Posted on November 1st, 2014

ਨਵੀਂ ਦਿੱਲੀ- ਸਾਲ 1984 ਦੇ ਸਿੱਖ ਕਤਲੇਆਮ ਨੂੰ ‘ਚੌਥਾ ਘੱਲੂਘਾਰਾ’ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਵੱਲੋਂ ਬਣਾਈ ਜਾ ਰਹੀ ‘1984 ਸਿੱਖ ਕਤਲੇਆਮ ਯਾਦਗਾਰ’ ਇਸ ਵਹਿਸ਼ੀਆਨਾ ਘਟਨਾ ਦੇ ਦੁਖਦਾਇਕ ਇਤਿਹਾਸ ਨੂੰ ਆਉਂਦੀਆਂ ਪੀੜੀਆਂ ਲਈ ਮੂਰਤੀਮਾਨ ਕਰੇਗੀ।
ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਸ ਯਾਦਗਾਰ ਦਾ ਨਿਰਮਾਣ ਕਾਰਜ ਲਈ ਟੱਕ ਲਾਉਣ ਦੀ ਸ਼ੁਰੂਆਤ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਸਿੱਖਾਂ ਦੀ ਨਸਲਕੁਸ਼ੀ ਵਿੱਚ ਸ਼ਾਮਲ ਇਕ-ਇਕ ਦੋਸ਼ੀ ਖਿਲਾਫ਼ ਕਾਰਵਾਈ ਹੋਣ ਤੱਕ ਸ਼੍ਰੋਮਣੀ ਅਕਾਲੀ ਦਲ ਆਪਣੀ ਜਦੋ-ਜਹਿਦ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਸਿੱਖਾਂ ਨੇ ਚਾਰ ਘੱਲੂਘਾਰੇ ਹੰਢਾਏ ਹਨ ਜਿਨ੍ਹਾਂ ਵਿੱਚੋਂ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਮੁਗਲ ਰਾਜ ਸਮੇਂ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਹੀ ਅਣਕਿਆਸਿਆ ਹੈ ਕਿ ਦੋ ਘੱਲੂਘਾਰੇ ਆਜ਼ਾਦ ਮੁਲਕ ਦੀ ਹਕੂਮਤ ਦੌਰਾਨ ਵਾਪਰੇ ਜਿਨ੍ਹਾਂ ਵਿੱਚੋਂ ਪਹਿਲਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਕਾ ਨੀਲਾ ਤਾਰਾ ਅਤੇ ਦੂਜਾ ਸਾਲ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਾਪਰਿਆ ਜਿਸ ਵਿੱਚ 5000 ਨਿਰਦੋਸ਼ ਸਿੱਖ ਇਕੱਲੇ ਦਿੱਲੀ ਵਿੱਚ ਜਦਕਿ 10000 ਤੋਂ ਵੱਧ ਸਿੱਖ ਪੂਰੇ ਮੁਲਕ ਵਿੱਚ ਮਾਰੇ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਦੇਣ ਅਤੇ ਹੋਰ ਪੀੜਤਾਂ ਦੀ ਬਹਾਦਰੀ ਨੂੰ ਸਿਜਦਾ ਹੋਵੇਗੀ ਜਿਨ੍ਹਾਂ ਨੇ ਇਸ ਘਿਨਾਉਣੇ ਕਾਂਡ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਅਤੇ ਰੋਜ਼ੀ ਰੋਟੀ ਦੇ ਵਸੀਲਿਆਂ ਤੋਂ ਵਿਰਵੇ ਹੋ ਗਏ। ਸ. ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਨ੍ਹਾਂ ਨੂੰ ਇਤਿਹਾਸ ਵਿਸਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰਕ ਆਉਣ ਵਾਲੇ ਸ਼ਾਸਕਾਂ ਨੂੰ ਹਮੇਸ਼ਾ ਯਾਦ ਕਰਵਾਉਂਦਾ ਰਹੇਗਾ ਕਿ ਅਸੱਭਿਅਕ ਕੰਮਾਂ ਨੂੰ ਸਮਾਜ ਹਮੇਸ਼ਾ ਨਿੰਦਦਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ‘ਅਸੀਂ ਆਪਣੇ ਦਿਲਾਂ ਵਿੱਚ ਨਿਮਰਤਾ ਅਤੇ ਪੰਜਾਬ ਸਮੇਤ ਹਰ ਪਾਸੇ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਰਹਿਣ ਦੀ ਅਰਦਾਸ’ ਕਰਦਿਆਂ ਉਸਾਰੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਤਲੇਆਮ ਦੇ ਸ਼ਹੀਦਾਂ ਨੂੰ ਸਾਡੀ ਸ਼ਰਾਂਧਜਲੀ ਇਹੀ ਹੋਵੇਗੀ ਕਿ ਅਸੀਂ ਆਪਣੇ ਮੁਲਕ ਵਿੱਚ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖੀਏ ਕਿਉਂਕਿ ਕਾਂਗਰਸ ਦੇ ਸਾਜ਼ਿਸ਼ਕਾਰਾਂ ਵੱਲੋਂ ਅਮਨ ਤੇ ਸਦਭਾਵਨਾ ਨੂੰ ਢਾਹ ਲਾਉਣ ਕਰਕੇ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਨਾ ਸਿਰਫ ਖਾਲਸਾ ਪੰਥ ਲਈ ਸਗੋਂ ਸਮੁੱਚੇ ਮੁਲਕ ਤੇ ਵਿਸ਼ਵ ਦੇ ਸਾਰੇ ਸੱਭਿਅਕ ਲੋਕਾਂ ਲਈ ਇਤਿਹਾਸਕ ਦਿਨ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮੌਕੇ ਇਕੱਤਰ ਸੰਗਤ ਦੇਸ਼ ਵਿੱਚ ਅਮਨ-ਅਮਾਨ ਤੇ ਫਿਰਕੂ ਸਦਭਾਵਨਾ ਬਰਕਰਾਰ ਰੱਖਣ ਦੀ ਅਰਦਾਸ ਕਰੇ।
ਸਾਲ 1984 ਦੇ ਸਿੱਖ ਕਤਲੇਆਮ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਾਸਦੀ ਦਾ ਸਭ ਤੋਂ ਦੁਖਦਾਇਕ ਪੱਖ ਇਹ ਹੈ ਕਿ ਇਹ ਘਟਨਾ ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰੀ ਪੱਧਰ ‘ਤੇ ਪੀੜਤਾਂ ਦੀ ਗਿਣਤੀ ਜਾਣ-ਬੁੱਝ ਕੇ ਘੱਟ ਦਰਸਾਈ ਗਈ ਹੈ ਪਰ ਕਾਂਗਰਸ ਨੇਤਾਵਾਂ ਵੱਲੋਂ ਪਾਰਟੀ ਦੀ ‘ਖੂਨ ਕਾ ਬਦਲਾ ਖੂਨ’ ਨੀਤੀ ਤਹਿਤ ਸਾਜ਼ਿਸ਼ ਘੜ ਕੇ ਭੋਲੇ-ਭਾਲੇ ਨਿਹੱਥੇ ਸਿੱਖ ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ। ਸ. ਬਾਦਲ ਨੇ ਕਿਹਾ ਕਿ ਇਹ ਨਾਅਰੇ 31 ਅਕਤੂਬਰ ਤੇ ਇਕ ਨਵੰਬਰ, 1984 ਨੂੰ ਕੌਮੀ ਟੈਲੀਵੀਜ਼ਨ ‘ਤੇ ਗੂੰਜਦੇ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਫਿਰਕੂ ਦੰਗੇ ਨਹੀਂ ਸਗੋਂ ਕਾਂਗਰਸ ਪਾਰਟੀ ਨਾਲ ਸਬੰਧਤ ਹੱਤਿਆਰਿਆਂ, ਲੁਟੇਰਿਆਂ, ਸਾੜ-ਫੂਕ ਕਰਨ ਵਾਲਿਆਂ ਅਤੇ ਬਲਾਤਕਾਰੀਆਂ ਵੱਲੋਂ ਕੀਤਾ ਗਿਆ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਜਗਦੀਸ਼ ਟਾਇਟਲਰ ਤੇ ਹੋਰ ਕਾਂਗਰਸੀ ਨੇਤਾਵਾਂ ਦੁਆਰਾ ਇਸ ਕਤਲੇਆਮ ਨੂੰ ਅੰਜ਼ਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਤੇ ਸਤਿਕਾਰਯੋਗ ਗਵਾਹਾਂ ਨੇ ਕਾਂਗਰਸੀ ਨੇਤਾਵਾਂ ਵੱਲੋਂ ਦੇਸ਼ ਦੇ ਸਭ ਤੋਂ ਸ਼ਰਮਨਾਕ ਕਾਂਡ ਨੂੰ ਅੰਜ਼ਾਮ ਦਿੰਦਿਆਂ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ ਅਗਜ਼ਨੀ ਤੇ ਲੁੱਟ ਦੀਆਂ ਘਟਨਾਵਾਂ ਨੂੰ ਅੱਖੀ ਤੱਕਿਆ ਸੀ। ਸ. ਬਾਦਲ ਨੇ ਕਿਹਾ ਕਿ ਇਸ ਕਤਲੇਆਮ ਦੇ ਸਾਜ਼ਿਸ਼ਕਾਰਾਂ ਨੇ ਤਤਕਾਲੀ ਕੇਂਦਰ ਸਰਕਾਰ ਦੀ ਪੂਰੀ ਸ਼ਹਿ ਨਾਲ ਸਿੱਖਾਂ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਵੱਖ-ਵੱਖ ਉੱਘੀਆਂ ਕਾਨੂੰਨੀ ਹਸਤੀਆਂ, ਸਾਬਕਾ ਜੱਜ, ਸੀਨੀਅਤ ਸੰਪਾਦਕਾਂ, ਮਾਨਵੀ ਅਧਿਕਾਰ ਤੇ ਨਾਗਰਿਕ ਅਧਿਕਾਰ ਪੱਖੀ ਸਰਗਰਮ ਸਮਾਜਿਕ ਕਾਰਜ ਕਰਤਾ ਅਤੇ ਸੰਸਥਾਵਾਂ ਨੇ ਇਸ ਜੁਰਮ ਲਈ ਕਾਂਗਰਸ ਤੇ ਇਸ ਦੇ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜਾਂਚ ਕਮਿਸ਼ਨ ਵੀ ਇਸ ਘਟਨਾ ਦੀ ਜਾਂਚ ਕਰਦਿਆਂ ਇਕੋ ਸਿੱਟੇ ‘ਤੇ ਪਹੁੰਚੇ ਸਨ ਕਿ ਇਸ ਮਾਨਵਤਾ ਵਿਰੋਧੀ ਘਿਨਾਉਣੇ ਅਪਰਾਧ ਲਈ ਕਾਂਗਰਸ ਪਾਰਟੀ ਦੇ ਨੇਤਾ ਜ਼ਿੰਮੇਵਾਰ ਸਨ। ਸ. ਬਾਦਲ ਨੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਇਸ ਘਟਨਾ ਦੇ 30 ਸਾਲ ਬੀਤ ਜਾਣ ਤੋਂ ਬਾਅਦ ਵੀ ਕਤਲ, ਲੁੱਟ ਅਗਜ਼ਨੀ ਅਤੇ ਛੇੜਛਾੜ ਕਰਨ ਦੇ ਦੋਸ਼ੀ ਦੇਸ਼ ਦੀ ਰਾਜਧਾਨੀ ਵਿੱਚ ਆਜ਼ਾਦ ਘੁੰਮ ਰਹੇ ਹਨ ਅਤੇ ਇਨ੍ਹਾਂ ਬਹੁਤੇ ਨੇਤਾਵਾਂ ਨੂੰ ਸੱਤਾ ਵਿੱਚ ਉਚੇ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ ਜਦਕਿ ਬਾਕੀਆਂ ਨੂੰ ਸੰਸਦ ਲਈ ਟਿਕਟਾਂ ਅਤੇ ਮੰਤਰੀ ਮੰਡਲ ਵਿੱਚ ਅਹੁਦੇ ਦਿੱਤੇ ਗਏ ਜਿਨ੍ਹਾਂ ਨੂੰ ਜਨਤਕ ਰੋਹ ਕਾਰਨ ਹਟਾਉਣਾ ਪਿਆ।
ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੀੜਤਾਂ ਨੂੰ ਇਨਸਾਫ ਨਾ ਦੇਣਾ ਸਰਾਸਰ ਅਨਿਆਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਕਾਰਵਾਈ ਆਰੰਭੀ ਗਈ, ਉਹ ਵੀ ਜਨਤਕ ਰੋਹ ਕਾਰਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਕੇਸ ਦੀ ਪ੍ਰਕ੍ਰਿਆ ਵੀ ਜਾਣਬੁੱਝ ਕੇ ਸੁਸਤ ਚਲਾਈ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਜਿੱਥੇ ਐਫ.ਆਈ.ਆਰ. ਦਰਜ ਹੋਈਆਂ ਹਨ, ਉਸ ਕਾਰਵਾਈ ਨੂੰ ਵੀ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਰਾਹੀਂ ਕਮਜ਼ੋਰ ਜਾਂ ਦਬਾਇਆ ਜਾ ਰਿਹਾ ਹੈ।
ਇਸ ਘਟਨਾ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਅਤੇ ਪੀੜਤਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ’84 ਦੇ ਸਿੱਖ ਕਤਲੇਆਮ ਦੀ ਸਮੁੱਚੀ ਜਾਂਚ ਲਈ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਇਕ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇ ਜਿਸ ਵਿੱਚ ਇਸ ਸਮੁੱਚੀ ਸਾਜ਼ਿਸ਼ ਦੀ ਘੜਨ ਤੇ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਦਾ ਪਤਾ ਲਾਇਆ ਜਾਵੇ। ਉਨ੍ਹਾਂ ਅੱਗੇ ਆਖਿਆ ਕਿ ਕਮਿਸ਼ਨ ਨੂੰ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿੱਚ ਸੌਂਪੀ ਜਾਣੀ ਚਾਹੀਦੀ ਹੈ। ਇਸ ਦੌਰਾਨ ਸ. ਬਾਦਲ ਨੇ ਕਿਹਾ ਕਿ ਜਿੱਥੇ ਐਫ.ਆਈ.ਆਰ. ਦਰਜ ਹਨ ਅਤੇ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ, ਉਥੇ ਛੇਤੀ ਨਿਆਂ ਦੇਣ ਲਈ ਵਿਸ਼ੇਸ਼ ਸਮਰਪਿਤ ਅਦਾਲਤਾਂ ਕਾਇਮ ਕੀਤੀਆਂ ਹਨ।
ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਬੰਦ ਪਏ ਕੇਸ ਦੁਬਾਰਾ ਖੋਲ੍ਹੇ ਕੇ ਜਾਂਚ ਕੀਤੀ ਜਾਵੇ ਅਤੇ ਸਮਰਪਿਤ ਅਦਾਲਤਾਂ ਅੱਗੇ ਚਲਾਨ ਪੇਸ਼ ਕੀਤੇ ਜਾਣ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਕੇਸਾਂ ਦੀ ਜਾਂਚ ਕੀਤੀ ਜਾਵੇ।
ਇਸ ਮੌਕੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ 10 ਸਾਲ ਦਾ ਬੱਚਾ ਤੇ 80 ਸਾਲਾ ਦਾ ਬਜ਼ੁਰਗ ਵੀ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਕਿ ਇਹ ਦਿਲ ਦਹਿਲਾਉਣ ਵਾਲੀ ਘਟਨਾ ਸੀ ਜਿਸ ਵਿੱਚ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਬੁੱਚੜਾਂ ਨੇ ਹਜ਼ਾਰਾਂ ਬੇਕਸੂਰ ਸਿੱਖਾਂ ਦੀ ਹੱਤਿਆ ਕਰ ਦਿੱਤੀ। ਇਸ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਸਨਾਖ਼ਤ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੀ ਕੋਈ ਲੋੜ ਨਹੀਂ ਹੈ ਕਿਉਂ ਜੋ ਇਹ ਬਿਲਕੁਲ ਸਪੱਸ਼ਟ ਹੈ ਕਿ ਐਚ.ਕੇ.ਐਲ. ਭਗਤ, ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਨੇਤਾਵਾਂ ਨੇ ਭੀੜ ਨੂੰ ਸਿੱਖਾਂ ਦੀ ਹੱਤਿਆ ਕਰਨ ਤੇ ਘਰਾਂ ਨੂੰ ਸਾੜ ਦੇਣ ਲਈ ਉਕਸਾਇਆ ਸੀ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਇਸ ਕਤਲੇਆਮ ਤੋਂ 30 ਸਾਲਾਂ ਬਾਅਦ ਤੱਕ ਵੀ ਸਿੱਖਾਂ ਦੀ ਪੀੜਾ ਨੂੰ ਸਮਝਣ ਵਿੱਚ ਨਾਕਾਮ ਰਹੀਆਂ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਜੰਗ ਨਾਲ ਜੁੜੇ ਮਾਮਲੇ ਵੀ ਸੰਯੁਕਤ ਰਾਸ਼ਟਰ ਵੱਲੋਂ 50 ਤੋਂ 60 ਸਾਲਾਂ ਬਾਅਦ ਸੁਣ ਲਏ ਜਾਂਦੇ ਹਨ ਅਤੇ ਦੋਸ਼ੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ ਪਰ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਜਿਸ ਨਾਲ ਪੀੜਤਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਤਿੰਨ ਦਹਾਕਿਆਂ ਤੋਂ ਤਤਕਾਲੀ ਸਰਕਾਰਾਂ ਪਾਸੋਂ ਇਸ ਘਟਨਾ ਵਿੱਚ ਇਨਸਾਫ ਲਈ ਜ਼ੋਰਦਾਰ ਸੰਘਰਸ਼ ਕਰਦਾ ਰਿਹਾ ਹੈ ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਨੇੜੇ ਭਵਿੱਖ ਵਿੱਚ ਸਾਰਥਕ ਸਿੱਟੇ ਨਿਕਲਣਗੇ।
ਉਨ੍ਹਾਂ ਕਿਹਾ,”ਐਨ.ਡੀ.ਏ. ਸਰਕਾਰ ਨੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕਰਕੇ ਵਧੀਆ ਆਗਾਜ਼ ਕੀਤਾ ਹੈ ਪਰ ਇਸ ਨਾਲ ਪੀੜਤ ਸਿੱਖਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋਣੀ ਜਿਨ੍ਹਾਂ ਨੇ ਆਪਣਾ ਸਭ ਕੁਝ ਗੁਆ ਲਿਆ।” ਉਨਾਂ੍ਹ ਕਿਹਾ ਕਿ ਇਨ੍ਹਾਂ ਅਭਾਗੇ ਪਰਿਵਾਰਾਂ ਦੇ ਮਨਾਂ ਨੂੰ ਉਸ ਵੇਲੇ ਸਕੂਨ ਮਿਲੇਗਾ ਜਦੋਂ ਇਸ ਘੋਰ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਰਾਹੀਂ ਸਜ਼ਾ ਮਿਲੇਗੀ।”
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਕੌਮ ਨੂੰ ਵੰਡਣ ਤੇ ਕਮਜ਼ੋਰ ਕਰਨ ਲਈ ਕੋਈ ਵੀ ਤਾਕਤ ਆਪਣੀਆਂ ਕੋਝੀਆਂ ਚਾਲਾਂ ‘ਚ ਕਦੀ ਕਾਮਯਾਬ ਨਹੀਂ ਸਕੇਗੀ। ਇਸ ਦਾ ਸਬੂਤ ਹਾਲ ਹੀ ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹਨ ਜਿਨ੍ਹਾਂ ਵਿੱਚ ਕਾਂਗਰਸ ਦਾ ਤੀਜੇ ਸਥਾਨ ‘ਤੇ ਰਹਿਣ ਹੈ ਜਦਕਿ ਕਾਂਗਰਸ ਨੇ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੀ ਕੋਝੀ ਚਾਲ ਚੱਲ ਕੇ ਸਿੱਖਾਂ ਨਾਲ ਧਰੋਹ ਕਮਾਇਆ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦੀ ਸਾਜ਼ਿਸ਼ ਘੜਨ ਵਾਲਾ ਮੋਢੀ ਸ੍ਰੀ ਐਚ.ਐਸ. ਚੱਠਾ ਵੀ ਹਰਿਆਣਾ ਦੇ ਸਿੱਖਾਂ ਵੱਲੋਂ ਬੁਰੀ ਤਰ੍ਹਾਂ ਨਾਕਾਰ ਦਿੱਤਾ ਗਿਆ ਜੋ ਸਿਰਫ ਆਪਣੀ ਜ਼ਮਾਨਤ ਬਚਾਉਣ ‘ਚ ਹੀ ਸਫਲ ਹੋ ਸਕਿਆ।
ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਇਹ ਸਮਾਰਕ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਤੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਦੀ ਇਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂ.ਪੀ.ਏ. ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦਗਾਰ ਦਾ ਨਿਰਮਾਣ ਕਰਨ ਤੋਂ ਰੋਕਣ ਲਈ ਚਾਲਾਂ ਚੱਲੀਆਂ ਅਤੇ ’84 ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਜਿਹੀ ਸਰਕਾਰ ਤੋਂ ਇਨਸਾਫ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਸੀ।
ਇਸ ਮੌਕੇ ਸ਼ਾਮਲ ਉੱਘੀਆਂ ਹਸਤੀਆਂ ਵਿੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨ ਮੱਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਸੰਸਦ ਮੈਂਬਰ ਸ੍ਰੀਮਤੀ ਮੀਨਾਕਸ਼ੀ ਲੇਖੀ, ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਸਤੀਸ਼ ਉਪਾਧਿਆਏ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਤੇ ਸ੍ਰੀਮਤੀ ਜਯਾ ਜੇਤਲੀ, ਦਿੱਲੀ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਤੇ ਸ. ਜਤਿੰਦਰ ਸਿੰਘ ਸ਼ੰਟੀ ਤੋਂ ਇਲਾਵਾ ਧਾਰਮਿਕ ਤੇ ਸਿਆਸੀ ਨੇਤਾ ਹਾਜ਼ਰ ਸਨ।
Report: with thanks from Babushahi.

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026