Posted on July 7th, 2014

ਚੰਡੀਗੜ੍ਹ- ਰਾਜ 'ਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਬਾਰੇ ਚਿੰਤਾਜਨਕ ਸੱਚ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਦਾਖ਼ਲ ਹੋ ਰਹੇ ਮਰੀਜ਼ਾਂ 'ਚ ਅੱਠ ਫ਼ੀਸਦੀ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਹ ਅੰਕੜੇ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਸਮੇਤ ਪੀਜੀਆਈ ਦੀ ਓਪੀਡੀ ਤੋਂ ਸਾਹਮਣੇ ਆਏ ਹਨ।
ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੇ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ 11,574 ਨਸ਼ੇੜੀ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਆਏ ਹਨ ਜਦ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ 2251 ਹੈ। ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦੂਜੇ ਨੰਬਰ ਦੀ ਉਪੀਡੀ ਹੈ ਜਿੱਥੇ 9841 ਮਰੀਜ਼ ਆ ਚੁੱਕੇ ਹਨ। ਸਰਕਾਰੀ ਤੌਰ 'ਤੇ ਲਈ ਜਾਣਕਾਰੀ ਅਨੁਸਾਰ ਪੀਜੀਆਈ 'ਚ ਇਲਾਜ ਲਈ ਆ ਰਹੇ ਮਰੀਜ਼ਾਂ 'ਚੋਂ ਦਸ ਪ੍ਰਤੀਸ਼ਤ ਔਰਤਾਂ ਅਤੇ ਬੱਚੇ ਸਾਹਮਣੇ ਆ ਰਹੇ ਹਨ। ਪੀਜੀਆਈ ਪ੍ਰਸ਼ਾਸਨ ਨੂੰ ਨਸ਼ਾ ਛੁਡਾਊ ਕੇਂਦਰ 'ਚ ਬੱਚਿਆਂ ਅਤੇ ਔਰਤਾਂ ਨੂੰ ਦਾਖ਼ਲ ਕਰਨ 'ਚ ਦਿੱਕਤ ਆ ਰਹੀ ਹੈ। ਇਥੇ ਕੇਵਲ ਪੁਰਸ਼ ਮਰੀਜ਼ਾਂ ਵਾਸਤੇ ਹੀ ਵਾਰਡ ਬਣਾਇਆ ਗਿਆ ਹੈ। ਬੱਚਿਆਂ ਅਤੇ ਔਰਤਾਂ ਨੂੰ ਪੁਰਸ਼ਾਂ ਵਾਲੇ ਵਾਰਡਾਂ 'ਚ ਦਾਖ਼ਲ ਕਰਨਾ ਮੁਸ਼ਕਲ ਹੋ ਰਿਹਾ ਹੈ।
ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਸੁਬੋਧ ਦਾ ਕਹਿਣਾ ਹੈ ਕਿ ਨਸ਼ੇ ਦੀ ਆਦੀ ਔਰਤਾਂ ਸਮਾਜ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਵਾਸਤੇ ਸਰਕਾਰੀ ਹਸਪਤਾਲਾਂ ਦੀ ਥਾਂ ਪ੍ਰਾਈਵੇਟ ਹਸਪਤਾਲਾਂ 'ਚ ਦਾਖ਼ਲ ਹੋਣ ਨੂੰ ਪਹਿਲ ਦੇ ਰਹੀਆਂ ਹਨ। ਚੰਡੀਗੜ੍ਹ ਦੇ ਸਮਾਜ ਭਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਤੋਂ ਹੋਰ ਵੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸ਼ਹਿਰ ਦੇ ਨਸ਼ੇੜੀਆਂ 'ਚੋਂ 40 ਫ਼ੀਸਦੀ ਤੋਂ ਵੱਧ ਔਰਤਾਂ ਹਨ। ਇਨ੍ਹਾਂ ਵਿੱਚ ਸ਼ਹਿਰੀ ਖੇਤਰ ਦੀਆਂ ਔਰਤਾਂ ਅਤੇ ਬੱਚਿਆਂ ਦੀ ਗਿਣਤੀ 17 ਅਤੇ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲਿਆਂ ਦੀ ਗਿਣਤੀ 33 ਫ਼ੀਸਦੀ ਹੈ। ਵਿਭਾਗ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਵਧੇਰੇ ਕਰਕੇ ਸ਼ਰਾਬ ਅਤੇ ਬੱਚੇ ਸ਼ਰਾਬ ਦੇ ਨਾਲ ਨਾਲ ਗੁਟਕੇ ਦੀ ਵੀ ਵਰਤੋਂ ਕਰ ਰਹੇ ਹਨ।
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਦਾਖ਼ਲ ਹੋਣ ਵਾਲੇ 3397 ਮਰੀਜ਼ਾਂ 'ਚੋਂ ਚਾਰ ਸੌ ਤੋਂ ਜ਼ਿਆਦਾ ਔਰਤਾਂ ਜਾਂ ਬੱਚੇ ਸਨ। ਸਰਕਾਰੀ ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਓਪੀਡੀ 'ਚ ਜਾਂਚ ਲਈ ਆ ਰਹੇ ਮਰੀਜ਼ਾਂ 'ਚੋਂ ਕੇਵਲ 25ਵੇਂ ਹਿੱਸੇ ਨੂੰ ਦਾਖ਼ਲ ਕੀਤਾ ਗਿਆ ਹੈ। ਇਸ ਦਾ ਕਾਰਨ ਮਰੀਜ਼ਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਦੀ ਘਾਟ ਹੈ।
ਇਹ ਅੰਕੜੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦੇ ਸ਼ੁਰੂ ਤੋਂ ਲੈ ਕੇ ਪੰਜ ਜੁਲਾਈ ਤੱਕ ਦੇ ਹਨ। ਰਾਜ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ ਦਾਖ਼ਲ ਹੋ ਰਹੇ ਮਰੀਜ਼ਾਂ ਦੀ ਗਿਣਤੀ ਇਸ ਤੋਂ ਅੱਡ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਖਿਆ ਕਿ ਨਸ਼ਾ ਕਰਨ ਵਾਲੀਆਂ ਔਰਤਾਂ ਅਤੇ ਬੱਚਿਆਂ ਦੇ ਇਲਾਜ ਲਈ ਵੱਖਰੇ ਵਾਰਡ ਤਿਆਰ ਕਰਨ ਬਾਰੇ ਵਿਚਾਰ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਲੋਕਾਂ ਨੂੰ ਨਸ਼ਿਆਂ ਦੀ ਗ੍ਰਿਫਤ 'ਚੋਂ ਬਾਹਰ ਕਢਣ ਵਾਸਤੇ ਕੁਝ ਵੀ ਕਰਨ ਲਈ ਤਿਆਰ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026