Posted on June 5th, 2014

- ਡਾ:ਸੁਖਪ੍ਰੀਤ ਸਿੰਘ ਉਦੋਕੇ
ਸ਼ਹਾਦਤ ਉਪਰੰਤ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜੀ ਦੇ ਮਿਰਤਕ ਸਰੀਰ ਦਾ ਸਰਕਾਰ ਵਲੋਂ ਰਸਮੀ ਜਿਹਾ ਪੋਸਟ ਮਾਰਟਮ ਵੀ ਕਰਵਾਇਆ ਗਿਆ, ਪਰ ਫਿਰ ਵੀ ਜੇਕਰ ਇਸ ਰਸਮੀ ਜਿਹੇ ਹੋਏ ਪੋਸਟ ਮਾਰਟਮ ਦੀ ਰਿਪੋਰਟ, ਜੋ ਕਿ ਡਾ:ਕੰਗ ਵਲੋਂ ਤਿਆਰ ਕੀਤੀ ਗਈ ਸੀ, ਦੀ ਡੂੰਘੇਰੀ ਘੋਖ ਕਰੀਏ ਤਾਂ ਕਈ ਪੱਖ ਉਭਰ ਕੇ ਸਾਹਮਣੇ ਆਉਂਦੇ ਹਨ।
ਡਾ: ਕੰਗ ਵਲੋਂ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੀ ਗਈ ਰਿਪੋਰਟ ਵਿੱਚ ਸਾਰੀ ਜਾਣਕਾਰੀ ਇਸ ਤਰਾਂ੍ਹ ਨਾਲ ਦਰਜ਼ ਹੈ
ਪੋਸਟ ਮਾਰਟਮ ਰਿਪੋਰਟ ਨੰਬਰ-44921
ਪੋਸਟ ਮਾਰਟਮ ਲਈ ਭੇਜੀ ਗਈ ਮ੍ਰਿਤਕ ਦੇਹ ਦੀ ਮਿਤੀ-7-06-1984
ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਗਿਆ ਜਿਸ ਵਕਤ ਲਿਆਂਦਾ-7:00ਵਜੇ ਸ਼ਾਮ ਦੇ
ਮ੍ਰਿਤਕ ਦਾ ਨਾਮ-ਜਰਨੈਲ ਸਿੰਘ
ਪਿਤਾ ਦਾ ਨਾਮ-ਜੁਗਿੰਦਰ ਸਿੰਘ
ਜਾਤੀ-ਸਿੱਖ
ਪਤਾ-ਪਿੰਡ:ਰੋਡੇ, ਥਾਣਾ:ਬਾਘਾਪੁਰਾਣਾ, ਜਿਲ੍ਹਾ: ਫਰੀਦਕੋਟ
ਲਿੰਗ-ਪੁਰਸ਼
ਉਮਰ-ਕਰੀਬ 38 ਸਾਲ
ਮ੍ਰਿਤਕ ਦੀ ਦੇਹ ਲੈ ਕੇ ਆਏ ਵਿਆਕਤੀ ਅਤੇ ਸ਼ਨਾਖਤ ਕਰਤਾ-ਐਸ.ਆਈ ਸੁਦਾਗਰ ਸਿੰਘ ਅਤੇ ਐਸ.ਆਈ ਦਰਸ਼ਨ ਸਿੰਘ ਪੁਲਿਸ ਥਾਣਾ ਡਿਵੀਜ਼ਨ-ਏ (ਅੰਮ੍ਰਿਤਸਰ)
ਮ੍ਰਿਤਕ ਦੀ ਦੇਹ ਕਿਥੋਂ ਲਿਆਂਦੀ ਗਈ-ਮੁਰਦਾ ਘਰ ਅੰਮ੍ਰਿਤਸਰ ਤੋਂ ਮ੍ਰਿਤਕ ਦੇਹ ਦੇ ਨਿਰੀਖਣ ਦੌਰਾਨ ਹੋਰ ਟਿੱਪਣੀਆਂ-
ਮੌਤ ਦਾ ਕਾਰਨ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ-ਨਹੀਂ
ਕਿਸੇ ਰਸਾਇਣ ਖੋਜ ਕਰਤਾ ਦੀ ਰਿਪੋਰਟ ਜਾਂ ਕਿਸੇ ਰਸਾਇਣ ਦਾ ਮਿਲਣਾ-ਨਹੀਂ
ਮੌਤ ਦਾ ਕਾਰਨ-ਮੌਤ ਅਗਨ ਸ਼ਸ਼ਤ੍ਰਾਂ ਦੁਆਰਾ ਲਦੇ ਗੰਭੀਰ ਜ਼ਖ਼ਮਾਂ ਦਾ ਸਿੱਟਾ ਹੈ।
ਮਿਰਤਕ ਦੇ ਸਰੀਰ ਦੀ ਬਾਹਰੀ ਦਿੱਖ-ਕੱਦ ਕਰੀਬ ਛੇ ਫੁੱਟ
ਸਰੀਰ ਉਪਰ ਲੱਗੇ ਸੱਟਾਂ ਦੇ ਨਿਸ਼ਾਨ ਅਤੇ ਸਰੀਰ ਦੀ ਹਾਲਤ-ਇਕ ਮੱਧ ਉਮਰ ਦੇ ਵਿਆਕਤੀ ਦੀ ਲਾਸ਼, ਜਿਸਦੀ ਸਰੀਰਿਕ ਬਣਤਰ ਵਧੀਆ। ਸਰੀਰ ਤੇ ਕੱਛਾ ਪਾਇਆ ਹੋਇਆ ਹੈ, ਚੋਲਾ ਅਤੇ ਫ਼ਤੂਹੀ ਪਹਿਨੀ ਹੋਈ ਹੈ।ਸਾਰੇ ਹੀ ਕੱਪੜੇ ਪੂਰੀ ਤਰਾਂ ਖ਼ੂਨ ਨਾਲ ਲੱਥ ਪੱਥ ਹਨ।ਬਾਂਹਾਂ ਵਿੱਚ ਹਰੇਕ ਵਿੱਚ ਇਕ ਚਿੱਟੀ ਧਾਤ ਦਾ ਕੜਾ ਪਾਇਆ ਹੋਇਆ ਹੈ।ਹੇਠਲੀਆਂ ਲੱਤਾਂ ਦੇ ਹਿੱਸੇ ਆਕੜ ਚੁੱਕੇ ਹਨ ਅਤੇ ਦੋਵੇ ਅੱਖਾਂ ਬੰਦ ਹਨ।ਖੱਬੀ ਅੱਖ ਦੀ ਪੁਤਲੀ ਫੈਲੀ ਹੋਈ ਅਤੇ ਅੱਖ ਉਪਰ ਜ਼ਖ਼ਮ ਦਾ ਨਿਸ਼ਾਨ ਹੈ।
ਪੋਸਟ ਮਾਰਟਮ ਦੌਰਾਨ ਵੇਖੇ ਗਏ ਸੱਟਾਂ ਦੇ ਨਿਸ਼ਾਨਾਂ ਦਾ ਵੇਰਵਾ-ਪੂਰਾ ਜਿਸਮ ਖ਼ੂਨ ਨਾਲ ਲੱਥ ਪੱਥ ਹੈ,ਇਕ ਪਾੜੇਦਾਰ ਜ਼ਖਮ ਜਿਹੜਾ ਕਿ 2 ਤੋਂ 3 ਸੈਂਟੀ ਮੀਟਰ ਜਿਸ ਦੇ ਕੇ ਮਾਸ ਦੇ ਕੰਢੇ ਅੰਦਰ ਧੱਸੇ ਹੋਏ ਸਨ ਅਤੇ ਜਿਸਦੇ ਅਤੇ ਆਲੇ ਦੁਆਲੇ ਨੀਲ ਪਏ ਸਨ, ਸੱਜੇ ਪਾਸੇ ਮੱਥੇ ਦੇ ਉਪਰ ਸੀ ਇਕ ਹੋਰ ਪਾੜੇਦਾਰ ਜ਼ਖਮ ਜਿਹੜਾ ਕਿ 7ਤੋਂ 5 ਸੈਟੀਮੀਟਰ ਸੀ ਅਤੇ ਮਾਸ ਦੇ ਕੰਢੇ ਅੰਦਰ ਨੂੰ ਮੁੜੇ ਹੋਏ ਸਨ ਚਿਹਰੇ ਦੇ ਉਪਰ ਨੱਕ ਅਤੇ ਕੰਨ ਦੇ ਵਿਚਕਾਰ ਅੱਖ ਦੇ ਥੱਲੇ ਸੀ।(ਬਾਕੀ ਜ਼ਖਮ ਕੋ ਕਿ ਖ਼ਾਕੇ ਵਿੱਚ ਵਿਖਾਏ ਗਏ ਹਨ ਇਸੇ ਹੀ ਕਿਸਮ ਦੇ ਹਨ ਕਿ ਉਹਨਾਂ ਵਿੱਚੋਂ ਚਾਰ ਸਾਹਮਣੇ ਅਤੇ ਸੱਜੇ ਪਾਸੇ ਮੱਥੇ ਉਪਰ ਸਿਰ ਵਿੱਚ, ਇਕ ਸਾਹਮਣੇ ਛਾਤੀ ਵਿੱਚ ਖੱਬੇ ਪਾਸੇ ਵੱਲ, ਚਾਰ ਪੈਰਾਂ ਦੇ ਸਾਹਮਣੇ ਪਾਸੇ, ਪਿੰਨੀਆਂ ਤੋਂ ਹੇਠਾਂ ਬਿਲਕੁਲ ਨੇੜੇ ਨੇੜੇ, ਇਕ ਬਾਂਹ ਵਿੱਚ ਸੱਜੇ ਪਾਸੇ ਅਤੇ ਇਕ ਤਿਰਸ਼ੇ ਪੱਖ ਤੋਂ ਪਿੱਠ ਵਿੱਚ ਸੀ)
ਇਸ ਸਾਰੀ ਰਿਪੋਰਟ ਦਾ ਅਧਿਐਨ ਕਰੀਏ ਤਾਂ ਕਈ ਪੱਖ ਸਪੱਸ਼ਟ ਹੋ ਜਾਂਦੇ ਹਨ, ਜਿੰਨਾ ਤੋਂ ਪਤਾ ਲੱਗਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਨੇ ਘਮਸਾਨ ਦਾ ਯੁੱਧ ਸਾਹਮਣੇ ਮੱਥੇ ਲੜਦੇ ਹੋਏ ਸ਼ਹਾਦਤ ਪਰਾਪਤ ਕੀਤੀ। ਇਕ ਤਾਂ ਸਾਰੇ ਹੀ ਗੋਲੀਆਂ ਦੇ ਨਿਸ਼ਾਨ ਸਾਹਮਣੇ ਪੱਖ ਦੇ ਹਨ ਅਤੇ ਡਾਕਟਰੀ ਭਾਸ਼ਾ ਦੇ ਅਨੁਸਾਰ Laccirated, Inverted Margins, ਅਤੇ Eccymosed ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੇ ਸ਼ਹਾਦਤ ਸਮੇਂ ਹਰ ਗੋਲੀ ਸਾਹਮਣੇ ਮੱਥੇ ਜੂਝ ਕੇ ਖਾਧੀ।ਇਹ ਅੰਦਰ ਨੂੰ ਮੁੜੇ ਮਾਸ ਵਾਲੇ ਜ਼ਖਮ ਉਸ ਪਾਸੇ ਬਣਦੇ ਹਨ ਜਿਸ ਪਾਸਿਓਂ ਗੋਲੀ ਸਰੀਰ ਦੇ ਅੰਦਰ ਧੱਸਦੀ ਹੈ ਅਤੇ ਜਿਸ ਪਾਸੇ ਗੋਲੀ ਨਿਕਲਦੀ ਹੈ ਉਸ ਪਾਸੇ ਮਾਸ ਦੇ ਕੰਢੇ ਬਾਹਰ ਨੂੰ ਨਿਕਲਦੇ ਹਨ। ਦੂਸਰਾ ਪੱਖ ਇਹ ਜ਼ਾਹਰ ਹੁੰਦਾ ਹੈ ਕਿ ਸੰਤਾਂ ਦੇ ਸਰੀਰ ਉਪਰੋਂ ਸ਼ਹਾਦਤ ਉਪਰੰਤ ਫ਼ੌਜ ਨੇ ਛੋਟੀ ਸ੍ਰੀ ਸਾਹਿਬ ਵੀ ਉਤਾਰ ਲਈ ਸੀ ਜੋ ਕਿ ਪੋਸਟ ਮਾਰਟਮ ਦੌਰਾਨ ਉਹਨਾਂ ਦੇ ਸਰੀਰ ਉਪਰ ਨਹੀਂ ਸੀ।
ਤੀਸਰੀ ਗੱਲ ਇਹ ਹੈ ਕਿ ਸੰਤਾਂ ਵਲੋਂ ਲੜੇ ਜਾ ਰਹੇ ਘਮਸਾਨ ਦੇ ਯੁੱਧ ਦੌਰਾਨ ਕੋਈ ਵੀ ਉਹਨਾਂ ਦੇ ਨੇੜੇ ਨਾਂ ਆ ਸਕਿਆ ਸਗੋਂ ਦੂਰੋਂ ਹੀ ਉਹਨਾਂ ਉਪਰ ਗੋਲੀਆਂ ਚਲਾਈਆਂ ਗਈਆਂ ਤੇ ਉਹ ਵੀ ਬਹੁਤ ਹੀ ਵੱਡੀਆਂ ਰਾਈਫ਼ਲਾਂ ਜਾਂ ਫਿਰ ਮਸ਼ੀਨਗੰਨਾਂ ਦੀਆਂ ਕਿਉਂ ਕਿ ਨੇੜੇ ਤੋਂ ਲੱਗੀ ਗੋਲੀ ਅਤੇ ਛੋਟੇ ਹਥਿਆਰ ਨਾਲ ਪਾੜੇਦਾਰ ਜ਼ਖਮ ਨਹੀਂ ਬਣਦੇ ਅਤੇ ਜਿਸ ਤਰਾਂ ਦੇ ਜਖ਼ਮ ਪੋਸਟਮਾਰਟਮ ਵਿੱਚ ਹਨ ਉਹ (Conical Head) ਨੁਕੀਲੇ ਸਿਰੇ ਵਾਲੀਆਂ ਗੋਲੀਆਂ ਜੋ ਕਿ ਕਿਸੇ ਮਾਰੂ ਅਤੇ ਦੂਰ ਦੀ ਮਾਰ ਵਾਲੇ ਹਥਿਆਰ ਦੀਆਂ ਹੋਣ ਉਸ ਨਾਲ ਹੀ ਬਣਦੇ ਹਨ।
ਉਹਨਾਂ ਸੇ ਸਰੀਰ ਦੇ ਕਿਸੇ ਵੀ ਜ਼ਖਮ ਦੇ ਦੁਆਲੇ ਸੜ੍ਹਨ ਦਾ ਨਿਸ਼ਾਨ ਨਹੀਂ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਗੋਲੀਆਂ ਦੂਰ ਤੋਂ ਹੀ ਲੱਗੀਆਂ ਜੇਕਰ ਗੋਲੀ ਨੇੜਿਓਂ ਲੱਗੇ ਤਾਂ ਜ਼ਖਮ ਦੁਆਲੇ ਸੜ੍ਹਨ ਦਾ ਨਿਸ਼ਾਨ ਜ਼ਰੂਰ ਬਣਦਾ ਹੈ।ਇਸ ਰਿਪੋਰਟ ਦੇ ਅਧਿਐਨ ਨਾਲ ਕੁਝ ਵਿਚਾਰਵਾਨਾਂ ਦਾ ਇਹ ਸ਼ੰਕਾ ਵੀ ਨਵਿਰਤ ਹੋ ਜਾਂਦਾ ਹੈ ਜਿੰਨਾ ਦਾ ਖਿਆਲ ਹੈ ਕਿ ਗੋਲੀਆਂ ਸੰਤਾਂ ਨੂੰ ਫੜਨ ਉਪਰੰਤ ਮਾਰੀਆਂ ਗਈਆ।
ਇਕ ਗੋਲੀ ਜੋ ਪਿੱਠ ਵਿੱਚ ਲਗੀ ਦਿਖਾਈ ਗਈ ਹੈ ਉਸਦਾ ਸਰੀਰ ਵਿੱਚ ਲੱਗਣ ਦਾ ਪੱਖ ਤਿਰਸ਼ਾ ਮਹਿਸੂਸ ਹੁੰਦਾ ਹੈ ਜਿਹੜੀ ਕਿ ਦੂਰੋਂ ਕਿਸੇ ਫ਼ੌਜੀ ਨੇ ਇਕ ਪਾਸਿਓਂ ਚਲਾਈ ਹੋ ਸਕਦੀ ਹੈ। ਪੈਰਾਂ ਵਿੱਚ ਬਹੁਤ ਹੀ ਨੇੜੇ ਨੇੜੇ ਲੱਗੀਆਂ ਗੋਲੀਆ ਤੋਂ ਸਰਦਾਰ ਗੁਲਜਾਰ ਸਿੰਘ ਜਿਸ ਨੇ ਸੰਤਾਂ ਦੇ ਸਰੀਰ ਦੇ ਆਖਰੀ ਦਰਸ਼ਨ ਕੀਤੇ ਸਨ ਦੀ ਗੱਲ ਸਹੀ ਸਾਬਿਤ ਹੋ ਜਾਂਦੀ ਹੈ ਕਿ ਸੰਤਾਂ ਦੀ ਸੱਜੀ ਲੱਤ ਲਮਕੀ ਹੋਈ ਸੀ।
ਇਕ ਗੱਲ ਜੋ ਕਿ ਬਹੁਤ ਹੀ ਅਧਿਐਨ ਮੰਗਦੀ ਹੈ ਕਿ ਸੰਤਾਂ ਦੀ ਸਹਾਦਤ ਤਾਂ ਛੇ ਜੂਨ ਨੂੰ ਹੋ ਗਈ ਸੀ ਫਿਰ ਪੋਸਟ ਮਾਰਟਮ ਵਿੱਚ ਏਨੀ ਦੇਰੀ ਦਾ ਸਬੱਬ ਸਮਝ ਨਹੀਂ ਆਉਂਦਾ ਅਤੇ ਇਸ ਵਿੱਚ ਸ. ਨਰਾਇਣ ਸਿੰਘ ਦਾ ਕਥਨ ਸਹੀ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਸਰਕਾਰੀ ਅਹਿਲਕਾਰ ਕੁਝ ਨਾਮਵਰ ਲੀਡਰਾਂ ਨੂੰ ਜੋ ਕਿ ਸੰਤਾਂ ਦੇ ਵਿਰੋਧੀ ਨੂੰ ਸੰਤਾਂ ਦਾ ਸਰੀਰ ਵਿਖਾ ਕੇ ਖੁਸ਼ ਕਰਨਾ ਚਾਹੁੰਦੇ ਸਨ ਪਰ ਪਿੰਡਾਂ ਤੋਂ ਆਈ ਭੀੜ ਦੀਆਂ ਖਬਰਾਂ ਨੇ ਇਹ ਤਰਕੀਬ ਸਿਰੇ ਨਾਂ ਚੜਨ ਦਿੱਤੀ।ਇਕ ਕਾਰਨ ਹੋਰ ਵੀ ਭਾਸਦਾ ਹੈ ਕਿ ਚਿਹਰੇ ਉਪਰ ਲੱਗੀਆ ਏਨੀਆਂ ਗੋਲੀਆਂ ਸਦਕਾ ਸ਼ਨਾਖ਼ਤ ਕਰਨ ਵਿੱਚ ਵੀ ਤੰਗੀ ਆਈ ਹੋਵੇ ਅਤੇ ਜਿੰਨਾ ਸ਼ਨਾਖ਼ਤ ਕਰਤਾਵਾਂ ਕੋਲੋਂ ਸ਼ਨਾਖ਼ਤ ਕਰਵਾਈ ਗਈ ਸੀ ਉਹ ਤਸੱਲੀ ਬਖਸ਼ ਨਾ ਲੱਗਦੀ ਹੋਵੇ ਅਤੇ ਕੋਈ ਹੋਰ ਜਾਂਚ ਵੀ ਕਰਵਾਈ ਗਈ ਹੋਵੇ ਕਿਉਂ ਕਿ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਈ ਕੈਦੀਆਂ ਨੂੰ ਫ਼ੌਜ ਦੇ ਜਵਾਨ ਪੁੱਛ ਪੜਤਾਲ ਕਰਦੇ ਰਹੇ ਸਨ ਕਿ ਅਕਾਲ ਤਖ਼ਤ ਸਾਹਿਬ ਤੋਂ ਕੋਈ ਖ਼ੁਫੀਆ ਸਰੁੰਗ ਵੀ ਨਿਕਲਦੀ ਹੈ ਅਤੇ ਸ਼ਾਇਦ ਇਹਨਾਂ ਕਿਆਸਰਾਈਆਂ ਨੇ ਵੀ ਸੰਤਾਂ ਦੀ ਸ਼ਹਾਦਤ ਉਪਰ ਪਾਏ ਪੜਦੇ ਦੀ ਕਹਾਣੀ ਨੂੰ ਕੁੱਝ ਬਲ ਪ੍ਰਦਾਨ ਕੀਤਾ ਹੋਵੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026