Posted on June 13th, 2014

<p>ਬੀ. ਸੀ. ਦੇ ਪੰਜਾਬੀ ਮੀਡੀਏ ਨਾਲ ਗੱਲ ਕਰ ਰਹੇ ਫ਼ਿਲਮ 'ਪੰਜਾਬ 1984' ਦੀ ਟੀਮ ਦੇ ਮੈਂਬਰ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ''ਮੇਰਾ ਆਪਣਾ ਜਨਮ 1984 ਦਾ ਹੈ ਅਤੇ ਮੇਰੇ ਨਾਲ ਦੇ ਜੰਮਿਆਂ ਨੂੰ ਜਾਂ 1984 ਤੋਂ ਬਾਅਦ ਬਾਹਰਲੇ ਮੁਲਕਾਂ 'ਚ ਜੰਮੇ ਬੱਚਿਆਂ ਨੂੰ ਬਹੁਤਾ ਨਹੀਂ ਪਤਾ ਕਿ 1984 ਤੋਂ ਬਾਅਦ ਦੇ 10 ਸਾਲਾਂ 'ਚ ਪੰਜਾਬੀਆਂ ਨੇ ਕਿਹੜੇ-ਕਿਹੜੇ ਸੰਤਾਪ ਆਪਣੇ ਪਿੰਡੇ 'ਤੇ ਹੰਢਾਏ। ਨਵੀਂ ਪੀੜ੍ਹੀ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਉਹੋ ਜਿਹਾ ਸਮਾਂ ਕਦੇ ਮੁੜ ਪੰਜਾਬ 'ਤੇ ਨਾ ਆਵੇ। ਪੰਜਾਬੀ ਫ਼ਿਲਮ 'ਪੰਜਾਬ 1984' ਉਨ੍ਹਾਂ ਹਾਲਾਤਾਂ ਨੂੰ ਅਤੇ ਉਸ ਸਮੇਂ ਲੋਕਾਂ ਵੱਲੋਂ ਹੱਡੀਂ ਹੰਢਾਏ ਸੰਤਾਪ ਨੂੰ ਪਰਦੇ 'ਤੇ ਦਿਖਾਉਣ ਦੀ ਇੱਕ ਕੋਸ਼ਿਸ਼ ਹੈ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਪੁੱਜੇ ਫ਼ਿਲਮੀ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਨੇ ਕੀਤਾ, ਜੋ ਸਥਾਨਕ ਰੌਇਲ ਕਿੰਗ ਪੈਲੇਸ ਵਿਖੇ ਉਲੀਕੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਫ਼ਿਲਮ 'ਚ ਸਾਥ ਨਿਭਾਉਣ ਵਾਲੇ ਨਾਮਵਰ ਅਦਾਕਾਰ ਰਾਣਾ ਰਣਬੀਰ, ਸਹਿ-ਨਿਰਮਾਤਾ ਮਨਮੋੜ ਸਿੱਧੂ, ਸਪਾਂਸਰ ਦਲਜੀਤ ਥਿੰਦ ਅਤੇ ਬੱਲੀ ਦਿਓਲ ਮੌਜੂਦ ਸਨ।
ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਮਰਸ਼ੀਅਲ ਸਿਨੇਮਾ ਅਤੇ ਗਾਇਕੀ ਉਨ੍ਹਾਂ ਲਈ ਰੋਜ਼ਗਾਰ ਦੇ ਸਾਧਨ ਹਨ ਪਰ ਇਹ ਫ਼ਿਲਮ ਬਣਾਉਣੀ ਉਨ੍ਹਾਂ ਦਾ ਨਿੱਜੀ ਸੁਪਨਾ ਸੀ, ਜਿਸ ਵਿਚ ਉੱਘੇ ਡਾਇਰੈਕਟਰ ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਉਨ੍ਹਾਂ ਸਮੇਤ ਰਾਣਾ ਰਣਬੀਰ, ਕਿਰਨ ਖੇਰ, ਪਵਨ ਮਲਹੋਤਰਾ, ਅਰੁਣ ਬਾਲੀ ਅਤੇ ਸੋਨਮ ਬਾਜਵਾ ਨੇ ਬਹੁਤ ਖੁੱਭ ਕੇ ਕੰਮ ਕੀਤਾ ਹੈ। 1984 ਤੋਂ ਤੁਰੰਤ ਬਾਅਦ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਦੇ ਪਿੰਡਾਂ 'ਚ ਪੈਦਾ ਹੋਏ ਹਾਲਾਤਾਂ ਅਤੇ ਹੋਏ ਜ਼ੁਲਮ ਦੀ ਕਹਾਣੀ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ, ਜਿਸ ਵਿਚ ਉਹੀ ਸਮਾਂ ਹੂਬਹੂ ਚਿਤਰਨ ਅਤੇ ਉਸ ਸਮੇਂ ਪਹਿਨੇ ਜਾਂਦੇ ਕੱਪੜਿਆਂ ਅਤੇ ਆਲੇ-ਦੁਆਲੇ ਨੂੰ ਬਿਲਕੁਲ ਓਹੋ ਜਿਹਾ ਦਿਖਾਉਣ ਲਈ ਬੇਹੱਦ ਜ਼ੋਰ ਲਗਾਇਆ ਗਿਆ ਹੈ। ਸਰੀ ਤੋਂ ਹੀ ਫ਼ਿਲਮ ਦੇ ਸਹਿ-ਨਿਰਮਾਤਾ ਮਨਮੋੜ ਸਿੱਧੂ (ਵਾਈਟ ਹਿੱਲ ਪ੍ਰੋਡਕਸ਼ਨ) ਨੇ ਦੱਸਿਆ ਕਿ 30 ਲੱਖ ਕੈਨੇਡੀਅਨ ਡਾਲਰ (ਲਗਭਗ 17 ਕਰੋੜ ਰੁਪਏ) ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਹਿੰਦ-ਪਾਕਿ ਸਰਹੱਦ ਨਜ਼ਦੀਕ ਸਥਿਤ ਪਿੰਡ ਨਾਰਲੀ ਅਤੇ ਹਿਮਾਚਲ ਪ੍ਰਦੇਸ਼ ਦੀ ਹੈ। ਇਸ ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ।
ਅਦਾਕਾਰ ਰਾਣਾ ਰਣਬੀਰ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਕੱਚ-ਘਰੜ ਪੰਜਾਬੀ ਸਿਨੇਮੇ ਦਾ ਦੌਰ ਗੁਜ਼ਰ ਚੁੱਕਾ ਹੈ ਅਤੇ ਹੁਣ ਪੁਖ਼ਤਾ ਫ਼ਿਲਮਾਂ ਬਣ ਕੇ ਅੱਗੇ ਆਉਣਗੀਆਂ। ਇਸ ਫ਼ਿਲਮ ਵਿਚ ਉਨ੍ਹਾਂ ਦਾ ਰੋਲ ਮਜ਼ਾਕੀਆ ਨਹੀਂ ਬਲਕਿ ਗੰਭੀਰ ਹੈ। ਦੋਵਾਂ ਅਦਾਕਾਰਾਂ ਨੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇਸ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇੱਕ ਸਵਾਲ ਦੇ ਜਵਾਬ 'ਚ ਦਿਲਜੀਤ ਨੇ ਦੱਸਿਆ ਕਿ ਉਸਨੂੰ ਹਿੰਦੀ ਫ਼ਿਲਮਾਂ 'ਚ ਕੰਮ ਕਰਨ ਲਈ ਕਈ ਪੇਸ਼ਕਸ਼ਾਂ ਆਈਆਂ ਹਨ, ਜਿਨ੍ਹਾਂ 'ਚ ਹੀਰੋ ਦੇ ਭਰਾ ਦਾ ਜਾਂ ਹੋਰ ਛੋਟੇ ਰੋਲ ਮਿਲ ਰਹੇ ਹਨ ਪਰ ਉਨ੍ਹਾਂ ਹਾਲੇ ਹਾਂ ਨਹੀਂ ਕੀਤੀ। ਜਦ ਵੀ ਕੋਈ ਚੰਗੀ ਹਿੰਦੀ ਫ਼ਿਲਮ ਲਈ ਕਿਸੇ ਚੰਗੇ ਰੋਲ ਦੀ ਪੇਸ਼ਕਸ਼ ਆਈ ਤਾਂ ਉਹ ਹਿੰਦੀ ਫ਼ਿਲਮ ਵੀ ਜ਼ਰੂਰ ਕਰਨਗੇ। 27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਇਸਦੇ ਅਦਾਕਾਰਾਂ ਅਤੇ ਸਹਿ-ਨਿਰਮਾਤਾ ਦਾ ਕਹਿਣਾ ਹੈ ਕਿ ਇਹ ਫ਼ਿਲਮ ਇੱਕ ਵੱਖਰੀ ਹੀ ਫ਼ਿਲਮ ਹੋ ਨਿੱਬੜੇਗੀ, ਜਿਸ ਨੂੰ ਲੰਮਾ ਸਮਾਂ ਲੋਕ ਯਾਦ ਰੱਖਣਗੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026