Posted on June 28th, 2014

ਬਠਿੰਡਾ - ਪੰਜਾਬ ਪੁਲੀਸ ਅਮਲੀਆਂ ਦੀ ਪ੍ਰਾਹੁਣਚਾਰੀ ਵਿੱਚ ਜੁਟੀ ਹੋਈ ਹੈ। ਪਹਿਲਾਂ ਅਮਲੀਆਂ ਨੂੰ ਪੁਲੀਸ ਤੋਂ ਦੱਬਕੇ ਪੈਂਦੇ ਸਨ। ਹੁਣ ਉਹੀ ਪੁਲੀਸ ਅਮਲੀਆਂ ਦੀ ਸੇਵਾ ਕਰ ਰਹੀ ਹੈ। ਪੰਜਾਬ ਪੁਲੀਸ ਨੂੰ ਹੁਕਮ ਹਨ ਕਿ ਵੱਧ ਤੋਂ ਵੱਧ ਅਮਲੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦੇ ਜਾਣ ਅਤੇ ਉਨ੍ਹਾਂ ਨੂੰ ਦਵਾਈ ਦਿਵਾਈ ਜਾਵੇ। ਥਾਣੇਦਾਰਾਂ ਨੂੰ ਆਪਣੇ ਟੀਚੇ ਪੂਰੇ ਕਰਨ ਵਾਸਤੇ ਅਮਲੀਆਂ ਦੀ ਟਹਿਲ ਸੇਵਾ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ ਪਿੰਡਾਂ ਦੇ ਸਰਪੰਚ ਵੀ ਅਮਲੀਆਂ ਦੀ ਮਾਲੀ ਮਦਦ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਾਇਆ ਜਾ ਸਕੇ।
ਪੰਜਾਬ ਪੁਲੀਸ ਵੱਲੋਂ 20 ਮਈ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਪੱਧਰ ’ਤੇ ਕੇਸ ਦਰਜ ਕੀਤੇ ਗਏ ਸਨ। ਹੁਣ 19 ਜੂਨ ਤੋਂ ਪੰਜਾਬ ਪੁਲੀਸ ਨੇ ਨਸ਼ਾ ਛੁਡਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਹਰ ਥਾਣੇਦਾਰ ਨੂੰ ਵੱਧ ਤੋਂ ਵੱਧ ਨਸ਼ੇੜੀਆਂ ਨੂੰ ਕੇਂਦਰਾਂ ਵਿੱਚ ਭਰਤੀ ਕਰਾਉਣ ਦੇ ਹੁਕਮ ਹਨ। ਥਾਣੇਦਾਰ ਪਿੰਡੋਂ ਪਿੰਡ ਜਾ ਕੇ ਨਸ਼ੇੜੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਦਬਕਿਆਂ ਦੀ ਥਾਂ ਥਾਣੇਦਾਰ ਅਮਲੀਆਂ ਨੂੰ ਪੁਚਕਾਰ ਰਹੇ ਹਨ ਤਾਂ ਜੋ ਉਨ੍ਹਾਂ ਦਾ ਟੀਚਾ ਪੂਰਾ ਹੋ ਸਕੇ। ਬਹੁਤੇ ਅਮਲੀ ਜਦੋਂ ਟਾਲਮਟੋਲ ਕਰਦੇ ਹਨ ਤਾਂ ਪੁਲੀਸ ਉਨ੍ਹਾਂ ਨੂੰ ਗੱਡੀ ਦਾ ਇੰਤਜ਼ਾਮ ਕਰਨ ਦੀ ਪੇਸ਼ਕਸ਼ ਵੀ ਕਰਦੀ ਹੈ।
ਬਠਿੰਡਾ ਪੁਲੀਸ ਨੇ 20 ਜੂਨ ਤੋਂ ਹੁਣ ਤੱਕ 1404 ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਉਣ ਵਾਸਤੇ ਗੱਡੀ ਦੀ ਸਹੂਲਤ ਦਿੱਤੀ ਹੈ। ਕੱਲ੍ਹ ਜ਼ਿਲ੍ਹਾ ਪੁਲੀਸ ਨੇ 239 ਨਸ਼ੇੜੀਆਂ ਨੂੰ ਆਪਣੀ ਗੱਡੀ ਵਿੱਚ ਲਿਆ ਕੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਾਇਆ। ਬਹੁਤੇ ਨਸ਼ੇੜੀਆਂ ਨੂੰ ਦਵਾਈ ਦਿਵਾਉਣ ਮਗਰੋਂ ਪੁਲੀਸ ਪਿੰਡ ਵੀ ਛੱਡ ਕੇ ਆ ਰਹੀ ਹੈ। ਇਸ ਮੁਹਿੰਮ ਦੇ ਪਹਿਲੇ ਦੋ ਦਿਨ ਨਸ਼ੇੜੀਆਂ ਨੂੰ ਭਰਤੀ ਹੋਣ ਲਈ ਪ੍ਰੇਰਿਆ ਗਿਆ ਜਦੋਂ ਚੰਗੇ ਨਤੀਜੇ ਨਾ ਆਏ ਤਾਂ ਪੁਲੀਸ ਨੇ ਨਸ਼ੇੜੀਆਂ ਨੂੰ ਗੱਡੀ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ।
ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜੋ ਗਰੀਬ ਲੋਕ ਹੁੰਦੇ ਹਨ, ਉਨ੍ਹਾਂ ਲਈ ਗੱਡੀ ਵਗੈਰਾ ਭੇਜ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਨਸ਼ਾ ਛੁਡਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰ ਥਾਣੇ ਦੀ ਟੀਮ ਵੱਲੋਂ ਪਿੰਡਾਂ ਵਿੱਚ ਨਸ਼ੇੜੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸੂਤਰਾਂ ਮੁਤਾਬਕ ਹਰ ਜ਼ਿਲ੍ਹੇ ਵਿੱਚ ਰੋਜ਼ਾਨਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਏ ਜਾਣ ਵਾਲੇ ਨਸ਼ੇੜੀਆਂ ਦੀ ਸੂਚਨਾ ਸਰਕਾਰ ਨੂੰ ਭੇਜੀ ਜਾ ਰਹੀ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026