Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਚੱਲੇ ਸੌ ਡਾਲਰ ਦੇ ਨਕਲੀ ਨੋਟਾਂ ਬਾਰੇ ਪੁਲਿਸ ਨੇ ਜਨਤਾ ਨੂੰ ਕੀਤਾ ਚੇਤੰਨ

Posted on May 18th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਅੰਦਰ ਨਵੰਬਰ 2010 'ਚ ਚਲਾਏ ਗਏ 100 ਡਾਲਰ ਦੇ ਨਵੇਂ ਪਲਾਸਟਿਕ ਨੋਟਾਂ ਨੂੰ ਮਾਰਕੀਟ 'ਚ ਉਤਾਰਨ ਪਿੱਛੇ ਇੱਕ ਮੁੱਖ ਕਾਰਨ ਜਾਅਲੀ ਨੋਟਾਂ ਦੀ ਵਰਤੋਂ ਰੋਕਣਾ ਸੀ ਪਰ ਜਾਅਲੀ ਨੋਟ ਤਿਆਰ ਕਰਨ ਵਾਲਿਆਂ ਨੇ ਇਸਦਾ ਤੋੜ ਵੀ ਲੱਭ ਲਿਆ ਹੈ | ਬੀ. ਸੀ. ਦੇ ਸ਼ਹਿਰ ਨਿਊ ਵੈਸਟਮਿਨਿਸਟਰ ਦੀ ਪੁਲਿਸ ਮੁਤਾਬਿਕ ਕੈਨੇਡਾ ਦੇ ਨਵੇਂ 100 ਡਾਲਰ ਦੇ ਪਲਾਸਟਿਕ (ਪੋਲੀਮਰ) ਨੋਟ ਬਜ਼ਾਰ 'ਚ ਚਲਾਏ ਜਾ ਰਹੇ ਹਨ | ਪੁਲਿਸ ਨੇ ਜਨਤਾ ਨੂੰ ਚੇਤੰਨ ਕਰਦਿਆਂ ਦੱਸਿਆ ਕਿ ਬਹਤੁ ਆਸਾਨੀ ਨਾਲ ਅਸਲੀ ਤੇ ਜਾਅਲੀ ਨੋਟ ਦੀ ਪਛਾਣ ਕੀਤੀ ਜਾ ਸਕਦੀ ਹੈ | ਅਸਲੀ ਨੋਟਾਂ 'ਚ ਪਾਰਦਰਸ਼ੀ ਸਟਰਿੱਪ ਮੌਜੂਦ ਹੈ, ਜੇਕਰ ਕਿਸੇ ਨੋਟ 'ਚ ਇਹ ਪਾਰਦਰਸ਼ੀ ਸਟਰਿੱਪ ਮੌਜੂਦ ਨਹੀਂ ਤਾਂ ਇਸਦਾ ਮਤਲਬ ਇਹ ਨੋਟ ਜਾਅਲੀ ਹੈ | ਇਸ ਤੋਂ ਇਲਾਵਾ ਅਸਲੀ ਨੋਟ 'ਚ ਹੋਲੋਗ੍ਰਾਮ ਵਾਲੀ ਥਾਂ 'ਤੇ ਝੰਡਾ ਤੇ ਪਾਰਲੀਮੈਂਟ ਹਿੱਲ ਦੇ ਪੀਸ ਟਾਵਰ ਦੀ ਛੱਤ ਸਾਫ ਨਜ਼ਰ ਆਉਂਦੀ ਹੈ ਜਦਕਿ ਜਾਅਲੀ ਨੋਟਾਂ 'ਤੇ 100 ਨੰਬਰ, ਛੱਤ ਤੇ ਝੰਡਾ ਸਾਫ-ਸਾਫ ਦਿਖਾਈ ਨਹੀਂ ਦਿੰਦੇ |


ਸਰੀ ਦੇ ਗੁਆਂਢੀ ਸ਼ਹਿਰ ਨਿਊ ਵੈਸਟਮਿਨਿਸਟਰ ਦੀ ਪੁਲਿਸ ਨੇ ਦੱਸਿਆ ਕਿ 100 ਡਾਲਰ ਦੇ ਜਾਅਲੀ ਨੋਟ ਇੱਕ ਸਥਾਨਕ ਕਾਰੋਬਾਰੀ ਅਦਾਰੇ ਤੇ ਵੱਡੇ ਬੈਂਕ ਤੋਂ ਬਰਾਮਦ ਹੋਏ ਹਨ | ਜ਼ਿਕਰਯੋਗ ਹੈ ਕਿ ਬੈਂਕ ਆਫ ਕੈਨੇਡਾ ਨੇ ਇਨ੍ਹਾਂ ਨੋਟਾਂ ਨੂੰ 'ਸੁਰੱਖਿਅਤ ਕਰੰਸੀ' ਦਾ ਦਰਜਾ ਦੇ ਕੇ ਪੇਸ਼ ਕੀਤਾ ਸੀ ਪਰ ਇਸ ਦੀ ਵੀ ਨਕਲ ਹੋ ਚੁੱਕੀ ਹੈ | 100 ਡਾਲਰ ਦੇ ਨੋਟ ਨੂੰ ਜਾਰੀ ਕਰਨ ਤੋਂ ਬਾਅਦ ਬੈਂਕ ਆਫ ਕੈਨੇਡਾ 50 ਤੇ 20 ਡਾਲਰ ਦੇ ਪਲਾਸਟਿਕ ਨੋਟ ਵੀ ਬਜ਼ਾਰ 'ਚ ਭੇਜ ਚੁੱਕੀ ਹੈ ਤੇ ਬਹੁਤ ਜਲਦ 5 ਤੇ 10 ਡਾਲਰ ਦੇ ਨਵੇਂ ਪਲਾਸਟਿਕ ਨੋਟ ਵੀ ਬਜ਼ਾਰ 'ਚ ਆਉਣ ਵਾਲੇ ਹਨ | ਜਾਅਲੀ ਨੋਟਾਂ ਦੇ ਰੁਝਾਨ ਨੇ ਬੈਂਕ ਆਫ ਕੈਨੇਡਾ ਤੇ ਸਥਾਨਕ ਪੁਲਿਸ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ |



Archive

RECENT STORIES