Posted on August 24th, 2014

ਚੰਡੀਗੜ੍ਹ-(ਨੀਲ ਭਿਲੰਦਰ ਸਿੰਘ)-ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੂੰ ਕਤਲ ਕੇਸ ਦੀ ਸਜ਼ਾ ਸਬੰਧੀ ਮਿਲੀ ਮੁਆਫ਼ੀ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ | ਉਸ ਵੱਲੋਂ ਕਤਲ ਕੀਤੇ ਗਏ ਅਵਤਾਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਕੁੱਝ ਅਜਿਹੇ ਦਸਤਾਵੇਜ਼ ਹਾਸਲ ਕਰਨ ਦਾ ਦਾਅਵਾ ਕੀਤਾ ਹੈ ਕਿ ਪਿੰਕੀ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚੋਂ ਜੇਲ੍ਹ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਥਿਤ ਅਦਾਲਤੀ ਪੇਸ਼ੀਆਂ ਦੇ ਨਾਂਅ ਹੇਠ ਵਾਰ-ਵਾਰ ਬਾਹਰ ਭੇਜਿਆ ਜਾਂਦਾ ਰਿਹਾ ਤੇ ਉਸ ਨੇ ਕਿੰਨੀਆਂ ਹੀ ਰਾਤਾਂ ਵੀ ਉਕਤ ਕੇਂਦਰੀ ਜੇਲ੍ਹ ਤੋਂ ਬਾਹਰ ਗੁਜ਼ਾਰੀਆਂ ਹਨ |
ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਉਕਤ ਜੇਲ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਤੇ ਜ਼ਿਲ੍ਹਾ ਜਲੰਧਰ ਪੁਲਿਸ ਦੇ ਅਧਿਕਾਰਤ ਦਸਤਾਵੇਜ਼ਾਂ 'ਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਪਿੰਕੀ 19 ਅਕਤੂਬਰ 2007 ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਤਬਦੀਲ ਹੋ ਕੇ ਪਟਿਆਲਾ ਜੇਲ੍ਹ ਲਿਆਂਦਾ ਗਿਆ, ਜਿੱਥੋਂ 23 ਅਕਤੂਬਰ 2007 ਤੋਂ ਲੈ ਕੇ 30 ਸਤੰਬਰ 2008 ਦਰਮਿਆਨ ਉਸ ਨੂੰ 38 ਵਾਰ ਅਦਾਲਤੀ ਪੇਸ਼ੀਆਂ ਦੇ ਸਿਲਸਿਲੇ 'ਚ ਪਟਿਆਲਾ ਜੇਲ੍ਹ 'ਚੋਂ ਬਾਹਰ ਲਿਜਾਇਆ ਗਿਆ ਤੇ ਜ਼ਿਆਦਾਤਰ ਵਾਰ ਉਹ ਅਗਲੇ ਦਿਨ ਹੀ ਵਾਪਸ ਕੇਂਦਰੀ ਜੇਲ੍ਹ ਪਟਿਆਲਾ ਪੁੱਜਾ |
ਇਨ੍ਹਾਂ 'ਚੋਂ 35 ਵਾਰ ਉਸ ਨੂੰ ਫਤਹਿਗੜ੍ਹ ਸਾਹਿਬ ਵਿਖੇ ਪੇਸ਼ੀ 'ਤੇ ਲਿਜਾਇਆ ਗਿਆ ਹੋਣ ਦਾ ਜੇਲ੍ਹ ਰਿਕਾਰਡ ਪ੍ਰਾਪਤ ਹੋਇਆ ਹੈ ਪਰ ਇਸ ਬਾਬਤ ਸੂਚਨਾ ਅਧਿਕਾਰ ਕਾਨੂੰਨ ਤਹਿਤ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਕੋਲੋਂ ਜਾਣਕਾਰੀ ਮੰਗੀ ਗਈ ਹੈ ਤਾਂ ਸਹਾਇਕ ਲੋਕ ਸੂਚਨਾ ਅਧਿਕਾਰੀ ਐਸ.ਐਸ.ਪੀ. ਦਫ਼ਤਰ ਫਤਹਿਗੜ੍ਹ ਸਾਹਿਬ ਦੇ ਹਸਤਾਖ਼ਰਾਂ ਹੇਠ ਪੱਤਰਨੰਬਰ 47829 ਰਾਹੀਂ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ 'ਮੰਗੀ ਗਈ ਸੂਚਨਾ ਮੁਤਾਬਿਕ ਕੈਦੀ ਗੁਰਮੀਤ ਸਿੰਘ ਉਰਫ਼ ਪਿੰਕੀ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਵਲੋਂ ਅਦਾਲਤ ਫਤਹਿਗੜ੍ਹ ਸਾਹਿਬ ਵਿਖੇ ਪੇਸ਼ ਨਹੀਂ ਕੀਤਾ ਜਾਂਦਾ ਤੇ ਨਾ ਹੀ ਕਿਸੇ ਹੋਰ ਪੁਲਿਸ ਵੱਲੋਂ ਪੇਸ਼ੀ ਦੌਰਾਨ ਇਸ ਜ਼ਿਲ੍ਹੇ ਦੇ ਕਿਸੇ ਥਾਣੇ 'ਚ ਬਤੌਰ ਰਾਹਦਾਰੀ ਬੰਦ ਕੀਤਾ ਗਿਆ ਹੈ |'
ਇੰਨਾ ਹੀ ਨਹੀਂ ਐਸ.ਐਸ.ਪੀ ਦਫ਼ਤਰ ਜਲੰਧਰ ਤੋਂ ਵੀ ਪੱਤਰ ਨੰਬਰ 907/ਡੀ.ਆਰ.ਟੀ.ਆਈ. ਰਾਹੀਂ ਇਸ ਸਬੰਧੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਪਿੰਕੀ ਦੀਆਂ ਪੇਸ਼ੀਆਂ ਤੇ ਇਸ ਦੇ ਰਾਤਰੀ ਠਹਿਰਾਅ ਸਬੰਧੀ ਪੁੱਛੇ ਸਵਾਲਾਂ ਬਾਰੇ ਜਾਣਕਾਰੀ ਪਟਿਆਲਾ ਪੁਲਿਸ ਤੋਂ ਪ੍ਰਾਪਤ ਕੀਤੀ ਜਾਵੇ, ਕਿਉਂਕਿ ਉਕਤ ਕੈਦੀ ਨੂੰ ਜਲੰਧਰ ਪੇਸ਼ੀ ਲਈ ਪਟਿਆਲਾ ਪੁਲਿਸ ਨੇ ਲਿਆਂਦਾ ਸੀ | ਪੰਜਾਬ ਦੇ ਰਾਜਪਾਲ ਦੇ ਜਿਨ੍ਹਾਂ ਹੁਕਮਾਂ (ਨੰਬਰ 1/89/14-2ਗ7) ਮਿਤੀ 10 ਮਈ 2014 ਰਾਹੀਂ ਭਾਰਤੀ ਸੰਵਿਧਾਨ ਦੇ ਆਰਟੀਕਲ ਦੇ 161 ਅਧੀਨ ਉਸ ਦੀ ਸਜ਼ਾ ਦੇ ਅਣਭੁਗਤੇ ਭਾਗ ਦੀ ਮੁਆਫ਼ੀ ਤੇ ਸ਼ਰਤਾਂ ਸਹਿਤ ਰਿਹਾਈ ਦੀ ਸਹਿਮਤੀ ਪ੍ਰਗਟਾਈ ਗਈ ਹੈ | ਉਨ੍ਹਾਂ 'ਚ ਸਪੱਸ਼ਟ ਲਿਖਿਆ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਉਰਫ਼ ਪਿੰਕੀ ਨੇ ਅਵਤਾਰ ਸਿੰਘ (ਪੁੱਤਰ ਅਮਰੀਕ ਸਿੰਘ) ਵਾਸੀ ਲੁਧਿਆਣਾ ਦਾ ਕਤਲ ਕੀਤਾ ਹੈ | ਪੰਜਾਬ ਸਰਕਾਰ ਵੱਲੋਂ ਕਤਲ ਕੇਸਾਂ ਦੇ ਬਾਲਗ ਕੈਦੀਆਂ ਦੀ ਅਗਾਉਂ ਰਿਹਾਈ ਬਾਰੇ 4 ਅਪ੍ਰੈਲ 2013 ਦੀ ਨੀਤੀ ਦੀਆਂ ਵਿਵਸਥਾਵਾਂ ਨੂੰ ਆਧਾਰ ਬਣਾਉਂਦਿਆਂ 'ਚੰਗੇ ਆਚਰਣ' ਦੇ ਆਧਾਰ 'ਤੇ ਪਿੰਕੀ ਨੂੰ ਰਿਹਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ | ਪਰ ਕੇਂਦਰੀ ਜੇਲ੍ਹ ਪਟਿਆਲਾ ਤੋਂ ਹਾਸਲ ਉਕਤ ਆਰ.ਟੀ.ਆਈ. ਦੇ ਵੇਰਵੇ ਅਤੇ ਇਸ ਬਾਰੇ ਪਿੰਕੀ ਦੀਆਂ ਪੇਸ਼ੀਆਂ ਦੌਰਾਨ ਰਾਤਰੀ ਠਹਿਰਾਅ ਬਾਰੇ ਖੜ੍ਹੇ ਹੋਏ ਸ਼ੰਕਿਆਂ ਨੇ ਨਾ ਸਿਰਫ਼ ਪੰਜਾਬ ਸਰਕਾਰ ਵੱਲੋਂ ਉਸ ਦੇ ਚੰਗੇ ਆਚਰਣ ਬਾਰੇ ਦਾਅਵਿਆਂ ਨੂੰ ਸ਼ੱਕ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ, ਬਲਕਿ ਜੇਲ੍ਹ ਸੁਧਾਰਾਂ ਤੇ ਕਤਲ ਕੇਸਾਂ ਦੇ ਕੈਦੀਆਂ ਦੀ ਅਗਾਉਂ ਰਿਹਾਈ ਸਬੰਧੀ ਪਿੰਕੀ ਦੇ ਕੇਸ ਨੂੰ ਆਧਾਰ ਬਣਾ ਕੇ ਹਾਈਕੋਰਟ 'ਚ ਚੁਣੌਤੀ ਦੇਣ ਵਾਲੇ ਐਡਵੋਕੇਟ ਐਚ. ਸੀ. ਅਰੋੜਾ ਨੇ ਇਸ ਨੂੰ ਇੱਕ ਸੰਵਿਧਾਨਿਕ ਕੁਤਾਹੀ ਕਰਾਰ ਦਿੰਦਿਆਂ ਇਹ ਵੀ ਸਵਾਲ ਚੁੱਕਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਪਿੰਕੀ ਦੀ ਰਿਹਾਈ ਦੀ ਸਿਫ਼ਾਰਸ਼ ਤਹਿਤ ਜੇਕਰ ਉਕਤ ਤੱਥ ਛੁਪਾਏ ਗਏ ਹਨ ਤਾਂ ਇਹ ਰਾਜਪਾਲ ਨੂੰ ਗੁੰਮਰਾਹ ਕਰਨ ਦਾ ਵਿਸ਼ਾ ਹੋ ਸਕਦੇ ਹਨ |
ਕਤਲ ਕੀਤੇ ਅਵਤਾਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਵੀ ਹਾਈਕੋਰਟ 'ਚ ਪਿੰਕੀ ਦੀ ਰਿਹਾਈ ਨੂੰ ਦਿੱਤੀ ਜਾ ਰਹੀ ਚੁਣੌਤੀ 'ਚ ਇਹ ਤੱਥ ਸ਼ਾਮਿਲ ਕਰਦਿਆਂ ਆਪਣੇ ਵਕੀਲ ਆਰ.ਐਸ. ਬੈਂਸ ਰਾਹੀਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੇ ਆਧਾਰ 'ਤੇ ਨਾ ਸਿਰਫ਼ ਪਿੰਕੀ ਦੀਆਂ ਸ਼ੱਕੀ ਪੇਸ਼ੀਆਂ ਤੇ ਰਾਤਰੀ ਠਹਿਰਾਵਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਜਾਣ ਬਲਕਿ ਉਸ ਦੇ 'ਚੰਗੇ ਆਚਰਣ' ਨੂੰ ਆਧਾਰ ਬਣਾ ਦਿੱਤੀ ਗਈ ਸਜ਼ਾ ਮੁਆਫ਼ੀ ਦਾ ਫ਼ੈਸਲਾ ਫ਼ੌਰੀ ਵਾਪਸ ਲਿਆ ਜਾਵੇ | ਐਡਵੋਕੇਟ ਅਰੋੜਾ ਵੱਲੋਂ ਪਿੰਕੀ ਦੀ ਰਿਹਾਈ ਲਈ ਵਰਤੀ ਗਈ 'ਪ੍ਰਕ੍ਰਿਆ' ਅਤੇ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਵਿਚਲੇ ਕਤਲ ਕੇਸਾਂ ਦੇ ਕੈਦੀਆਂ ਨੂੰ ਇੱਕ ਸਾਲ ਦੀ ਸਜ਼ਾ ਮੁਆਫ਼ੀ ਦੀ ਵਿਵਸਥਾ ਵਿਰੁੱਧ ਦਾਇਰ ਪਟੀਸ਼ਨ 'ਤੇ ਵੀ ਅੱਜ ਸੋਮਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ |

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026