Posted on November 14th, 2014

-ਗੁਰਪ੍ਰੀਤ ਸਿੰਘ ਸਹੋਤਾ
ਬੀ. ਸੀ. ਵਿੱਚ ਮਿਊਂਸਪਲ ਚੋਣਾਂ ਲਈ ਕਈ ਹਫਤੇ ਚੋਣ ਪ੍ਰਚਾਰ ਹੋਣ ਤੋਂ ਬਾਅਦ ਅੱਜ ਉਹ ਸੁਲੱਖਣੀ ਘੜੀ ਆ ਗਈ ਹੈ ਜਦ ਲੋਕ ਆਪੋ-ਆਪਣੇ ਸ਼ਹਿਰ ਦਾ ਬਾਦਸ਼ਾਹ ਤੇ ਅਹਿਲਕਾਰ ਚੁਣ ਕੇ ਅਗਲੇ ਸਾਲਾਂ ਦਾ ਭਵਿੱਖ ਉਨ੍ਹਾਂ ਦੇ ਹੱਥ ਸੌਂਪ ਸਕਦੇ ਹਨ। ਬਹੁਤੇ ਲੋਕਤੰਤਰੀ ਮੁਲਕਾਂ ਵਾਂਗ ਕੇਂਦਰੀ, ਸੂਬਾਈ ਤੇ ਸ਼ਹਿਰੀ ਸਿਆਸਤ ਦਾ ਰੁਝਾਨ ਕੈਨੇਡਾ ਵਿੱਚ ਵੀ ਪ੍ਰਚੱਲਿਤ ਹੈ। ਜਿਸ ਮੁਲਕ ਤੋਂ ਅਸੀਂ ਆਏ ਹਾਂ, ਉੱਥੇ ਕੇਂਦਰੀ ਸਿਆਸਤ ਨੂੰ ਸਭ ਤੋਂ ਵੱਡਾ, ਸੂਬਾਈ ਸਿਆਸਤ ਨੂੰ ਉਸ ਤੋਂ ਘੱਟ ਤੇ ਸ਼ਹਿਰੀ ਸਿਆਸਤ ਨੂੰ ਸਭ ਤੋਂ ਹੇਠਲਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਇੱਥੇ ਆ ਕੇ ਵੀ ਸਾਡੇ 'ਚੋਂ ਬਹੁਤਿਆਂ ਦੀ ਸੋਚ ਨਹੀਂ ਬਦਲੀ। ਸਾਨੂੰ ਮੇਅਰ ਜਾਂ ਕੌਂਸਲਰ ਨਾਲੋਂ ਐਮ. ਪੀ. ਜਾਂ ਐਮ. ਐਲ. ਏ. ਜ਼ਿਆਦਾ ਚੰਗਾ ਤੇ ਰਸੂਖਦਾਰ ਲਗਦਾ ਹੈ ਜਦਕਿ ਅਸਲੀਅਤ ਇਹ ਹੈ ਕਿ ਇਸ ਮੁਲਕ ਵਿੱਚ ਤੁਹਾਡੇ ਆਲੇ-ਦੁਆਲੇ, ਤੁਹਾਡੇ ਬੱਚਿਆਂ ਦੇ ਭਵਿੱਖ, ਸਮਾਜ ਤੇ ਤਾਣੇ-ਬਾਣੇ ਦੇ ਬਹੁਤੇ ਫੈਸਲੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਐਮ. ਪੀ. ਜਾਂ ਐਮ. ਐਲ. ਏ. ਦੇ ਹੱਥ ਨਹੀਂ ਬਲਕਿ ਮੇਅਰ ਤੇ ਕੌਂਸਲਰ ਹੱਥ ਹੁੰਦੇ ਹਨ, ਜਿਨ੍ਹਾਂ ਨੇ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਇਹ ਦੱਸਣਾ ਇਸ ਚੋਣ ਦੀ ਅਹਿਮੀਅਤ ਤੋਂ ਜਾਣੂੰ ਕਰਵਾਉਣਾ ਹੈ।
ਸਰੀ ਪੰਜਾਬੀਆਂ ਦਾ ਗੜ੍ਹ ਹੈ ਅਤੇ ਇਸ ਕਰਕੇ ਇੱਥੇ ਦੀ ਸਿਆਸਤ 'ਚ ਪੰਜਾਬੀ ਪੂਰੀ ਤਰ੍ਹਾਂ ਸਰਗਰਮ ਹਨ। ਜੇਕਰ ਸਰੀ ਨਿਵਾਸੀਆਂ ਦੇ ਪ੍ਰਮੁੱਖ ਮਸਲਿਆਂ ਦੀ ਗੱਲ ਕੀਤੀ ਜਾਵੇ, ਜੋ ਮਿਉਂਸਪਲ ਸਰਕਾਰ (ਸਿਟੀ ਕੌਂਸਲ) ਦੇ ਘੇਰੇ 'ਚ ਆਉਂਦੇ ਹਨ ਤਾਂ ਉਨ੍ਹਾਂ ਵਿੱਚ ਅਪਰਾਧ ਦੀ ਰੋਕਥਾਮ, ਵਧੀਆ ਆਵਾਜਾਈ ਦੇ ਸਾਧਨ, ਸੁਚਾਰੂ ਸਕੂਲ ਪ੍ਰਬੰਧ, ਸਿਟੀ ਸਟਾਫ ਦੀ ਕਾਰਗੁਜ਼ਾਰੀ 'ਚ ਸੁਧਾਰ, ਵਸੋਂ ਦੇ ਹਿਸਾਬ ਨਾਲ ਸ਼ਹਿਰ 'ਚ ਰਹਿੰਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸਿਟੀ ਸਟਾਫ ਤੇ ਸਿਟੀ ਨਾਲ ਸਬੰਧਿਤ ਨੌਕਰੀਆਂ 'ਚ ਬਣਦਾ ਹੱਕ, ਵਾਰਡ ਸਿਸਟਮ ਲਈ ਰਾਏਸ਼ੁਮਾਰੀ, ਨਸ਼ਾ ਸੁਧਾਰ ਕੇਂਦਰਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਲਿਜਾਣਾ, ਹਰ ਉਮਰ ਵਰਗ ਲਈ ਖੇਡਾਂ ਤੇ ਮਨੋਰੰਜਨ ਦੇ ਢੁਕਵੇਂ ਮੈਦਾਨ ਤੇ ਇਮਾਰਤਾਂ ਦੀ ਉਸਾਰੀ ਆਦਿ, ਸ਼ਾਮਲ ਹਨ। ਇਨ੍ਹਾਂ ਮਸਲਿਆਂ ਦੇ ਨਾਲ-ਨਾਲ ਪੰਜਾਬੀਆਂ ਦੇ ਕੁਝ ਵੱਖਰੇ ਮਸਲੇ ਵੀ ਹਨ, ਜਿਨ੍ਹਾਂ 'ਚ ਟਰੱਕ ਪਾਰਕਿੰਗ, ਬੇਸਮੈਂਟਾਂ, ਸਕੂਲਾਂ 'ਚ ਸਮਲਿੰਗੀ ਪੜ੍ਹਾਈ ਆਦਿ ਵਰਨਣਯੋਗ ਹਨ।
ਪਿਛਲਿਆਂ ਸਾਲਾਂ ਦੇ ਅੰਕੜੇ ਮੂੰਹੋਂ ਬੋਲਦੇ ਹਨ ਕਿ 2008 ਦੀਆਂ ਚੋਣਾਂ 'ਚ ਕੇਵਲ 17-18 ਫੀਸਦੀ ਲੋਕਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਦਕਿ 2011 ਦੀਆਂ ਚੋਣਾਂ 'ਚ 25 ਫੀਸਦੀ ਦੇ ਕਰੀਬ ਲੋਕ ਵੋਟ ਪਾਉਣ ਗਏ। ਜਿਹੜੀ ਸਰਕਾਰ (ਸਿਟੀ ਕੌਂਸਲ) ਨੇ ਸਾਡੇ ਰੋਜ਼-ਮਰ੍ਹਾ ਦੇ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨਾ ਹੈ, ਅਸੀਂ ਉਸ 'ਚ ਹਿੱਸਾ ਹੀ ਨਹੀਂ ਲੈਂਦੇ ਅਤੇ ਬਾਅਦ 'ਚ ਵੋਟ ਨਾ ਪਾਉਣ ਵਾਲੇ 75 ਫੀਸਦੀ ਲੋਕ ਹੀ ਉੱਪਰ ਦਿੱਤੇ ਮਸਲਿਆਂ ਦੇ ਹੱਲ ਨਾ ਹੋਣ 'ਤੇ ਸਭ ਤੋਂ ਵੱਧ ਤਕਲੀਫ 'ਚ ਹੁੰਦੇ ਹਨ।
ਅੱਜ ਹੋ ਰਹੀ ਚੋਣ 'ਚ 6 ਉਮੀਦਵਾਰ ਮੇਅਰ ਦੇ ਅਹੁਦੇ ਦੀ ਚੋਣ ਲੜ ਰਹੇ ਹਨ, ਜਿਨ੍ਹਾਂ 'ਚੋਂ 2 ਪੰਜਾਬੀ ਹਨ। 35 ਉਮੀਦਵਾਰ ਕੌਂਸਲਰ ਬਣਨ ਲਈ ਨਿੱਤਰੇ ਹਨ, ਜਿਨ੍ਹਾਂ 'ਚੋਂ 6 ਪੰਜਾਬੀ ਹਨ। ਇਸੇ ਤਰ੍ਹਾਂ ਸਕੂਲ ਟਰੱਸਟੀ ਬਣਨ ਲਈ 23 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 8 ਪੰਜਾਬੀ ਹਨ। ਇੱਕ ਮੇਅਰ ਤੋਂ ਇਲਾਵਾ 8 ਕੌਂਸਲਰ ਤੇ 6 ਸਕੂਲ ਟਰੱਸਟੀ ਇਨ੍ਹਾਂ ਸਾਰੇ ਉਮੀਦਵਾਰਾਂ 'ਚੋਂ ਚੁਣੇ ਜਾ ਸਕਦੇ ਹਨ।
ਵੋਟ ਪਾਉਣ ਤੋਂ ਪਹਿਲਾਂ ਸਾਡੇ ਦਿਮਾਗ 'ਚ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ ਉਮੀਦਵਾਰ ਮੈਦਾਨ 'ਚ ਹਨ, ਉਨ੍ਹਾਂ ਦਾ ਪਿਛਲਾ ਜੀਵਨ ਤੇ ਕੰਮ ਕਾਜ ਕਰਨ ਦਾ ਢੰਗ ਕਿਹੋ ਜਿਹਾ ਰਿਹਾ ਹੈ। ਜੋ ਪਹਿਲੀ ਵਾਰ ਮੈਦਾਨ 'ਚ ਹਨ ਜਾਂ ਮੈਦਾਨ 'ਚ ਕਈ ਵਾਰ ਆਏ ਪਰ ਸਫਲਤਾ ਨਹੀਂ ਮਿਲੀ, ਉਨ੍ਹਾਂ ਦੇ ਪਿਛਲੇ ਕੀਤੇ ਕੰਮਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਇਨ੍ਹਾਂ 'ਚੋਂ ਅੱਗੇ ਚੱਲ ਰਹੇ ਉਮੀਦਵਾਰਾਂ 'ਚ ਬਹੁਤੇ ਉਹ ਹਨ, ਜਿਹੜੇ ਕਾਫੀ ਸਾਲ ਇਨ੍ਹਾਂ ਅਹਿਮ ਅਹੁਦਿਆਂ 'ਤੇ ਕੰਮ ਕਰਦੇ ਰਹੇ ਹਨ। ਵੋਟ ਪਾਉਣ ਤੋਂ ਪਹਿਲਾਂ ਸਾਨੂੰ ਇਨ੍ਹਾਂ ਦੀ ਕਰਗੁਜ਼ਾਰੀ ਬਾਰੇ ਚੰਗੀ ਤਰ੍ਹਾਂ ਵਿਚਾਰ ਜ਼ਰੂਰੀ ਕਰ ਲੈਣੀ ਚਾਹੀਦੀ ਹੈ। ਕਈ ਉਮੀਦਵਾਰ ਅਜਿਹੇ ਵੀ ਹਨ, ਜੋ ਵਾਰ-ਵਾਰ ਦਲ ਹੀ ਬਦਲੀ ਜਾ ਰਹੇ ਹਨ, ਹਾਲੇ ਤੱਕ ਜਿੱਤ ਉਨ੍ਹਾਂ ਨੂੰ ਨਸੀਬ ਨਹੀਂ ਹੋਈ। ਕੀ ਦਲ ਬਦਲਣ ਨਾਲ ਉਹ ਸੋਚ ਵੀ ਬਦਲ ਲੈਂਦੇ ਹਨ ਜਾਂ ਕੇਵਲ ਉਨ੍ਹਾਂ ਦੀਆਂ ਇਹ ਛਾਲਾਂ ਸਿਰਫ ਕੁਰਸੀ 'ਤੇ ਬਹਿਣ ਤੱਕ ਹੀ ਸੀਮਤ ਹਨ, ਇਹ ਵੀ ਵਿਚਾਰਨਯੋਗ ਹੈ।
ਪੰਜਾਬੀਆਂ 'ਚ ਇਹ ਰਵਾਇਤ ਰਹੀ ਹੈ ਕਿ ਅਸੀਂ ਕਿਸੇ ਦੇ ਆਖੇ ਲੱਗ ਕੇ, ਚਾਹੇ ਉਹ ਫੁੱਫੜ, ਮਾਮਾ, ਜਵਾਈ, ਭਰਾ ਜਾਂ ਦੋਸਤ ਹੋਵੇ, ਵੋਟ ਪਾਉਂਦੇ ਆਏ ਹਾਂ ਪਰ ਇਹ ਰੁਝਾਨ ਬਦਲਣਾ ਚਾਹੀਦਾ ਹੈ। ਅਕਸਰ ਲੋਕਾਂ ਦੇ ਮੂੰਹੋਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਅਸੀਂ ਤਾਂ ਪੰਜਾਬੀ ਭਰਾ-ਭੈਣ ਨੂੰ ਵੋਟ ਪਾਉਣੀ ਹੈ। ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਉਹ ਸਾਡੀਆਂ ਮੁਸ਼ਕਿਲਾਂ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿਉਂਕਿ ਉਹ ਸਾਡੇ ਵਿੱਚੋਂ ਹਨ ਅਤੇ ਸਾਡੇ ਭਾਈਚਾਰਕ ਹਾਲਾਤਾਂ, ਸੋਚ ਤੇ ਸਰੋਕਾਰਾਂ ਬਾਰੇ ਜਾਣਦੇ ਹਨ ਪਰ ਕੇਵਲ ਇਸ ਕਰਕੇ ਹੀ ਵੋਟ ਪਾਉਣੀ ਕਿ ਉਹ ਸਾਡੇ ਵਿੱਚੋਂ ਹਨ, ਲੋਕਤੰਤਰੀ ਰੁਝਾਨ ਅਤੇ ਸਹੀ ਫੈਸਲਾ ਨਹੀਂ ਹੈ।
ਅਸੀਂ ਕੈਨੇਡਾ ਇਸ ਕਰਕੇ ਆਏ ਸੀ ਕਿਉਂਕਿ ਸਾਨੂੰ ਇਹ ਸਿਸਟਮ ਪੰਜਾਬ-ਭਾਰਤ ਨਾਲੋਂ ਵਧੀਆ ਲੱਗਾ ਸੀ ਤੇ ਸਾਨੂੰ ਲਗਦਾ ਸੀ ਕਿ ਹੁਣ ਕੈਨੇਡਾ ਪਹੁੰਚ ਕੇ ਕੇਵਲ ਸਾਡੇ ਜਿਊਣ ਦਾ ਢੰਗ ਹੀ ਨਹੀਂ ਬਦਲੇਗਾ ਬਲਕਿ ਅਸੀਂ ਖੁਸ਼ਹਾਲ ਤੇ ਆਜ਼ਾਦੀ ਭਰਪੂਰ ਜ਼ਿੰਦਗੀ ਮਾਣਾਂਗੇ ਤੇ ਅਜਿਹਾ ਹੋਇਆ ਵੀ। ਜੇਕਰ ਅਸੀਂ ਆਪਣੇ ਪੰਜਾਬੀ ਹੀ ਅੱਗੇ ਲਿਆਉਣੇ ਹਨ ਤਾਂ ਸੋਚਣਾ ਬਣਦਾ ਹੈ ਕਿ ਫਿਰ ਅਸੀਂ ਪੰਜਾਬ ਛੱਡ ਕੇ ਇੱਥੇ ਕਿਉਂ ਆਏ ਹਾਂ? ਉੱਥੋਂ ਦੇ ਬਾਦਲ-ਕੈਪਟਨ-ਢੀਂਡਸਾ-ਭੱਠਲ ਆਪਣੇ (ਪੰਜਾਬੀ) ਹੀ ਤਾਂ ਸਨ। ਅਸੀਂ ਇਸ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਕੈਨੇਡਾ ਹੀ ਰਹਿਣ ਦੇਈਏ ਤਾਂ ਚੰਗਾ ਹੈ। ਅਸੀਂ ਇਸ ਸਿਸਟਮ ਦੇ ਵਧੀਆ ਹੋਣ ਕਰਕੇ ਇੱਥੇ ਆਏ ਸੀ, ਇਸ ਲਈ ਖੁਦ ਹੀ ਇਸ ਨੂੰ ਪੰਜਾਬ ਦੇ ਸਿਸਟਮ ਵਰਗਾ ਬਣਾਉਣ ਦੀ ਕੋਸ਼ਿਸ਼ ਕਰਕੇ ਆਪਣੀ ਤੇ ਆਪਣੇ ਬੱਚਿਆਂ ਦੀ ਬੇੜੀ 'ਚ ਆਪ ਹੀ ਵੱਟੇ ਨਾ ਪਾਈਏ।
ਸਾਡੇ ਕਹਿਣ ਦਾ ਭਾਵ ਇਹ ਨਹੀਂ ਕਿ ਸਾਨੂੰ ਇੱਥੇ ਦੀ ਸਿਆਸਤ 'ਚ ਨੁਮਾਇੰਦਗੀ ਨਹੀਂ ਕਰਨੀ ਚਾਹੀਦੀ, ਜ਼ਰੂਰ ਚਾਹੀਦੀ ਹੈ ਪਰ ਇਸ ਸਿਸਟਮ ਨੂੰ ਵਿਗਾੜ ਕੇ ਨਹੀਂ, ਇਸ ਸਿਸਟਮ ਲਈ ਆਪਣੇ ਆਪਣੇ ਨੂੰ ਢਾਲ ਕੇ। ਬੀਤੇ 'ਚ ਕੈਨੇਡੀਅਨ ਪੰਜਾਬੀ ਸਿਆਸਤਦਾਨਾਂ ਦੀ ਸ਼ਹਿਰੀ, ਸੂਬਾਈ ਅਤੇ ਕੇਂਦਰੀ ਸਿਆਸਤ 'ਚ ਕਾਰਗੁਜ਼ਾਰੀ, ਮਸਲੇ ਚੁੱਕਣ ਦੀ ਸਮਰੱਥਾ, ਲੋਕਪੱਖੀ ਮਸਲਿਆਂ 'ਤੇ ਤਣ ਕੇ ਬੋਲਣ ਦੀ ਜੁਰਅਤ ਵੱਲ ਇੱਕ ਝਾਤ ਲਾਹੇਵੰਦੀ ਰਹੇਗੀ। ਨਹੀਂ ਤਾਂ ਨਤੀਜੇ ਸਾਹਮਣੇ ਹਨ ਕਿ ਸਾਡੇ ਕਈ ਪੰਜਾਬੀ ਨੁਮਾਇੰਦੇ ਕੋਈ ਵੀ ਕੰਮ ਕਰਾਉਣ ਲੱਗਿਆਂ ਦੇਖਦੇ ਹਨ ਕਿ ਇਸ ਨੇ ਮੈਨੂੰ ਵੋਟ ਪਾਈ ਸੀ? ਇਹ ਮਝੈਲ ਆ, ਇਹ ਦੁਆਬੀਆ ਆ, ਮਲਵਈ ਆ? ਇਹ ਫੰਡਾਮੈਂਟਲਿਸਟ ਆ ਕਿ ਮੌਡਰੇਟ? ਐਨ. ਡੀ. ਪੀ. ਦਾ ਸਮਰਥਕ ਆ ਕਿ ਕੰਜ਼ਰਵੇਟਿਵ ਜਾਂ ਲਿਬਰਲ ਦਾ?
ਸਾਨੂੰ ਸਿਰਫ ਇਸ ਕਰਕੇ ਹੀ ਵੋਟ ਪਾਉਣੀ ਜਾਂ ਸਮਰਥਨ ਨਹੀਂ ਕਰਨਾ ਚਾਹੀਦਾ ਕਿ ਕੱਲ੍ਹ ਨੂੰ ਜਿੱਤਿਆ ਹੋਇਆ ਮੇਅਰ ਜਾਂ ਕੌਂਸਲਰ ਨਿੱਜੀ ਤੌਰ 'ਤੇ ਸਾਨੂੰ ਪਛਾਣੇ ਤੇ ਜਦੋਂ ਮਿਲੇ ਤਾਂ ਸਾਨੂੰ 'ਸਾਹਿਬ' ਕਹਿ ਕੇ ਬੁਲਾਵੇ ਤੇ ਹਾਲ-ਚਾਲ ਪੁੱਛੇ। ਇਸ ਸਿਸਟਮ ਨੂੰ, ਜਿਸ ਕਰਕੇ ਅਸੀਂ ਇੱਥੇ ਆਏ ਹਾਂ, ਉਸੇ ਤਰ੍ਹਾਂ ਕਾਇਮ ਰੱਖਣਾ ਸਾਡਾ ਮੁੱਢਲਾ ਫਰਜ਼ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ, ਵੋਟ ਕਿਸਨੂੰ ਪਾਈਏ? ਸਰੀ 'ਚ ਅੱਜ ਹੋ ਰਹੀਆਂ ਚੋਣਾਂ 'ਚ ਤਿੰਨ ਮੁੱਖ ਧੜੇ ਮੈਦਾਨ 'ਚ ਹਨ: 'ਸਰੀ ਫਸਟ', 'ਸਰੀ ਸੇਫ ਕੋਲੀਸ਼ਨ', 'ਸਰੀ ਵੰਨ'। ਸਾਡੀ ਨਜ਼ਰ 'ਚ ਜਿਨ੍ਹਾਂ ਦੇ ਬੀਤੇ ਸਾਲਾਂ 'ਚ ਸਿਟੀ ਅੰਦਰ ਕੰਮ ਸੌਖੇ ਹੁੰਦੇ ਰਹੇ ਹਨ, ਉਹ ਡਿਵੈਲਪਰ-ਬਿਲਡਰ, ਸੱਤਾਧਾਰੀ 'ਸਰੀ ਫਸਟ' ਨਾਲ ਖੜ੍ਹੇ ਹਨ ਅਤੇ ਜਿਨ੍ਹਾਂ ਦੇ ਕੰਮਾਂ 'ਚ ਰੁਕਾਵਟਾਂ ਪੈਂਦੀਆਂ ਰਹੀਆਂ ਜਾਂ ਮਨਭਾਉਂਦੇ ਪ੍ਰਾਜੈਕਟ ਸਿਰੇ ਨਹੀਂ ਲੱਗੇ, ਉਹ ਦੂਜੀਆਂ ਦੋਹਾਂ ਪਾਰਟੀਆਂ ਦਾ ਝੰਡਾ ਚੁੱਕੀ ਘੁੰਮ ਰਹੇ ਹਨ। ਇਹ ਲੋਕ ਪੱਕੇ ਸਮਰਥਕ ਹਨ ਅਤੇ ਆਪੋ-ਆਪਣੀ ਪਾਰਟੀ ਨੂੰ ਹੀ ਵੋਟ ਪਾਉਣਗੇ ਅਤੇ ਪਵਾਉਣਗੇ ਪਰ ਇਹ ਸਾਰੇ ਭਾਈਚਾਰੇ ਦੀ ਨਾ ਤਾਂ ਨੁਮਾਇੰਦਗੀ ਕਰਦੇ ਹਨ ਅਤੇ ਨਾ ਹੀ ਸਾਰਾ ਭਾਈਚਾਰ ਇਨ੍ਹਾਂ ਦੇ ਮਗਰ ਹੈ। ਪਰ ਇੱਕ ਆਮ ਆਦਮੀ ਨੂੰ ਵੋਟ ਪਾਉਣ ਲੱਗਿਆਂ ਦੋ ਗੱਲਾਂ ਦਾ ਮੁੱਖ ਖਿਆਲ ਰੱਖਣਾ ਪਵੇਗਾ।
1. ਜਿਸ ਨੂੰ ਮੈਂ ਵੋਟ ਪਾਉਣ ਲੱਗਾ ਹਾਂ, ਉਸ ਨੇ ਬੀਤੇ 'ਚ ਸ਼ਹਿਰ ਜਾਂ ਸਮਾਜ ਲਈ ਕੀ ਕੀਤਾ ਅਤੇ ਅਗਾਂਹ ਕੀ ਕਰ ਸਕਦਾ ਹੈ? ਗੂੰਗੇ ਤੋਂ ਰਾਗ ਸੁਣਨ ਦੀ ਚਾਹਨਾ ਨਾ ਰੱਖੀ ਜਾਵੇ?
2. ਜੋ ਮੇਰਾ ਜੀਵਨ ਹੈ, ਕਾਰੋਬਾਰ ਹੈ, ਬੱਚੇ ਹਨ, ਉਸ ਨੂੰ ਇਨ੍ਹਾਂ 'ਚੋਂ ਕਿਹੜਾ ਸੁਰੱਖਿਅਤ ਤੇ ਵਧੀਆ ਬਣਾ ਸਕਦਾ ਹੈ? ਹੋ ਸਕਦਾ ਹੈ ਇੱਕ ਉਮੀਦਵਾਰ ਤੁਹਾਡਾ ਕਾਰੋਬਾਰ ਵਧਾਉਣ ਲਈ ਚੰਗਾ ਹੋਵੇ ਪਰ ਜਿਸ ਸਮਾਜ 'ਚ ਤੁਸੀਂ ਬੱਚੇ ਪਾਲਣੇ ਹਨ, ਉਸ ਬਾਰੇ ਉਹ ਕੁਝ ਨਾ ਕਰ ਸਕਦਾ ਹੋਵੇ? ਇਹ ਚੋਣ ਤੁਸੀਂ ਕਰਨੀ ਹੈ ਕਿ ਪਹਿਲ ਕਾਰੋਬਾਰ ਨੂੰ ਦੇਣੀ ਹੈ ਜਾਂ ਸਮਾਜ ਨੂੰ?
ਸਾਨੂੰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ ਕਿ ਅਸੀਂ ਬਹੁਤ ਹੀ ਵਧੀਆ ਸਮਾਜ 'ਚ ਰਹਿ ਰਹੇ ਹਾਂ, ਜਿੱਥੇ ਹਾਲੇ ਵੀ ਬੰਦੇ ਦੀ ਕਦਰ ਹੈ। ਸਾਨੂੰ ਇਸ ਸਮਾਜ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੀ ਸੋਚ ਤੇ ਵੋਟ ਵਰਤਣੀ ਚਾਹੀਦੀ ਹੈ। ਜੋ ਵੋਟ ਦਾ ਹੱਕ ਸਾਨੂੰ ਮਿਲਿਆ ਹੈ ਤੇ ਉਸ ਦਾ ਇਸਤੇਮਾਲ ਜ਼ਰੂਰ ਕਰੋ। ਅਸੀਂ ਤਾਂ ਇਹੀ ਕਹਾਂਗੇ ਕਿ ਉਪਰ ਲਿਖੀਆਂ ਨਸੀਹਤਾਂ 'ਤੇ ਗੌਰ ਜ਼ਰੂਰ ਕਰਨਾ। ਵੋਟ ਜਿਸ ਨੂੰ ਵੀ ਦਿਲ ਚਾਹੇ ਪਾਉਣਾ, ਆਜ਼ਾਦ ਹੋ ਕੇ ਪਾਉਣਾ ਅਤੇ ਜ਼ਰੂਰ ਪਾਉਣਾ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026