Posted on August 21st, 2014

ਮਾਲੇਰਕੋਟਲਾ- ਵਹਿਮਾਂ ਭਰਮਾਂ ਰਾਹੀਂ ਆਪਣੇ ਦੁੱਖ ਦੂਰ ਕਰਨ ਅਤੇ ਜਾਦੂ ਟੂਣਿਆਂ, ਧਾਗੇ ਤਵੀਤਾਂ ਤੇ ਰਾਖ ਦੀਆਂ ਪੁੜੀਆਂ ਨਾਲ ਗੰਭੀਰ ਰੋਗਾਂ ਤੋਂ ਛੁਟਕਾਰਾ ਪਾਉਣ ਦਾ ਦਾਅਵਾ ਕਰ ਰਹੇ ਹਿੰਦੁਸਤਾਨ ਵਿਚ ਭਾਵੇਂ ਕੁਝ ਵੀ ਸੰਭਵ ਹੈ, ਪ੍ਰੰਤੂ ਝੋਲਾ ਛਾਪ ਡਾਕਟਰਾਂ ਦੇ ਟੀਕਿਆਂ ਤੇ ਹੋਰ ਅਨੇਕਾਂ ਕਾਰਨਾਂ ਕਰਕੇ ਮਾਲਵਾ ਇਲਾਕੇ ਅੰਦਰ ਫੈਲੇ ਕਾਲੇ ਪੀਲੀਏ (ਹੈਪੇਟਾਈਟਸ-ਸੀ) ਦੇ ਰੋਗ ਨੇ ਪੰਜਾਬ ਵਿਚੋਂ ਅਲੋਪ ਹੋ ਰਹੀਆਂ ਗਧੀਆਂ ਦੀ ਮੁੜ ਪੁੱਛ ਪ੍ਰਤੀਤ ਤੇ ਕੀਮਤ ਬਣਾ ਦਿੱਤੀ ਹੈ |
ਹੁਣ ਤੱਕ ਜਿਹੜੀ ਗਧੀ ਨੂੰ ਘਰ 'ਚ ਪਾਲਣਾ ਤਾਂ ਦੂਰ, ਨਾਂ ਲੈਣਾ ਵੀ ਬੇਇੱਜ਼ਤੀ ਮੰਨਿਆ ਜਾਂਦਾ ਸੀ ਅੱਜ ਉਹੀ ਗਧੀ ਕਈ ਵੱਡੀਆਂ ਕੋਠੀਆਂ ਵਾਲੇ ਘਰਾਂ 'ਚ ਪੂਰੇ ਇੱਜ਼ਤ ਮਾਣ ਨਾਲ ਟਹਿਲ ਸੇਵਾ ਕਰ ਕੇ ਪਾਲ ਰਹੇ ਹਨ | ਗਧੀ ਪਾਲਣ ਦਾ ਕਾਰਨ ਹੈ ਇਸ ਦਾ ਬਹੁਗੁਣਕਾਰੀ ਮੰਨਿਆ ਜਾ ਰਿਹਾ ਦੁੱਧ | ਇਲਾਕੇ ਵਿਚ ਕੁਝ ਲੋਕਾਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਧੀ ਦਾ ਦੁੱਧ ਲਗਾਤਾਰ 12 ਤੋਂ 15 ਦਿਨ ਪੀਣ ਨਾਲ ਹੈਪੇਟਾਈਟਸ-ਸੀ (ਕਾਲੇ ਪੀਲੀਏ ਦੇ ਰੋਗ) ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ | ਬੇਸ਼ੱਕ ਲੋਕਾਂ ਦੇ ਇਸ ਦਾਅਵੇ ਨਾਲ ਮਾਹਿਰ ਡਾਕਟਰ ਇਤਫ਼ਾਕ ਨਹੀਂ ਰੱਖਦੇ ਪ੍ਰੰਤੂ ਲੱਖਾਂ ਰੁਪਏ ਦੇ ਮਹਿੰਗੇ ਡਾਕਟਰੀ ਇਲਾਜ ਤੋਂ ਡਰਦੇ ਲੋਕਾਂ ਲਈ ਗਧੀ ਦਾ ਦੁੱਧ ਅਸਮਾਨੋਂ ਉੱਤਰੀ ਰੱਬੀ ਦਾਤ ਬਣ ਕੇ ਟਪਕਿਆ ਹੈ | ਗਧੀ ਦੇ ਦੁੱਧ ਦੀ ਇਸ ਕਰਾਮਾਤ ਦਾ ਜਾਦੂ ਲੋਕਾਂ ਦੇ ਸਿਰ ਇੱਥੋਂ ਤੱਕ ਚੜ੍ਹ ਕੇ ਬੋਲ ਰਿਹਾ ਕਿ ਗਧੀ ਦੇ ਦੁੱਧ ਦੀਆਂ ਦੋ ਘੁੱਟਾਂ ਪੀਣ ਲਈ ਲੋਕਾਂ ਨੂੰ ਆਪਣੀ ਵਾਰੀ ਦੀ 15-15 ਦਿਨ ਉਡੀਕ ਕਰਨੀ ਪੈ ਰਹੀ ਹੈ ਅਤੇ ਦੁੱਧ ਪੀਣ ਵਾਲਿਆਂ ਦੀ ਕਤਾਰ ਵਿਚ ਦੂਰ ਦੁਰਾਡੇ ਤੋਂ ਕਾਰਾਂ ਵਾਲੇ ਅਮੀਰ ਲੋਕਾਂ ਦੀ ਗਿਣਤੀ ਵਧੇਰੇ ਹੰੁਦੀ ਹੈ | ਜਾਣਕਾਰੀ ਮੁਤਾਬਿਕ ਇੱਕ ਗਧੀ ਇੱਕ ਵੇਲੇ ਮਸਾਂ ਪੌਣਾ ਲੀਟਰ ਦੁੱਧ ਦਿੰਦੀ ਹੈ ਅਤੇ ਇਸ ਨਾਲ ਪੰਜ ਤੋਂ ਦਸ ਮਰੀਜ਼ ਭੁਗਤਾਏ ਜਾ ਸਕਦੇ ਹਨ | ਭਾਵੇਂ ਹਰ ਮਰੀਜ਼ ਤੋਂ ਲਈ ਜਾ ਰਹੀ ਫ਼ੀਸ ਬਾਰੇ ਕੋਈ ਵੀ ਗਧੀ ਪਾਲਕ ਕੁੱਝ ਵੀ ਨਹੀਂ ਦੱਸ ਰਿਹਾ ਪ੍ਰੰਤੂ ਲੋਕਾਂ ਅਨੁਸਾਰ ਹਰ ਮਰੀਜ਼ ਦੋ ਤੋਂ ਚਾਰ ਸੌ ਰੁਪਏ ਤੱਕ ਆਪਣੀ ਮਰਜ਼ੀ ਨਾਲ ਹੀ ਹੱਸ ਕੇ ਗਧੀ ਪਾਲਕ ਦੀ ਜੇਬ 'ਚ ਪਾ ਜਾਂਦਾ ਹੈ | ਕਈ ਪਿੰਡਾਂ 'ਚੋਂ ਮਿਲੀ ਜਾਣਕਾਰੀ ਅਨੁਸਾਰ ਗਧੀ ਦਾ ਦੁੱਧ ਦੋ ਹਜ਼ਾਰ ਰੁਪਏ ਲੀਟਰ ਦਾ ਭਾਅ ਵੇਚਿਆ ਜਾ ਰਿਹਾ ਹੈ ਅਤੇ ਇਸ ਭਾਅ ਖ਼ਰੀਦਣ ਲਈ ਵੀ ਗਧੀ ਪਾਲਕ ਨਾਲ ਜਾਣ ਪਛਾਣ ਕੱਢਣੀ ਪੈ ਰਹੀ ਹੈ |
ਮਾਲੇਰਕੋਟਲਾ ਨੇੜਲੇ ਪਿੰਡ ਸੰਗਾਲਾ ਦੇ ਕਾਲੇ ਪੀਲੀਏ ਤੋਂ ਪੀੜਤ ਕਿਸਾਨ ਜਗਰੂਪ ਸਿੰਘ ਮੁਤਾਬਿਕ ਕਿਸੇ ਜਾਣਕਾਰ ਦੇ ਦੱਸਣ 'ਤੇ ਉਸ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਨਾਲ ਵਾਸੀ ਗੁਲਜ਼ਾਰ ਨਾਂ ਦੇ ਵਿਅਕਤੀ ਦੇ ਘਰ ਜਾ ਕੇ ਕਈ ਦਿਨ ਤੱਕ ਗਧੀ ਦਾ ਤਾਜ਼ਾ ਦੁੱਧ ਪੀਣਾ ਸ਼ੁਰੂ ਕੀਤਾ ਤਾਂ ਉਸ ਨੂੰ ਆਪਣੇ ਅੰਦਰ ਨਵੀਂ ਊਰਜਾ ਦਾ ਅਹਿਸਾਸ ਹੋਇਆ | ਰੋਜ਼ ਦੇ ਜਾਣ ਆਉਣ ਦੀ ਬਜਾਏ ਉਹ ਇਕ ਦਿਨ 18 ਹਜ਼ਾਰ ਰੁਪਏ ਦੀ ਗਧੀ ਹੀ ਖ਼ਰੀਦ ਲਿਆਇਆ | ਦੁੱਧ ਦੀ ਮੰਗ ਵਧਦੀ ਵੇਖ ਹੁਣ ਉਸ ਨੇ ਇੱਕ ਹੋਰ ਗਧੀ 16 ਹਜ਼ਾਰ ਦੀ ਖ਼ਰੀਦ ਲਈ ਹੈ | ਆਪਣੀ ਕੋਠੀ ਦੇ ਬਾਹਰ ਪੂਰੀ ਸ਼ਾਨ ਨਾਲ ਖੜ੍ਹੀਆਂ ਦੋਵੇਂ ਗਧੀਆਂ ਵਿਖਾਉਂਦਿਆਂ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਵੇਲੇ ਦੂਰ ਦੁਰਾਡੇ ਪਿੰਡਾਂ ਤੋਂ 5 ਮਰੀਜ਼ ਹਰ ਰੋਜ਼ ਦੁੱਧ ਪੀਣ ਲਈ ਉਸ ਦੇ ਘਰ ਆ ਰਹੇ ਹਨ ਜੋ 15 ਦਿਨ ਤੱਕ ਲਗਾਤਾਰ ਆਉਣਗੇ | ਇਸ ਲਈ ਦੂਜੇ ਮਰੀਜ਼ਾਂ ਨੂੰ ਘੱਟੋ ਘੱਟ 15 ਦਿਨ ਉਡੀਕ ਸੂਚੀ 'ਚ ਰਹਿਣਾ ਪਵੇਗਾ |
ਪ੍ਰਗਟ ਸਿੰਘ ਮੁਤਾਬਿਕ ਉਸ ਦੇ ਘਰ ਦੁੱਧ ਪੀਣ ਆਉਣ ਵਾਲਿਆਂ ਵਿਚ ਅੱਜ ਕੱਲ੍ਹ ਇੱਕ ਵੱਡੇ ਅਕਾਲੀ ਆਗੂ ਦਾ ਪਿਤਾ ਵੀ ਆ ਰਿਹਾ ਹੈ | ਉਸ ਨੇ ਦੱਸਿਆ ਕਿ ਉਹ ਕਿਸੇ ਤੋਂ ਕੋਈ ਫ਼ੀਸ ਮੰਗ ਕੇ ਨਹੀਂ ਲੈਂਦਾ ਲੋਕ ਖੁਸ਼ ਹੋ ਕੇ ਕਣਕ, ਫੀਡ ਵਗ਼ੈਰਾ ਸੁੱਟ ਜਾਂਦੇ ਹਨ | ਖੁਦ ਕਾਲੇ ਪੀਲੀਏ ਦੇ ਮਰੀਜ਼ ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਗਧੀ ਦਾ ਦੁੱਧ ਪੀਣਾ ਸ਼ੁਰੂ ਕਰਨ ਤੋਂ ਬਾਅਦ ਉਹ ਹੁਣ ਸਾਰਾ ਖੇਤੀਬਾੜੀ ਦਾ ਕੰਮ ਆਪ ਕਰਦਾ ਹੈ, ਉਂਜ ਉਸ ਨੇ ਮੰਨਿਆ ਕਿ ਉਹ ਦੁੱਧ ਦੇ ਨਾਲ ਨਾਲ ਮਾਲੇਰਕੋਟਲੇ ਤੋਂ ਇੱਕ ਵੈਦ ਦੀ ਦਵਾਈ ਵੀ ਲਗਾਤਾਰ ਵਰਤ ਰਿਹਾ ਹੈ | ਇਸੇ ਤਰ੍ਹਾਂ ਹੀ ਪਿੰਡ ਦਲੇਲਗੜ੍ਹ, ਮਨਾਲ ਅਤੇ ਜਮਾਲਪੁਰੇ ਵਿੱਚ ਵੀ ਕਾਲੇ ਪੀਲੀਏ ਦੇ ਇਲਾਜ ਲਈ ਗਧੀ ਦਾ ਦੁੱਧ ਪੀਣ ਵਾਲਿਆਂ ਦੀ ਕਤਾਰ ਦਿਨੋਂ ਦਿਨ ਲੰਬੀ ਹੋ ਰਹੀ ਹੈ | ਮਹਿਜ਼ ਦੋ- ਢਾਈ ਹਜ਼ਾਰ ਰੁਪਏ ਕੀਮਤ ਦੀ ਗਧੀ ਅੱਜ ਕੱਲ੍ਹ 15 ਤੋਂ 20 ਹਜ਼ਾਰ ਰੁਪਏ ਦੀ ਵਿਕ ਰਹੀ ਹੈ | ਜਮਾਲਪੁਰੇ ਲਿਆਂਦੀ ਗਈ ਗਧੀ ਪਠਾਨਕੋਟ ਤੋਂ 17 ਹਜ਼ਾਰ ਰੁਪਏ 'ਚ ਖ਼ਰੀਦੀ ਗਈ ਹੈ |
ਕੋਈ ਵਿਗਿਆਨਕ ਅਧਿਐਨ ਮੌਜੂਦ ਨਹੀਂ-ਡਾ. ਗੁਰਵਿੰਦਰ ਸਿੰਘ ਐਮ.ਡੀ.
ਗਧੀ ਦੇ ਦੁੱਧ ਨਾਲ ਕਾਲੇ ਪੀਲੀਏ ਦੇ ਇਲਾਜ ਬਾਰੇ ਡਾ. ਗੁਰਵਿੰਦਰ ਸਿੰਘ ਐਮ.ਡੀ. ਨੇ ਸਪਸ਼ਟ ਕੀਤਾ ਕਿ ਹਾਲੇ ਤੱਕ ਅਜਿਹੀ ਕੋਈ ਵੀ ਵਿਗਿਆਨਕ ਸਟੱਡੀ ਮੌਜੂਦ ਨਹੀਂ ਹੈ ਜਿਸ ਰਾਹੀਂ ਇਹ ਸਾਬਤ ਕੀਤਾ ਜਾ ਸਕੇ ਕਿ ਕਿਸੇ ਵਿਸ਼ੇਸ਼ ਜਾਨਵਰ ਗਧੀ, ਬੱਕਰੀ ਜਾਂ ਹੋਰ ਪਸ਼ੂ ਦੇ ਦੁੱਧ ਨਾਲ ਮਨੁੱਖ ਅੰਦਰ ਪਲੇਟਲੈਟਸ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੋਵੇ | ਸਿਰਫ਼ ਮਾਂ ਦਾ ਪਹਿਲਾ ਦੁੱਧ ਕਲੌਸਟਰਮ ਹੀ ਪਲੇਟਲੈੱਟਸ ਦੀ ਸੰਖਿਆ ਵਧਾਉਣ 'ਚ ਸਹਾਈ ਸਿੱਧ ਹੋ ਸਕਦਾ ਹੈ | ਉਂਜ ਡਾ. ਗੁਰਵਿੰਦਰ ਨੇ ਕਿਹਾ ਕਿ ਸਾਰੇ ਦੁੱਧਾਂ ਅੰਦਰਲੇ ਤੱਤ ਮਨੁੱਖ ਨੂੰ ਊਰਜਾ ਤਾਂ ਦਿੰਦੇ ਹੀ ਹਨ |

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026