Posted on February 10th, 2015

- ਗੁਰਪ੍ਰੀਤ ਸਿੰਘ ਸਹੋਤਾ,
ਸੰਪਾਦਕ ਚੜ੍ਹਦੀ ਕਲਾ ਨਿਊਜ਼ ਗਰੁੱਪ (ਸਰੀ/ਕੈਨੇਡਾ)
ਕੇਜਰੀਵਾਲ ਤੇ ਸਾਥੀਆਂ ਦੀ ਜਿੱਤ 'ਤੇ ਵਾਹਵਾ ਖ਼ੁਸ਼ੀਆਂ ਮਨਾ ਲਈਆਂ ਕਿਉਂਕਿ ਸਿੱਖ ਸਰਬੱਤ ਦਾ ਭਲਾ ਮੰਗਦੇ ਆ। ਭਾਰਤਵਾਸੀ ਇਹ ਹੱਕ ਰੱਖਦੇ ਆ ਕਿ ਉਨ੍ਹਾਂ ਨੂੰ ਕੁੱਲੀ-ਗੁੱਲੀ-ਜੁੱਲੀ ਦੀਆਂ ਵਧੀਆ ਸਹੂਲਤਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਮੁਕਤ ਰਾਜ ਮਿਲੇ, ਜਿਸ ਵਿੱਚ ਕਿਸੇ ਨਾਲ ਧੱਕਾ ਨਾ ਹੋਵੇ, ਦੋਸ਼ੀ ਨੂੰ ਸਜ਼ਾ ਮਿਲੇ ਤੇ ਮਜ਼ਲੂਮ ਨੂੰ ਇਨਸਾਫ਼। ਪੜ੍ਹੇ ਲਿਖੇ ਨੂੰ ਨੌਕਰੀ ਮਿਲੇ ਤੇ ਮਿਹਨਤੀ ਨੂੰ ਉਸਦੀ ਮਿਹਨਤ ਦਾ ਮੁੱਲ। ਆਮ ਆਦਮੀ ਪਾਰਟੀ ਦੇ ਦਿੱਲੀ ਜਿੱਤਣ ਕਾਰਨ ਭਾਰਤਵਾਸੀਆਂ ਲਈ ਇੱਕ ਆਸ ਦੀ ਕਿਰਨ ਜਾਗੀ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਰੂਹ ਪ੍ਰਸੰਨ ਹੀ ਨਹੀਂ ਬਲਕਿ ਧੁਰ ਅੰਦਰੋਂ ਦੁਆ ਕਰਦੇ ਹਾਂ ਕਿ ਭਾਰਤਵਾਸੀਆਂ ਨੂੰ ਉਹ ਸਹੂਲਤਾਂ ਮਿਲਣ, ਜੋ ਅਸੀਂ ਕੈਨੇਡਾ-ਅਮਰੀਕਾ 'ਚ ਹੰਢਾ ਰਹੇ ਹਾਂ। ਸਾਡੇ ਭਰਾ ਅਸਲ ਆਜ਼ਾਦੀ ਦਾ ਨਿੱਘ ਮਾਨਣ, ਜਿਸਨੂੰ ਦੇਣ ਦਾ ਵਾਅਦਾ ਕੇਜਰੀਵਾਲ ਨੇ ਕੀਤਾ ਹੈ, ਉਹ ਆਜ਼ਾਦੀ ਜਿਸ ਲਈ ਪੰਜਾਬ ਦੇ ਜਾਇਆਂ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ, ਸ੍ਰੀ ਮਦਨ ਲਾਲ ਢੀਂਗਰਾ, ਬੱਬਰ ਅਕਾਲੀਆਂ ਤੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ।
ਜਿੱਥੋਂ ਤੱਕ ਦਿੱਲੀ ਵਿਚਲੇ ਸਿੱਖ ਮੁੱਦਿਆਂ ਦੀ ਗੱਲ ਹੈ, ਇਸ ਵਾਰ ਪੱਤਰਕਾਰ ਜਰਨੈਲ ਸਿੰਘ ਵੀ ਜਿੱਤ ਗਏ ਹਨ, ਜੋ 1984 ਦੇ ਕਤਲੇਆਮ ਨਾਲ ਬਾ-ਵਸਤਾ ਰਹੇ ਹਨ। ਕਾਂਗਰਸੀਆਂ ਨੂੰ ਸਜ਼ਾ ਯਾਫ਼ਤਾ ਕਰਨ ਦੀ ਵੱਡੀ ਆਸ ਵੀ ਬੱਝੀ ਹੈ। ਜੇਕਰ ਆਪ ਵਾਲੇ ਸਜ਼ਾ ਦਿਵਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਪੰਜਾਬ 'ਚ ਸਿੱਖਾਂ ਦੀ ਵੱਡੀ ਹਮਦਰਦੀ ਉਨ੍ਹਾਂ ਨਾਲ ਹੋਰ ਜੁੜ ਜਾਵੇਗੀ। ਵੈਸੇ ਤਾਂ ਆਪ ਦੇ ਪੈਰ ਹੀ ਪੰਜਾਬ ਦੇ ਸਿੱਖ ਬਹੁਗਿਣਤੀ ਵਾਲੇ ਇਲਾਕੇ 'ਚ 4 ਸੰਸਦੀ ਸੀਟਾਂ ਜਿੱਤ ਕੇ ਲੱਗੇ ਸਨ ਕਿਉਂਕਿ ਇਹ ਪੰਜਾਬੀ ਖ਼ਾਸਾ ਹੈ ਕਿ ਉਹ ਸਟੇਟ ਵਿਰੋਧੀ ਬਾਗ਼ੀ ਧਿਰਾਂ ਨਾਲ ਸਭ ਤੋਂ ਪਹਿਲਾਂ ਖੜਦੇ ਆਏ ਹਨ। ਅਗਾਂਹ ਵੀ ਖੜਨਗੇ, ਵਹਾਅ 'ਚ ਵਹਿੰਦਿਆਂ ਆਪਾ ਲੁਟਾਉਣ ਤੱਕ ਜਾਣਗੇ, ਜਜ਼ਬਾਤੀ ਲੋਕ ਜੁ ਹੋਏ।
ਹੁਣ ਆਈਏ ਅਸਲ ਮੁੱਦੇ ਵੱਲ, ਜੋ ਸਿੱਖ ਨਸਲਕੁਸ਼ੀ ਦੇ ਚੱਲਦਿਆਂ ਪੰਜਾਬ ਦੀ ਜਵਾਨੀ ਦੇ ਘਾਣ ਨਾਲ ਸਬੰਧਿਤ ਹੈ ਅਤੇ ਜਿਸਨੂੰ ਵਰਤਾਉਣ ਵਾਲੇ ਹਾਲੇ ਵੀ ਸਰਕਾਰੀ ਸੁੱਖ-ਸਹੂਲਤਾਂ ਹੀ ਨਹੀਂ ਮਾਣ ਰਹੇ ਬਲਕਿ ਇਨਸਾਫ਼ ਤੋਂ ਭਗੌੜੇ ਇਹ ਲੋਕ ਮਜ਼ਲੂਮਾਂ ਨੂੰ ਦੰਦੀਆਂ ਚਿੜਾ ਰਹੇ ਹਨ ਕਿ ਤੁਹਾਡੀ ਇੱਕ ਪੀੜ੍ਹੀ ਅਸੀਂ ਗੋਲੀਆਂ ਮਾਰ-ਮਾਰ ਤੇ ਦੂਜੀ ਟੀਕੇ ਲਵਾ-ਲਵਾ ਮਾਰ ਦਿੱਤੀ, ਤੁਸੀਂ ਕੀ ਵਿਗਾੜ ਲਿਆ ਸਾਡਾ?
ਸਿੱਖ ਨੁਕਤਾਨਿਗਾਹ ਤੋਂ ਵੇਖਦਿਆਂ, ਆਮ ਆਦਮੀ ਪਾਰਟੀ ਦੇ ਉਭਾਰ ਨਾਲ, ਸਿੱਖਾਂ ਦੀ ਪੰਜਾਬ ਵਿਚਲੀ ਸਥਿਤੀ ਨੂੰ ਕੋਈ ਫਰਕ ਪੈਂਦਾ ਨਹੀਂ ਦਿਸਦਾ। ਯਾਦ ਰਹੇ ਇਨ੍ਹਾਂ ਚੋਣਾਂ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਸ਼ਾਹੀ ਇਮਾਮ ਦੀ ਹਮਾਇਤ ਦੇ ਐਲਾਨ ਨੂੰ ਵੀ ਨਕਾਰਿਆ ਅਤੇ ਅਕਾਲੀ ਦਲ (ਮਾਨ) ਅਨੁਸਾਰ, ਉਨ੍ਹਾਂ ਦੀ ਹਮਾਇਤ ਕਬੂਲਣ ਤੋਂ ਵੀ ਟਾਲਾ ਵੱਟਿਆ। ਯਾਦ ਰਹੇ, ਕੁਝ ਸਮਾਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਜੰਮੂ-ਕਸ਼ਮੀਰ ਵਿੱਚ, ਸੁਰੱਖਿਆ ਦਸਤੇ ਰੱਖਣ ਜਾਂ ਨਾ-ਰੱਖਣ ਸਬੰਧੀ ਰਾਏ-ਸ਼ੁਮਾਰੀ ਦੀ ਮੰਗ ਕੀਤੀ ਸੀ ਤਾਂ ਕੇਜਰੀਵਾਲ ਨੇ ਉਸ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ।
ਭਾਵੇਂ ਕੇਜਰੀਵਾਲ ਵਲੋਂ ਨਵੰਬਰ '84 ਦੀ ਸਿੱਖ ਨਸਲਕੁਸ਼ੀ ਲਈ 'ਸਪੈਸ਼ਲ ਇਨਵੈਸਟੀਗੇਟਿਵ ਟੀਮ' ਬਣਾਉਣ ਸਬੰਧੀ ਪਹਿਲ ਕੀਤੀ ਗਈ ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਹੱਕੀ ਸੰਘਰਸ਼ ਦੀਆਂ ਮੂਲ-ਮੰਗਾਂ ਸਬੰਧੀ ਕੇਜਰੀਵਾਲ ਨੇ ਕਦੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ। ਪੰਜਾਬ ਦੇ ਪਾਣੀਆਂ, ਜਿਸ ਨੂੰ ਮੋਦੀ ਸਰਕਾਰ 'ਇੰਟਰ-ਲਿੰਕਿੰਗ ਆਫ ਰਿਵਰਜ਼' ਦੇ ਨਾਂ ਥੱਲੇ ਅੱਗੋਂ ਲੁੱਟਣਾ ਚਾਹੁੰਦੀ ਹੈ, ਸਬੰਧੀ ਵੀ ਕੇਜਰੀਵਾਲ ਨੇ ਦੜ੍ਹ ਵੱਟੀ ਹੋਈ ਹੈ। ਪੰਜਾਬ 'ਚ ਕੀਤੇ ਜਵਾਨੀ ਦੇ ਘਾਣ ਬਾਰੇ ਜਾਂ ਉਸਦੇ ਲਈ ਦੋਸ਼ੀ ਸਮਝੇ ਜਾਂਦੇ ਪੁਲਿਸ ਅਧਿਕਾਰੀਆਂ ਜਾਂ ਸਿਆਸੀ ਆਗੂਆਂ ਬਾਰੇ ਕੁਝ ਕਹਿਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।
ਕੇਜਰੀਵਾਲ, ਅੰਨਾ ਹਜ਼ਾਰੇ, ਜਿਸ 'ਗਾਂਧੀਅਨ ਫਿਲਾਸਫੀ' ਦੇ ਝੰਡਾ ਬਰਦਾਰ ਹਨ, ਇਨ੍ਹਾਂ ਦਾ ਪਿਤਾਮਾ ਗਾਂਧੀ, ਅਸਲ ਵਿੱਚ ਸਿੱਖਾਂ ਨੂੰ ਝਾਂਸਾ ਦੇ ਕੇ, ਹਿੰਦੂਆਂ ਵਿੱਚ ਜਜ਼ਬ ਕਰਨ ਦੀ ਨੀਤੀ ਦਾ 'ਮੁੱਖ ਆਰਕੀਟੈਕਟ' ਹੈ। ਕੇਜਰੀਵਾਲ ਅਤੇ ਉਸ ਦੀ ਆਮ ਆਦਮੀ ਪਾਰਟੀ ਹਰ ਪੱਖੋਂ 'ਇੰਡੀਅਨ ਨੈਸ਼ਨਲਿਜ਼ਮ' ਦੀ ਮੁੱਦਈ ਪਾਰਟੀ ਹੈ, ਫਿਰ ਐਸਾ ਕਿਉਂ ਹੈ ਕਿ 30 ਮਿਲੀਅਨ ਸਿੱਖ ਕੌਮ ਦਾ ਇੱਕ ਪ੍ਰਭਾਵਸ਼ਾਲੀ ਹਿੱਸਾ ਆਪਣਾ ਹਿੱਤ ਵਿਚਾਰੇ ਬਿਨ੍ਹਾਂ, ਇਸ ਦਾ ਝੰਡਾ ਬਰਦਾਰ ਬਣ ਗਿਆ ਹੈ?
ਬੇਸ਼ੱਕ ਕੇਜਰੀਵਾਲ, ਬਾਕੀ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਨਾਲੋਂ ਮੁਕਾਬਲਤਨ ਬੇਹੱਦ ਇਮਾਨਦਾਰ ਹੈ, ਪਰ ਸਿੱਖ ਕੌਮ ਦੇ ਹਿਤਾਂ ਲਈ, ਇਸ ਨੂੰ ਪੈਮਾਨਾ ਬਣਾ ਕੇ ਅੱਖਾਂ ਬੰਦ ਕਰ ਲੈਣੀਆਂ, ਕਿੱਥੋਂ ਦੀ ਸਿਆਣਪ ਹੈ? ਯਾਦ ਰਹੇ, ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਕੇਜਰੀਵਾਲ ਸੌਦਾ ਸਾਧ ਦਾ ਆਸ਼ੀਰਵਾਦ ਲੈ ਕੇ ਆਇਆ ਸੀ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨੇ, ਸੌਦਾ ਸਾਧ ਦੀ ਫਿਲਮ ਰਿਲੀਜ਼ ਕਰਵਾਉਣ ਦੇ ਹੱਕ ਵਿੱਚ ਬਿਆਨ ਦੇ ਕੇ ਦੱਸਿਆ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਇਨ੍ਹਾਂ ਦੀ ਕਿੰਨੀ ਕੁ ਸੰਵੇਦਨਸ਼ੀਲਤਾ ਹੈ?
ਡੇਢ ਲੱਖ ਤੋਂ ਜ਼ਿਆਦਾ ਸਿੱਖਾਂ ਦਾ, ਭਾਰਤੀ ਸਟੇਟ ਹੱਥੋਂ ਘਾਣ ਕਰਵਾਉਣ ਤੋਂ ਬਾਅਦ, ਕੀ ਹੁਣ ਸਿੱਖਾਂ ਦੀ ਮੰਗ 'ਭ੍ਰਿਸ਼ਟਾਚਾਰ ਮੁਕਤ, ਸੈਕੂਲਰ ਭਾਰਤ' ਦੀ ਹੀ ਰਹਿ ਗਈ ਹੈ?
ਸਾਨੂੰ ਪਤਾ ਹੈ ਕਿ ਆਪਣੀ ਇਸ ਲਿਖਤ ਨਾਲ ਅਸੀਂ ਬਹੁਤ ਸਾਰੇ ਜਜ਼ਬਾਤੀ, ਦਿਸ਼ਾਹੀਣ ਆਪਣੇ ਭਰਾਵਾਂ ਦੇ ਰੋਹ ਦਾ ਸ਼ਿਕਾਰ ਹੋਵਾਂਗੇ ਪਰ ਕੀ ਕਰੀਏ ਅਸੀਂ ਵੀ ਆਪਣੀ ਆਦਤ ਤੋਂ ਮਜ਼ਬੂਰ ਹਾਂ। ਹੋ ਸਕਦਾ ਕੇਜਰੀਵਾਲ ਜਾਂ ਉਸਦੇ ਸਾਥੀਆਂ ਲਈ ਸਾਡੇ ਇਹ ਮੁੱਦੇ ਪਹਿਲ (ਪਰਾਇਓਰਟੀ) ਨਾ ਹੋਣ, ਪਰ ਉਸਨੇ ਕਦੇ ਨਾਂ ਭੋਗ ਹੀ ਨਹੀਂ ਪਾਇਆ ਇਨ੍ਹਾਂ ਮੁੱਦਿਆਂ ਦਾ ਤੇ ਨਾ ਹੀ ਇਹਦੇ ਪੰਜਾਬ ਵਿਚਲੇ ਸੰਸਦ ਮੈਂਬਰਾਂ ਨੇ।
ਉਡੀਕ ਕਰੀਏ? ਕਰ ਲੈਨੇ ਆਂ, ਹੋਰ ਕੋਈ ਬਦਲ ਵੀ ਤਾਂ ਨਹੀਂ ਦਿਸ ਰਿਹਾ। ਵੈਸੇ ਪਿਛਲੇ ਦਹਾਕਿਆਂ ਵਿੱਚ, ਸਿੱਖ ਕੌਮ ਨੇ ਇਹ ਸ਼ਬਦ ਜਿੰਨੀ ਵਾਰ ਵਰਤਿਆ ਹੈ, ਜੇ ਇੱਕ ਵਾਰ ਹੋਰ ਵਰਤ ਲੈਣਗੇ ਤਾਂ ਕੀ ਫਰਕ ਪੈ ਜਾਵੇਗਾ -
'ਖਾਲਸਾ ਜੀ, ਸਾਡੇ ਨਾਲ ਮੁੜ ਧੋਖਾ ਹੋ ਗਿਆ।'
ਯਾਦ ਕਰਵਾਉਣਾ ਫਰਜ਼ ਹੈ, ਮੰਨਣਾ ਜਾਂ ਨਾ ਮੰਨਣਾ ਹਰ ਇੱਕ ਦੀ ਮਰਜ਼ੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026