Posted on June 14th, 2014

ਚੰਡੀਗੜ੍ਹ ਦੀ ਮੰਗ ਕਾਰਨ ਭਾਜਪਾ ਆਗੂ ਸੰਜੇ ਟੰਡਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਨੁਕਤਾਚੀਨੀ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਗੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਮੰਗ ਦਾ ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਵਿਰੋਧ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਕੋਈ ਭੇਡ-ਬੱਕਰੀ ਨਹੀਂ ਹੈ, ਜਿਸ ਨੂੰ ਹਿੱਕ ਕੇ ਜਿਥੇ ਮਰਜ਼ੀ ਲਿਜਾਇਆ ਜਾ ਸਕਦਾ ਹੈ।
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਬਾਦਲ ਵਲੋਂ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਮੰਗ ਉਪਰ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਕੋਈ ਭੇਡ-ਬੱਕਰੀ ਨਹੀਂ ਹੈ, ਜਿਸ ਨੂੰ ਕੋਈ ਵੀ ਜਦੋ ਮਰਜ਼ੀ ਚਾਹੇ ਹਿੱਕ ਕੇ ਜਿਥੇ ਮਰਜ਼ੀ ਲੈ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਭਵਿੱਖ ਦਾ ਫੈਸਲਾ ਕਰਨ ਤੋਂ ਪਹਿਲਾਂ ਸਰਕਾਰ ਨੂੰ ਇਥੋਂ ਦੇ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ ਅਤੇ ਲੋਕ ਰਾਏ ਅਨੁਸਾਰ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ।
ਚੰਡੀਗੜ੍ਹ ਦੇ ਚਾਰ ਵਾਰ ਸੰਸਦ ਮੈਂਬਰ ਰਹੇ ਅਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਖੁਦ ਅਕਾਲੀ ਵੀ ਚੰਡੀਗੜ੍ਹ ਪੰਜਾਬ ਹਵਾਲੇ ਕਰਵਾਉਣ ਦੇ ਹਾਮੀ ਨਹੀਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪਿਛਲੇ 48 ਸਾਲਾਂ ਤੋਂ ਬਤੌਰ ਯੂ.ਟੀ. ਚੱਲਦਾ ਆ ਰਿਹਾ ਹੈ। ਅਕਾਲੀ ਮਹਿਜ਼ ਹਰੇਕ ਵਰ੍ਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਵਿਚ ਰਸਮੀ ਤੌਰ 'ਤੇ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਮੰਗ ਉਠਾਉਂਦੇ ਰਹੇ ਹਨ। ਅਕਾਲੀਆਂ ਨੇ ਕਦੇ ਵੀ ਗੰਭੀਰਤਾ ਨਾਲ ਇਹ ਮੁੱਦਾ ਨਹੀਂ ਉਠਾਇਆ। ਬਾਂਸਲ ਨੇ ਕਿਹਾ ਕਿ ਹੁਣ ਬਾਦਲ ਵਲੋਂ ਮੋਦੀ ਮੂਹਰੇ ਵੀ ਮਹਿਜ਼ ਰਸਮੀ ਕਾਰਵਾਈ ਵਜੋਂ ਹੀ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਮੰਗ ਉਠਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਕਾਂਗਰਸ ਦਾ ਬਹੁਤ ਸਪੱਸ਼ਟ ਸਟੈਂਡ ਹੈ ਕਿ ਹੁਣ ਇਸ ਸ਼ਹਿਰ ਦਾ ਸਟੇਟਸ ਬਤੌਰ ਯੂ.ਟੀ. ਹੀ ਬਹਾਲ ਰਹਿਣਾ ਚਾਹੀਦਾ ਹੈ।
ਉਧਰ ਸੀਪੀਆਈ ਚੰਡੀਗੜ੍ਹ ਦੇ ਸੀਨੀਅਰ ਆਗੂ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਲਈ ਬਣਾਇਆ ਸੀ ਅਤੇ ਇਹ ਤੁਰੰਤ ਪੰਜਾਬ ਹਵਾਲੇ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਇਥੋਂ ਦੇ ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਹੈ, ਜਿਸ ਕਰਕੇ ਚੰਡੀਗੜ੍ਹ ਤੁਰੰਤ ਪੰਜਾਬ ਨੂੰ ਸੌਂਪਣਾ ਸਮੇਂ ਦੀ ਮੰਗ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਦਾ ਰੁਤਬਾ ਪਿਛਲੇ 48 ਸਾਲਾਂ ਤੋਂ ਕੇਂਦਰ ਸ਼ਾਸਤ (ਯੂ.ਟੀ.) ਦੇ ਤੌਰ 'ਤੇ ਹੀ ਸਥਾਪਿਤ ਹੈ।
ਦਰਅਸਲ ਚੰਡੀਗੜ੍ਹ ਦੇ ਮੁੱਦੇ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਦੂਹਰੇ ਪੈਂਤੜਿਆਂ ਕਾਰਨ ਆਮ ਲੋਕ ਹੁਣ ਬਾਦਲ ਵਲੋਂ ਇਹ ਮੰਗ ਉਠਾਉਣ ਨੂੰ ਗੰਭੀਰਤਾ ਨਾਲ ਲੈਣੋਂ ਹੀ ਹਟ ਗਏ ਹਨ। ਜਦੋਂ ਦਾ ਅਕਾਲੀ ਦਲ-ਭਾਜਪਾ ਗਠਜੋੜ ਹੋਂਦ ਵਿਚ ਆਇਆ ਹੈ, ਬਾਦਲ ਵਲੋਂ ਚੰਡੀਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ਉਪਰ ਹਮੇਸ਼ਾ ਭਾਜਪਾ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਂਦੀ ਆ ਰਹੀ ਹੈ। ਭਾਜਪਾ ਚੰਡੀਗੜ੍ਹ ਆਪਣੀ ਹਰੇਕ ਚੋਣ ਚੰਡੀਗੜ੍ਹ ਨੂੰ ਯੂ.ਟੀ. ਦੇ ਰੁਤਬੇ ਵਜੋਂ ਹੀ ਬਰਕਰਾਰ ਰੱਖਣ ਦੇ ਸਟੈਂਡ ਉਪਰ ਚੋਣ ਲੜਦੀ ਆ ਰਹੀ ਹੈ। ਹਾਲੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਚੰਡੀਗੜ੍ਹ ਭਾਜਪਾ ਵਲੋਂ ਇਸ ਸ਼ਹਿਰ ਨੂੰ ਯੂ.ਟੀ. ਹੀ ਬਰਕਰਾਰ ਰੱਖਣ ਦੇ ਮੁੱਦੇ ਉਪਰ ਕਿਰਨ ਖੇਰ ਨੂੰ ਲੜਾਈ ਚੋਣ ਦੌਰਾਨ ਅਕਾਲੀ ਦਲ ਇਸ ਉਮੀਦਵਾਰ ਦੀ ਹਮਾਇਤ ਕਰਦਾ ਰਿਹਾ ਹੈ। ਬਾਦਲ ਵਲੋਂ ਮੋਦੀ ਕੋਲ ਇਹ ਮੰਗ ਉਠਾਉਣ ਤੋਂ ਬਾਅਦ ਚੰਡੀਗੜ੍ਹ ਵਿਚ ਹਰੇਕ ਪਾਸੇ ਇਹ ਚਰਚਾ ਭਾਰੂ ਸੀ। ਬਾਦਲ ਨੇ ਮੋਦੀ ਨਾਲ ਕੀਤੀ ਮੁਲਾਕਾਤ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿਥੇ ਸੂਬੇ ਦੇ ਪੁਨਰਗਠਨ ਮੌਕੇ ਮੂਲ ਰਾਜ ਨੂੰ ਰਾਜਧਾਨੀ ਤੋਂ ਵਿਰਵਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਨੂੰ ਮੁੰਬਈ ਅਤੇ ਮਦਰਾਸ (ਹੁਣ ਤਾਮਿਲਨਾਡੂ) ਨੂੰ ਚੇਨਈ ਰਾਜਧਾਨੀ ਵਜੋਂ ਦਿੱਤੇ ਗਏ ਸਨ।
ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨੇ ਇਕ ਸਮਝੌਤੇ ਰਾਹੀਂ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਸਮਝੌਤੇ ਉਪਰ ਸੰਸਦ ਦੇ ਦੋਵਾਂ ਸਦਨਾਂ ਨੇ ਵੀ ਮੋਹਰ ਲਾਈ ਸੀ। ਉਸ ਵੇਲੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਵੀ ਇਸ ਉਪਰ ਸਹਿਮਤੀ ਦੇ ਦਿੱਤੀ ਸੀ। ਇਸ ਸਮਝੌਤੇ ਤਹਿਤ 26 ਜਨਵਰੀ 1986 ਨੂੰ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਤਰੀਕ ਵੀ ਮੁਕੱਰਰ ਕਰ ਦਿੱਤੀ ਗਈ ਸੀ ਅਤੇ ਸਾਰੇ ਪ੍ਰਬੰਧ ਵੀ ਕਰ ਲਏ ਗਏ ਸਨ। ਇਸੇ ਦੌਰਾਨ ਭਾਰਤ ਸਰਕਾਰ 25 ਤੇ 26 ਜਨਵਰੀ ਦੀ ਰਾਤ ਨੂੰ ਇਸ ਵਾਅਦੇ ਤੋਂ ਮੁੱਕਰ ਗਈ ਸੀ। ਬਾਦਲ ਨੇ ਯੂ.ਟੀ. ਪ੍ਰਸ਼ਾਸਨ ਵਿਚ ਪੰਜਾਬ ਤੇ ਹਰਿਆਣਾ ਦੇ 60 ਅਤੇ 40 ਫੀਸਦ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾ ਕੇ ਆਪਣਾ ਯੂ.ਟੀ.ਕੇਡਰ ਬਣਾਉਣ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਕੋਲ ਉਠਾਇਆ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026