Posted on July 4th, 2014

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਲੰਘੇ ਸੋਮਵਾਰ ਸਰੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਕੁਝ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਜਥੇਬੰਦੀ 'ਕੈਨੇਡੀਅਨ ਪ੍ਰੈਸ਼ਰ ਆਰਗੇਨਾਈਜ਼ੇਸ਼ਨ' ਵਲੋਂ ਕੀਤਾ ਗਿਆ ਇਕੱਠ ਬਹੁਤ ਭਰਵਾਂ ਅਤੇ ਪ੍ਰਭਾਵਸ਼ਾਲੀ ਰਿਹਾ। 25-25 ਡਾਲਰ ਦੀ ਟਿਕਟ ਖਰੀਦ ਕੇ 800 ਦੇ ਕਰੀਬ ਲੋਕਾਂ ਨੇ ਹਾਲ ਖਚਾਖਚ ਭਰ ਦਿੱਤਾ, ਜੋ ਸਾਬਤ ਕਰਦਾ ਹੈ ਕਿ ਬੀ. ਸੀ. ਦੇ ਪੰਜਾਬੀ ਡਰੱਗ ਦੀ ਸਮੱਸਿਆ ਨਾਲ ਜੂਝਣ ਲਈ ਕਿੰਨੇ ਤੱਤਪਰ ਹਨ। ਇਸ ਮੌਕੇ ਜਥੇਬੰਦੀ ਦੇ ਸਰੋਕਾਰਾਂ, ਮਕਸਦ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ। ਪੰਜਾਬ ਤੋਂ ਆਏ ਪੱਤਰਕਾਰ ਬਲਤੇਜ ਪੰਨੂ ਸਮੇਤ ਕਈ ਨਾਮਵਰ ਸਥਾਨਕ ਪਤਵੰਤਿਆਂ ਨੇ ਇਸ ਇਕੱਠ ਨੂੰ ਸੰਬੋਧਨ ਕੀਤਾ। ਲੋਕਾਂ ਵਿੱਚ ਬਹੁਤ ਉਤਸੁਕਤਾ ਸੀ ਕਿ ਪੱਤਰਕਾਰ ਬਲਤੇਜ ਪੰਨੂ ਸ਼ਾਇਦ ਉਨ੍ਹਾਂ 52 ਕੈਨੇਡੀਅਨ ਤਸਕਰਾਂ ਦੇ ਨਾਮ ਜਨਤਕ ਕਰਨਗੇ, ਜਿਨ੍ਹਾਂ ਦੀ ਕਥਿਤ ਜਾਂਚ ਪੰਜਾਬ ਪੁਲਿਸ ਅਤੇ ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਦੀ ਕਮਾਂਡ ਹੇਠ ਹੋ ਰਹੀ ਹੈ ਪਰ ਲੋਕਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਪਰ ਫਿਰ ਵੀ ਲੋਕਾਂ ਨੇ ਜਥੇਬੰਦੀ ਦੇ ਕਾਰਜ ਨੂੰ ਬੇਹੱਦ ਸਰਾਹਿਆ ਤੇ ਭਰਪੂਰ ਸਾਥ ਦੇਣ ਦਾ ਅਹਿਦ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਅਹੁਦੇਦਾਰ ਸੁਰਿੰਦਰਪਾਲ ਸਿੰਘ ਮੱਲ੍ਹੀ ਨੇ ਆਪਣੀ ਤਕਰੀਰ ਰਾਹੀਂ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੰਸਥਾ ਦੇ ਮਕਸਦ ਤੇ ਸਰੋਕਾਰਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਜਥੇਬੰਦੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਖੜ੍ਹਨ ਲਈ ਨਹੀਂ ਬਣਾਈ ਗਈ ਬਲਕਿ ਕਿਸੇ ਨਾਲ ਵੀ ਹੋ ਰਹੇ ਧੱਕੇ ਅਤੇ ਸਮਾਜਿਕ ਬੁਰਾਈਆਂ ਖਿਲਾਫ ਇਹ ਜਥੇਬੰਦੀ ਡੱਟ ਕੇ ਖੜ੍ਹੇਗੀ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨੇ ਫੋਨ ਰਾਹੀਂ ਹਾਜ਼ਰੀਨਾਂ ਨੂੰ ਸੰਬੋਧਨ ਕੀਤਾ ਤੇ ਪੰਜਾਬ 'ਚ ਨਸ਼ਿਆਂ ਦੇ ਫੈਲਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਾਲਾਤ ਅਜਿਹੇ ਬਣ ਗਏ ਹਨ ਕਿ ਮਾਵਾਂ ਡਰਦੀਆਂ ਹਨ ਕਿ ਨਸ਼ਿਆਂ ਨੂੰ ਲੱਗੇ ਆਪਣੇ ਹੀ ਪੁੱਤ ਗਹਿਣੇ ਨਾ ਲਾਹ ਕੇ ਲੈ ਜਾਣ। ਉਨ੍ਹਾਂ ਕੈਨੇਡਾ ਦੇ ਪੰਜਾਬੀਆਂ ਨੂੰ ਹਲੂਣਾ ਦਿੰਦਿਆਂ ਆਖਿਆ ਕਿ ਪੰਜਾਬ 'ਚ ਤਾਂ ਇੱਕ ਪੀੜ੍ਹੀ ਖਤਮ ਹੋ ਚੱਲੀ ਹੈ, ਕੈਨੇਡਾ ਵਾਲੇ ਆਪਣੀ ਨੌਜਵਾਨ ਪੀੜ੍ਹੀ ਬਚਾ ਲੈਣ।
ਸਥਾਨਕ ਗਾਇਕ ਸੈਮ ਸਿੱਧੂ ਨੇ ਜਿੱਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਦਾ ਇੱਕ ਗੀਤ ਗਾਇਆ, ਉੱਥੇ ਨਾਲ ਹੀ ਸੁਨੇਹਾ ਦਿੱਤਾ ਕਿ ਜੇ ਆਪਣੇ ਘਰਾਂ 'ਚੋਂ ਨਸ਼ੇ ਖਤਮ ਕਰਨੇ ਹਨ ਤਾਂ ਸਭ ਤੋਂ ਪਹਿਲਾਂ ਘਰਾਂ 'ਚ ਸ਼ਰਾਬ ਵਾਸਤੇ ਬਾਰਾਂ ਬਣਾਉਣੀਆਂ ਬੰਦ ਕਰੋ ਤੇ ਜਿਨ੍ਹਾਂ ਦੇ ਬਣੀਆਂ ਹੋਈਆਂ ਹਨ, ਹੁਣ ਹੀ ਚੁੱਕ ਦਿਓ।
ਕੈਨੇਡਾ ਵਿੱਚ ਪਹਿਲੇ ਸਿੱਖ ਪੁਲਿਸ ਅਫਸਰ ਸ. ਬਲਤੇਜ ਸਿੰਘ ਨੇ ਦੱਸਿਆ ਕਿ ਤਸਕਰ ਡਰੱਗ ਢੋਣ ਲਈ ਅਨੋਖੇ ਅਤੇ ਨਵੀਨਤਮ ਢੰਗ ਅਪਣਾ ਰਹੇ ਹਨ, ਜਿਨ੍ਹਾਂ ਦਾ ਪਤਾ ਕਈ ਵਾਰ ਕਾਫੀ ਵਰਤੋਂ ਹੋਣ ਤੋਂ ਬਾਅਦ ਲਗਦਾ ਹੈ। ਜਿਵੇਂ ਕਿ ਸਮੁੰਦਰੀ ਜਹਾਜ਼ ਦੇ ਥੱਲੇ ਛੋਟੇ ਕੰਟੇਨਰ ਲਗਾ ਦਿੱਤੇ ਜਾਂਦੇ ਹਨ, ਜੋ ਬੰਦਰਗਾਹ 'ਤੇ ਪਹੁੰਚਣ ਤੋਂ ਪਹਿਲਾਂ ਹੀ ਤੱਟ ਦੇ ਨੇੜੇ ਸੁੱਟ ਦਿੱਤੇ ਜਾਂਦੇ ਹਨ ਅਤੇ ਬਾਅਦ 'ਚ ਇਨ੍ਹਾਂ ਨੂੰ ਸਾਂਭ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਲੀਅਨਾਂ ਡਾਲਰਾਂ ਦੀ ਇਸ ਇੰਡਸਟਰੀ ਨੂੰ ਨੱਥ ਪਾਉਣੀ ਇਕੱਲੀ ਪੁਲਿਸ ਜਾਂ ਬਾਰਡਰ ਸਕਿਓਰਟੀ ਦੇ ਵੱਸ ਦੀ ਗੱਲ ਨਹੀਂ, ਸਰਕਾਰ ਅਤੇ ਜਨਤਾ ਦਾ ਸਹਿਯੋਗ ਵੀ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤੇ ਕਿ ਕਾਨੂੰਨ ਥੋੜੇ ਸਖਤ ਕੀਤੇ ਜਾਣ। ਜਿਵੇਂ ਤੇਜ ਗੱਡੀ ਚਲਾਉਣ ਜਾਂ ਲਾਲ ਬੱਤੀ 'ਚੋਂ ਗੱਡੀ ਲੰਘਾਉਣ 'ਤੇ ਹਾਦਸੇ ਹੋਣ ਨਾਲ ਚਾਲਕ ਨੂੰ ਜੁਰਮਾਨਾ ਹੁੰਦਾ ਹੈ, ਇੰਸ਼ੋਰੈਂਸ ਵਧਦੀ ਹੈ, ਤਿਵੇਂ ਹੀ ਵਾਰ-ਵਾਰ ਡਰੱਗ ਤਸਕਰੀ ਦੇ ਦੋਸ਼ਾਂ 'ਚ ਫੜ੍ਹੇ ਜਾਂਦੇ ਲੋਕਾਂ ਦੀ ਵੀ ਇੰਸ਼ੋਰੈਂਸ ਵਧੇ। ਜਿਸਦੀ ਗੱਡੀ 'ਚੋਂ ਅਸਲਾ ਜਾਂ ਨਸ਼ੇ ਮਿਲਣ, ਉਸ ਦੀ ਇੰਸ਼ੋਰੈਂਸ ਵੀ ਵਧੇ। ਜਿਸ ਵਿਅਕਤੀ ਨੂੰ ਇਸ ਧੰਦੇ 'ਚ ਸਜ਼ਾ ਮਿਲੇ, ਸਾਰੀ ਉਮਰ ਉਸਨੂੰ ਦੁੱਗਣਾ ਆਮਦਨ ਕਰ ਦੇਣਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਰੂ ਬਿਮਾਰੀ ਦਾ ਟਾਕਰਾ ਨਸ਼ਾ ਵਪਾਰੀਆਂ ਦੇ ਗਾਹਕਾਂ ਨੂੰ ਖਤਮ ਕਰਕੇ ਹੀ ਕੀਤਾ ਜਾ ਸਕਦਾ ਹੈ। ਨੌਜਵਾਨ ਜਾਗਰੂਕ ਹੋ ਜਾਣ ਤਾਂ ਉਹ ਇਸ ਧੰਦੇ ਦੇ ਗਾਹਕ ਨਹੀਂ ਰਹਿਣਗੇ ਤੇ ਵਪਾਰ ਆਪ ਹੀ ਖਤਮ ਹੋ ਜਾਵੇਗਾ।
ਨੌਜਵਾਨ ਕਰਨਵੀਰ ਸਿੰਘ ਥਿਆੜਾ ਨੇ ਇਸ ਮੌਕੇ ਬੋਲਦਿਆਂ ਸਕੂਲਾਂ-ਕਾਲਜਾਂ 'ਚ ਨਸ਼ਿਆਂ ਦੀ ਵਧ ਰਹੀ ਵਿੱਕਰੀ ਅਤੇ ਇਸ ਕਾਰਨ ਹੋ ਰਹੇ ਮਾਨਸਿਕ ਤਣਾਓ 'ਤੇ ਚਾਨਣਾ ਪਾਇਆ। ਵੈਨਕੂਵਰ ਪੁਲਿਸ ਦੇ ਅਧਿਕਾਰੀ ਕੈਲ ਦੋਸਾਂਝ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ 'ਚ ਰੁੱਝੇ ਰੱਖੋ ਤਾਂ ਕਿ ਉਨ੍ਹਾਂ ਨੂੰ ਇਸ ਬਾਰੇ ਸੋਚਣ ਦਾ ਸਮਾਂ ਹੀ ਨਾ ਮਿਲੇ। ਉਨ੍ਹਾਂ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਸੱਦਾ ਵੀ ਦਿੱਤਾ।
ਅੱਖਾਂ ਦੀ ਰੌਸ਼ਨੀ ਤੋਂ ਬਿਰਵੇ ਪਰ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਰੌਸ਼ਨ ਨੌਜਵਾਨ ਹਰਵੀਰ ਸਿੰਘ ਗਰੇਵਾਲ ਨੇ ਸਟੇਜ ਅੱਗੇ ਬੈਠੀ ਐਮ. ਪੀ. ਜਿੰਨੀ ਸਿਮਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਅਸਲ ਮੁੱਦਿਆਂ ਨੂੰ ਪਾਰਲੀਮੈਂਟ 'ਚ ਚੁੱਕਣ ਵਰਨਾ ਲੋਕ ਅਗਲੀ ਵਾਰ ਵੋਟਾਂ ਨਹੀਂ ਪਾਉਣਗੇ। ਪੰਜਾਬ ਸਰਕਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਗੱਦਾਫੀ ਤੇ ਹੋਸਨੀ ਮੋਬਾਰਕ ਵਰਗਿਆਂ ਦੇ ਤਖਤੇ ਪਲਟ ਸਕਦੇ ਹਨ ਤਾਂ ਡਰੱਗ ਨੂੰ ਸ਼ਹਿ ਦੇਣ ਵਾਲੀਆਂ ਸਰਕਾਰਾਂ ਵੀ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ। ਉਨ੍ਹਾਂ ਪੁਲਿਸ ਅਤੇ ਬਾਰਡਰ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਜੇਕਰ ਇਹ ਕੈਨੇਡਾ 'ਚ ਡਰੱਗ ਆਉਣ ਤੋਂ ਰੋਕਣ 'ਚ ਬੇਵੱਸ ਹਨ ਤਾਂ ਕੀ ਹੁਣ ਆਮ ਲੋਕ ਜਾ ਕੇ ਸਰਹੱਦ 'ਤੇ ਜਾਂ ਬੰਦਰਗਾਹ 'ਤੇ ਠੀਕਰੀ ਪਹਿਰਾ ਦੇਣ?
ਦੱਸਣਯੋਗ ਹੈ ਕਿ ਇਸ ਸਮਾਗਮ 'ਚ ਐਮ. ਪੀ. ਜਿੰਨੀ ਸਿਮਜ਼ ਤੋਂ ਇਲਾਵਾ ਸ਼ਹਿਰੀ, ਸੂਬਾਈ ਜਾਂ ਕੇਂਦਰੀ ਸਿਆਸਤ ਨਾਲ ਸਬੰਧਿਤ ਕੋਈ ਵੀ ਹੋਰ ਸਿਆਸਤਦਾਨ ਨਹੀਂ ਪੁੱਜਾ। ਉਨ੍ਹਾਂ ਆਪਣੀ ਤਕਰੀਰ 'ਚ ਭਰੋਸਾ ਦਿਵਾਇਆ ਕਿ ਉਹ ਡਰੱਗ ਖਿਲਾਫ ਇਸ ਲੜਾਈ 'ਚ ਬਣਦਾ ਯੋਗਦਾਨ ਪਾਉਣਗੇ।
ਪੰਜਾਬ ਤੋਂ ਆਏ ਪੱਤਰਕਾਰ ਬਲਤੇਜ ਪੰਨੂ ਹੁਰਾਂ ਕਿਹਾ ਕਿ ਕੈਨੇਡਾ ਦੇ ਸਿਆਸਤਦਾਨ ਅਸਲ ਮੁੱਦਿਆਂ ਨੂੰ ਚੁੱਕਣਾ ਆਰੰਭਣ ਅਤੇ ਬੇਲੋੜੇ ਮੁੱਦੇ ਤਿਆਗਣ। ਸਿਆਸਤਦਾਨ ਅਤੇ ਲੋਕ ਇਹ ਗੱਲ ਸਮਝਣ ਕਿ ਸਿਆਸਤਦਾਨਾਂ ਨੂੰ ਭੋਗਾਂ-ਵਿਆਹਾਂ-ਸ਼ਾਦੀਆਂ 'ਤੇ ਸੱਦਣ ਜਾਂ ਜਾਣ ਲਈ ਨਹੀਂ ਚੁਣਿਆ ਜਾਂਦਾ। ਉਹ ਅਜਿਹੀ ਰਾਜਨੀਤੀ ਛੱਡ ਕੇ ਉਹ ਕੰਮ ਕਰਨ, ਜਿਨ੍ਹਾਂ ਲਈ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਕੈਨੇਡਾ ਸਰਕਾਰ ਹਰ ਉਸ ਬੰਦੇ ਦਾ ਘਰ ਜ਼ਬਤ ਕਰ ਲਵੇ, ਜਿਸ ਨੂੰ ਡਰੱਗ ਤਸਕਰੀ ਦੇ ਮਾਮਲੇ 'ਚ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਿਨ੍ਹਾਂ 52 ਕੈਨੇਡੀਅਨ ਤਸਕਰਾਂ ਬਾਰੇ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ, ਉਨ੍ਹਾਂ 'ਚੋਂ 26-27 ਬੀ. ਸੀ. 'ਚ ਰਹਿੰਦੇ ਹਨ ਪਰ ਪੰਜਾਬ ਪੁੁਿਲਸ ਕੋਲ ਉਨ੍ਹਾਂ ਦੇ ਕੇਵਲ ਨਾਮ ਹਨ ਜਦਕਿ ਉਨ੍ਹਾਂ ਦੇ ਪਤੇ ਨਹੀਂ ਲੱਭ ਰਹੇ। ਜੇਕਰ ਇੱਥੋਂ ਆਰ. ਸੀ. ਐਮ. ਪੀ. ਦੇ ਅਧਿਕਾਰੀ ਪੰਜਾਬ ਚਲੇ ਜਾਣ ਜਾਂ ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਕੈਨੇਡਾ ਆ ਜਾਣ ਅਤੇ ਆਪਸ ਵਿੱਚ ਮੁਲਾਕਾਤ ਕਰਕੇ ਜਾਣਕਾਰੀ ਸਾਂਝੀ ਕਰ ਲੈਣ ਤਾਂ ਜਾਂਚ ਜਲਦੀ ਮੁਕੰਮਲ ਹੋ ਸਕਦੀ ਹੈ ਵਰਨਾ ਇਸ ਜਾਂਚ ਦੀਆਂ ਫਾਈਲਾਂ ਸਰਕਾਰੀ ਦਫਤਰਾਂ ਦੇ ਗੇੜੇ ਹੀ ਕੱਢਦੀਆਂ ਰਹਿਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ 'ਚ ਭੋਲਾ ਗਿਰੋਹ ਦੇ ਫੜੇ ਗਏ ਬੰਦਿਆਂ ਦੀਆਂ ਜਾਇਦਾਦਾਂ 6 ਮਹੀਨੇ ਦੇ ਅੰਦਰ-ਅੰਦਰ ਜ਼ਬਤ ਹੋ ਜਾਣਗੀਆਂ।
ਇਸ ਮੌਕੇ ਕੁਝ ਦਸਤਾਵੇਜ਼ੀ ਫਿਲਮਾਂ ਵੀ ਦਿਖਾਈਆਂ ਗਈਆਂ, ਜੋ ਪੰਜਾਬ 'ਚ ਨਸ਼ਿਆਂ ਦੇ ਫੈਲਾਅ ਨੂੰ ਰੂਪਮਾਨ ਕਰਦੀਆਂ ਸਨ। ਆਮ ਲੋਕ ਉਤਸੁਕ ਸਨ ਕਿ ਪੰਨੂ ਇਸ ਮੌਕੇ 52 ਕੈਨੇਡੀਅਨ ਤਸਕਰਾਂ ਦੇ ਨਾਮ ਜਨਤਕ ਕਰਨਗੇ ਪਰ ਅਜਿਹਾ ਨਾ ਹੋਇਆ। ਇਸ ਕਾਰਨ ਕੁਝ ਲੋਕਾਂ ਨੇ ਪਿੱਛਿਓਂ ਅਵਾਜ਼ਾਂ ਵੀ ਮਾਰੀਆਂ ਕਿ ਨਾਮ ਦੱਸ ਕੇ ਜਾਓ, ਅਸੀਂ 25 ਡਾਲਰ ਦੀ ਟਿਕਟ ਨਾਮ ਸੁਣਨ ਲਈ ਖਰੀਦੀ ਹੈ। ਪਰ ਪ੍ਰਬੰਧਕ ਜਾਂ ਬਲਤੇਜ ਪੰਨੂ ਇਸ ਦਾ ਤਸੱਲੀਬਖਸ਼ ਜਵਾਬ ਨਾ ਦੇ ਸਕੇ।
ਇਸ ਮੌਕੇ ਪ੍ਰਬੰਧਕਾਂ ਵਲੋਂ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰ ਨਾਲ ਸਬੰਧਿਤ ਬੀਬੀ ਵੀਰਾਂ ਦਾ ਸਨਮਾਨ ਕੀਤਾ ਗਿਆ, ਜੋ ਆਪਣੇ ਪਤੀ ਕਰਮ ਸਿੰਘ ਧਨਵੰਤ ਨਾਲ ਲੰਮੇ ਅਰਸੇ ਤੋਂ ਬੀ. ਸੀ. ਵਿੱਚ ਰਹਿ ਰਹੇ ਹਨ ਪਰ ਇਸ ਸਨਮਾਨ ਦਾ ਕੁਝ ਨੌਜਵਾਨਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਇਸ ਪਰਿਵਾਰ 'ਤੇ ਫਾਰਮਾਂ 'ਚ ਕੰਮ ਕਰਦੇ ਕੁਝ ਕਾਮਿਆਂ ਦਾ ਹੱਕ ਮਾਰਨ ਦੇ ਗੰਭੀਰ ਦੋਸ਼ ਵੀ ਲਗਾਏ। ਸਨਮਾਨ ਦੇਣ ਦਾ ਵਿਰੋਧ ਇਸ ਕਦਰ ਵਧ ਗਿਆ ਕਿ ਉਕਤ ਨੌਜਵਾਨਾਂ ਵਲੋਂ ਸਟੇਜ 'ਤੇ ਮੁੱਖ ਮਹਿਮਾਨ ਬਲਤੇਜ ਪੰਨੂ ਨੂੰ ਸਨਮਾਨਣ ਦਾ ਵੀ ਵਿਰੋਧ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਪੰਨੂ ਅਤੇ ਪ੍ਰਬੰਧਕਾਂ ਦੀ ਸਾਂਝੀ ਰਾਇ ਨਾਲ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਨਮਾਨ ਦੇਣੇ ਰੋਕ ਲਏ ਗਏ।
'ਗਦਰ ਵੰਸ ਅਗੇਨ' ਦੇ ਬੈਨਰ ਹੇਠ ਕਰਵਾਇਆ ਗਿਆ ਇਹ ਸਮਾਗਮ ਕਾਮਾਗਾਟਾਮਾਰੂ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ ਲਈ ਉੱਘੇ ਸਥਾਨਕ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੂੰ ਅੱਧਾ ਘੰਟਾ ਬੁਲਾਉਣ ਲਈ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ ਸੀ ਪਰ ਪ੍ਰੋਗਰਾਮ ਲੰਮਾ ਹੋਣ ਕਾਰਨ ਉਨ੍ਹਾਂ ਨੂੰ ਤੈਅ-ਸ਼ੁਦਾ ਸਮਾਂ ਨਾ ਦਿੱਤਾ ਗਿਆ, ਜਿਸ ਦਾ ਗਿਲਾ ਉਨ੍ਹਾਂ ਸਟੇਜ 'ਤੇ ਆਣ ਕੇ ਉਦੋਂ ਕੀਤਾ, ਜਦੋਂ ਉਨ੍ਹਾਂ ਨੂੰ ਸਨਮਾਨ ਦੇਣ ਲਈ ਸਟੇਜ 'ਤੇ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਕਾਮਾਗਾਟਾਮਾਰੂ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਦੀ ਬੇਇੱਜ਼ਤੀ ਕੀਤੀ ਹੈ। ਬੇਸ਼ੱਕ ਉਹ ਦਿਲੋਂ ਪ੍ਰਬੰਧਕਾਂ ਦੇ ਨਾਲ ਹਨ ਪਰ ਇਹ ਸਨਮਾਨ ਨਹੀਂ ਲੈਣਗੇ। ਇਹ ਕਹਿੰਦਿਆਂ ਉਹ ਪ੍ਰੋਗਰਾਮ 'ਚੋਂ ਵਾਕ-ਆਊਟ ਕਰਦਿਆਂ ਬਾਹਰ ਚਲੇ ਗਏ।
ਪ੍ਰਬੰਧਕੀ ਖਾਮੀਆਂ ਕਾਰਨ ਪ੍ਰੋਗਰਾਮ ਦਾ ਅੰਤ ਕੁਝ ਹੱਦ ਤੱਕ ਬੇ-ਸੁਆਦਾ ਰਿਹਾ ਪਰ ਫਿਰ ਵੀ ਹਾਜ਼ਰੀਨਾਂ ਨੇ ਜਥੇਬੰਦੀ ਦਾ ਹਰ ਪੱਖੋਂ ਸਾਥ ਦੇਣ ਦਾ ਤਹੱਈਆ ਕੀਤਾ। ਜਿਸ ਸੋਚ ਨੂੰ ਲੈ ਕੇ ਇਹ ਇਕੱਠ ਕੀਤਾ ਗਿਆ, ਉਸਦਾ ਸਮਰਥਨ ਕੀਤਾ ਗਿਆ। ਸੰਸਥਾ ਦੇ ਸਰਗਰਮ ਕਾਰਕੁੰਨ ਜਤਿੰਦਰ ਲਸਾੜਾ, ਇੰਦਰਜੀਤ ਸਿੰਘ ਬੈਂਸ, ਰਣਜੀਤ ਸਿੰਘ ਖਾਲਸਾ ਨੇ ਆਪਣੀਆਂ ਤਕਰੀਰਾਂ 'ਚ ਨਸ਼ੇ ਵਿਰੁੱਧ ਵਿੱਢੀ ਇਸ ਜੰਗ 'ਚ ਸਾਥ ਦੇਣ ਲਈ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਵਾਅਦਾ ਕੀਤਾ ਕਿ ਇਸ ਜਥੇਬੰਦੀ ਨਾਲ ਜੁੜੇ ਲੋਕਾਂ ਦੀਆਂ ਆਸਾਂ ਨੂੰ ਉਹ ਨਿਰਾਸ਼ਾ 'ਚ ਨਹੀਂ ਬਦਲਣ ਦੇਣਗੇ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ 'ਕੈਨੇਡੀਅਨ ਪ੍ਰੈਸ਼ਰ ਆਰਗੇਨਾਈਜ਼ੇਸ਼ਨ' ਦੇ ਮੈਂਬਰ ਬਣਨ ਦੀ ਅਪੀਲ ਵੀ ਕੀਤੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026