Posted on July 26th, 2014

ਸੱਤ੍ਹਾ ਲਾਲਸਾ ਤੇ ਫਿਰਕੂ ਜਨੂੰਨ ਆਖਰ ਕੀ ਹੁੰਂਦਾ ਹੈ? ਕੌਮ ਵਿੱਚ ਪ੍ਰਤੀਤ ਗਵਾ ਲੈਣੀ ਅਤੇ ਆਪਣੇ ਭਰਾਵਾਂ ਤੋਂ ਦੂਰੀ ਕਿੰਨੀ ਕੁ ਮਹਿੰਗੀ ਪੈਂਦੀ ਹੈ? ਇਸ ਦਾ ਅਹਿਸਾਸ ਅੱਜ ਬਾਬਾ ਬਾਦਲ ਨੂੰ ਜਿਵੇਂ ਹੋਇਆ ਹੋਵੇਗਾ, ਸ਼ਾਇਦ ਉਸ ਨੂੰ ਉਹ ਕਿਸੇ ਅੱਗੇ ਪ੍ਰਗਟਾਉਣ ਤੋਂ ਅਸਮਰੱਥ ਹੋਵੇਗਾ। ਪਰੰਤੂ ਕਿਉਂਕਿ ਕੁਦਰਤ ਬੇਅੰਤ ਹੈ ਅਤੇ ਰੱਬ ਦੀ ਲਾਠੀ ਬੇਅਵਾਜ਼ ਹੁੰਦੀ ਹੈ। ਇਸ ਲਈ ਆਪਣੇ ਆਪ ਨੂੰ ਰਾਜਨੀਤੀ ਦਾ ਸ਼ਾਹ ਅਸਵਾਰ ਅਤੇ ਘਾਗ ਸਿਆਸਤਦਾਨ ਅਖਵਾਉਣ ਵਾਲਾ ਬਾਬਾ ਬਾਦਲ ਆਪਣੇ ਬੁਣੇ ਜਾਲ ਵਿੱਚ ਆਖ਼ਰ ਫਸ ਗਿਆ। ਹਰਿਆਣਾ ਦੀ ਵੱਖਰੀ ਕਮੇਟੀ ਦੇ ਮੁੱਦੇ ਤੇ ਸ਼ਹੀਦ ਹੋਣ ਦਾ ਐਲਾਨ ਤੱਕ ਕਰਨ ਵਾਲੇ ਅਤੇ ਭਰਾ ਮਾਰੂ ਜੰਗ ਦੀਆਂ ਤਿਆਰੀਆਂ ਵਿੱਚ ਜੁਟੇ ਬਾਦਲ ਨੂੰ ਆਖਰੀ ਵਕਤ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲੈਣਾ ਪਿਆ। ਬਾਦਲ ਵੱਲੋਂ 27 ਜੁਲਾਈ ਨੂੰ ਅਤੇ ਉਸਦੇ ਜਵਾਬ ਵਿੱਚ ਹਰਿਆਣੇ ਵਾਲਿਆਂ ਵੱਲੋਂ ਰੱਖੇ 28 ਜੁਲਾਈ ਦੇ ਪੰਥਕ ਇਕੱਠਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਸਾਰੀਆਂ ਧਿਰਾਂ ਨੇ ਪ੍ਰਵਾਨ ਕਰ ਲਿਆ ਹੈ। ਹਰ ਸਿੱਖ ਨੇ ਇਸ ਫੈਸਲੇ ਤੇ ਸੁੱਖ ਦਾ ਸਾਹ ਲਿਆ ਹੈ।
ਨਾਲ ਦੀ ਨਾਲ ਇਸ ਫੈਸਲੇ ਦੀ ਚੀਰ-ਫਾੜ ਵੀ ਸ਼ੁਰੂ ਹੋ ਗਈ। ਇਸ ਹੁਕਮ ਨੂੰ ਕੇਂਦਰ ਸਰਕਾਰ ਦੇ ਬਾਦਲਾਂ ਤੇ ਦਬਾਅ ਤੇ ਆਮ ਸਿੱਖ ਸੰਗਤਾਂ ਵੱਲੋਂ ਬਾਦਲ ਦੇ ਪੰਥਕ ਮੋਰਚੇ ਨੂੰ ਪ੍ਰਵਾਨ ਨਾ ਕਰਨ ਦੇ ਕਾਰਨ ਜਾਰੀ ਕੀਤਾ ਗਿਆ, ਸਮਝਿਆ ਜਾ ਰਿਹਾ ਹੈ ਕਿ ਭਾਜਪਾ, ਜਿਹੜੀ ਹਰਿਆਣੇ ਵਿੱਚ 3 ਮਹੀਨਿਆਂ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਆਸ ਲਾਈ ਬੈਠੀ ਹੈ, ਉਸ ਵੱਲੋਂ ਸਾਰੀਆਂ ਗਿਣਤੀਆਂ-ਮਿਣਤੀਆਂ ਤੋਂ ਬਾਅਦ ਪਿਛੇ ਹੱਟਣ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ, ਹਰਿਆਣਾ ਦੇ ਗੁਆਂਢੀ ਸੂਬਿਆਂ ਦੇ ਮੈਂਬਰ ਪਾਰਲੀਮੈਂਟਾਂ ਦੀ ਇਕਤੱਰਤਾ ਤੋਂ ਬਾਅਦ ਬਾਦਲਾਂ ਨੂੰ ਮੋਰਚੇ ਨੂੰ ਤਿਆਗਣ ਦਾ ਹੁਕਮ ਸੁਣਾ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਇਹ ਹੁਕਮ ਖਾਸਾ ਸਖਤ ਸੀ, ਜਿਸ ਨਾਲ ਬਾਦਲਾਂ ਨੂੰ ਆਪਣੇ ਅੱਗੇ ਵਧਾਏ ਕਦਮ ਪਿੱਛੇ ਖਿੱਚਣ ਲਈ ਮਜ਼ਬੂਰ ਹੋਣਾ ਪਿਆ।
ਅਸੀਂ ਸ਼ੁਰੂ ਤੋਂ ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਆਸਾਰ ਪੈਦਾ ਹੋਣ ਤੋਂ ਰੋਕਣ ਲਈ ਨਿਰੰਤਰ ਹੋਕਾ ਦੇ ਰਹੇ ਸੀ। ਪਰ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਉਤੇ ਡੱਟੀਆਂ ਹੋਈਆਂ ਸਨ। ਉਸ ਤੋਂ ਭਰਾ ਮਾਰੂ ਜੰਗ ਦਾ ਖਤਰਾ ਨਿਰੰਤਰ ਵੱਧਦਾ ਜਾ ਰਿਹਾ ਸੀ। ਇਸ ਲਈ ਅਸੀਂ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਵੀ ਕਰਦੇ ਹਾਂ, ਉਥੇ ਇਸ ਫੈਸਲੇ ਪਿੱਛੇ ਖੜ੍ਹੇ ਕਾਰਨਾਂ ਨੂੰ ਵੀ ਕੌਮ ਦੀ ਕਚਿਹਰੀ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ। ਭਾਜਪਾ ਜਾਂ ਸੰਘ ਪਰਿਵਾਰ ਲਈ ਬਾਦਲਾਂ ਵਰਗੇ ਸਿੱਖ ਆਗੂ ਉਹ ਮੋਹਰੇ ਹਨ, ਜਿਹੜੇ ਉਨ੍ਹਾਂ ਦੇ 'ਹਿੰਦੂ, ਹਿੰਦੀ, ਹਿੰਦੁਸਤਾਨ' ਦੇ ਮਿਸ਼ਨ ਵਿੱਚ ਸਹਾਈ ਹੋ ਸਕਦੇ ਹਨ। ਪਰੰਤੂ ਜਿਵੇਂ ਹੀ ਇਹ ਮੋਹਰੇ ਕਮਜ਼ੋਰ ਹੋ ਜਾਂਦੇ ਹਨ, ਭਗਵਾਂ ਬ੍ਰਿਗੇਡ ਲਈ ਇਨ੍ਹਾਂ ਦੀ ਕੋਈ ਕੀਮਤ ਬਾਕੀ ਨਹੀਂ ਰਹਿੰਦੀ, ਉਨ੍ਹਾਂ ਲਈ ਇਹ ਬੇਅਰਥ ਹੋ ਜਾਂਦੇ ਹਨ। ਬਾਦਲਾਂ ਦੀਆਂ ਲੱਖਾਂ ਲੇਲੜ੍ਹੀਆਂ ਅਤੇ ਧਮਕੀਆਂ ਦੇ ਬਾਵਜੂਦ ਮੋਦੀ ਸਰਕਾਰ ਨੇ ਹਰਿਆਣੇ ਦੀ ਕਮੇਟੀ ਦੇ ਮੁੱਦੇ ਤੇ ਬਾਦਲਾਂ ਦੀ ਬਾਂਹ ਨਹੀਂ ਫੜੀ, ਕਿਉਂਕਿ ਹਰਿਆਣੇ ਦੇ ਸਿੱਖ ਬਾਦਲਾਂ ਵਿਰੁੱਧ ਲਾਮਬੰਦ ਹੋ ਰਹੇ ਸਨ। ਜਦੋਂ ਬਾਦਲ ਸਿੱਖਾਂ ਵਿੱਚ ਭਰੋਸਾ ਗਵਾਉਣ ਲੱਗਾ ਤਾਂ ਭਾਜਪਾ ਨੇ ਉਸਦਾ ਭਾਅ ਵੀ ਝੱਟ-ਪੱਟ ਘੱਟ ਕਰ ਦਿੱਤਾ।
ਆਪਣੀ ਕੌਮ ਨਾਲ ਗਦਾਰੀ ਕਰਨ ਵਾਲੇ ਨੂੰ ਵਰਤਣ ਵਾਲੀਆਂ ਧਿਰਾਂ ਵੀ ਉਨ੍ਹਾਂ ਚਿਰ ਹੀ ਆਪਣੀ ਛਾਤੀ ਨਾਲ ਲਗਾਉਂਦੀਆਂ ਹਨ, ਜਦੋਂ ਤੱਕ ਉਹ ਉਨ੍ਹਾਂ ਦੇ ਮਿਸ਼ਨ ਦੀ ਪੂਰਤੀ ਬਾਖੂਬੀ ਕਰਦਾ ਰਹਿੰਦਾ ਹੈ। ਦੂਸਰਾ ਬਾਦਲ ਸਾਬ੍ਹ ਨੂੰ ਅੱਜ ਇਹ ਅਹਿਸਾਸ ਵੀ ਹੋ ਗਿਆ ਹੋਣਾ ਹੈ ਕਿ ਕੌਮ ਨੂੰ ਲੰਮਾ ਸਮਾਂ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਪੰਥਕ ਮਖੌਟੇ ਅਤੇ ਪੰਥਕ ਹੋਣ ਵਿੱਚ ਵੱਡਾ ਫਰਕ ਹੈ। ਜਿਹੜਾ ਅੱਜ ਸਿੱਖ ਪੰਥ ਨੂੰ ਬਾਖੂਬੀ ਦਿਖਾਈ ਦੇਣ ਲੱਗ ਪਿਆ ਹੈ। ਸੱਤਾ ਸੁੱਖ ਮਾਨਣ ਵਾਲੇ ਬਾਦਲਾਂ ਵੱਲੋਂ ਸਿੱਖ ਮੁਦਿਆਂ ਨੂੰ ਕਿਵੇਂ ਰੋਲਿਆ ਗਿਆ ਹੈ? ਸਿੱਖ ਸਿਧਾਂਤਾ ਦਾ ਕਿਵੇਂ ਘਾਣ ਹੋਇਆ ਹੈ.? ਧਰਮ ਦੀ ਸਿਆਸਤ ਲਈ ਕਿਵੇਂ ਦੁਰਵਰਤੋ ਹੋਈ ਹੈ...?
ਅੱਜ ਪੂਰੀ ਕੌਮ ਭਲੀ ਭਾਂਤ ਜਾਣ ਚੁੱਕੀ ਹੈ। ਇਸ ਲਈ ਬਾਦਲ ਵੱਲੋਂ ਹੰਝੂ ਕੇਰਨ ਨੇ ਵੀ ਕੌਮ ਨੂੰ ਭਾਵੁਕ ਨਹੀਂ ਕੀਤਾ। ਸ਼ਹੀਦੀ ਦੇਣ ਦੀ ਧਮਕੀ ਨੂੰ ਵੀ ਆਮ ਸਿੱਖ ਨੇ ਮਜ਼ਾਕ ਵਿੱਚ ਉਡਾ ਦਿੱਤਾ। ਕਿਸੇ ਵੀ ਸਿੱਖ ਨੇ ਬਾਦਲ ਦੇ ਮੋਰਚੇ ਨੂੰ ਪੰਥਕ ਮੋਰਚਾ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ। ਜਿਸ ਨੂੰ ਦੇਖਦੇ ਹੋਏ ਬਾਦਲਾਂ ਨੇ ਆਪਣੇ ਆਪ ਨੂੰ ਪਹਿਲੀ ਵਾਰ ਰਾਜਨੀਤੀ ਦੇ ਮੈਦਾਨ ਵਿੱਚ ਘਿਰਿਆ ਮਹਿਸੂਸ ਕੀਤਾ ਤੇ ਉਨ੍ਹਾਂ ਨੂੰ ਕਦਮ ਪਿੱਛੇ ਖਿੱਚਣ ਲਈ ਮਜ਼ਬੂਰ ਹੋਣਾ ਪਿਆ। ਅਸੀਂ ਚਾਹਾਂਗੇ ਕਿ ਬਾਦਲ ਇਸ ਤੋਂ ਸਬਕ ਸਿੱਖਣ ਤੇ ਆਪਣੀ ਅੰਨ੍ਹੀ ਲਾਲਸਾ ਦਾ ਤਿਆਗ ਕਰਕੇ ਕੌਮ ਵਿੱਚ ਇਕਜੁੱਟਤਾ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਭਾਵਨਾ ਪ੍ਰਚੰਡ ਕਰਨ ਲਈ ਸਹੀ ਅਰਥਾ ਵਿੱਚ ਸਿੱਖ ਬਣਕੇ ਅੱਗੇ ਆਉਣ ਨਹੀਂ ਤਾਂ ਫਿਰ ਕੁਰਾਹੇ ਪਏ ਇਨਸਾਨ ਦਾ ਜੋ ਅੰਜਾਮ ਹੁੰਦਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ।
-ਜਸਪਾਲ ਸਿੰਘ ਹੇਰਾਂ

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026