Posted on February 27th, 2015

ਪਟਿਆਲਾ- ਲਗਭਗ ਸਾਢੇ ਪੰਜ ਸਾਲ ਪਹਿਲਾਂ ਹੋਏ ਬਹੁਚਰਚਿਤ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕੇਸ ਵਿਚ ਮਾਨਯੋਗ ਐਡੀਸ਼ਨਲ ਸ਼ੈਸਨ ਜੱਜ ਐਨ.ਐਸ. ਗਿੱਲ ਦੀ ਅਦਾਲਤ ਨੇ ਪੰਜ ਵਿਅਕਤੀਆਂ ਨੂੰ ਬਰੀ ਕਰ ਕੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ੰਨ ਚਿੰਨ੍ਹ ਲਗਾ ਦਿਤਾ। ਜਿਹੜੇ ਵਿਅਕਤੀਆਂ ਨੂੰ ਬਰੀ ਕੀਤਾ ਹੈ, ਉਨ੍ਹਾਂ ਵਿਚ ਦਰਸ਼ਨ ਸਿੰਘ, ਜਗਮੋਹਨ ਸਿੰਘ, ਗੁਰਜੰਟ ਸਿੰਘ, ਦਲਜੀਤ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 28 ਜੁਲਾਈ 2009 ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਨੂੰ ਸ਼ਾਮ ਦੇ ਸਮੇਂ ਗੋਲੀਆਂ ਮਾਰ ਦਿਤੀਆਂ ਸੀ। ਇਸ ਤੋਂ ਬਾਅਦ ਪਰਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ, ਹਾਲਤ ਗੰਭੀਰ ਹੁੰਦੀ ਦੇਖ ਰੁਲਦਾ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿਤਾ ਸੀ। ਜਿਥੇ 15 ਅਗਸਤ 2009 ਨੂੰ ਰੁਲਦਾ ਸਿੰਘ ਦੀ ਮੌਤ ਹੋ ਗਈ।
ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇਸ ਮਾਮਲੇ ਵਿਚ 29 ਜੁਲਾਈ 2009 ਨੂੰ ਰੁਲਦਾ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ 28 ਜੁਲਾਈ ਨੂੰ ਰਾਤ ਦੇ ਸਮੇਂ ਅਪਣੀ ਗੱਡੀ ਖੜੀ ਕਰ ਕੇ ਉਸ ਦੇ ਪਿਤਾ ਗੇਟ ਬੰਦ ਕਰ ਰਹੇ ਸਨ ਤਾਂ ਚਾਰ-ਪੰਜ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਵਰ੍ਹਾ ਦਿਤੀਆਂ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਸ ਕੇਸ ਵਿਚ ਬਚਾਅ ਪੱਖ ਵਲੋਂ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਅਤੇ ਐਡਵੋਕੇਟ ਜਗਮੋਹਨ ਸਿੰਘ ਸ਼ੈਣੀ ਪੇਸ਼ ਹੋਏ ਸਨ। ਇਸ ਕੇਸ ਵਿਚ ਪੁਲਿਸ ਨੇ ਪਹਿਲਾਂ ਕੁੱਝ ਵਿਅਕਤੀਆਂ ਨੂੰ ਪੁਛ ਪੜਤਾਲ ਲਈ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿਤਾ ਸੀ ਅਤੇ ਬਾਅਦ ਉਕਤ ਪੰਜਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦਾ ਕਹਿਣਾ ਸੀ ਕਿ ਇੰਗਲੈਂਡ ਤੋਂ ਕੁੱਝ ਵਿਅਕਤੀ ਵਿਸ਼ੇਸ਼ ਤੌਰ 'ਤੇ ਟ੍ਰੇਨਿੰਗ ਲੈ ਕੇ ਰੁਲਦਾ ਸਿੰਘ ਦਾ ਕਤਲ ਕਰਨ ਲਈ ਇਥੇ ਆਏ ਸਨ ਅਤੇ ਉਕਤ ਵਿਅਕਤੀਆਂ ਨੇ ਇਸ ਮਾਮਲੇ ਵਿਚ ਉਨ੍ਹਾਂ ਦਾ ਸਹਿਯੋਗ ਕੀਤਾ ਸੀ। ਪੁਲਿਸ ਮੁਤਾਬਕ ਕਾਤਲ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫੇਰ ਤੋਂ ਵਿਦੇਸ਼ ਚਲੇ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਮੁਤਾਬਕ ਅਜੇ ਇੰਗਲੈਂਡ ਵਾਪਸ ਪਰਤੇ ਤਿੰਨ ਵਿਅਕਤੀਆਂ ਦੀ ਤਲਾਸ਼ ਹੈ। ਵਰਨਣਯੋਗ ਹੈ ਕਿ ਇਸ ਮਾਮਲੇ ਵਿਚ ਰਮਨਦੀਪ ਗੋਲਡੀ ਜਿਸ ਨੂੰ ਪੰਜਾਬ ਪੁਲਿਸ ਨੇ ਨਵੰਬਰ 2014 ਵਿਚ ਗ੍ਰਿਫ਼ਤਾਰ ਕੀਤਾ ਸੀ ਨੂੰ ਵੀ ਰੁਲਦਾ ਸਿੰਘ ਕਤਲ ਕੇਸ ਵਿਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਚਲਾਨ ਵੀ ਪੇਸ਼ ਕਰ ਦਿਤਾ ਹੈ।
ਇਸੇ ਤਰ੍ਹਾਂ ਜਨਵਰੀ 2015 ਵਿਚ ਗ੍ਰਿਫ਼ਤਾਰ ਕੀਤੇ ਗਏ ਬੇਅੰਤ ਸਿੰਘ ਕਤਲ ਦੇ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਵੀ ਤ੍ਰਿਪੜੀ ਪੁਲਿਸ ਨੇ ਇਸ ਕੇਸ ਵਿਚ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਜਿਸ ਦਾ ਅਜੇ ਚਲਾਨ ਪੇਸ਼ ਨਹੀਂ ਕੀਤਾ ਗਿਆ।
ਇਸ ਕੇਸ ਦਾ ਫ਼ੈਸਲਾ ਆਉਣ ਤੋਂ ਬਾਅਦ ਬਚਾਅ ਪੱਖ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਦਸਿਆ ਕਿ ਇਹ ਇਕ ਬਲਾਈਂਡ ਮਰਡਰ ਸੀ ਅਤੇ ਪੁਲਿਸ ਨੇ ਸ਼ੁਰੂ ਤੋਂ ਹੀ ਅਪਣੀ ਇੱਜ਼ਤ ਬਚਾਉਣ ਲਈ ਹਵਾ ਵਿਚ ਤੀਰ ਚਲਾਏ। ਕਦੇ ਕਿਸੇ ਨੂੰ ਗ੍ਰਿਫ਼ਤਾਰ ਕਰ ਅਤੇ ਕਦੇ ਕਿਸੇ ਦਾ ਨਾਮ ਇਸ ਵਿਚ ਪਾ ਕੇ ਪਿਛਲੇ ਸਾਢੇ ਪੰਜ ਸਾਲਾਂ ਤੋਂ ਮਾਨਯੋਗ ਅਦਾਲਤ ਦਾ ਸਮਾਂ ਖ਼ਰਾਬ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਿਚ ਕੁਲ 54 ਗਵਾਹ ਪੇਸ਼ ਹੋਏ ਅਤੇ ਪੁਲਸ ਦੇ ਅਪਣੇ ਗਵਾਹ ਹੀ ਇੱਕ ਦੂਜੇ ਨੂੰ ਗਲਤ ਠਹਿਰਾਉਂਦੇ ਗਏ। ਕਾਰਨ ਇਹ ਸੀ ਕਿ ਕੇਸ ਝੂਠਾ ਬਣਾਇਆ ਗਿਆ ਸੀ।
ਮਾਨਯੋਗ ਐਡੀਸਨਲ ਸੈਸ਼ਨ ਜੱਜ ਐਨ.ਐਸ. ਗਿੱਲ ਦੀ ਅਦਾਤਲ ਨੇ ਅੱਜ ਰੁਲਦਾ ਸਿੰਘ ਕੇਸ ਵਿਚ ਬਰੀ ਕੀਤੇ ਗਏ ਜਗਮੋਹਨ ਸਿੰਘ ਨੂੰ ਇਕ ਅਲੱਗ ਆਰਮਜ਼ ਐਕਟ ਦੇ ਕੇਸ ਵਿਚੋਂ ਵੀ ਬਰੀ ਕਰ ਦਿਤਾ ਹੈ। ਜਗਮੋਹਨ ਸਿੰਘ ਵਿਰੁਧ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇੱਥੇ ਅਲੱਗ ਤੋਂ 24 ਸਤੰਬਰ 2009 ਨੂੰ ਆਰਮਜ਼ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਸੀ। ਜਿਸ ਵਿਚ ਪੁਲਿਸ ਮੁਤਾਬਕ ਪਿੰਡ ਰੀਠ ਖੇੜੀ ਦੇ ਕੋਲ ਤੋਂ ਜਗਮੋਹਨ ਸਿੰਘ ਨੂੰ 32 ਬੋਰ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮਾਨਯੋਗ ਅਦਾਲਤ ਨੇ ਜਗਮੋਹਨ ਸਿੰਘ ਉਸ ਕੇਸ ਵਿਚੋਂ ਵੀ ਬਰੀ ਕਰ ਦਿਤਾ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026