Posted on April 20th, 2014

ਪਠਾਨਕੋਟ- ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾ ਜਾਣ ਨਾਲ ਉਮੀਦਵਾਰਾਂ ਨੇ ਡੇਰਿਆਂ ਅਤੇ ਧਾਰਮਿਕ ਆਗੂਆਂ ਦੀ ਓਟ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਪ੍ਰਮੁੱਖ ਪਾਰਟੀਆਂ ਵੀ ਅਛੂਤੀਆਂ ਨਹੀਂ ਰਹੀਆਂ। ਭਾਜਪਾ ਵੱਲੋਂ ਜਿੱਥੇ ਯੋਗੀ ਰਾਮਦੇਵ ਤੇ ਆਰਟ ਆਫ ਲਿਵਿੰਗ ਦੇ ਰਵੀਸ਼ੰਕਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਉਥੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਧਾਰਮਿਕ ਡੇਰਿਆਂ ਤੋਂ ਸਿੱਧੇ-ਅਸਿੱਧੇ ਢੰਗ ਨਾਲ ਸਹਿਯੋਗ ਲੈਣ ਲਈ ਡੇਰਿਆਂ ਉਪਰ ਹਾਜ਼ਰੀ ਭਰਦੇ ਆ ਰਹੇ ਹਨ। ਇਸ ਨੂੰ ਦੇਖ ਕੇ ਗੁਰਦਾਸਪੁਰ ਸੰਸਦੀ ਸੀਟ ਤੋਂ ਖੜ੍ਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ, ਜੋ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ, ਪਿੱਛੇ ਨਹੀਂ ਰਹੇ। ਉਹ ਪਠਾਨਕੋਟ ਵਿਖੇ ਜੋਧਪੁਰ ਤੋਂ ਪੁੱਜੇ ਰਾਜਪੂਤ ਬਰਾਦਰੀ ਦੇ ਧਾਰਮਿਕ ਗੁਰੂ 1008 ਡਾ. ਸਵਾਮੀ ਸ਼ਿਵ ਸਵਰੂਪਾ ਨੰਦ ਸਰਸਵਤੀ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਅਤੇ ਸਵਾਮੀ ਨੇ ਵੀ ਖੁੱਲ੍ਹ ਕੇ ਰਾਜਪੂਤ ਬਰਾਦਰੀ ਦੇ ਲੋਕਾਂ ਨੂੰ ਬਾਜਵਾ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਸਭ ਤੋਂ ਪਹਿਲਾਂ ਅਖਿਲ ਕਸ਼ੱਤਰੀਆ ਰਾਜਪੂਤ ਮਹਾਂਸਭਾ ਵੱਲੋਂ ਸ਼ਹਿਰ ਵਿੱਚ ਇਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਸਵਾਮੀ ਸਵਰੂਪਾ ਨੰਦ ਇਸ ਰੱਥ ਵਿਚ ਸਵਾਰ ਸਨ। ਇਸ ਸ਼ੋਭਾ ਯਾਤਰਾ ’ਚ ਰਾਜਪੂਤ ਮਹਾਸਭਾ ਦੇ ਕੌਮੀ ਪ੍ਰਧਾਨ ਕੁੰਵਰ ਅਜੇ ਸਿੰਘ, ਸਰਪ੍ਰਸਤ ਕੁੰਵਰ ਕੈਪਟਨ ਵਿਕਰਮ ਸਿੰਘ, ਚੌਧਰੀ ਰਾਜਬੀਰ ਸਿੰਘ ਆਦਿ ਸ਼ਾਮਲ ਸਨ। ਇਹ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੋ ਕੇ ਚੌਧਰੀ ਰਾਜਬੀਰ ਸਿੰਘ ਦੀ ਕੋਠੀ ਪੁੱਜੀ ਜਿੱਥੇ ਖੁੱਲ੍ਹੇ ਪੰਡਾਲ ਵਿੱਚ ਟੈਂਟ, ਸ਼ਾਮਿਆਨਾ ਅਤੇ ਕੁਰਸੀਆਂ ਵਗੈਰਾ ਲਗਾ ਰੱਖੀਆਂ ਸਨ। ਇਥੇ ਸਮਾਗਮ ਸ਼ੁਰੂ ਹੋਇਆ, ਜਿਸ ਨੂੰ ਰਾਜਪੂਤ ਮਹਾਂਸਭਾ ਦੇ ਕਈ ਆਗੂਆਂ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਹਰ ਸਿਆਸੀ ਪਾਰਟੀ ਨੇ ਰਾਜਪੂਤਾਂ ਨੂੰ ਹੁਣ ਤਕ ਨਜ਼ਰਅੰਦਾਜ਼ ਕੀਤਾ ਹੈ। ਇਸ ਕਰਕੇ ਆਪਣਾ ਹੱਕ ਲੈਣ ਲਈ ਸਭਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।
ਬਾਅਦ ਵਿੱਚ ਸਵਾਮੀ ਸ਼ਿਵ ਸਵਰੂਪਾ ਨੰਦ ਨੇ ਧਾਰਮਿਕ ਪ੍ਰਵਚਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਤਦ ਤਕ ਕਰਦੇ ਰਹੇ ਜਦੋਂ ਤਕ ਪ੍ਰਤਾਪ ਸਿੰਘ ਬਾਜਵਾ ਉਥੇ ਨਾ ਪੁੱਜੇ। ਜਿਉਂ ਹੀ ਬਾਜਵਾ ਪੰਡਾਲ ’ਚ ਪੁੱਜੇ ਅਤੇ ਉਨ੍ਹਾਂ ਸਵਾਮੀ ਜੀ ਦੇ ਗਲ ’ਚ ਫੁੱਲਾਂ ਦਾ ਹਾਰ ਪਾਇਆ ਤਾਂ ਸਵਾਮੀ ਜੀ ਨੇ ਖੜ੍ਹੇ ਹੋ ਕੇ ਰਾਜਪੂਤ ਬਰਾਦਰੀ ਨੂੰ ਬਾਜਵਾ ਦੇ ਹੱਕ ਵਿੱਚ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਬਾਜਵਾ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਸਵਾਮੀ ਜੀ ਨੇ ਆਪਣੇ ਸ਼ਿਸ਼ਯਾ (ਚੇਲੇ) ਤੇ ਭਾਈ ਨੂੰ ਆਸ਼ੀਰਵਾਦ ਦਿੱਤਾ ਹੈ, ਉਸੇ ਤਰ੍ਹਾਂ ਉਹ ਵੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਪਾਰਲੀਮੈਂਟ ਵਿੱਚ ਰਾਜਪੂਤ ਬਰਾਦਰੀ ਦੀ ਆਵਾਜ਼ ਉਠਾਈ ਜਾਵੇਗੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026