Posted on November 16th, 2014

-ਪੰਜਾਬੀ ਨੌਜਵਾਨ ਟੌਮ ਗਿੱਲ ਤੀਜੀ ਵਾਰ ਕੌਂਸਲਰ ਚੁਣੇ ਗਏ, ਗੈਰੀ ਥਿੰਦ ਬਣੇ ਸਕੂਲ ਟਰੱਸਟੀ-
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਤਕਰੀਬਨ 5 ਲੱਖ ਦੀ ਆਬਾਦੀ ਵਾਲੇ ਅਤੇ ਵੈਨਕੂਵਰ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਦੂਜੇ ਵੱਡੇ ਸ਼ਹਿਰ ਸਰੀ ਦੀ ਸ਼ਹਿਰੀ ਸਰਕਾਰ ਚੁਣਨ ਵਾਸਤੇ ਹੋਈਆਂ ਚੋਣਾਂ 'ਚ 'ਸਰੀ ਫਸਟ' ਪਾਰਟੀ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। ਤਕਰੀਬਨ 3 ਲੱਖ ਯੋਗ ਵੋਟਰਾਂ 'ਚੋਂ ਮਹਿਜ਼ 32 ਫੀਸਦੀ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਲਿੰਡਾ ਹੈਪਨਰ ਨੂੰ ਮੇਅਰ ਚੁਣ ਲਿਆ, ਜਿਨ੍ਹਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਸਾਬਕਾ ਮੇਅਰ ਡੱਗ ਮੈਕੱਲਮ ਨੂੰ 20 ਹਜ਼ਾਰ ਦੇ ਕਰੀਬ ਵੋਟਾਂ ਨਾਲ ਪਛਾੜਿਆ। ਜੇਤੂ ਰਹੇ ਉਨ੍ਹਾਂ ਦੀ ਪਾਰਟੀ ਦੇ 8 ਕੌਂਸਲਰਾਂ 'ਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਾਲਪੁਰ ਭਾਣਾ (ਨੇੜੇ ਕੋਟ ਫਤੂਹੀ) ਨਾਲ ਸਬੰਧਿਤ ਕੈਨੇਡੀਅਨ ਜੰਮਪਲ ਪੰਜਾਬੀ ਨੌਜਵਾਨ ਟੌਮ ਗਿੱਲ ਵੀ ਸ਼ਾਮਲ ਹਨ, ਜਿਨ੍ਹਾਂ ਆਪਣੀ ਆਗੂ ਲਿੰਡਾ ਹੈਪਨਰ ਨਾਲੋਂ ਵੀ 1500 ਦੇ ਕਰੀਬ ਵੋਟ ਵਾਧੂ ਹਾਸਲ ਕੀਤੇ। ਇਸ ਚੋਣ ਦੌਰਾਨ ਸਰੀ ਦੇ ਪੰਜਾਬੀ ਤਿੰਨ ਹਿੱਸਿਆਂ 'ਚ ਵੰਡੇ ਗਏ ਸਨ, ਜੋ ਕਿ ਸਾਬਕਾ ਕੌਂਸਲਰ ਲਿੰਡਾ ਹੈਪਨਰ, ਸਾਬਕਾ ਮੇਅਰ ਡੱਗ ਮੈਕੱਲਮ ਅਤੇ ਸਾਬਕਾ ਕੌਂਸਲਰ ਬਰਿੰਦਰ ਰਸੋਡੇ ਦੇ ਹੱਕ 'ਚ ਖੁੱਲ੍ਹ ਕੇ ਤੁਰੇ ਹੋਏ ਸਨ। ਕੁੱਲ 3 ਲੱਖ ਦੇ ਕਰੀਬ ਯੋਗ ਵੋਟਰਾਂ 'ਚੋਂ ਪੰਜਾਬੀ ਵੋਟਰਾਂ ਦੀ ਗਿਣਤੀ 38 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ। 'ਸਰੀ ਫਸਟ' ਦੀ ਚੋਣ ਮੁਹਿੰਮ ਨੂੰ ਸ. ਜਗਮੋਹਣ ਸਿੰਘ, ਸ. ਊਧਮ ਸਿੰਘ ਹੁੰਦਲ, ਸ. ਪ੍ਰੇਮ ਸਿੰਘ ਵਿਨਿੰਗ ਸਮੇਤ ਅਨੇਕਾਂ ਪੰਜਾਬੀਆਂ ਨੇ ਧੜੱਲੇ ਨਾਲ ਚਲਾਇਆ ਅਤੇ ਕਾਮਯਾਬ ਰਹੇ।
ਇਸ ਚੋਣ 'ਚ 6 ਉਮੀਦਵਾਰ ਮੇਅਰ ਦੇ ਅਹੁਦੇ ਦੀ ਚੋਣ ਲੜ ਰਹੇ ਸਨ, ਜਿਨ੍ਹਾਂ 'ਚੋਂ 2 ਪੰਜਾਬੀ, ਸਾਬਕਾ ਕੌਂਸਲਰ ਬਰਿੰਦਰ ਕੌਰ ਰਸੋਡੇ ਅਤੇ ਵਿਕਰਮ ਬਾਜਵਾ ਸਨ, ਜੋ ਕਿ ਦੋਵੇਂ ਚੋਣ ਹਾਰ ਹਏ ਹਨ। ਕੌਂਸਲਰਾਂ ਦੇ 8 ਅਹੁਦਿਆਂ ਲਈ 35 ਉਮੀਦਵਾਰ ਮੈਦਾਨ 'ਚ ਨਿੱਤਰੇ ਸਨ, ਜਿਨ੍ਹਾਂ 'ਚੋਂ 7 ਪੰਜਾਬੀ ਸਨ, ਪਰ ਇਨ੍ਹਾਂ ਵਿੱਚੋਂ ਟੌਮ ਗਿੱਲ ਨੂੰ ਹੀ ਸਫਲਤਾ ਮਿਲੀ ਜਦਕਿ ਬਾਕੀ ਉਮੀਦਵਾਰ ਕੈਲ ਦੁਸਾਂਝ, ਰੀਨਾ ਗਿੱਲ, ਜਸਟਿਨ ਥਿੰਦ, ਸਾਇਰਾ ਔਜਲਾ, ਨਵ ਧਨੋਆ ਅਤੇ ਤਨਵੀਰ ਸਿੰਘ ਭੋਪਾਲ ਜਿੱਤ ਨਹੀਂ ਸਕੇ। ਇਸੇ ਤਰ੍ਹਾਂ ਸਕੂਲ ਟਰੱਸਟੀ ਬਣਨ ਲਈ 23 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਰੇਮਨ ਭੁੱਲਰ, ਗੈਰੀ ਥਿੰਦ, ਸੁਖੀ ਗਿੱਲ, ਹਰਮਨ ਸਿੰਘ, ਬਲਰਾਜ ਅਟਵਾਲ, ਸੈਰਾ ਸ਼ਰਮਾ, ਬਲਜੀਤ ਸਿੰਘ ਸੱਭਰਵਾਲ ਅਤੇ ਸਿਕੰਦਰ ਹਿਆਤ ਪੰਜਾਬੀ ਸਨ ਪਰ ਜਿੱਤ ਦਾ ਸਿਹਰਾ ਕੇਵਲ 'ਸਰੀ ਫਸਟ' ਦੇ ਗੈਰੀ ਥਿੰਦ ਸਿਰ ਬੱਝਾ, ਜੋ ਕਿ ਪੰਜਾਬ ਦੇ ਸ਼ਹਿਰ ਅਬੋਹਰ ਨਾਲ ਸਬੰਧ ਰੱਖਦੇ ਹਨ। ਲੋਕਾਂ ਦੇ ਫਤਵੇ ਨਾਲ ਨਵੀ ਚੁਣੀ ਗਈ ਮੇਅਰ ਅਤੇ ਕੌਂਸਲ ਲਈ ਅਪਰਾਧ ਦੀ ਰੋਕਥਾਮ ਸਮੇਤ ਕਈ ਪ੍ਰਮੁੱਖ ਮੁੱਦੇ ਚੁਣੌਤੀ ਬਣਕੇ ਅੱਗੇ ਖੜ੍ਹੇ ਹਨ, ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੂੰ ਸਿਰਤੋੜ ਯਤਨ ਕਰਨੇ ਪੈਣਗੇ।
ਜਿੱਤਣ ਤੋਂ ਬਾਅਦ ਗੱਲ ਕਰਦਿਆਂ ਲਿੰਡਾ ਹੈਪਨਰ, ਟੌਮ ਗਿੱਲ ਅਤੇ ਗੈਰੀ ਥਿੰਦ ਨੇ ਸਰੀ ਦੇ ਸਮੂਹ ਪੰਜਾਬੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਹ ਚੋਣ ਮੁਹਿੰਮ ਦੌਰਾਨ ਕੀਤੇ ਵਾਅਦਿਆਂ 'ਤੇ ਖਰੇ ਉਤਰਨਗੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026