Posted on July 4th, 2014

<p>ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਯੂਨਾਈਟਿਡ ਸਿੱਖ ਮੂਵਮੈਂਟ ਦੀ ਮੀਟਿੰਗ ਵਿੱਚ ਪੁੱਜੇ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਇਨਸਾਫ਼ ਲਹਿਰ ਦੇ ਆਗੂ ਡਾ. ਕੁਮਾਰ ਰਾਜੀਵ।<br></p>
ਚੰਡੀਗੜ੍ਹ- ਯੂਨਾਈਟਿਡ ਸਿੱਖ ਮੂਵਮੈਂਟ ਨੇ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦੇਣ ਅਤੇ ਆਜ਼ਾਦੀ ਦੀ ਦੂਸਰੀ ਜੰਗ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਪਹਿਲੀ ਕੜੀ ਵਜੋਂ 4 ਅਗਸਤ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਮੂਹਰੇ ਧਰਨਾ ਮਾਰਨ ਦਾ ਫੈਸਲਾ ਲਿਆ ਹੈ।
ਯੂਨਾਈਟਿਡ ਸਿੱਖ ਮੂਵਮੈਂਟ ਦੇ ਸੂਬਾਈ ਅਹੁਦੇਦਾਰਾਂ, ਜਿਲ੍ਹਾ ਜਥੇਦਾਰਾਂ ਅਤੇ ਡੈਲੀਗੇਟਾਂ ਸਮੇਤ ਸਿੱਖ ਬੁੱਧੀਜੀਵੀਆਂ, ਦਲਿਤ ਜਥੇਬੰਦੀਆਂ ਆਦਿ ’ਤੇ ਆਧਾਰਿਤ ਇਥੇ ਲਾਅ ਭਵਨ ਵਿਖੇ ਹੋਈ ਸੂਬਾਈ ਕਨਵੈਨਸ਼ਨ ਦੌਰਾਨ ਬਾਦਲ ਨੂੰ 32 ਸਾਲ ਪਹਿਲਾਂ (4 ਜੁਲਾਈ 1982) ਵੱਧ ਅਧਿਕਾਰਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ ਹਾਸਲ ਕਰਨ ਲਈ ਵਿੱਢੇ ਮੋਰਚੇ ਅਨੁਸਾਰ ਹੁਣ ‘ਆਪਣੀ ਮੋਦੀ’ ਸਰਕਾਰ ਕੋਲੋਂ ਇਹ ਮੰਗਾਂ ਮਨਵਾਉਣ ਦੀ ਚੁਣੌਤੀ ਦਿੱਤੀ ਹੈ। ਇਸ ਮੌਕੇ ਮਤਾ ਪਾਸ ਕਰਕੇ ਮੁੱਖ ਮੰਤਰੀ ਨੂੰ ਉਨ੍ਹਾਂ (ਬਾਦਲ) ਦੀ ਅਗਵਾਈ ਹੇਠ 4 ਅਗਸਤ 1982 ਨੂੰ ਪੰਜਾਬ ਦੀਆਂ ਮੰਗਾਂ ਅਤੇ ਰਾਜਾਂ ਨੂੰ ਖੁਦਮੁਖਤਿਆਰੀ ਦੇਣ ਲਈ ਲਾਏ ‘ਧਰਮ ਯੁੱਧ ਮੋਰਚੇ’ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਅੱਜ ਕੇਂਦਰ ਵਿਚ ਵੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਹੈ।
ਬਾਦਲ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦਾ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ, ਜਿਸ ਕਾਰਨ ਹੁਣ ਬਾਦਲ ਨੂੰ ਇਹ ਮੰਗਾਂ ਮਨਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਮੂਵਮੈਂਟ ਨੇ ਦੋਸ਼ ਲਾਇਆ ਕਿ ਸਦੀ ਦਾ ਤੀਜਾ ਹਿੱਸਾ ਬੀਤਣ ਦੇ ਬਾਵਜੂਦ ਬਾਦਲ ਕੋਈ ਵੀ ਮੰਗ ਮਨਵਾਉਣ ਵਿਚ ਸਫਲ ਨਹੀਂ ਹੋਏ, ਉਲਟਾ ਪੰਜਾਬ ਨਸ਼ਿਆਂ ਦੀ ਦਲ-ਦਲ ਅਤੇ ਕਰਜ਼ੇ ਦੀ ਮਾਰ ਹੇਠ ਆ ਚੁੱਕਾ ਹੈ। ਇਸ ਮੌਕੇ ਦੋਸ਼ ਲਾਇਆ ਗਿਆ ਕਿ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਢੋਂ ਵਿਸਾਰ ਕੇ ਪੰਜਾਬ ਨੂੰ ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੱਕ ਹੀ ਸੀਮਤ ਕਰ ਦਿੱਤਾ ਹੈ। ਰਵਾਇਤੀ ਅਕਾਲੀ ਅਤੇ ਕਾਂਗਰਸ ਦੋਵੇਂ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੇ ਮੁੱਦੇ ਉਪਰ ਇਕਮੱਤ ਹਨ।
ਇਸ ਮੌਕੇ ਮਤਾ ਪਾਸ ਕੀਤਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਅਤੇ ਜਮਹੂਰੀਅਤ ਦੀ ਬਹਾਲੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਸਿੱਖ ਮੂਵਮੈਂਟ ਦੇ ਪ੍ਰਧਾਨ ਮੋਹਕਮ ਸਿੰਘ ਅਤੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਵੱਲੋਂ ਹਿੰਦੂ ਭਾਈਚਾਰੇ ਨੂੰ ਨਾਲ ਲੈਣ ਦੀ ਆੜ ਹੇਠ ਭੂ-ਮਾਫੀਆ, ਨਸ਼ਾ-ਮਾਫੀਆ ਅਤੇ ਸ਼ਰਾਬ-ਮਾਫੀਆ ਨੂੰ ਆਪਣਾ ਸਿਆਸੀ ਭਾਈਵਾਲ ਬਣਾ ਲਿਆ ਹੈ।
ਇਕ ਹੋਰ ਮਤੇ ਰਾਹੀਂ ਜੇਲ੍ਹਾਂ ਵਿਚ ਬੰਦ ਸਿੰਘਾਂ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਾਲ ਸਿੰਘ, ਗੁਰਪ੍ਰੀਤ ਸਿੰਘ, ਮਾਨ ਸਿੰਘ, ਦਇਆ ਸਿੰਘ ਲਾਹੌਰੀਆ, ਨਰਾਇਣ ਸਿੰਘ, ਪਾਲ ਸਿੰਘ ਫਰਾਂਸ ਆਦਿ ਨੂੰ ਰਿਹਾਅ ਕਰਨ ਅਤੇ ਹਵਾਰੇ ਦਾ ਇਲਾਜ ਕਰਵਾਉਣ ਦੀ ਮੰਗ ਵੀ ਕੀਤੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਹਮਾਇਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਪ੍ਰਬੰਧਕੀ ਮਾਮਲੇ ਵਿਚ ਦਖਲ ਨਾ ਦੇਣ ਦੀ ਸਲਾਹ ਦਿੱਤੀ।
ਇਸ ਮੌਕੇ ਇਨਸਾਫ ਲਹਿਰ ਦੇ ਕੌਮੀ ਆਗੂ ਡਾਕਟਰ ਕੁਮਾਰ ਰਾਜੀਵ ਜੋਧਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਉਪਰ ਖਤਰਨਾਕ ਕਾਲੇ ਬੱਦਲ ਛਾਏ ਹਨ ਅਤੇ ਪੰਜਾਬੀਆਂ ਦੀ ਨਵੀਂ ਪੌਦ ਦਿਸ਼ਾਹੀਣ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਵਾਂਗ ਪੰਜਾਬ ਸਰਕਾਰ ਪਰਿਵਾਰਵਾਦ ਵਿਚ ਧਸ ਚੁੱਕੀ ਹੈ। ਅੱਜ ਦੇਸ਼ ਦੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿਚ ਕੇਵਲ 515 ਪਰਿਵਾਰ ਕਾਬਿਜ਼ ਹਨ ਅਤੇ ਇਸ ਗਲਬੇ ਨੂੰ ਬੰਦੂਕ, ਲਾਠੀ ਜਾਂ ਕਿਰਪਾਨ ਨਹੀਂ ਸਗੋਂ ਲੋਕ ਲਹਿਰ ਹੀ ਉਖੇੜ ਸਕਦੀ ਹੈ।
‘ਚੌਥੀ ਦੁਨੀਆਂ’ ਦੇ ਸੰਪਾਦਕ ਅਤੇ ਅੰਨਾ ਹਜ਼ਾਰੇ ਤੇ ਵੀ.ਪੀ. ਸਿੰਘ ਦੀਆਂ ਲਹਿਰਾਂ ਦੇ ਆਗੂ ਰਹੇ ਸੰਤੋਸ਼ ਭਾਰਤੀ ਨੇ ਮੂਵਮੈਂਟ ਨੂੰ ਹਰੇਕ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਾਬਕਾ ਆਈਏਐਸ ਅਧਿਕਾਰੀ ਸਵਰਨ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਾਦਲ ਅੱਜ ਤੱਕ ਸਿੱਖਾਂ ਦੀ ਇਕ ਵੀ ਮੰਗ ਨਹੀਂ ਮੰਨਵਾ ਸਕੇ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਇਕ ਵਿਭਾਗ ਵਾਂਗ ਚਲਾ ਰਹੇ ਹਨ। ਮੁੱਖ ਮੰਤਰੀ ਨੇ ਧਾਰਮਿਕ ਸ਼ਕਤੀ ਨੂੰ ਵੀ ਦਬਾਅ ਦਿੱਤਾ ਹੈ ਅਤੇ ਅੱਜ ਅਜਿਹੇ ਰਾਜ ਦੇ ਖਾਤਮੇ ਦੀ ਲੋੜ ਹੈ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਡਾਕਟਰ ਭਗਵਾਨ ਸਿੰਘ ਸੰਧੂ, ਹਰਸਿਮਰਨ ਸਿੰਘ, ਦਲਿਤ ਆਗੂ ਦਰਸ਼ਨ ਰਤਨ ਰਾਵਣ, ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ, ਪੱਤਰਕਾਰ ਜਤਿੰਦਰ ਪੰਨੂ, ਚੰਨਣ ਸਿੰਘ ਸਿੱਧੂ ਆਦਿ ਨੇ ਵੀ ਸੰਬੋਧਨ ਕੀਤਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026