Posted on April 28th, 2014

ਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ
ਹੁਣ ਜਦ ਕਿ ਪੰਜਾਬ ਦੀਆਂ 13 ਸੀਟਾਂ ਉੱਤੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਤਾਂ ਵੱਖ-ਵੱਖ ਹਲਕਿਆਂ ਤੋਂ ਪੁੱਜੀਆਂ ਖ਼ਬਰਾਂ ਮੁਤਾਬਿਕ ਆਮ ਆਦਮੀ ਪਾਰਟੀ ਨੇ ਤੂਫਾਨ ਵਰਗੀ ਤੇਜੀ ਨਾਲ ਕਿਤੇ ਪਹਿਲੀ, ਬਹੁਤ ਥਾਂਵਾਂ ਤੇ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰ ਲਈ ਹੈ। ਪੰਜਾਬ ਦੀ ਰਾਜਨੀਤਿਕ ਚੇਤਨਾ ਵਿੱਚ ਪਹਿਲਾ ਵਾਰ ਇਹੋ ਜਿਹੀ ਇਨਕਲਾਬੀ ਪਰ ਹੈਰਾਨਜਨਕ ਤਬਦੀਲੀ ਇਹ ਆਈ ਹੈ ਕਿ ਇਨ੍ਹਾਂ ਚੋਣਾਂ ਨੇ ਖੂਨ ਦੇ ਰਿਸ਼ਤਿਆਂ ਵਿੱਚ ਵੱਡੀਆਂ ਤ੍ਰੇੜਾਂ ਪਾ ਦਿੱਤੀਆਂ ਹਨ, ਅਕਾਲੀ ਦਲ ਦੇ ਸੰਜੀਦਾ ਹਲਕੇ ਵੀ ਸਵੀਕਾਰ ਕਰਦੇ ਹਨ ਕਿ ਪਤੀ-ਪਤਨੀ ਅਤੇ ਪਿਉ-ਪੁੱਤਰ ਵਰਗੇ ਖੂਨ ਦੇ ਰਿਸ਼ਤੇ ਨੰਗੇ ਚਿੱਟੇ ਰੂਪ ਵਿੱਚ ਇੱਕ ਦੂਜੇ ਦੇ ਉਲਟ ਚੱਲ ਰਹੇ ਹਨ ਅਤੇ ਇਹ ਰੁਝਾਨ ਕੁਲ ਮਿਲਾ ਕੇ ਉਨ੍ਹਾਂ ਦੇ ਹੀ ਉਲਟ ਚੱਲ ਰਿਹਾ ਹੈ। ਇਸ ਵੱਡੀ ਤਬਦੀਲੀ ਪਿਛੇ ਆਮ ਆਦਮੀ ਪ੍ਰਮੁੱਖ ਰੋਲ ਅਦਾ ਕਰ ਰਹੀ ਹੈ ਅਤੇ ਸੁਖਬੀਰ ਬਾਦਲ ਦੀ ਮਾਈਕਰੋ-ਮੈਨੇਜਮੈਟ ਦੀ ਕੋਈ ਵੀ ਚਾਲ ਜਾਂ ਰਣਨੀਤੀ ਸਫ਼ਲ ਨਹੀਂ ਹੋ ਰਹੀ।
ਰਾਜਨੀਤਿਕ ਵਰਤਾਰਿਆਂ ਨੂੰ ਬਾਜ ਨਿਗਾਹ ਨਾਲ ਦੇਖਣ ਵਾਲੇ ਸੂਝਵਾਨ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾ ਇਕੱਲੇ ਪੰਜਾਬ ਵਿੱਚ ਹੀ ਖੜ੍ਹੇ ਜਾਦੇ ਤਾਂ ਇੱਕ ਵੀ ਸੀਟ ਨਾ ਕਾਂਗਰਸ ਨੂੰ ਅਤੇ ਨਾ ਹੀ ਅਕਾਲੀ ਦਲ ਨੂੰ ਮਿਲ ਸਕਦੀ ਸੀ, ਇਸ ਪਾਰਟੀ ਨੂੰ ਉਮੀਦ ਦੇ ਉਲਟ ਏਨਾ ਭਰਵਾ ਹੁੰਗਾਰਾ ਜਿਵੇਂ ਪੰਜਾਬ ਵਿੱਚ ਮਿਲਿਆ ਹੈ, ਉਨ੍ਹਾਂ ਹਰਿਆਣਾ ਵਿੱਚ ਨਹੀਂ ਮਿਲ ਸਕਿਆ। ਇਨ੍ਹਾਂ ਹਲਕਿਆਂ ਮੁਤਾਬਿਕ ਹੁਣ ਦੋ ਗੱਲਾਂ ਸਾਫ਼ ਤੇ ਸਪੱਸ਼ਟ ਹਨ, ਇੱਕ ਕਾਂਗਰਸ ਪਾਰਟੀ ਤੇ ਅਕਾਲੀ-ਭਾਜਪਾ ਲਈ ਇੱਕ ਵੀ ਸੀਟ ਸੁਰੱਖਿਅਤ ਨਹੀਂ ਰਹਿ ਗਈ। ਇਨ੍ਹਾਂ ਵਿੱਚੋਂ ਕੋਈ ਇੱਕ ਵੀ ਪਾਰਟੀ ਹਿੱਕ ਥਾਪੜ ਕੇ ਇਹ ਕਹਿਣ ਦੇ ਯੋਗ ਨਹੀਂ ਕਿ ਫਲਾਣੀ-ਫਲਾਣੀ ਸੀਟ ਉਨ੍ਹਾਂ ਲਈ ਸਤ ਪ੍ਰਤੀਸ਼ਤ ਸੁਰੱਖਿਅਤ ਹੈ।
ਇਹ ਹੈਰਾਨੀ ਵਾਲੀ ਗੱਲ ਨਹੀ ਹੋਏਗੀ ਕਿ ਅੰਮ੍ਰਿਤਸਰ, ਬਠਿੰਡਾ ਦੇ ਵੋਟਰ ਹੇਠਲੀ ਉੱਤੇ ਕਰ ਦੇਣ। ਸੂਝਵਾਨ ਹਲਕੇ ਵਿੱਚ ਇਸ ਹਕੀਕਤ ਨੂੰ ਵੀ ਸਵੀਕਾਰ ਕਰਦੇ ਹਨ ਕਿ ਪੰਜਾਬ ਵਿੱਚ ਮੋਦੀ ਲਹਿਰ ਨਹੀਂ ਸਗੋਂ ਜ਼ਬਰਦਸਤ ਵਿਰੋਧੀ ਮੋਦੀ ਲਹਿਰ ਚੱਲ ਰਹੀ ਹੈ। ਇਸ ਸਮੇਂ ਪੰਜਾਬ ਇਕੱਲਾ ਸੂਬਾ ਹੈ ਜਿੱਥੇ ਮੋਦੀ ਲਹਿਰ ਸਭ ਤੋਂ ਵੱਧ ਕਮਜ਼ੋਰ ਹੈ ਅਤੇ ਸਭ ਤੋਂ ਵੱਧ ਗੈਰ ਜੱਥੇਬੰਦਕ ਹੈ।
ਕੁਲ ਮਿਲਾ ਕੇ ਪੰਜਾਬੀਆਂ ਦੀ ਮਾਨਸਿਕਤਾ ਇਸ ਸਮੇਂ ਹਾਕਮ ਪਾਰਟੀਆਂ ਨੂੰ ਕੋਈ ਕਰਾਰਾ ਸਬਕ ਸਿਖਾਉਣ ਦੇ ਰੋਂਅ ਵਿੱਚ ਚੱਲ ਰਹੀ ਹੈ। ਇੰਨ੍ਹਾਂ ਚੋਣਾਂ ਵਿੱਚ ਵੋਟਰਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਕੋਈ ਵਿਸ਼ੇਸ਼ ਖਿੱਚ ਜਾਂ ਹਮਦਰਦੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਤਾਂ ਅਕਾਲੀ ਦਲ ਵਿਰੁੱਧ ਚੱਲ ਰਹੀ ਗੁੱਸੇ ਤੇ ਰੋਸ ਦੀ ਲਹਿਰ ਦਾ ਆਪਣੇ ਆਪ ਫਾਇਦਾ ਮਿਲ ਰਿਹਾ ਹੈ। ਇਸ ਲਈ ਜੇ ਕਾਂਗਰਸ ਵੱਧ ਸੀਟਾਂ ਕੱਢਦੀ ਹੈ ਤਾਂ ਇਹ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਬਾਈ ਫਾਲਟ ਯਾਨੀ 'ਕਸੂਰ ਕਿਸੇ ਦਾ-ਫਾਇਦਾ ਕਿਸੇ ਹੋਰ' ਨੂੰ ਦੇ ਅਧਾਰ ਤੇ ਹੀ ਵੱਧ ਸੀਟਾਂ ਲਿਜਾ ਸਕਦੀ ਹੈ। ਇਸ ਵਿੱਚ ਉਸਦੀ ਆਪਣੀ ਮਿਹਨਤ ਅਤੇ ਪ੍ਰਭਾਵ ਦੂਜੇ ਤੀਜੇ ਨੰਬਰ ਤੇ ਹੈ।
ਸੰਗਰੂਰ ਅਤੇ ਫਰੀਦਕੋਟ ਦੀਆਂ ਸੀਟਾਂ ਉੱਤੇ ਤਾਂ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਹੀ ਰਹੀ ਹੈ ਜਦਕਿ ਅਨੰਦਪੁਰ ਸਾਹਿਬ ਦੀ ਸੀਟ ਵਿੱਚ ਇਹ ਹੈਰਾਨੀ ਵਾਲੀ ਗੱਲ ਨਹੀ ਹੋਵੇਗੀ ਜੇਕਰ ਪਹਿਲੀਆਂ ਦੋਵਾਂ ਪੁਜ਼ੀਸ਼ਨਾਂ ਵਿੱਚੋਂ ਉਸ ਨੂੰ ਇੱਕ ਪੁਜ਼ੀਸ਼ਨ ਹਾਸਲ ਹੋ ਜਾਵੇ। ਲੁਧਿਆਣਾ ਦੀ ਸੀਟ ਤੇ ਕੋਈ ਵੀ ਕ੍ਰਿਸ਼ਮਾ ਵਾਪਰ ਸਕਦਾ ਹੈ ਜਿੱਥੇਂ ਚਾਰ ਉਮੀਦਵਾਰ ਇੱਕ ਦੂਜੇ ਨਾਲ ਖਹਿ ਕੇ ਚੱਲ ਰਹੇ ਹਨ।
ਪਟਿਆਲਾ ਸੀਟ ਤੋਂ ਡਾ: ਧਰਮਵੀਰ ਗਾਂਧੀ ਦੇ ਹੱਕ ਵਿੱਚ ਵੀ ਕੋਈ ਚਮਤਕਾਰ ਵਾਪਰ ਸਕਦਾ ਹੈ। ਫਤਹਿਗੜ੍ਹ ਸਾਹਿਬ ਤੇ ਜਲੰਧਰ ਦੀਆਂ ਸੀਟਾਂ ਸਮਝ ਤੋਂ ਅਜੇ ਬਾਹਰ ਹਨ ਜਦਕਿ ਫਿਰੋਜ਼ਪੁਰ ਸੀਟ ਕਾਂਗਰਸ ਦੇ ਹੱਥ ਲੱਗ ਸਕਦੀ ਹੈ। ਖਡੂਰ ਸਾਹਿਬ ਸੀਟ ਤੋਂ ਕਾਂਗਰਸੀ ਬਣੇ ਹਰਮਿੰਦਰ ਸਿੰਘ ਗਿੱਲ ਦੀ ਪ੍ਰਬੰਧਕੀ ਯੋਗਤਾ ਤੋਂ ਸਾਰੇ ਡਰਦੇ ਹਨ ਪਰ ਕੁਝ ਨਿਰਪੱਖ ਸੂਤਰਾਂ ਮੁਤਾਬਿਕ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਵੋਟਾਂ ਅਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਕਿਸ ਦੀ ਹਾਰ ਜਾਂ ਜਿੱਤ ਦਾ ਕਾਰਣ ਬਣਦੀਆਂ ਹਨ, ਇਸ ਬਾਰੇ ਸਮਾਂ ਹੀ ਦੱਸੇਗਾ। ਗੁਰਦਾਸਪੁਰ ਸੀਟ ਤੇ ਸੁੱਚਾ ਸਿੰਘ ਛੋਟੇਪੁਰ ਦਾ ਜਨਤਕ ਆਧਾਰ ਅਤੇ ਆਮ ਆਦਮੀ ਪਾਰਟੀ ਦੀ ਲਹਿਰ ਰਲ ਕੇ ਕਿਸੇ ਵੀ ਅਚੰਭੇ ਨੂੰ ਜਨਮ ਦੇ ਸਕਦੀ ਹੈ।
ਇੱਕ ਸੂਤਰ ਦੀ ਇਹ ਦਿਲਚਸਪ ਟਿੱਪਣੀ ਸੁੱਟ ਪਾਉਣ ਵਾਲੀ ਨਹੀਂ ਕਿ ਪੰਜਾਬ ਦੇ ਨਤੀਜੇ ਅਸਮਾਨੀ ਤਾਕਤਾਂ ਨੇ ਆਪਣੀ ਮੁੱਠੀ ਵਿੱਚ ਬੰਦ ਕਰ ਰੱਖੇ ਹਨ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026