Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਆਣਾ ਵਿੱਚ ਤਿੰਨ-ਤਿੰਨ ਅੰਮ੍ਰਿਤਸਰ

Posted on May 24th, 2013

ਹਰਿਆਣਾ ਰਾਜ ਵਿਚ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ ਅੰਮ੍ਰਿਤਸਰ ਹਨ। ਇਹ ਤਿੰਨੋਂ ਪਿੰਡ ਰਾਜਸਥਾਨ ਦੀ ਹੱਦ ਨਾਲ ਲਗਦੇ ਰਾਣੀਆਂ ਵਿਧਾਨ ਸਭਾ ਹਲਕੇ ਵਿਚ ਪੈਂਦੇ ਹਨ। ਇਨ੍ਹਾਂ ਪਿੰਡਾਂ ਦੀ ਜ਼ਮੀਨ ਜ਼ਰਖੇਜ਼ ਹੈ ਤੇ ਇਹ ਰਾਜਸਥਾਨ ਦੀ ਹੱਦ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਘੱਗਰ ਦਰਿਆ ਦੇ ਨੇੜੇ ਹਨ।


ਤਿੰਨਾਂ ਵਿਚੋਂ ਇਕ ਪਿੰਡ ਤਾਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਪੰਜਾਬੀਆਂ ਨੇ ਵਸਾਇਆ ਹੈ। ਇਨ੍ਹਾਂ ਨੇ ਪਿੰਡ ਦਾ ਮੁੱਢ ਬੰਨ੍ਹਣ ਸਮੇਂ ਸਭ ਤੋਂ ਪਹਿਲਾਂ ਖੂਹ ਬਣਾਇਆ ਸੀ ਤੇ ਇਸ ਕਰਕੇ ਇਸ ਪਿੰਡ ਦਾ ਨਾਂ ਖੂਹ ਅੰਮ੍ਰਿਤਸਰ ਪੈ ਗਿਆ, ਪਰ ਦੂਜੇ ਦੋ ਪਿੰਡਾਂ ਦਾ ਨਾਂ ਅੰਮ੍ਰਿਤਸਰ ਕਿਉਂ ਪਿਆ, ਜਾਂ ਕਿਉਂ ਰੱਖਿਆ ਗਿਆ,ਇਸ ਬਾਰੇ ਭੰਬਲਭੂਸਾ ਹੈ। ਕਿਸੇ ਨੂੰ ਇਨ੍ਹਾਂ ਦੋਵਾਂ ਪਿੰਡਾਂ ਦੇ ਨਾਂ ਅੰਮ੍ਰਿਤਸਰ ਰੱਖਣ ਬਾਰੇ ਸਹੀ ਜਾਣਕਾਰੀ ਨਹੀਂ ਹੈ। ਅੰਮ੍ਰਿਤਸਰ ਖੁਰਦ ਦੇ ਸ਼ਮਸ਼ੇਰ ਸਿੰਘ ਸੰਧੂ, ਜੋ 86 ਸਾਲਾ ਉਮਰ ਹੋਣ ਦੇ ਬਾਵਜੂਦ ਪੂਰੇ ਹਾਜ਼ਰ ਜੁਆਬ ਹਨ, ਨਾਲ ਦੋਵਾਂ ਪਿੰਡਾਂ ਦੇ ਨਾਂ ਅੰਮ੍ਰਿਤਸਰ ਰੱਖਣ ਬਾਰੇ ਚਰਚਾ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਬੜੀ ਵੱਡੀ ਸਮੱਸਿਆ ਹੈ। ਇਸ ਬਾਰੇ ਕਈ ਵਾਰ ਵਿਚਾਰ ਵੀ ਕੀਤਾ ਹੈ, ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਬਾਅਦ ਇਸ ਪਿੰਡ ਵਿਚ ਆ ਵਸਿਆ ਸੀ, ਪਰ ਇਨ੍ਹਾਂ ਪਿੰਡਾਂ ਦਾ ਨਾਂ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਸੀ। ਉਨ੍ਹਾਂ ਕਿਹਾ ਕਿ ਜਿਸ ਸਮੇਂ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕੇ ਵਿਚ ਮਿਸਲਾਂ ਦੇ ਉਭਾਰ ਨਾਲ ਸਿੱਖਾਂ ਦਾ ਰੋਅਬ ਦਾਅਬ ਵਧਿਆ, ਉਸ ਸਮੇਂ ਲੋਧੀ ਖਾਨ ਨਾਲ ਸਬੰਧਤ ਪਰਿਵਾਰ ਅੰਮ੍ਰਿਤਸਰ ਤੋਂ ਦੂਰ ਇਸ ਇਲਾਕੇ ਵਿਚ ਘੱਗਰ ਦਰਿਆ ਦੇ ਕਿਨਾਰੇ ਨੇੜੇ ਆ ਕੇ ਵੱਸ ਗਿਆ ਤੇ ਸ਼ਾਇਦ ਉਨ੍ਹਾਂ ਨੇ ਅੰਮ੍ਰਿਤਸਰ ਨਾਲ ਸਾਂਝ ਕਰਕੇ ਹੀ ਦੋਵਾਂ ਪਿੰਡਾਂ ਦੇ ਨਾਂ ਅੰਮ੍ਰਿਤਸਰ ਰੱਖ ਲਏ। ਆਮ ਲੋਕ ਇਨ੍ਹਾਂ ਦੋਵਾਂ ਪਿੰਡਾਂ ਨੂੰ ਛੋਟਾ ਤੇ ਵੱਡਾ ਅਮਰਤਸਰ ਦੇ ਨਾਂ ਨਾਲ ਸੱਦਦੇ ਹਨ।


ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਅੰਗਰੇਜ਼ਾਂ ਦੇ ਰਾਜ ਸਮੇਂ ਇਨ੍ਹਾਂ ਪਿੰਡਾਂ ਦੇ ਨਾਂ ਅੰਮ੍ਰਿਤਸਰ ਸ਼ਮਾਲੀ ਤੇ ਅੰਮ੍ਰਿਤਸਰ ਜਨੂਬੀ ਸਨ। (ਉਤਰੀ ਤੇ ਦੱਖਣੀ ਅੰਮ੍ਰਿਤਸਰ) ਸਨ। ਆਜ਼ਾਦੀ ਤੋਂ ਪਹਿਲਾਂ ਲੋਧੀ ਖਾਨਦਾਨ ਦੇ ਜ਼ਹੀਰੂਦੀਨ ਅੰਮ੍ਰਿਤਸਰ ਖੁਰਦ ਅਤੇ ਉਸ ਦਾ ਚਾਚਾ ਕਿਨੂਦੀਨ ਅੰਮ੍ਰਿਤਸਰ ਕਲਾਂ ਵਿਚ ਰਹਿੰਦੇ ਸਨ ਤੇ ਇਨ੍ਹਾਂ ਪਿੰਡਾਂ ਦੇ ਮਾਲਕ ਸਨ। ਇਹ ਵੀ ਆਮ ਚਰਚਾ ਹੈ ਕਿ ਜ਼ਹੀਰੂਦੀਨ ਦੀ ਸਿੱਖਾਂ ਨਾਲ ਕਾਫੀ ਨੇੜਤਾ ਸੀ। ਉਸ ਦੀ ਨਾਮਧਾਰੀਆਂ ਦੇ ਸਤਿਗੁਰੂ ਬਾਬਾ ਪ੍ਰਤਾਪ ਸਿੰਘ ਨਾਲ ਵੀ ਨੇੜਤਾ ਸੀ। ਇਸੇ ਕਰਕੇ ਉਸ ਨੇ ਉਨ੍ਹਾਂ ਨੂੰ ਇਸ ਇਲਾਕੇ ਵਿਚ ਵਸਣ ਲਈ ਪ੍ਰੇਰਿਆ ਤੇ ਆਪਣੀ ਜ਼ਮੀਨ ਦੇ ਨੇੜੇ ਲੱਗਦੀ ਜ਼ਮੀਨ ਨਾਮਧਾਰੀ ਗੁਰੂ ਨੂੰ ਦਿਵਾਈ ਸੀ। ਆਜ਼ਾਦੀ ਤੋਂ ਬਾਅਦ ਉਸ ਦੀ ਚਾਲੀ ਮੁਰੱਬੇ ਜ਼ਮੀਨ ਗੁਜਰਾਂਵਾਲਾ ਜ਼ਿਲ੍ਹੇ ਦੇ ਨਾਮਧਾਰੀਆਂ ਨੂੰ ਅਲਾਟ ਹੋਈ ਸੀ, ਪਰ ਉਹ ਥਾਈਲੈਂਡ ਵਸ ਗਏ ਸਨ ਤੇ ਇਸ ਕਰਕੇ ਉਨ੍ਹਾਂ ਦੀ ਜ਼ਮੀਨ ਹੌਲੀ-ਹੌਲੀ ਮੁਜ਼ਾਰਿਆਂ ਨੇ ਖਰੀਦ ਲਈ। ਅੰਮ੍ਰਿਤਸਰ ਕਲਾਂ ਦੇ ਬਜ਼ੁਰਗ ਗਿਆਨੀ ਗੁਰਚਰਨ ਸਿੰਘ ਖਾਲਸਾ ਨੇ ਦੱਸਿਆ ਕਿ ਪੁਰਾਣੀ ਤੋਂ ਪੁਰਾਣੀ ਜਮ੍ਹਾਂਬੰਦੀ ਉਤੇ ਦੋਵਾਂ ਪਿੰਡਾਂ ਦੇ ਨਾਂ ਅੰਮ੍ਰਿਤਸਰ ਹਨ, ਪਰ ਜਦੋਂ ਡਾਕਖਾਨੇ ਬਣੇ ਤਾਂ ਉਨ੍ਹਾਂ ਨੇ ਇਨਾਂ ਪਿੰਡਾਂ ਦੇ ਨਾਂ ਕਲਾਂ ਤੇ ਖੁਰਦ ਬਣਾ ਦਿੱਤੇ। ਤਿੰਨੇ ਪਿੰਡਾਂ ਦਾ ਗੇੜਾ ਲਾਉਣ ਤੋਂ ਬਾਅਦ ਇਵੇਂ ਲੱਗਦਾ ਹੈ ਕਿ ਹਰਿਆਣਾ ਦੇ ਪਿੰਡਾਂ ਵਿਚ ਨਹੀਂ ਸਗੋਂ ਪੰਜਾਬ ਦੇ ਪਿੰਡਾਂ ਵਿਚ ਘੁੰਮ ਫਿਰ ਰਹੇ ਹੋਈਏ। ਪਿੰਡਾਂ ਵਿਚ ਦੁਕਾਨਾਂ ਦੇ ਨਾਂ ਹੀ ਹਿੰਦੀ ਵਿਚ ਲਿਖੇ ਹਨ, ਪਰ ਲਗਪਗ ਸਾਰੇ ਹੀ ਠੇਠ ਪੰਜਾਬੀ ਬੋਲਦੇ ਹਨ। ਹਾਂ ਉਨ੍ਹਾਂ ਦੀ ਭਾਸ਼ਾ ਵਿਚ ਕਾਫੀ ਸਾਰੇ ਸ਼ਬਦ ਹਿੰਦੀ ਦੇ ਰਲਗੱਢ ਹੋ ਗਏ ਹਨ। ਇਨ੍ਹਾਂ ਪਿੰਡਾਂ ਤੇ ਨਾਮਧਾਰੀ ਲਹਿਰ ਦਾ ਪ੍ਰਭਾਵ ਹੈ ਤੇ ਨਾਮਧਾਰੀ ਗੁਰੂ ਦੇ ਪ੍ਰਭਾਵ ਹੇਠ ਕੁਝ ਹਿੰਦੂ ਪਰਿਵਾਰ ਵੀ ਸਿੱਖ ਬਣ ਗਏ ਸਨ। ਪਿੰਡਾਂ ਵਿਚ ਨਾਮਧਾਰੀਆਂ ਦੇ ਗੁਰਦੁਆਰੇ ਹਨ। ਨਾਮਧਾਰੀ ਗੁਰਚਰਨ ਸਿੰਘ ਖਾਲਸਾ ਪਹਿਲਾਂ ਨਾਮਧਾਰੀ ਸਨ, ਪਰ ਉਸ ਦੀ 1980 ਵਿਚ ਨਾਮਧਾਰੀਆਂ ਨਾਲ ਵਿਗੜ ਗਈ। ਉਸ ਨੇ ਨਾਮਧਾਰੀਆਂ ਨਾਲ ਆਢਾ ਲੈ ਕੇ ਵੱਖਰਾ ਗੁਰਦੁਆਰਾ ਬਣਾਇਆ ਤੇ ਇਸ ਵਿਚ ਬਾਕਾਇਦਾ ਤੌਰ ’ਤੇ ਨਿਸ਼ਾਨ ਸਾਹਿਬ ਲਾਇਆ । ਨਾਮਧਾਰੀ ਆਪਣੇ ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ਨਹੀਂ ਲਾਉਂਦੇ ਹਨ। ਇਨ੍ਹਾਂ ਨੂੰ ਉਹ ਕਹਿੰਦੇ ਵੀ ਨਾਮਧਾਰੀ ਧਰਮਸ਼ਾਲਾ ਹਨ। ਸਮੇਂ ਦੇ ਬਦਲਣ ਨਾਲ ਨਾਮਧਾਰੀ ਲਹਿਰ ਦਾ ਪ੍ਰਭਾਵ ਕਾਫੀ ਘੱਟ ਚੁੱਕਾ ਹੈ, ਪਰ ਇਸ ਦੇ ਅਸਰ ਘਟਣ ਦੇ ਹੋਰ ਵੀ ਕਾਰਨ ਹਨ।


ਅੰਮ੍ਰਿਤਸਰ ਕਲਾਂ,ਖੁਰਦ ਤੇ ਅੰਮ੍ਰਿਤਸਰ ਖੂਹ ਦੀਆਂ ´ਮਵਾਰ 850 , 550 ਅਤੇ 500 ਵੋਟਾਂ ਹਨ। ਪਹਿਲੇ ਦੋਵਾਂ ਪਿੰਡਾਂ ਵਿਚ ਅੱਠਵੀਂ ਅਤੇ ਤੀਜੇ ਵਿਚ ਪੰਜਵੀਂ ਦਾ ਸਕੂਲ ਹੈ। ਸਰਕਾਰੀ ਸਕੂਲਾਂ ਵਿਚ ਗਰੀਬਾਂ ਅਤੇ ਆਮ ਜਨਤਾ ਦੇ ਬੱਚੇ ਪੜ੍ਹਦੇ ਹਨ ਤੇ ਖਾਂਦੇ ਪੀਂਦੇ ਘਰਾਂ ਦੇ ਲੋਕ ਆਪਣੇ ਬੱਚੇ ਕਸਬਿਆਂ ਦੇ ਮਾਡਲ ਸਕੂਲਾਂ ਵਿਚ ਪੜ੍ਹਾ ਰਹੇ ਹਨ। ਉਨ੍ਹਾਂ ਦੇ ਬੱਚੇ ਆਰਟਸ ਦੇ ਵਿਸ਼ੇ ਪੜ੍ਹਣ ਦੀ ਬਜਾਏ ਤਕਨੀਕੀ ਤੇ ਕਿੱਤਿਆਂ ਨਾਲ ਸਬੰਧਤ ਪੜ੍ਹਾਈ ਕਰਨ ਨੂੰ ਤਰਜੀਹ ਦੇਣ ਲੱਗੇ ਹਨ । ਪੰਜਾਬ ਦੇ ਪਿੰਡਾਂ ਵਾਂਗ ਹੀ ਇਨ੍ਹਾਂ ਤਿੰਨੇ ਪਿੰਡਾਂ ਦੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਦੀ ਤਾਕ ਵਿਚ ਹਨ ਤੇ ਤਿੰਨ ਦਰਜਨ ਤੋਂ ਵੱਧ ਨੌਜਵਾਨ ਇੰਗਲੈਂਡ, ਕੇੈਨੇਡਾ, ਆਸਟਰੇਲੀਆ ਵਿਚ ਪੜ੍ਹ ਤੇ ਕਾਰੋਬਾਰ ਕਰ ਰਹੇ ਹਨ। ਅੰਮ੍ਰਿਤਸਰ ਖੂਹ ਦੇ ਵਾਸੀ ਤੇ ਏਲਨਾਬਾਦ ਬਲਾਕ ਦੇ ਕਾਂਗਰਸ ਦੇ ਪ੍ਰਧਾਨ ਸਰਦੂਲ ਸਿੰਘ ਕੋਲ ਤੀਹ ਏਕੜ ਤੋਂ ਵੱਧ ਜ਼ਮੀਨ ਹੈ ਤੇ ਉਨ੍ਹਾਂ ਦਾ ਇਕਲੌਤਾ ਲੜਕਾ ਆਸਟਰੇਲੀਆ ਵਿਚ ਹੈ। ਇਹ ਪੁੱਛੇ ਜਾਣ ’ਤੇ ਕਿ ਲੜਕੇ ਨੂੰ ਵਿਦੇਸ਼ ਭੇਜਣ ਦਾ ਕੀ ਕਾਰਨ ਹੈ ਤਾਂ ਉਸ ਨੇ ਕਿਹਾ ਕਿ ਬੱਚਾ ਬਾਹਰ ਪੜ੍ਹਨਾ ਚਾਹੁੰਦਾ ਸੀ। ਪੜ੍ਹਾਈ ਪੂਰੀ ਕਰਕੇ ਵਾਪਸ ਆ ਜਾਵੇਗਾ। ਅੰਮ੍ਰਿਤਸਰ ਕਲਾਂ ਵਿਚ ਮੁਸਲਮਾਨਾਂ ਦੇ ਵੇਲੇ ਦਾ ਖੂਹ ਹੈ ਤੇ ਇਸ ਦੇ ਥੜੇ ’ਤੇ ਪਿੱਪਲ ਦੇ ਰੁੱਖ ਹਨ। ਇਸ ਖੂਹ ’ਤੇ ਨਾਮਧਾਰੀ ਸੰਤ ਈਸ਼ਰ ਸਿੰਘ ਹਾਫਜ਼ਾਬਾਦੀ ਦੀ ਯਾਦਗਾਰ ਬਣੀ ਹੋਈ ਹੈ ਤੇ ਉਨ੍ਹਾਂ ਦੀ ਬਰਸੀ ’ਤੇ ਹਰ ਸਾਲ ਮੇਲੇ ਲਗਦੇ ਹਨ। ਇਹ ਖੂਹ ਵੀ ਪੰਜਾਬ ਤੇ ਹਰਿਆਣਾ ਦੇ ਅਲੋਪ ਹੋ ਰਹੇ ਦ੍ਰਿਸ਼ਾਂ ਦੀ ਕਹਾਣੀ ਬਿਆਨ ਕਰਦਾ ਹੈ। ਇਸ ਖੂਹ ਦੀ ਗਾਧੀ ਗਾਇਬ ਹੋ ਚੁੱਕੀ ਹੈ ਤੇ ਮਾਲ ਤੇ ਟਿੰਡਾਂ ਸਲਾਮਤ ਹਨ। ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਿਸੇ ਨੇ ਖੂਹ ਵਿਚੋਂ ਪਾਣੀ ਨਹੀਂ ਕੱਢਿਆ। ਇਸੇ ਪਿੰਡ ਵਿਚ ਮਸ਼ਹੂਰ ਕਵੀ ਨਰੰਜਨ ਸਿੰਘ ਮਰਗੇਸ ਹੋਏ ਹਨ, ਜਿਨ੍ਹਾਂ ਨੇ ਜੰਗ ਚਮਕੌਰ ਸਾਹਿਬ,ਸਾਕਾ ਮਾਲੇਰਕੋਟਲਾ ਸਮੇਤ ਹੋਰ ਕਾਫੀ ਧਾਰਮਿਕ ਤੇ ਸਮਾਜਕ ਰਚਨਾ ਕੀਤੀ ਹੈ। ਇਸੇ ਪਿੰਡ ਵਿਚ ਕੂਕਾ ਲਹਿਰ ਦੇ ਸ਼ਹੀਦ ਬਿਸ਼ਨ ਸਿੰਘ ਦੇ ਨਾਂ ’ਤੇ ਪੰਜਾਬੀ ਸਾਹਿਤ ਸਭਾ, ਦਿੱਲੀ ਦੇ ਸਹਿਯੋਗ ਨਾਲ ਲਾਇਬਰੇਰੀ ਬਣਾਈ ਗਈ ਹੈ। ਤਿੰਨੇ ਅਮਰਸਰਾਂ ਦੇ ਲੋਕ ਅਗਾਂਹਵਧੂ ਲਹਿਰਾਂ ਵਿਚ ਹਿੱਸਾ ਲੈਂਦੇ ਆ ਰਹੇ ਹਨ। ਅੰਮ੍ਰਿਤਸਰ ਕਲਾਂ ਵਿਚ ਸਰਵ ਭਾਰਤ ਨੌਜਵਾਨ ਸਭਾ ਦੀ ਇਕਾਈ ਵੀ ਸਰਗਰਮ ਹੈ। ਤਿੰਨਾਂ ਪਿੰਡਾਂ ’ਚ ਕਾਂਗਰਸ ਤੇ ਇਨੈਲੋ ਵਿਚਾਲੇ ਮੁਕਾਬਲੇਬਾਜ਼ੀ ਹੈ ਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਬਰਾਂਚ ਵੀ ਹੈ। ਤਿੰਨੇ ਪਿੰਡਾਂ ਦੀ ਕਿਸਾਨੀ ਕਾਫੀ ਮਿਹਨਤ-ਮਸ਼ੱਕਤ ਕਰਦੀ ਹੈ ਤੇ ਪੰਜਾਬ ਦੇ ਕਿਸਾਨਾਂ ਵਾਂਗ ਹੀ ਰਵਾਇਤੀ ਝੋਨੇ ਤੇ ਕਣਕ ਦੀ ਖੇਤੀ ਕਰਦੀ ਹੈ। ਬਹੁਤੇ ਕਿਸਾਨਾਂ ਨੇ ਕਰਜ਼ੇ ਲਏ ਹੋਏ ਹਨ, ਪਰ ਕੋਈ ਵੀ ਕਿਸਾਨ ਬਹੁਤ ਜ਼ਿਆਦਾ ਕਰਜ਼ੇ ਦੇ ਬੋਝ ਹੇਠ ਨਹੀਂ ਡੁੱਬਿਆ।




Archive

RECENT STORIES