Posted on May 22nd, 2013
<p>ਗੁਰਦੁਆਰਾ ਰਕਾਬਗੰਜ ਸਾਹਿਬ<br></p>
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੁਖੀਆਂ ਵੱਲੋਂ ਸੱਦੇ ਗਏ ਕਮੇਟੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਦੌਰਾਨ 1984 ਦੇ ਸਿਖ ਕਤਲੇਆਮ ਦੇ ਸ਼ਹੀਦ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਇਕ ਯਾਦਗਾਰ ਸਥਾਪਿਤ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਨਰਲ ਹਾਊਸ 'ਚ ਮੌਜੂਦ ਸਰਨਾ ਧੜੇ ਦੇ ਤਿੰਨ ਮੈਂਬਰਾਂ ਨੇ ਵੀ ਯਾਦਗਾਰ ਸਥਾਪਿਤ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਪਰੰਤੂ ਨਾਲ ਹੀ ਉਨ੍ਹਾਂ ਲਿਖਤੀ ਅਪੀਲ ਕੀਤੀ ਕਿ ਇਸ ਯਾਦਗਾਰ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕਿਸੀ ਹੋਰ ਢੁਕਵੀਂ ਥਾਂ 'ਤੇ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।
ਜਨਰਲ ਹਾਊਸ ਦੀ ਇਸ ਮੀਟਿੰਗ'ਚ ਮੈਂਬਰਾਂ ਤੋਂ ਇਲਾਵਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਸੱਦੀ ਗਈ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਜੱਥੇ: ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ 1984 ਦੌਰਾਨ ਉਦੋਂ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਰਨਾਂ ਸੂਬਿਆਂ ਸਮੇਤ ਦਿੱਲੀ ਵਿਚ ਹਜ਼ਾਰਾਂ ਨਿਰਦੋਸ਼ ਸਿੱਖ ਕਤਲ ਕਰ ਦਿੱਤੇ ਗਏ ਸਨ, ਜਿਸ ਦਾ ਨਿਆਂ ਲੈਣ ਵਾਸਤੇ ਸਿੱਖ ਕੌਮ ਨੂੰ ਹਾਲੇ ਤਕ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1984 ਵਿਚ ਹਮਲਾਵਰਾਂ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸੇਵਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਗੁਰਦੁਆਰੇ ਦੀ ਬਿਲਡਿੰਗ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਇਸੇ ਕਤਲੇਆਮ ਦੇ ਸ਼ਿਕਾਰ ਹੋਏ ਹੋਰਨਾਂ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬਗੰਜ ਵਿਖੇ ਯਾਦਗਾਰ ਉਸਾਰਨਾ ਬਿਲਕੁਲ ਢੁਕਵਾਂ ਨਿਰਣਾ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਨਵੰਬਰ ਵਿਚ ਪੰਜਾਬੀ ਬਾਗ ਇਲਾਕੇ ਦੀ ਇਕ ਪਾਰਕ ਦਾ ਨਾਮ 1984 ਦੇ ਸ਼ਹੀਦਾਂ ਦੀ ਯਾਦ ਵਿਚ ਰੱਖਣ ਦੇ ਪ੍ਰੋਗਰਾਮ ਨੂੰ ਵੀ ਰੁਕਵਾ ਦਿੱਤਾ ਗਿਆ ਸੀ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਯਾਦਗਾਰ ਸਥਾਪਿਤ ਕਰਨ ਵਾਸਤੇ ਬੁੱਧੀਜੀਵੀਆਂ, ਆਰਕੀਟੈਕਟਾਂ ਅਤੇ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ ਜੋ ਯਾਦਗਾਰ ਦੀ ਰੂਪ-ਰੇਖਾ ਬਾਰੇ ਆਪਣੇ ਸੁਝਾਅ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਯਾਦਗਾਰ ਦੀ ਉਸਾਰੀ ਵਾਸਤੇ ਉਨ੍ਹਾਂ ਨੂੰ ਸਰਕਾਰ ਤੋਂ ਇਜਾਜਤ ਲੈਣ ਦੀ ਕੋਈ ਜਰੂਰਤ ਨਹੀਂ ਕਿਉਂਕਿ ਇਹ ਯਾਦਗਾਰ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਬਣਾਈ ਜਾ ਰਹੀ ਹੈ। ਸ: ਤਰਲੋਚਨ ਸਿੰਘ ਨੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਦ ਦੇ ਸਾਹਮਣੇ ਬਣਨ ਕਾਰਨ ਇਸ ਦੀ ਭਵਨ ਕਲਾ ਵੇਖਣ ਯੋਗ ਅਤੇ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਤ ਕਰਨ ਵਾਲੀ ਹੋਣੀ ਚਾਹੀਦੀ ਹੈ।
ਸਰਨਾ ਧੜੇ ਨਾਲ ਸੰਬੰਧਿਤ ਸ: ਪ੍ਰਬਜੀਤ ਸਿੰਘ ਜੀਤੀ, ਹਰਪਾਲ ਸਿੰਘ ਕੌਛੜ ਤੇ ਤਜਿੰਦਰ ਸਿੰਘ ਗੋਪਾ ਨੇ ਕਿਹਾ ਕਿ ਅਸੀਂ ਯਾਦਗਾਰ ਸਥਾਪਿਤ ਕਰਨ ਦੇ ਵਿਰੁੱਧ ਨਹੀਂ ਬਲਕਿ ਇਸ ਯਾਦਗਾਰ ਨੂੰ ਗੁਰੂਆਰਾ ਸਾਹਿਬ ਕੰਪਲੈਕਸ 'ਚ ਸਥਾਪਿਤ ਕਰਨ ਦੇ ਹੱਕ ਵਿਚ ਨਹੀਂ ਹਾਂ। ਉਨ੍ਹਾਂ ਇਹ ਵੀ ਕਿਹਾ ਕਿ 1947 ਅਤੇ 1978 ਦੇ ਸ਼ਹੀਦਾਂ ਨੂੰ ਵੀ ਵਿਸਾਰਿਆ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਨ੍ਹਾਂ ਸ਼ਹੀਦਾਂ ਦੀ ਵੀ ਸ਼ਾਂਝੀ ਯਾਦਗਾਰ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ।
Posted on September 10th, 2025
Posted on September 9th, 2025
Posted on September 8th, 2025
Posted on September 5th, 2025
Posted on September 4th, 2025
Posted on September 3rd, 2025
Posted on September 2nd, 2025
Posted on August 29th, 2025
Posted on August 28th, 2025
Posted on August 27th, 2025
Posted on August 26th, 2025
Posted on August 25th, 2025