿੱਖ ਖਾੜਕੂਆਂ ਨੇ ਕਈ ਵੱਡੇ ਐਕਸ਼ਨ ਕੀਤੇ ਪਰ ਲਹਿਰ ਆਪ ਮੁਹਾਰੀ ਹੋਣ ਕਾਰਨ ਲੋਕਾਂ ਦਾ ਭਰੋਸਾ ਗੁਆ ਬੈਠੀ। ਨਕਸਲਾਇਟ ਅਤੇ ਖਾੜਕੂ ਸੰਘਰਸ਼ ਪੰਜਾਬ ਦੇ ਹੱਕਾਂ ਲਈ ਲੜੇ ਗਏ, ਧੱਕਿਆਂ ਵਿਰੁੱਧ ਲੜੇ ਗਏ ਪਰ ਦੋਵੇਂ ਲਹਿਰਾਂ ਨਾਲ ਜੁੜੇ ਲੋਕ ਇੱਕ ਦੂਜੇ ਨੂੰ ਸਮਝ ਨਹੀਂ ਸਕੇ ਅਤੇ ਸਰਕਾਰੀ ਸਾਜ਼ਿਸ਼ਾਂ ਦਾ ਸ਼ਿਕਾਰ ਬਣਦੇ ਰਹੇ। ਅਖੌਤੀ ਅਗਾਂਹਵਧੂ ਅਕਸਰ ਇਹ ਕਹਿੰਦੇ ਹਨ ਕਿ ਗਰਮ ਖਿਆਲੀ ਸਿੱਖਾਂ ਨੇ ਸਾਥੋਂ ਪੰਜਾਬ ਦੇ ਮੁੱਦੇ ਖੋਹ ਲਏ ਪਰ ਹੁਣ ਕਿਹੜਾ ਉਹ ਮੁੱਦੇ ਹੱਲ ਹੋ ਗਏ, ਹੁਣ ਇਹ ਲੋਕ ਉਨ੍ਹਾਂ ਮੁੱਦਿਆਂ ਲਈ ਸੰਘਰਸ਼ ਕਿਉਂ ਨਹੀਂ ਕਰ ਰਹੇ? ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਲੜਨ ਵਾਸਤੇ ਤੱਤਪਰ ਹਨ ਪਰ ਅਗਵਾਈ ਦੇਣ ਦੇ ਸਮਰੱਥ ਸਿੱਖ ਤੇ ਖੱਬੇ ਪੱਖੀ ਜਥੇਬੰਦੀਆਂ ਅਗਵਾਈ ਦੇਣ ਦੇ ਮੁਹਾਜ਼ ਤੋਂ ਗਾਇਬ ਹਨ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਤੋਂ ਕੈਨੇਡਾ ਫੇਰੀ 'ਤੇ ਆਏ ਉੱਘੇ ਲੇਖਕ, ਚਿੰਤਕ ਤੇ ਲੋਕਪੱਖੀ ਕਾਰਕੁੰਨ ਬੂਟਾ ਸਿੰਘ ਨਵਾਂਸ਼ਹਿਰ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਕੀਤਾ।
ਉਹ ਸਰੀ ਤੋਂ ਛਪਦੇ ''ਰੈਡੀਕਲ ਦੇਸੀ'' ਮੈਗਜ਼ੀਨ ਦੇ ਸੱਦੇ 'ਤੇ ਕੈਨੇਡਾ ਪਧਾਰੇ ਹਨ, ਜਿੱਥੇ ਅਦਾਰੇ ਵਲੋਂ ਉਨ੍ਹਾਂ ਦਾ ਮਾਣ-ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਹੋਰਨਾਂ ਚਿੰਤਕਾਂ ਨਾਲ ਸੰਵਾਦ ਵੀ ਰਚਾਇਆ ਜਾ ਰਿਹਾ ਹੈ।
ਬੂਟਾ ਸਿੰਘ ਦੇ ਵਿਚਾਰ ਅਨੁਸਾਰ ਕੋਈ ਧਾਰਮਿਕ ਹੋਵੇ ਜਾਂ ਨਾ ਹੋਵੇ ਪਰ ਉਸਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਗਦਰੀ ਬਾਬੇ ਗਾਤਰੇ ਪਾ ਕੇ ਸੰਘਰਸ਼ ਲੜੇ, ਬਾਬਾ ਬੂਝਾ ਸਿੰਘ ਨਾਲ ਮੁਕਾਬਲੇ 'ਚ ਮਾਰੇ ਗਏ ਸੰਘਰਸ਼ਸ਼ੀਲ ਆਗੂ ਧਾਰਮਿਕ ਵਿਚਾਰਾਂ ਨੂੰ ਪ੍ਰਣਾਏ ਹੋਏ ਸਨ। ਕਿਸੇ ਨੇ ਧਰਮ ਨੂੰ ਨਹੀਂ ਮੰਨਣਾ, ਨਾ ਮੰਨੇ ਪਰ ਜੇ ਕੋਈ ਧਰਮ ਨੂੰ ਮੰਨਦਾ ਤੇ ਸੰਘਰਸ਼ ਵੀ ਕਰਦਾ ਤਾਂ ਉਸਨੂੰ ਨਿੰਦਣਾ ਨਹੀਂ ਚਾਹੀਦਾ, ਤੇ ਇਹੀ ਅਸੂਲ ਦੂਜੀ ਧਿਰ 'ਤੇ ਵੀ ਲਾਗੂ ਹੁੰਦਾ ਹੈ। ਕਿਸੇ ਵੀ ਸੰਘਰਸ਼ ਦਾ ਇਹ ਪੈਮਾਨਾ ਨਹੀਂ ਹੋਣਾ ਚਾਹੀਦਾ ਕਿ ਸਾਰੇ ਲੋਕ ਇੱਕੋ ਹੀ ਸੋਚ ਦੇ ਮਾਲਕ ਹੋਣ। ਸੰਘਰਸ਼ ਦੀ ਮੰਜ਼ਿਲ ਇੱਕ ਹੋਣੀ ਚਾਹੀਦੀ ਹੈ, ਨਿੱਜੀ ਜ਼ਿੰਦਗੀ 'ਚ ਕੋਈ ਧਾਰਿਮਕ ਹੋ ਕੇ ਵਿਚਰਦਾ ਜਾਂ ਨਾਸਤਿਕ ਹੋ ਕੇ ਵਿਚਰਦਾ, ਇਹ ਮਾਅਨੇ ਨਹੀਂ ਰੱਖਦਾ। ਪਰ ਅਫਸੋਸ ਸਾਡੀਆਂ ਸੰਘਰਸ਼ਸ਼ੀਲ ਧਿਰਾਂ ਇਸ ਨੂੰ ਅਣਗੌਲਣ ਦੀ ਬਜਾਇ ਇਸ ਮੁੱਦੇ 'ਤੇ ਹੀ ਫਸੀਆਂ ਰਹਿੰਦੀਆਂ ਹਨ।
ਕੈਨੇਡਾ ਦੇ ਅਗਾਂਹਵਧੂ ਕਹਾਉਂਦੇ ਲੋਕਾਂ ਬਾਰੇ ਵਿਚਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਥੇ ਗਦਰੀ ਬਾਬਿਆਂ ਅਤੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਮੇਲੇ ਕਰਵਾਉਣ ਵਾਲੇ ਲੋਕ ਉਦੋਂ ਲੱਭਿਆਂ ਨਹੀਂ ਲੱਭੇ ਜਦ ਭਾਰਤੀ ਸਟੇਟ ਦਾ ਮੁਖੀ ਨਰਿੰਦਰ ਮੋਦੀ ਕੈਨੇਡਾ ਆਇਆ। ਅੱਗੇ-ਪਿੱਛੇ ਇਹ ਸਟੇਟ ਦੇ ਜ਼ੁਲਮਾਂ ਤੇ ਧੱਕਿਆਂ ਦੀ ਗੱਲ ਆਪਣੀਆਂ ਸਟੇਜਾਂ ਤੋਂ ਵੀ ਕਰਦੇ ਹਨ ਤੇ ਬਿਆਨ ਵੀ ਦਿੰਦੇ ਹਨ, ਪਰ ਜਦ ਮੌਕਾ ਆਇਆ ਤਾਂ ਮੁਜ਼ਾਹਰਾਕਾਰੀਆਂ ਦੇ ਨਾਲ ਖੜ੍ਹਨ ਦੀ ਬਜਾਇ ਮੋਦੀ ਦੇ ਗਲ਼ ਹਾਰ ਪਾਉਣ ਵਾਲਿਆਂ ਸੰਗ ਖੜ੍ਹੇ ਸਨ।
ਕਾਮਰੇਡ ਆਗੂ ਹਰਕਿਸ਼ਨ ਸੁਰਜੀਤ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਸਦਾ ਆਪਣਾ ਕੋਈ ਏਜੰਡਾ ਜਾਂ ਸੰਘਰਸ਼ ਦੀ ਨੀਤੀ ਨਹੀਂ ਸੀ ਬੱਸ ਸਮੇਂ ਦੀਆਂ ਸਰਕਾਰਾਂ ਨਾਲ ਜੋੜ-ਤੋੜ ਕਰਕੇ ਉਹ ਆਪਣਾ ਤੋਰੀ-ਫੁਲਕਾ ਚਲਾਈ ਜਾਂਦਾ ਸੀ। ਉਨ੍ਹਾਂ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਹਰਕਿਸ਼ਨ ਸੁਰਜੀਤ ਬਾਰੇ ਕਹੀ ਗੱਲ ਸਾਂਝੀ ਕੀਤੀ, ''ਸੁਰਜੀਤ ਦਾ ਹਾਲ ਉਸ ਜਨਾਨੀ ਵਰਗਾ ਹੈ, ਜਿਸ ਕੋਲ ਆਪਣਾ ਤੰਦੂਰ ਹੈ ਨੀਂ, ਬੱਸ ਰੋਟੀ ਲਾਹੁਣੀ ਆਉਂਦੀ ਐ, ਕਦੇ ਕਿਸੇ ਦੇ ਤੰਦੂਰ 'ਤੇ, ਕਦੇ ਕਿਸੇ ਹੋਰ ਦੇ ਤੰਦੂਰ 'ਤੇ।''
ਪੰਜਾਬ ਦੇ ਖਾੜਕੂਵਾਦ ਬਾਰੇ ਹੋਰ ਵਿਸਥਾਰ ਵਿੱਚ ਜਾਂਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੁਝ ਕਾਮਰੇਡਾਂ ਨੇ ਸਰਕਾਰ ਨਾਲ ਰਲ਼ ਕੇ ਚੱਲਦਿਆਂ ਸਿੱਖ ਨੌਜਵਾਨ ਕੁਟਵਾਏ ਅਤੇ ਮਰਵਾਏ ਪਰ ਨਾਲ ਹੀ ਖਾੜਕੂਆਂ ਨੇ ਵੀ ਕੁਝ ਗਲਤੀਆਂ ਕੀਤੀਆਂ। ਉਨ੍ਹਾਂ ਕਦੇ ਵੀ ਕਾਮਰੇਡਾਂ ਵਿਚਲੀਆਂ ਸੰਜੀਦਾ ਧਿਰਾਂ ਨਾਲ ਸੰਵਾਦ ਰਚਾਉਣ ਨੂੰ ਤਰਜੀਹ ਨਹੀਂ ਦਿੱਤੀ, ਉਲਟਾ ਦਰਸ਼ਨ ਸਿੰਘ ਕੈਨੇਡੀਅਨ, ਬਲਵੰਤ ਮਾਨ ਜਿਹੇ ਅਲੋਚਕ, ਜੋ ਸਿਰਫ ਲਿਖ ਕੇ ਹੀ ਅਲੋਚਨਾ ਕਰਦੇ ਸਨ, ਕਤਲ ਕਰ ਦਿੱਤੇ। ਪਰ ਹੁਣ ਖਾਲਿਸਤਾਨ ਪੱਖੀ ਜਥੇਬੰਦੀਆਂ ਸੰਵਾਦ ਰਚਾ ਰਹੀਆਂ ਹਨ ਤੇ ਉਨ੍ਹਾਂ ਨੂੰ ਵੀ ਕਈ ਵਾਰ ਇਨ੍ਹਾਂ ਨਾਲ ਬੈਠ ਕੇ ਬੀਤੇ ਦੀ ਪੜਚੋਲ ਤੇ ਭਵਿੱਖ ਦੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਮੌਕਾ ਮਿਲਿਆ ਹੈ।
ਕੁਝ ਕਾਮਰੇਡਾਂ ਦੀ ਸਿੱਖਾਂ ਪ੍ਰਤੀ ਬੇਲੋੜੀ ਨਫਰਤ ਨੂੰ ਉਨ੍ਹਾਂ ਦੇ ਨਾਲ ਆਏ ਇੱਕ ਖੱਬੇ ਪੱਖੀ ਸੋਚ ਨਾਲ ਸਹਿਮਤ ਲੇਖਕ ਨੇ ਉਜਾਗਰ ਕਰਦਿਆਂ ਇੰਕਸ਼ਾਫ ਕੀਤਾ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਅਗਾਂਹਵਧੂਆਂ ਨੇ ਬਾਬਾ ਸੋਹਣ ਸਿੰਘ ਭਕਨਾ ਬਾਰੇ ਲੇਖ ਲਿਖਣ ਲਈ ਕਿਹਾ ਤੇ ਨਾਲ ਹੀ ਹਦਾਇਤ ਕੀਤੀ, ''ਬਾਬੇ ਨੂੰ ਬਹੁਤਾ ਸਿੱਖ ਨਾ ਬਣਾ ਦੇਵੀਂ।'' ਤਾਂ ਮੋੜਵਾਂ ਜਵਾਬ ਦਿੰਦਿਆਂ ਇਸ ਲੇਖਕ ਨੇ ਕਿਹਾ, ''ਜਿੰਨਾ ਕੁ ਸਿੱਖ ਬਾਬਾ ਸੋਹਣ ਸਿੰਘ ਭਕਨਾ ਸੀ, ਓਨਾ ਕੁ ਤਾਂ ਲਿਖਾਂਗਾ ਹੀ, ਹੁਣ ਕੋਲੋਂ ਮੈਂ ਕਿਵੇਂ ਘਟਾ-ਵਧਾ ਦਿਆਂ?''
ਭਵਿੱਖ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਉੱਤਰ-ਪੂਰਬੀ ਸੂਬਿਆਂ 'ਚ ਮਾਓਵਾਦੀ ਲਹਿਰ ਦੀ ਪੂਰੀ ਚੜ੍ਹਤ ਹੈ। ਸਟੇਟ ਵਲੋਂ ਹਰ ਹਰਬਾ ਵਰਤ ਕੇ ਉਨ੍ਹਾਂ ਦਾ ਲੱਕ ਤੋੜਨ ਦੀ ਤੇ ਉਨ੍ਹਾਂ ਨੂੰ ਸ਼ਹਿਰਾਂ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਦੇ ਆਗੂ ਬਹੁਤ ਸਿਆਣੇ ਹਨ ਅਤੇ ਜਥੇਬੰਦਕ ਤੌਰ 'ਤੇ ਕਾਇਮ ਹੋਣ ਦੇ ਨਾਲ-ਨਾਲ ਅਸੂਲਾਂ ਦੇ ਧਾਰਨੀ ਵੀ ਹਨ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਨਾਲ ਹਮਦਰਦੀ ਰੱਖਣ ਵਾਲੇ ਕਈ ਮਨੁੱਖੀ ਅਧਿਕਾਰ ਕਾਰਕੁੰਨ ਤਰੀਕੇ ਨਾਲ ਕਤਲ ਹੋਏ ਹਨ। ਜੇਕਰ ਅਰੁੰਧਤੀ ਰੌਏ ਨੂੰ ਵੀ ਅੰਤਰਰਾਸ਼ਟਰੀ ਬੁੱਕਰ ਪ੍ਰਾਈਜ਼ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਉਸ ਦਾ ਵੀ ਕਤਲ ਹੋ ਚੁੱਕਾ ਹੁੰਦਾ।
ਪੰਜਾਬ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਮੁਹਾਰੇ ਹੋ ਕੇ ਸੰਘਰਸ਼ ਦੇ ਰਾਹ ਤੁਰੇ ਹੋਏ ਹਨ। ਕੋਈ ਕਿਸਾਨਾਂ ਨਾਲ, ਕੋਈ ਕਾਮਰੇਡਾਂ ਨਾਲ, ਕੋਈ ਸਿੱਖਾਂ ਨਾਲ ਤੁਰ ਕੇ ਸੰਘਰਸ਼ ਕਰ ਰਿਹਾ ਹੈ। ਪੰਜਾਬ 'ਚ ਵੱਡੀ ਪੱਧਰ 'ਤੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਪਰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਅਗਵਾਈ ਦੀ ਲੋੜ ਹੁੰਦੀ ਹੈ ਤੇ ਕਿਸੇ ਵੀ ਧਿਰ ਕੋਲ ਯੋਗ ਅਗਵਾਈ ਦੇਣ ਦੇ ਸਮਰੱਥ ਲੀਡਰ ਨਹੀਂ ਹੈ। ਲੋਕ ਸੰਘਰਸ਼ ਲਈ ਤਿਆਰ ਹਨ, ਜਿਸ ਦੀ ਮਿਸਾਲ ਮੋਗਾ ਕਾਂਡ ਹੈ, ਜਿਸ ਨੇ ਪਹਿਲੀ ਵਾਰ ਬਾਦਲਾਂ ਨੂੰ ਸੜਕਾਂ ਤੋਂ ਆਪਣੀਆਂ ਬੱਸਾਂ ਲਾਹੁਣ ਲਈ ਮਜ਼ਬੂਰ ਕਰ ਦਿੱਤਾ। ਨੌਜਵਾਨ ਜਥੇਬੰਦੀਆਂ ਸਰਗਰਮ ਹੋ ਰਹੀਆਂ ਹਨ ਅਤੇ ਮੋਗਾ ਬੱਸ ਕਾਂਡ ਸਬੰਧੀ ਸੰਘਰਸ਼ 'ਚ ਉਨ੍ਹਾਂ ਦੀ ਭੂਮਿਕਾ ਸਲਾਹੁਣਯੋਗ ਰਹੀ ਹੈ।
ਮੋਦੀ ਦੀ ਕਮਾਂਡ ਹੇਠ ਹਿੰਦੂਤਵੀ ਰਾਜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੇ ਰਾਜ ਦਾ ਇੱਕ ਸਾਲ ਲੰਘ ਗਿਆ ਹੈ ਤੇ ਚਾਰ ਹੋਰ ਬਾਕੀ ਹਨ। ਇਨ੍ਹਾਂ ਪੰਜ ਸਾਲਾਂ 'ਚ ਹੇਠਲੇ ਤੋਂ ਉੱਪਰਲੇ ਪੱਧਰ ਤੱਕ ਹਿੰਦੂਤਵੀਆਂ ਨੇ ਧਾਰਮਿਕ, ਸਮਾਜਿਕ, ਸਿੱਖਿਆ ਤੇ ਕਾਨੂੰਨ ਸਮੇਤ ਹੋਰ ਦਰਜਨਾਂ ਖੇਤਰਾਂ ਵਿੱਚ ਬਹੁਤ ਬਦਲਾਅ ਲਿਆ ਦੇਣੇ ਹਨ। ਬਾਹਰਲੇ ਮੁਲਕ ਵੀ ਇਸ ਵੱਡੀ ਮੰਡੀ ਨੂੰ ਆਪਣਾ ਮਾਲ ਵੇਚਣ ਲਈ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਭਾਰਤ ਸਰਕਾਰ ਦਾ ਪੱਖ ਪੂਰ ਰਹੇ ਹਨ। ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਰਤ ਸਰਕਾਰ ਕਿਸੇ ਵੀ ਵੇਲੇ ਪਾਕਿਸਤਾਨ ਨਾਲ ਜੰਗ ਛੇੜ ਸਕਦੀ ਹੈ, ਜਿਸ ਵਿੱਚ ਬਿਨਾਂ ਸ਼ੱਕ ਹਜ਼ਾਰਾਂ ਲੋਕ ਮਰਨਗੇ ਪਰ ਇਸ ਵਿੱਚ ਸਰਕਾਰਾਂ ਦੇ ਹਿੱਤ ਲੁਕੇ ਹੋਏ ਹਨ। ਕਿਸੇ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੱਬਣ ਦਾ ਮੌਕਾ ਮਿਲ ਜਾਵੇਗਾ ਤੇ ਕਿਸੇ ਨੂੰ ਹਥਿਆਰ ਵੇਚਣ ਦਾ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026