Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੁਲਿਸ ਦਾ ਅਕਸ ਫ਼ਿਲਮ ਸਨਅਤ ਨੇ ਖ਼ਰਾਬ ਕੀਤਾ-ਮੋਦੀ

Posted on November 30th, 2014


ਗੁਹਾਟੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਪੁਲਿਸ ਦੀ ਧਾਰਨਾ ਉੱਪਰ ਜ਼ੋਰ ਦਿੰਦਿਆਂ ਕਿਹਾ ਹੈ ਕਿ ਫ਼ਿਲਮ ਸਨਅਤ ਨੇ ਪੁਲਿਸ ਦਾ ਅਕਸ ਖ਼ਰਾਬ ਕੀਤਾ ਹੈ। ਖ਼ੁਫ਼ੀਆ ਵਿਭਾਗ ਵੱਲੋਂ ਆਯੋਜਿਤ ਪੁਲਿਸ ਮੁਖੀਆਂ ਦੀ ਸਾਲਾਨਾ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ''ਫ਼ਿਲਮ ਸਨਅਤ ਨੇ ਆਮ ਲੋਕਾਂ ਦੇ ਮਨਾਂ ਵਿਚ ਪੁਲਿਸ ਫੋਰਸ ਦਾ ਬਹੁਤ ਹੀ ਮਾੜਾ ਅਕਸ ਬਣਾ ਦਿੱਤਾ ਹੈ ਤੇ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਜਿਹਾ ਕਿਉਂ ਹੈ? 

ਪੁਲਿਸ ਵਿਚ ਕੁੱਝ ਘਾਟਾਂ ਹੋ ਸਕਦੀਆਂ ਹਨ ਪਰੰਤੂ ਕੀ ਕੇਵਲ ਉਨ੍ਹਾਂ ਨੂੰ ਹੀ ਉਛਾਲਿਆ ਜਾਣਾ ਚਾਹੀਦਾ ਹੈ? ਉਨ੍ਹਾਂ ਸਵਾਲੀਆ ਅੰਦਾਜ਼ ਵਿਚ ਕਿਹਾ ਕਿ ਇਹ ਸਾਡਾ ਫ਼ਰਜ਼ ਨਹੀਂ ਹੈ ਕਿ ਅਸੀਂ ਹਾਂ ਪੱਖੀ ਤੇ ਚੰਗੇ ਪੱਖ ਨੂੰ ਪੇਸ਼ ਕਰਕੇ ਇਨ੍ਹਾਂ ਘਾਟਾਂ ਨੂੰ ਦੂਰ ਕਰੀਏ।'' 

ਮੋਦੀ ਨੇ ਕਿਹਾ ਕਿ ਫ਼ਿਲਮਾਂ ਦਾ ਆਮ ਆਦਮੀ ਉੱਪਰ ਬਹੁਤ ਅਸਰ ਪੈਂਦਾ ਹੈ ਤੇ ਫ਼ਿਲਮ ਸਨਅਤ ਦੇ ਸਹਿਯੋਗ ਬਿਨਾਂ ਸਫਲਤਾ ਸੰਭਵ ਨਹੀਂ ਹੈ। ਮੋਦੀ ਨੇ ਮੀਡੀਆ ਉੱਪਰ ਵੀ ਦੋਸ਼ ਲਾਇਆ ਕਿ ਉਹ ਆਮ ਕਰਕੇ ਨਾਂਹ ਪੱਖੀ ਖ਼ਬਰਾਂ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ। ਹਜ਼ਾਰਾਂ ਚੰਗੀਆਂ ਖ਼ਬਰਾਂ ਨੂੰ ਮੀਡੀਆ ਵਿਚ ਥਾਂ ਨਹੀਂ ਮਿਲਦੀ। ਉਨ੍ਹਾਂ ਨੇ ਪੁਲਿਸ ਦੁਆਰਾ ਕੀਤੇ ਚੰਗੇ ਕੰਮਾਂ ਨੂੰ ਦਰਸਾਉਣ ਲਈ ਗੁਜਰਾਤ ਵਾਂਗ ਹਰੇਕ ਪੁਲਿਸ ਸਟੇਸ਼ਨ ਦੀ ਵੈੱਬਸਾਈਟ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਪੁਲਿਸ ਥਾਣੇ ਨੂੰ ਹਰ ਹਫ਼ਤੇ ਇੱਕ ਹਾਂ ਪੱਖੀ ਰਿਪੋਰਟ ਆਨ ਲਾਈਨ ਪਾਉਣੀ ਚਾਹੀਦੀ ਹੈ ਤਾਂ ਜੋ ਲੋਕ ਉਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਬਾਰੇ ਵੀ ਜਾਣਕਾਰੀ ਲੈ ਸਕਣ। 

ਪੁਲਿਸ ਭਲਾਈ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਲਈ ਜੇਕਰ ਅਸੀਂ ਇਹ ਯਕੀਨੀ ਨਹੀਂ ਬਣਾਉਂਦੇ ਕਿ ਉਨ੍ਹਾਂ ਦੇ ਪਰਿਵਾਰਾਂ ਵਿਚ ਸੁਖ ਸ਼ਾਂਤੀ ਹੈ । ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਸ਼ੇਸ਼ ਤੌਰ 'ਤੇ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਸਿਹਤ, ਸਿੱਖਿਆ ਤੇ ਰਿਹਾਇਸ਼ ਦੇ ਖੇਤਰ ਵਿਚ ਭਲਾਈ ਸਕੀਮਾਂ ਨੂੰ ਯਕੀਨੀ ਬਣਾਉਣ ਵਾਸਤੇ ਪ੍ਰਣਾਲੀ ਬੱਧ ਪ੍ਰੋਗਰਾਮ ਬਣਾਉਣ।



Archive

RECENT STORIES