Posted on July 15th, 2014

ਅਕਾਲੀ ਦਲ ਵੱਲੋਂ ਹਰਿਆਣਾ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਕਮੇਟੀ ਬਣਾਉਣ ਨੂੰ ਸਿੱਖਾਂ 'ਤੇ ਹਮਲਾ ਕਰਾਰ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀਆਂ ਦੇ ਪੁਰਾਣੇ ਰਵਾਇਤੀ ਅੰਦਾਜ਼ ਵਿਚ ਆਉਂਦਿਆਂ ਇਕ ਬਿਆਨ ਰਾਹੀਂ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਇਸ ਤਾਜ਼ਾ ਹਮਲੇ ਨੇ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਅਕਾਲੀ ਦਲ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਉਣ ਲਈ ਉਹ ਤੁਰੰਤ ਅਤੇ ਅਸਰਦਾਇਕ ਦਖ਼ਲ-ਅੰਦਾਜ਼ੀ ਕਰੇ। ਪਾਰਟੀ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਸਰਕਾਰ ਦੇ ਇਸ ਫ਼ੈਸਲੇ ਵਿਰੁਧ ਹਰ ਧਾਰਮਿਕ ਅਤੇ ਸਿਆਸੀ ਮੁਹਾਜ਼ ਉਤੇ ਮੂੰਹ ਤੋੜ ਜਵਾਬ ਦਿੱਤਾ ਜਾਏਗਾ।
ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਇਕ ਮਤੇ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਨੇ ਸਿੱਖ ਕੌਮ ਦੀ ਗ਼ੈਰਤ ਨੂੰ ਲਲਕਾਰਿਆ ਹੈ ਅਤੇ ਖ਼ਾਲਸਾ ਪੰਥ ਇਸ ਵੰਗਾਰ ਨੂੰ ਸਵੀਕਾਰ ਕਰਦਾ ਹੈ। ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਾ ਸਿੰਘ ਸੇਖੋਂ, ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਸੇਵਾ ਸਿੰਘ ਸੇਖਵਾਂ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਲੰਗਾਹ, ਬਲਵੰਤ ਸਿੰਘ ਰਾਮੂਵਾਲੀਆ ਅਤੇ ਨਿਰਮਲ ਸਿੰਘ ਕਾਹਲੋਂ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਸਮੁੱਚਾ ਖ਼ਾਲਸਾ ਪੰਥ ਕਾਂਗਰਸ ਪਾਰਟੀ ਦੇ ਇਸ ਭੜਕਾਊ ਅਤੇ ਸਿੱਖ ਵਿਰੋਧੀ ਕਦਮ ਨੂੰ ਮਾਤ ਦੇਣ ਲਈ ਸਖ਼ਤ ਤੋਂ ਸਖ਼ਤ ਕਦਮ ਉਠਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਸਿੱਖ ਪੰਥ ਵੱਲੋਂ ਅਣਗਿਣਤ ਕੁਰਬਾਨੀਆਂ ਦੇ ਕੇ ਸਥਾਪਤ ਕਰਵਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਹਾਲਤ ਵਿੱਚ ਟੁਕੜੇ ਟੁਕੜੇ ਕਰਨ ਦੀ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਅਕਾਲੀਆਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ ਖਾਲਸਾ ਪੰਥ ਨਾਲ ਟਕਰਾਅ ਲੈਣ ਵਾਲਿਆਂ ਦੇ ਹੋਏ ਹਸ਼ਰ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਪਦਾ, ਬਲਕਿ ਪੰਥ ਦੁਸ਼ਮਣ ਇਸ ਪਾਰਟੀ ਦੇ ਆਗੂਆਂ ਅੰਦਰ ਅਬਦਾਲੀ ਦੀ ਰੂਹ ਮੁੜ ਉੱਤਰ ਆਈ ਜਾਪਦੀ ਹੈ। ਸਿੱਖਾਂ ਦੀ ਧੁਰ ਅੰਦਰੋਂ ਦੁਸ਼ਮਣ ਕਾਂਗਰਸ ਪਾਰਟੀ ਦੀ ਇਸ ਘਿਨਾਉਣੀ ਹਰਕਤ ਨੂੰ ਕਤੱਈ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਇਸ ਵਿਰੁੱਧ ਹਰ ਧਾਰਮਿਕ ਅਤੇ ਸਿਆਸੀ ਮੁਹਾਜ਼ ਉੱਤੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਕਾਂਗਰਸ ਪਾਰਟੀ ਵਲੋਂ ਪਾਈ ਗਈ ਇਸ ਭਾਜੀ ਨੂੰ ਵਿਆਜ ਸਮੇਤ ਮੋੜਨ ਲਈ ਖਾਲਸਾ ਪੰਥ ਦਾ ਇਕ-ਇਕ ਸਿਪਾਹੀ ਕਮਰ ਕੱਸੇ ਕਰਕੇ ਰਣ ਤੱਤੇ ਵਿੱਚ ਜੂਝ ਮਰਨ ਲਈ ਤਿਆਰ-ਬਰ-ਤਿਆਰ ਹੈ। ਪਾਰਟੀ ਆਪਣੇ ਹਰ ਸਿਪਾਹੀ ਨੂੰ ਪੂਰੀ ਤਰ੍ਹਾਂ ਲਾਮਬੰਦ ਹੋਣ ਅਤੇ ਕਮਰਕੱਸੇ ਕਰਨ ਦਾ ਸੱਦਾ ਦਿੰਦੀ ਹੈ। ਗੁਰੂ ਕਾਲ ਤੋਂ ਹੀ ਖਾਲਸਾ ਪੰਥ ਜਾਬਰ ਬਾਬਰ, ਜਹਾਂਗੀਰ ਅਤੇ ਔਰੰਗਜ਼ੇਬ ਵਰਗੇ ਜ਼ਾਲਿਮ ਵੈਰੀਆਂ ਨਾਲ ਲੋਹਾ ਲੈਂਦਾ ਆਇਆ ਹੈ ਅਤੇ ਆਪਣੇ ਹੱਕਾਂ ਅਤੇ ਆਜ਼ਾਦੀ ਨਾਲ ਧਰਮ ਨੂੰ ਮੰਨਣ ਦੇ ਅਸੂਲ ਲਈ ਲੜਦਾ ਆਇਆ ਹੈ। ਉਸ ਤੋਂ ਬਾਅਦ ਮੀਰ ਮੰਨੂ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਪੰਥ ਦੁਸ਼ਮਣਾਂ ਦੇ ਜ਼ੁਲਮ ਅੱਗੇ ਵੀ ਖਾਲਸਾ ਪੰਥ ਕਦੇ ਨਹੀਂ ਡੋਲਿਆ।ਇਸ ਲਈ ਕਾਂਗਰਸ ਪਾਰਟੀ ਵਲੋਂ ਆਪਣੇ ਨਵੇਂ ਸੂਬੇਦਾਰ ਭੁਪਿੰਦਰ ਸਿੰਘ ਹੁੱਡਾ ਵਲੋਂ ਕੌਮ ਨੂੰ ਦਿੱਤੀ ਵੰਗਾਰ ਦਾ ਵੀ ਡੱਟ ਕੇ ਮੁਕਾਬਲਾ ਕੀਤਾ ਜਾਏਗਾ।
ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨਕਾਰ ਕਮੇਟੀ ਨੇ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਕਮੇਟੀ ਕਾਇਮ ਕਰਨ ਲਈ ਬਣਾਏ ਕਾਨੂੰਨ ਨੂੰ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਵਿਧਾਇਕ ਦਲ ਦੇ ਆਗੂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਦਾ ਇਹ ਕਦਮ ਗੈਰ-ਵਿਧਾਨਕ ਅਤੇ ਸਿੱਖਾਂ 'ਚ ਵੰਡੀਆਂ ਪਾ ਕੇ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਨੂੰ ਖੋਰਾ ਲਾਉਣ ਦੀ ਪੁਰਾਣੀ ਨੀਤੀ ਦਾ ਹੀ ਹਿੱਸਾ ਹੈ। ਮੀਟਿੰਗ 'ਚ ਕਿਹਾ ਗਿਆ ਕਿ ਹਰਿਆਣਾ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਵਿਧਾਨਕ ਸੰਕਟ ਖੜ੍ਹਾ ਹੋ ਸਕਦਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026