Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਪਾਦਕੀ: 'ਬਾਦਲ ਦਲ ਦਾ ਪੂਰੀ ਤਰ੍ਹਾਂ ਹੋਇਆ ਹਿੰਦੂਕਰਣ'

Posted on May 22nd, 2013

ਅਕਾਲੀ ਦਲ ਬਾਦਲ ਨੇ ਸਿਆਸੀ ਤੌਰ 'ਤੇ ਹਿੰਦੂਤਵੀ ਪਾਰਟੀ ਬੀਜੇਪੀ ਨੂੰ ਬਿਨਾਂ-ਸ਼ਰਤ ਹਮਾਇਤ ਦੇ ਕੇ, ਪੰਥਕ ਮਸਲਿਆਂ ਨੂੰ ਤਾਂ ਤਿਲਾਂਜਲੀ ਦਿੱਤੀ ਹੀ ਹੋਈ ਹੈ ਪਰ ਇਹ ਕਿਵੇਂ ਧਾਰਮਿਕ ਤੌਰ 'ਤੇ ਸਿੱਖ ਧਰਮ ਦੀ ਅੱਡਰੀ ਹੋਂਦ ਨੂੰ 'ਹਿੰਦੂਤਵ' ਵਿੱਚ ਜਜ਼ਬ ਕਰਨ 'ਤੇ ਤੁਲੇ ਹੋਏ ਹਨ, ਇਸ ਦਾ ਤਾਜ਼ਾ ਸਬੂਤ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਦਿੱਤੇ ਹਾਲੀਆ ਬਿਆਨ ਤੋਂ ਮਿਲਦਾ ਹੈ। 


ਹਿੰਦੂ ਮਿਥਿਹਾਸ ਵਿਚਲੀਆਂ ਜਿਨ੍ਹਾਂ ਦੇਵੀਆਂ ਦੇ ਨਾਂ 'ਤੇ ਅੱਡ-ਅੱਡ ਥਾਵਾਂ 'ਤੇ ਮੰਦਰ ਕਾਇਮ ਹਨ, ਉਨ੍ਹਾਂ ਵਿੱਚੋਂ ਇੱਕ ਨੈਣਾ ਦੇਵੀ ਵੀ ਹੈ। ਇਹ ਸਥਾਨ, ਜ਼ਿਲਾ ਬਿਲਾਸਪੁਰ (ਪਹਿਲਾ ਨਾਂ ਕਹਿਲੂਰ) ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਮੁੱਲ ਲੈ ਕੇ, ਚੱਕ ਨਾਨਕੀ (ਆਪਣੀ ਮਾਤਾ ਜੀ ਦੇ ਨਾਂ 'ਤੇ) ਵਸਾਇਆ ਸੀ, ਉਦੋਂ ਵੀ ਇਹ ਮੰਦਰ ਇੱਕ ਟਿੱਲੇ 'ਤੇ ਸਥਿਤ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨਗਰ ਦੀ ਸੋਭਾ ਨੂੰ ਅੱਗੇ ਵਧਾਉਂਦਿਆਂ ਆਨੰਦਪੁਰ ਸਾਹਿਬ ਦੇ ਰੂਪ ਵਿੱਚ ਇਸ ਦਾ ਅੱਗੋਂ ਵਿਕਾਸ ਕੀਤਾ। ਇੱਥੇ ਪੰਜ ਕਿਲ੍ਹਿਆਂ ਦੀ ਉਸਾਰੀ ਕੀਤੀ ਗਈ ਅਤੇ ਕੇਸਗੜ੍ਹ ਸਾਹਿਬ ਦੇ ਮੁਕਾਮ 'ਤੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਖਾਲਸਾ ਪੰਥ ਨੂੰ ਬ੍ਰਾਹਮਣਵਾਦ ਦੇ ਚੱਕਰਵਿਊ ਵਿੱਚੋਂ ਪੂਰੀ ਤਰ੍ਹਾਂ ਆਜ਼ਾਦ ਕਰਦਿਆਂ, ਗੁਰੂ ਸਾਹਿਬ ਨੇ ਫੁਰਮਾਇਆ, 'ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਵਰਣ ਨਾਸ, ਕਿਰਤ ਨਾਸ, ਭਰਮ ਨਾਸ਼........ਤੁਸੀਂ ਖਾਲਸਾ ਹੋ............'


ਖਾਲਸੇ ਪ੍ਰਤੀ ਗੁਰੂ ਸਾਹਿਬ ਦੇ ਫੁਰਮਾਨ 'ਸਰਬ ਲੋਹ ਗ੍ਰੰਥ' ਵਿੱਚ ਵੇਰਵੇ ਸਹਿਤ ਮਿਲਦੇ ਹਨ। ਬ੍ਰਾਹਮਣਾਂ ਵਲੋਂ ਉਨ੍ਹਾਂ ਨੂੰ ਇਸ ਸਭ ਤੋਂ ਬਾਹਰ ਰੱਖੇ ਜਾਣ 'ਤੇ ਕੀਤੇ ਪ੍ਰੋਟੈਸਟ ਨੂੰ ਨਕਾਰਦਿਆਂ ਗੁਰੂ ਸਾਹਿਬ ਨੇ ਫੁਰਮਾਇਆ, 'ਮਿਸਰ ਜੀ, ਹਮ ਭੂਲ ਗਇਓ।' ਗੁਰੂ ਸਾਹਿਬ ਨੇ ਤਾਂ ਬ੍ਰਾਹਮਣਾਂ ਦੀ ਖੁੰਭ ਠੱਪ ਦਿੱਤੀ ਪਰ ਬ੍ਰਾਹਮਣ ਚੁੱਪ ਕਰਕੇ ਨਹੀਂ ਬੈਠੇ। ਉਨ੍ਹਾਂ ਦਾ ਕੰਮ ਹੋਰ ਵੀ ਸੌਖਾ ਹੋ ਗਿਆ, ਜਦੋਂ ਕਿ ਬ੍ਰਾਹਮਣਵਾਦ ਦੇ ਤੰਦੂਆ ਜਾਲ ਵਿੱਚ ਫਸੇ, ਕੁਝ ਸਿੱਖ ਲਿਖਾਰੀਆਂ, ਇਤਿਹਾਸਕਾਰਾਂ ਨੇ ਬ੍ਰਾਹਮਣ ਦੀ ਸਿੱਖ-ਵਿਰੋਧੀ ਖੇਡ ਵਿੱਚ ਜਾਣੇ-ਅਨਜਾਣੇ ਮੋਹਰੇ ਦਾ ਰੋਲ ਅਦਾ ਕੀਤਾ। ਇਸ ਸਾਜ਼ਿਸ਼ ਵਿੱਚ, ਗੁਰੂ ਸਾਹਿਬ ਵਲੋਂ ਨੈਣਾ ਦੇਵੀ ਦੇ ਟਿੱਲੇ 'ਤੇ ਕੀਤੇ ਹਵਨ-ਯੱਗ ਦੀ ਕਹਾਣੀ ਘੜੀ ਗਈ ਅਤੇ ਗੁਰੂ ਸਾਹਿਬ ਨੂੰ ਦੇਵੀ ਵਲੋਂ ਵਰਦਾਨ ਰੂਪ ਵਿੱਚ ਦਿੱਤੀ ਗਈ ਭਗੌਤੀ-ਚੰਡੀ-ਤਲਵਾਰ ਆਦਿਕ ਨਾਲ ਜੋੜ ਕੇ ਨਵ-ਸਜੇ ਖਾਲਸਾ ਪੰਥ ਨੂੰ ਵੀ ਹਿੰਦੂ ਦੇਵੀ ਦਾ ਵਰਦਾਨ ਘੋਸ਼ਿਤ ਕਰ ਦਿੱਤਾ ਗਿਆ।
ਇਹ ਮਹਾਂਝੂਠ, 20ਵੀਂ ਸਦੀ ਤੱਕ ਪਹੁੰਚਦਿਆਂ ਭਾਰੀ ਯਤਨਾਂ ਨਾਲ ਤਾਰ-ਤਾਰ ਹੋਇਆ। ਪਰ ਹਿੰਦੂ ਪੁੱਤਰ ਬਾਦਲ ਇਸ ਕਾਲਪਨਿਕ ਕਹਾਣੀ ਨੂੰ ਮੁੜ ਤੂਲ ਦੇਣ ਲਈ ਪੱਬਾਂ ਭਾਰ ਹੋਇਆ ਹੋਇਆ ਹੈ। ਇਹ ਕੀ ਹੈ - ਇਸ ਦਾ ਵੇਰਵਾ, ਬਾਦਲ ਟੱਬਰ ਦੇ ਜਮੂਰੇ ਦਲਜੀਤ ਚੀਮੇ ਦੇ ਮੂੰਹੋਂ ਹੀ ਸੁਣੋ।


ਦਲਜੀਤ ਚੀਮਾ ਆਪਣੇ ਬਿਆਨ ਵਿੱਚ ਕਹਿੰਦਾ ਹੈ, 'ਹਿਮਾਚਲ ਪ੍ਰਦੇਸ਼ ਦੀ ਵੀਰਭੱਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਰੋਪਵੇਅ ਪ੍ਰਾਜੈਕਟ ਨੂੰ ਰੱਦ ਕਰਨਾ ਬੜੀ ਘਟੀਆ ਕਾਰਵਾਈ ਹੈ ਅਤੇ ਕਾਂਗਰਸ ਸਰਕਾਰ ਦੋਹਾਂ ਧਰਮਾਂ ਦੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਬੜੀ ਘਟੀਆ ਸਿਆਸਤ ਖੇਡ ਰਹੀ ਹੈ। ਇਹ ਪ੍ਰਾਜੈਕਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਮਾਗ ਦੀ ਕਾਢ (ਬਰੇਨ ਚਾਇਲਡ) ਸੀ ਅਤੇ ਇਸ ਦਾ ਮਕਸਦ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਜਾਣ ਵਾਲੇ ਯਾਤਰੂਆਂ ਨੂੰ ਸੁਵਿਧਾ ਪ੍ਰਦਾਨ ਕਰਨਾ ਸੀ, ਜਿਹੜੇ ਯਾਤਰੂ ਕਿ ਦੋਵਾਂ ਥਾਵਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਹੁਣ ਇਹ ਦੋਵੇਂ ਮਹਾਨ ਧਾਰਮਿਕ ਸਥਾਨ, ਇੱਕ ਸੜਕ ਦੇ ਰਾਹੀਂ ਹੀ ਆਪਸ ਵਿੱਚ ਜੁੜੇ ਹੋਏ ਹਨ। ਨੈਣਾ ਦੇਵੀ ਜਾਣ ਵਾਲੇ ਸਾਰੇ ਯਾਤਰੂ, ਆਨੰਦਪੁਰ ਸਾਹਿਬ ਤੋਂ ਹੋ ਕੇ ਜਾਂਦੇ ਹਨ। ਵੈਸੇ ਵੀ ਇਸ ਸ਼ਹਿਰ (ਆਨੰਦਪੁਰ ਸਾਹਿਬ) ਦੇ ਬਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਵਾਰਿਆ ਸੀ। ਇਹ ਬੜਾ ਮੁਕੱਦਸ ਥਾਂ ਹੈ। ਕਾਂਗਰਸ ਸਰਕਾਰ ਨੂੰ ਨੈਣਾ ਦੇਵੀ ਤੇ ਆਨੰਦਪੁਰ ਸਾਹਿਬ ਦਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਇਨ੍ਹਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਨੂੰ ਏਰੀਅਲ ਰੋਪਵੇਅ ਨਾਲ ਜੋੜਨ ਦਾ ਸਮਝੌਤਾ (ਮੈਮੋ ਆਫ ਅੰਡਰਸਟੈਂਡਿੰਗ) ਬਾਦਲ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ (ਬੀਜੇਪੀ) ਨੇ, 6 ਜੁਲਾਈ, 2012 ਨੂੰ ਕੀਤਾ ਸੀ। ਹੁਣ ਹਿਮਾਚਲ ਵਿੱਚ ਬਣੀ ਵੀਰਭੱਦਰ ਸਿੰਘ ਦੀ ਕਾਂਗਰਸ ਸਰਕਾਰ ਨੇ, ਇਸ ਪ੍ਰਾਜੈਕਟ 'ਤੇ ਮੁੜ ਵੀਚਾਰ ਕਰਦਿਆਂ, ਇਸਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਇਸ ਨੂੰ ਰੱਦ ਕਰ ਰਹੀ ਹੈ ਜਦੋਂ ਕਿ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਇਸ ਦਾ ਮਕਸਦ, ਯਾਤਰੂਆਂ ਦੀ ਸਹੂਲਤ ਸੀ। ਇਹ ਫੈਸਲਾ ਦੋਹਾਂ ਧਰਮਾਂ ਦੇ ਲੋਕਾਂ ਲਈ ਬੜਾ ਹਿਰਦੇਵੇਧਕ ਹੈ। ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਧਾਰਮਿਕ ਪ੍ਰੌਜੈਕਟ ਨੂੰ ਨਕਾਰ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਇਸ 'ਤੇ ਮੁੜ ਵੀਚਾਰ ਕਰਨਾ ਚਾਹੀਦਾ ਹੈ ਅਤੇ ਦੋਹਾਂ ਧਰਮਾਂ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ 'ਧਾਰਮਿਕ ਟੂਰਿਜ਼ਮ' ਦੇ ਬੜਾਵੇ ਲਈ ਇਸ ਦੀ ਤੁਰੰਤ ਮਨਜ਼ੂਰੀ ਦੇਣੀ ਚਾਹੀਦੀ ਹੈ।' 


ਪਾਠਕਜਨ! ਇਹ ਬਿਆਨ ਕਿਸੇ ਹਿੰਦੂ ਲੀਡਰ ਦਾ ਨਾ ਹੋ ਕੇ ਅਕਾਲੀ ਦਲ ਦੇ ਬੁਲਾਰੇ ਦਾ ਹੈ, ਜਿਹੜਾ ਕਿ ਆਨੰਦਪੁਰ ਸਾਹਿਬ ਦੇ ਸਵਾਮੀ ਸਤਿਗੁਰੂ ਨੂੰ, ਨੈਣਾ ਦੇਵੀ ਦੇ ਟਿੱਲੇ 'ਤੇ ਲਿਜਾਣ ਲਈ ਤਰਲੋਮੱਛੀ ਹੋ ਰਿਹਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਅਜੇ ਤੱਕ ਕਿਸੇ ਤਖਤ ਸਾਹਿਬ ਦੇ ਜਥੇਦਾਰ ਜਾਂ ਸਿੱਖ ਜਥੇਬੰਦੀ ਨੇ ਇਸ ਦਾ ਉੱਕਾ ਹੀ ਨੋਟਿਸ ਨਹੀਂ ਲਿਆ। ਹਰ ਧਾਰਮਿਕ ਮੁੱਦੇ 'ਤੇ ਬਿਆਨ ਦੇਣ ਵਾਲੇ, ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰæ ਸੁਰਿੰਦਰ ਸਿੰਘ ਔਰਾਂ ਨੇ ਵੀ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਜਦੋਂ ਕਿ ਆਨੰਦਪੁਰ ਸਾਹਿਬ ਤੋਂ ਦੂਸਰੇ ਮੈਂਬਰ ਅਮਰਜੀਤ ਚਾਵਲੇ ਨੇ ਤਾਂ 'ਮਾਤਾ' ਦੀਆਂ ਭੇਟਾਂ ਗਾ ਕੇ ਇਹ ਦੱਸ ਹੀ ਦਿੱਤਾ ਹੋਇਆ ਹੈ ਕਿ ਉਹ 'ਕਿਨ੍ਹਾ' ਦਾ ਭਗਤ ਹੈ। ਕੀ, ਜੇ ਬਾਦਲ ਦੀ ਮਨਸ਼ਾ ਅਨੁਸਾਰ, ਇਹ ਪ੍ਰੋਜੈਕਟ ਸਿਰੇ ਚੜ੍ਹ ਜਾਂਦਾ ਹੈ ਤਾਂ ਇਸ 'ਧਾਰਮਿਕ ਪ੍ਰੋਜੈਕਟ' ਦਾ ਉਦਘਾਟਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਰੋਪ ਵੇਅ ਰਾਹੀਂ' ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਦੇ ਮੰਦਰ ਵਿੱਚ ਪੂਜਾ-ਅਰਚਣਾ ਨਾਲ ਕਰਨਗੇ? ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੀਬੀ ਨਿਰਪ੍ਰੀਤ ਕੌਰ ਦੀ ਭੁੱਖ-ਹੜਤਾਲ ਤਾਂ ਸਿੱਖ ਮਰਿਯਾਦਾ ਦੀ ਉਲੰਘਣਾ ਨਜ਼ਰ ਆਈ ਪਰ ਕੀ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਕੀਤਾ ਜਾ ਰਿਹਾ ਐਡਾ ਵੱਡਾ ਖਿਲਵਾੜ ਨਹੀਂ ਦਿਸ ਰਿਹਾ? ਬਾਦਲ ਦਲੀਏ, ਆਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਹਰ ਗੁਰਸਿੱਖ ਨੂੰ, ਕਿਉਂ 'ਰੋਪਵੇਅ' ਰਾਹੀਂ ਨੈਣਾ ਦੇਵੀ ਦੇ ਮੰਦਰ ਵਿੱਚ ਭੇਜਣ 'ਤੇ ਤੁਲੇ ਹੋਏ ਹਨ? ਭਾਰਤ ਭਰ ਦੇ ਕਿੰਨੇ ਕੁ ਹਿੰਦੂ, ਸਾਲਾਨਾ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਲਈ ਆਉਂਦੇ ਹਨ ਕਿਉਂਕਿ ਦਲਜੀਤ ਚੀਮੇ ਦੇ ਕਥਨ ਅਨੁਸਾਰ - ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਸੀ? ਕੀ ਜੂਨ '84, ਨਵੰਬਰ '84 ਅਤੇ ਉਸ ਤੋਂ ਬਾਅਦ ਹੁਣ ਤੱਕ ਚੱਲ ਰਹੀ ਸਿੱਖ ਨਸਲਕੁਸ਼ੀ ਕਿਸੇ ਹੋਰ ਮੁਲਕ ਦੀ ਸਰਕਾਰ-ਲੋਕਾਂ ਨੇ ਕੀਤੀ ਹੈ ਜਾਂ ਭਾਰਤੀ ਹਾਕਮਾਂ ਨੇ? 


28 ਮਿਲੀਅਨ ਸਿੱਖ ਕੌਮ ਲਈ ਇਹ ਬਿਬੇਕ ਵਿਚਾਰ ਦੀ ਘੜੀ ਹੋਣੀ ਚਾਹੀਦੀ ਹੈ। ਬਾਦਲ ਦਲ ਹਰ ਪਾਸਿਓਂ ਸਿੱਖੀ ਨੂੰ ਢਾਅ ਲਾ ਰਿਹਾ ਹੈ ਪਰ ਸਿੱਖ ਕੌਮ ਦੀ ਇਸ ਪਾਸਿਓਂ ਮੁਕੰਮਲ ਤੌਰ 'ਤੇ 'ਅੱਖਾਂ ਮੀਟੂ ਨੀਤੀ', ਕੌਮੀ ਭਵਿੱਖ ਨੂੰ ਹਨੇਰ-ਨਗਰੀ ਵੱਲ ਧੱਕ ਰਹੀ ਹੈ। ਬਾਦਲ ਦਲ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਭਗਵਾਂਕਰਣ, ਕੁੰਭ ਮੇਲੇ ਵਿੱਚ ਸ਼ਮੂਲੀਅਤ, ਰਾਮਦੇਵ ਨੂੰ ਜਵਾਈਆਂ ਵਾਂਗ ਰੱਖਣ ਦੀ ਨੀਤੀ, ਮੋਈਆਂ ਗਊਆਂ ਦੀ ਯਾਦਗਾਰ ਬਣਾਉਣਾ, ਸਿੱਖ ਦੁਸ਼ਮਣ ਆਸ਼ੂਤੋਸ਼ ਭਈਏ ਦੀਆਂ ਪੰਜਾਬ ਵਿੱਚ ਜੜ੍ਹਾਂ ਲਾਉਣਾ, ਤਾਂਤਰਿਕ ਚੰਦਰਾਸਵਾਮੀ ਦੇ ਨਿਰਦੇਸ਼ 'ਤੇ ਪੰਜਾਬ ਵਿੱਚ ਥਾਂ-ਥਾਂ ਗਊਸ਼ਾਲਾਵਾਂ ਖੋਲ੍ਹਣ ਤੇ ਹੁਣ ਆਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇਅ ਪ੍ਰਾਜੈਕਟ ਲਈ, ਹਾਲ ਪਾਹਰਿਆ ਕਰਨਾ - ਕੀ ਦਰਸਾ ਰਿਹਾ ਹੈ? 


ਖਾਲਸਾ ਪੰਥ ਜਾਗੋ! ਜਾਗੋ!! ਜਿਹੜਾ ਕੰਮ ਪੰਜਾਬ ਵਿੱਚ, ਆਰੀਆ ਸਮਾਜ ਦਾ ਬਾਨੀ ਦਿਆਨੰਦ ਨਹੀਂ ਕਰ ਸਕਿਆ, ਜਿਹੜੀ ਤਬਦੀਲੀ ਭਾਰਤ ਦੀਆਂ ਹਿੰਦੂਤਵੀ ਏਜੰਸੀਆਂ ਅਤੇ ਉਨ੍ਹਾਂ ਦੇ ਜ਼ੁਲਮ ਨਹੀਂ ਲਿਆ ਸਕੇ, ਅੱਜ ਵਿਲੱਖਣ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ, ਬਾਦਲ ਲਾਣੇ ਨੇ ਲੱਕ ਬੰਨ੍ਹਿਆ ਹੋਇਆ ਹੈ ਅਤੇ ਉਹ ਕਿਸੇ ਹੱਦ ਤੱਕ ਸਫਲ ਵੀ ਨਜ਼ਰ ਆ ਰਹੇ ਹਨ। 
ਕੀ ਅਸੀਂ ਮੂਕ ਦਰਸ਼ਕ ਬਣਕੇ ਆਪਣੇ ਮਹਾਨ ਧਰਮ ਤੇ ਵਿਰਸੇ ਦੀ ਬਰਬਾਦੀ ਵੇਖਦੇ ਰਹਾਂਗੇ ਜਾਂ ਇਸ ਹਿੰਦੂਤਵੀ ਰੱਥ ਨੂੰ ਰੋਕਣ ਲਈ ਕੋਈ ਚਾਰਾਜੋਈ ਕਰਾਂਗੇ?



Archive

RECENT STORIES