Posted on May 6th, 2014

<p>ਐਡਵੋਕੇਟ ਜਗਦੀਪ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਪੁਲੀਸ। <br></p>
ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਵਕੀਲ ਨੇ ਆਮ ਆਦਮੀ ਪਾਰਟੀ ਲਈ ਕੀਤਾ ਸੀ ਚੋਣ ਪ੍ਰਚਾਰ
ਫ਼ਰੀਦਕੋਟ- ਸਿਟੀ ਪੁਲੀਸ ਨੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ ਇਤਰਾਜ਼ਯੋਗ ਮੋਬਾਈਲ ਸੰਦੇਸ਼ ਭੇਜਣ ਦੇ ਦੋਸ਼ ਹੇਠ ਨਾਟਕੀ ਢੰਗ ਨਾਲ ਇੱਕ ਵਕੀਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।
ਦੱਸਣਯੋਗ ਹੈ ਕਿ ਸਿਟੀ ਪੁਲੀਸ ਫ਼ਰੀਦਕੋਟ ਨੇ 24 ਅਪਰੈਲ ਨੂੰ ਬੀਬੀ ਗੁਲਸ਼ਨ ਦੇ ਪੀ.ਏ. ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀਬੀ ਗੁਲਸ਼ਨ ਨੂੰ ਇਤਰਾਜ਼ਯੋਗ ਮੋਬਾਈਲ ਸੰਦੇਸ਼ ਭੇਜਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਐਡਵੋਕੇਟ ਜਗਦੀਪ ਸਿੰਘ ਬਾਜਵਾ ਨੂੰ ਫ਼ੋਨ ਕਰਕੇ ਸਿਟੀ ਪੁਲੀਸ ਸਟੇਸ਼ਨ ਬੁਲਾਇਆ ਅਤੇ ਬਾਅਦ ਵਿੱਚ ਉਸ ਨੂੰ ਉਪਰੋਕਤ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ 24 ਅਪਰੈਲ ਨੂੰ ਅਣਪਛਾਤੇ ਵਿਅਕਤੀ ਖਿਲਾਫ਼ ਸੂਚਨਾ ਤਕਨਾਲੋਜੀ ਐਕਟ ਅਤੇ ਲੋਕ ਪ੍ਰਤੀਨਿਧ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਦੋਵੇਂ ਜੁਰਮ ਜ਼ਮਾਨਤਯੋਗ ਹਨ ਪਰ ਪੁਲੀਸ ਨੇ ਐਡਵੋਕੇਟ ਬਾਜਵਾ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਆਈ.ਪੀ.ਸੀ. ਦੀ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਲਾ ਕੇ ਕੇਸ ਵਿੱਚ ਵਾਧਾ ਕਰ ਦਿੱਤਾ।
ਐਡਵੋਕੇਟ ਬਾਜਵਾ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੇ ਸਿਆਸੀ ਦਬਾਅ ਹੇਠ ਗ੍ਰਿਫ਼ਤਾਰੀ ਪਾਈ ਹੈ। ਉਨ੍ਹਾਂ ਕਿਹਾ ਕਿ ਜਿਸ ਮੋਬਾਈਲ ਫੋਨ ’ਤੇ ਸੰਦੇਸ਼ ਭੇਜਿਆ ਗਿਆ ਹੈ, ਉਹ ਬੀਬੀ ਗੁਲਸ਼ਨ ਦੇ ਨਾਂ ’ਤੇ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਐਡਵੋਕੇਟ ਬਾਜਵਾ ਖੁਦ ਅੰਮ੍ਰਿਤਧਾਰੀ ਸਿੱਖ ਹਨ, ਇਸ ਕਰਕੇ ਉਹ ਸਿੱਖ ਮਰਿਆਦਾ ਦੀ ਉਲੰਘਣਾ ਨਹੀਂ ਕਰ ਸਕਦੇ।
ਦੂਜੇ ਪਾਸੇ ਵਕੀਲਾਂ ਦੇ ਵਫ਼ਦ ਨੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮੰਗਤ ਅਰੋੜਾ, ਕਰਮਜੀਤ ਸਿੰਘ ਧਾਲੀਵਾਲ, ਲਾਲਵਿੰਦਰ ਸਿੰਘ, ਆਸ਼ੂ ਕੁਮਾਰ ਮਿੱਤਲ, ਸੰਦੀਪ ਖੋਸਲਾ ਅਤੇ ਸੰਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲੀਸ ਅਧਿਕਾਰੀ ਹਰਿੰਦਰਪਾਲ ਸਿੰਘ ਪਰਮਾਰ ਨੂੰ ਮਿਲ ਕੇ ਦੋਸ਼ ਲਾਇਆ ਕਿ ਪੁਲੀਸ ਨੇ ਸਿਆਸੀ ਰੰਜਿਸ਼ ਤਹਿਤ ਪਰਚਾ ਦਰਜ ਕੀਤਾ ਹੈ।
ਐਡਵੋਕੇਟ ਜਗਦੀਪ ਸਿੰਘ ਬਾਜਵਾ ਦੇ ਪਿਤਾ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਸੀ, ਇਸੇ ਰੰਜਿਸ਼ ਕਰਕੇ ਬੀਬੀ ਗੁਲਸ਼ਨ ਨੇ ਉਨ੍ਹਾਂ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ। ਦੱਸਣਯੋਗ ਹੈ ਕਿ ਗੁਰਦੀਪ ਸਿੰਘ ਬਾਜਵਾ ਇਸ ਤੋਂ ਪਹਿਲਾਂ ਅਕਾਲੀ ਉਮੀਦਵਾਰ ਖਿਲਾਫ਼ ਐੱਸ.ਜੀ.ਪੀ.ਸੀ. ਦੀ ਚੋਣ ਵੀ ਲੜ ਚੁੱਕੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026